ਸ਼੍ਰੀ ਦਸਮ ਗ੍ਰੰਥ

ਅੰਗ - 1189


ਤਾਹੂ ਕੋ ਬਹੁ ਕੈਫ ਪਿਵਾਈ ॥

ਉਸ ਨੂੰ ਬਹੁਤ ਸਾਰੀ ਸ਼ਰਾਬ ਪਿਲਾਈ

ਬਹੁਰੋ ਲਯੋ ਗਰੇ ਸੋ ਲਾਈ ॥

ਅਤੇ ਫਿਰ ਆਪਣੇ ਗਲੇ ਨਾਲ ਲਗਾ ਲਿਆ।

ਆਸਨ ਚੁੰਬਨ ਬਹੁ ਬਿਧਿ ਕੀਏ ॥

ਉਸ ਨੇ ਬਹੁਤ ਢੰਗਾਂ ਨਾਲ ਚੁੰਬਨ ਅਤੇ ਆਸਣ ਕੀਤੇ

ਚਿਤ ਕੇ ਤਾਪ ਬਿਦਾ ਕਰਿ ਦੀਏ ॥੭੫॥

ਅਤੇ ਚਿਤ ਦੇ ਸਾਰੇ ਦੁਖ ਦੂਰ ਕਰ ਦਿੱਤੇ ॥੭੫॥

ਦੋਹਰਾ ॥

ਦੋਹਰਾ:

ਕੁਅਰਿ ਸਜਨ ਸੋ ਰਤਿ ਕਰਤ ਰੀਝ ਰਹੀ ਮਨ ਮਾਹਿ ॥

ਰਾਜ ਕੁਮਾਰੀ ਪ੍ਰੀਤਮ ਨਾਲ ਰਤੀ-ਕ੍ਰੀੜਾ ਕਰ ਕੇ ਮਨ ਵਿਚ ਪ੍ਰਸੰਨ ਹੋ ਗਈ।

ਵਹਿ ਦਿਨ ਪੂਜਾ ਰੁਦ੍ਰ ਕੀ ਭੂਲਿ ਕਰੀ ਤਿਨ ਨਾਹਿ ॥੭੬॥

ਉਸ ਦਿਨ ਉਸ ਨੇ ਭੁਲ ਕੇ ਰੁਦ੍ਰ ਦੀ ਪੂਜਾ ਨਾ ਕੀਤੀ ॥੭੬॥

ਚੌਪਈ ॥

ਚੌਪਈ:

ਕੁਅਰਿ ਕੁਅਰ ਕੈ ਸੰਗ ਸਿਧਾਈ ॥

ਰਾਜ ਕੁਮਾਰੀ ਰਾਜ ਕੁਮਾਰ ਨਾਲ ਚਲੀ ਗਈ।

ਏਕ ਬਿਵਤ ਮਨ ਮਾਹਿ ਪਕਾਈ ॥

ਉਸ ਨੇ ਆਪਣੇ ਮਨ ਵਿਚ ਇਹ ਵਿਉਂਤ ਬਣਾਈ।

ਇਕ ਦੁਰਬਲ ਤ੍ਰਿਯ ਨਿਕਟ ਬਲਾਇਸਿ ॥

ਉਸ ਨੇ ਇਕ ਦੁਰਬਲ ਜਿਹੀ (ਕਾਲੇ ਰੰਗ ਦੀ) ਇਸਤਰੀ ਨੂੰ ਕੋਲ ਬੁਲਾਇਆ

ਕਾਨ ਲਾਗਿ ਤਿਹ ਮੰਤ੍ਰ ਸਿਖਾਇਸਿ ॥੭੭॥

ਅਤੇ ਕੰਨਾਂ ਨਾਲ ਲਗ ਕੇ ਉਸ ਨੂੰ ਗੱਲ ਸਮਝਾਈ ॥੭੭॥

ਅਪਨੀ ਠੌਰ ਤਾਹਿ ਬੈਠਾਯੋ ॥

ਉਸ ਨੂੰ ਆਪਣੀ ਥਾਂ ਤੇ ਬਿਠਾਇਆ

ਤਾਹਿ ਭਲੀ ਬਿਧਿ ਚਰਿਤ ਸਿਖਾਯੋ ॥

ਅਤੇ ਉਸ ਨੂੰ ਚੰਗੀ ਤਰ੍ਹਾਂ ਚਰਿਤ੍ਰ ਸਿਖਾ ਦਿੱਤਾ।

ਸਭ ਸਖਿਯਨ ਜਬ ਤਾਹਿ ਨਿਹਾਰਾ ॥

ਜਦ ਉਸ ਦੀਆਂ ਸਾਰੀਆਂ ਸਹੇਲੀਆਂ ਨੇ (ਆ ਕੇ) ਉਸ ਨੂੰ ਵੇਖਿਆ,

ਤਿਨ ਤ੍ਰਿਯ ਤਬ ਇਹ ਭਾਤਿ ਉਚਾਰਾ ॥੭੮॥

ਤਦ ਉਸ (ਰਾਜ ਕੁਮਾਰੀ ਦੀ ਥਾਂ ਬੈਠੀ) ਇਸਤਰੀ ਨੇ ਇਸ ਤਰ੍ਹਾਂ ਕਿਹਾ ॥੭੮॥

ਮੈ ਸਿਵ ਪੂਜਨ ਕਾਲਿ ਨ ਗਈ ॥

ਮੈਂ ਕਲ ਸ਼ਿਵ ਪੂਜਾ ਲਈ ਨਹੀਂ ਗਈ,

ਤਾ ਤੇ ਸ੍ਰਾਪ ਰੁਦ੍ਰ ਮੁਹਿ ਦਈ ॥

ਉਸ ਕਰ ਕੇ ਸ਼ਿਵ ਨੇ ਮੈਨੂੰ ਸਰਾਪ ਦਿੱਤਾ ਹੈ।

ਯਾ ਤੇ ਅਵਰ ਬਰਨ ਹ੍ਵੈ ਗਯੋ ॥

ਇਸ ਕਰ ਕੇ ਮੇਰਾ ਹੋਰ ਹੀ ਰੰਗ ਹੋ ਗਿਆ ਹੈ,

ਗੋਰ ਬਰਨ ਤੇ ਸਾਵਰ ਭਯੋ ॥੭੯॥

ਗੋਰੇ ਰੰਗ ਤੋਂ ਕਾਲਾ ਰੰਗ ਹੋ ਗਿਆ ਹੈ ॥੭੯॥

ਸਭ ਸਖਿਯਨ ਇਹ ਭਾਤਿ ਸੁਨਾ ਜਬ ॥

ਜਦ ਸਾਰੀਆਂ ਸਖੀਆਂ ਨੇ ਇਸ ਤਰ੍ਹਾਂ ਸੁਣਿਆ,

ਮਿਲਿ ਰਾਜਾ ਪਹਿ ਜਾਤ ਭਈ ਸਬ ॥

ਤਾਂ ਸਭ ਮਿਲ ਕੇ ਰਾਜੇ ਕੋਲ ਗਈਆਂ।

ਸਭ ਬ੍ਰਿਤਾਤ ਕਹਿ ਤਾਹਿ ਸੁਨਾਯੋ ॥

ਸਾਰਾ ਬ੍ਰਿੱਤਾਂਤ ਉਸ ਨੂੰ ਕਹਿ ਸੁਣਾਇਆ।

ਦੁਹਿਤਹਿ ਤਾਤ ਬਿਲੋਕਨ ਆਯੋ ॥੮੦॥

ਰਾਜਾ (ਉਨ੍ਹਾਂ ਦੀ ਗੱਲ ਸੁਣ ਕੇ ਆਪਣੀ) ਧੀ ਨੂੰ ਵੇਖਣ ਆਇਆ ॥੮੦॥

ਅਨਤ ਬਰਨ ਰਾਜੈ ਜਬ ਲਹਾ ॥

ਜਦ ਰਾਜੇ ਉਸ ਦਾ ਹੋਰ ਰੰਗ ਵੇਖਿਆ

ਇਹ ਬਿਧਿ ਸੋ ਰਾਨੀ ਤਨ ਕਹਾ ॥

ਤਾਂ ਰਾਣੀ ਨੂੰ ਇਸ ਤਰ੍ਹਾਂ ਕਿਹਾ

ਕਹਾ ਭਯੋ ਇਹ ਰਾਜ ਦੁਲਾਰੀ ॥

ਕਿ ਰਾਜ ਕੁਮਾਰੀ ਨੂੰ ਕੀ ਹੋ ਗਿਆ ਹੈ।

ਗੋਰੀ ਹੁਤੀ ਹ੍ਵੈ ਗਈ ਕਾਰੀ ॥੮੧॥

ਗੋਰੀ ਹੁੰਦੀ ਸੀ, (ਹੁਣ) ਕਾਲੀ ਹੋ ਗਈ ਹੈ ॥੮੧॥

ਦੋਹਰਾ ॥

ਦੋਹਰਾ:

ਬਿਰਧ ਤਰੁਨਿ ਤੇ ਹ੍ਵੈ ਗਈ ਭਈ ਗੋਰਿ ਤੇ ਸ੍ਯਾਮ ॥

(ਇਹ) ਜਵਾਨ ਤੋਂ ਬੁੱਢੀ ਹੋ ਗਈ ਹੈ ਅਤੇ ਗੋਰੀ ਤੋਂ ਕਾਲੀ ਹੋ ਗਈ ਹੈ।

ਸਤਿ ਸ੍ਰਾਪ ਸਿਵ ਐਸਈ ਜਪੋ ਸਕਲ ਸਭ ਜਾਮ ॥੮੨॥

ਸ਼ਿਵ ਦਾ ਸਰਾਪ ਸਚ ਮੁਚ ਅਜਿਹਾ ਹੀ ਹੈ। (ਉਸ ਦੇ ਜਾਪ ਨੂੰ) ਸਾਰੇ ਅੱਠੇ ਪਹਿਰ ਜਪਦੇ ਰਹੋ ॥੮੨॥

ਚੌਪਈ ॥

ਚੌਪਈ:

ਮੂਰਖ ਰਾਜ ਬਾਤ ਨਹਿ ਜਾਨੀ ॥

ਮੂਰਖ ਰਾਜੇ ਨੇ ਗੱਲ ਨਹੀਂ ਸਮਝੀ

ਔਰ ਨਾਰਿ ਦੁਹਿਤਾ ਪਹਿਚਾਨੀ ॥

ਅਤੇ (ਕਿਸੇ) ਹੋਰ ਕੁੜੀ ਨੂੰ ਆਪਣੀ ਧੀ ਵਜੋਂ ਪਛਾਣ ਲਿਆ।

ਬਿਰਹ ਮਤੀ ਮਿਤਵਾ ਸੰਗ ਗਈ ॥

ਬਿਰਹ ਮਤੀ ਤਾਂ ਮਿਤਰ ਨਾਲ ਚਲੀ ਗਈ

ਬਹੁ ਬਿਧਿ ਭੋਗ ਕਮਾਵਤ ਭਈ ॥੮੩॥

ਅਤੇ ਕਈ ਪ੍ਰਕਾਰ ਦੇ ਭੋਗ ਕਰਨ ਲਗੀ ॥੮੩॥

ਅੜਿਲ ॥

ਅੜਿਲ:

ਇਕ ਦਿਨ ਧਾਮ ਪਰੀ ਕੇ ਦੇਤ ਪਠਾਇ ਕੈ ॥

ਇਕ ਦਿਨ (ਉਹ ਰਾਜ ਕੁਮਾਰ ਨੂੰ) ਸ਼ਾਹ ਪਰੀ ਦੇ ਘਰ ਭੇਜ ਦਿੰਦੀ

ਇਕ ਦਿਨ ਆਪੁ ਕਲੋਲ ਕਰਤ ਸੁਖ ਪਾਇ ਕੈ ॥

ਅਤੇ ਇਕ ਦਿਨ ਆਪ ਕਲੋਲ ਕਰ ਕੇ ਸੁਖ ਮਾਣਦੀ।

ਅਰਧਾਰਧ ਬਜਾਵੈ ਤਾ ਸੌ ਰੈਨਿ ਦਿਨ ॥

ਉਹ ਉਸ ਨਾਲ ਦਿਨ ਰਾਤ ਅਧੇ ਅਧੇ ਸਮੇਂ ਲਈ ਰਤੀ-ਕ੍ਰੀੜਾ ਕਰਦੀਆਂ,

ਹੋ ਮੂਰਖ ਬਾਤ ਨ ਪਾਈ ਰਾਜੈ ਕਛੂ ਇਨ ॥੮੪॥

ਪਰ ਮੂਰਖ ਰਾਜੇ ਨੇ ਇਨ੍ਹਾਂ ਦਾ ਛਲ ਨਾ ਸਮਝਿਆ ॥੮੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੪॥੫੦੫੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੪॥੫੦੫੨॥ ਚਲਦਾ॥

ਚੌਪਈ ॥

ਚੌਪਈ:

ਪੂਰਬ ਦਿਸਿ ਰਥ ਚਿਤ੍ਰ ਨਰਾਧਿਪ ॥

ਪੂਰਬ ਦਿਸ਼ਾ ਵਿਚ ਚਿਤ੍ਰ ਰਥ ਨਾਂ ਦਾ ਇਕ ਰਾਜਾ ਸੀ

ਸਕਲ ਪ੍ਰਿਥੀ ਤਲ ਹੁਤੋ ਨ੍ਰਿਪਾਧਿਪ ॥

ਜੋ ਸਾਰੀ ਧਰਤੀ ਦਾ ਸੁਆਮੀ ਸੀ।

ਪ੍ਰਕ੍ਰਿਤ ਮਤੀ ਤਾ ਕੀ ਪਟਰਾਨੀ ॥

ਪ੍ਰਕ੍ਰਿਤ ਮਤੀ ਨਾਂ ਦੀ ਉਸ ਦੀ ਪਟਰਾਣੀ ਸੀ,

ਨਰੀ ਸੁਰੀ ਜਿਹ ਨਿਰਖਿ ਲਜਾਨੀ ॥੧॥

ਜਿਸ ਨੂੰ ਵੇਖ ਕੇ ਦੇਵ ਇਸਤਰੀਆਂ ਅਤੇ ਨਾਰੀਆਂ ਲਜਾਉਂਦੀਆਂ ਸਨ ॥੧॥

ਦੋਹਰਾ ॥

ਦੋਹਰਾ: