ਸ਼੍ਰੀ ਦਸਮ ਗ੍ਰੰਥ

ਅੰਗ - 195


ਭਿੰਨ ਭਿੰਨ ਅਉਖਧੀ ਬਤਾਵਾ ॥੫॥

(ਜਿਸ ਵਿੱਚ) ਵੱਖਰੋ ਵੱਖਰੇ (ਰੋਗਾਂ ਦੀ) ਔਸ਼ਧੀ ਦਸ ਦਿੱਤੀ ॥੫॥

ਦੋਹਰਾ ॥

ਦੋਹਰਾ

ਰੋਗ ਰਹਤ ਕਰ ਅਉਖਧੀ ਸਭ ਹੀ ਕਰਿਯੋ ਜਹਾਨ ॥

ਰੋਗਾਂ ਨੂੰ ਨਾਸ਼ ਕਰਨ ਵਾਲੀ ਦਵਾ ਸਾਰੇ ਜਗਤ ਲਈ (ਉਸ ਨੇ) ਪ੍ਰਗਟ ਕਰ ਦਿੱਤੀ।

ਕਾਲ ਪਾਇ ਤਛਕ ਹਨਿਯੋ ਸੁਰ ਪੁਰ ਕੀਯੋ ਪਯਾਨ ॥੬॥

ਸਮਾਂ ਪਾ ਕੇ (ਉਸ ਨੂੰ) ਤੱਛਕ ਨੇ (ਡੰਗ ਮਾਰ ਕੇ) ਮਾਰ ਦਿੱਤਾ ਅਤੇ (ਉਸ ਨੇ) ਸੁਅਰਗ ਨੂੰ ਕੂਚ ਕੀਤਾ ॥੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਧਨੰਤ੍ਰ ਅਵਤਾਰ ਸਤਾਰਵਾ ॥੧੭॥ ਸੁਭਮ ਸਤ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਧਨੰਤਰ ਅਵਤਾਰ ਸਤਾਰ੍ਹਵੇਂ ਦੀ ਸਮਾਪਤੀ, ਸਭ ਸ਼ੁਭ ਹੈ ॥੧੭॥

ਅਥ ਸੂਰਜ ਅਵਤਾਰ ਕਥਨੰ ॥

ਹੁਣ ਸੂਰਜ ਅਵਤਾਰ ਦਾ ਕਥਨ

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ

ਚੌਪਈ ॥

ਚੌਪਈ

ਬਹੁਰਿ ਬਢੇ ਦਿਤਿ ਪੁਤ੍ਰ ਅਤੁਲਿ ਬਲਿ ॥

ਫਿਰ ਦਿੱਤੀ ਦੋ ਪੁੱਤਰ (ਦੈਤਾਂ) ਦਾ ਅਤੁਲ ਬਲ ਵਧ ਗਿਆ,

ਅਰਿ ਅਨੇਕ ਜੀਤੇ ਜਿਨ ਜਲਿ ਥਲਿ ॥

ਜਿਨ੍ਹਾਂ ਨੇ ਅਨੇਕਾਂ ਵੈਰੀ ਜਲ-ਥਲ ਵਿੱਚ ਜਿੱਤ ਲਏ।

ਕਾਲ ਪੁਰਖ ਕੀ ਆਗਯਾ ਪਾਈ ॥

(ਉਸ ਸਮੇਂ) 'ਕਾਲ-ਪੁਰਖ' ਦੀ ਆਗਿਆ ਪ੍ਰਾਪਤ ਕਰਕੇ

ਰਵਿ ਅਵਤਾਰ ਧਰਿਯੋ ਹਰਿ ਰਾਈ ॥੧॥

ਵਿਸ਼ਣੂ ਨੇ ਸੂਰਜ ਅਵਤਾਰ ਧਾਰਨ ਕੀਤਾ ॥੧॥

ਜੇ ਜੇ ਹੋਤ ਅਸੁਰ ਬਲਵਾਨਾ ॥

ਜਿਹੜੇ-ਜਿਹੜੇ ਦੈਂਤ ਬਲਵਾਨ ਹੁੰਦੇ ਹਨ,

ਰਵਿ ਮਾਰਤ ਤਿਨ ਕੋ ਬਿਧਿ ਨਾਨਾ ॥

ਉਨ੍ਹਾਂ ਨੂੰ ਸੂਰਜ ਅਨੇਕ ਤਰ੍ਹਾਂ ਨਾਲ ਮਾਰਦਾ ਹੈ।

ਅੰਧਕਾਰ ਧਰਨੀ ਤੇ ਹਰੇ ॥

ਧਰਤੀ ਤੋਂ ਹਨੇਰਾ ਨਸ਼ਟ ਕਰਦਾ ਹੈ।

ਪ੍ਰਜਾ ਕਾਜ ਗ੍ਰਿਹ ਕੇ ਉਠਿ ਪਰੇ ॥੨॥

(ਜਿਸ ਕਰਕੇ) ਪ੍ਰਜਾ ਉੱਠ ਕੇ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਹੈ ॥੨॥

ਨਰਾਜ ਛੰਦ ॥

ਨਰਾਜ ਛੰਦ

ਬਿਸਾਰਿ ਆਲਸੰ ਸਭੈ ਪ੍ਰਭਾਤ ਲੋਗ ਜਾਗਹੀਂ ॥

ਆਲਸ ਨੂੰ ਛੱਡ ਕੇ ਸਾਰੇ ਲੋਕ ਪ੍ਰਭਾਤ ਵੇਲੇ ਜਾਗਦੇ ਹਨ।

ਅਨੰਤ ਜਾਪ ਕੋ ਜਪੈਂ ਬਿਅੰਤ ਧਯਾਨ ਪਾਗਹੀਂ ॥

ਬੇਅੰਤ (ਲੋਕ) ਜਪ ਨੂੰ ਜਪਦੇ ਹਨ ਅਤੇ ਬੇਸ਼ੁਮਾਰ ਲੋਕ ਧਿਆਨ ਵਿੱਚ ਜੁੱਟ ਜਾਂਦੇ ਹਨ।

ਦੁਰੰਤ ਕਰਮ ਕੋ ਕਰੈਂ ਅਥਾਪ ਥਾਪ ਥਾਪਹੀਂ ॥

ਔਖੇ ਕਰਮ ਕਰਦੇ ਹਨ ਅਤੇ ਨ ਥਾਪੇ ਜਾਣ ਵਾਲੇ ਨੂੰ ਹਿਰਦੇ ਵਿੱਚ ਸਥਾਪਿਤ ਕਰਦੇ ਹਨ।

ਗਾਇਤ੍ਰੀ ਸੰਧਿਯਾਨ ਕੈ ਅਜਾਪ ਜਾਪ ਜਾਪਹੀ ॥੩॥

ਸੰਧਿਆਂ ਅਤੇ ਗਾਇਤ੍ਰੀ ਦੇ ਅਜਪਾ-ਜਾਪ ਜਪਦੇ ਹਨ ॥੩॥

ਸੁ ਦੇਵ ਕਰਮ ਆਦਿ ਲੈ ਪ੍ਰਭਾਤ ਜਾਗ ਕੈ ਕਰੈਂ ॥

ਪ੍ਰਭਾਤ ਵੇਲੇ ਜਾਗ ਕੇ (ਲੋਕੀਂ) ਦੇਵ-ਕਰਮ ਆਦਿਕ ਕਰਦੇ ਹਨ।

ਸੁ ਜਗ ਧੂਪ ਦੀਪ ਹੋਮ ਬੇਦ ਬਿਯਾਕਰਨ ਰਰੈਂ ॥

ਯੱਗ, ਧੂਪ, ਦੀਪ, ਹੋਮ ਕਰਦੇ ਹਨ ਅਤੇ ਵੈਦ ਤੇ ਵਿਆਕਰਨ ਪੜ੍ਹਦੇ ਹਨ।

ਸੁ ਪਿਤ੍ਰ ਕਰਮ ਹੈਂ ਜਿਤੇ ਸੋ ਬ੍ਰਿਤਬ੍ਰਿਤ ਕੋ ਕਰੈਂ ॥

ਜਿੰਨੇ ਪਿਤਰੀ ਕਰਮ ਹਨ, (ਉਨ੍ਹਾਂ ਨੂੰ) ਵਿਧੀ ਪੂਰਵਕ ਕਰਦੇ ਹਨ।

ਜੁ ਸਾਸਤ੍ਰ ਸਿਮ੍ਰਿਤਿ ਉਚਰੰਤ ਸੁ ਧਰਮ ਧਯਾਨ ਕੋ ਧਰੈਂ ॥੪॥

ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਉਚਾਰਨ ਕਰਦੇ ਹੋਏ ਧਰਮ ਵਲ ਧਿਆਨ ਲਗਾਉਂਦੇ ਹਨ ॥੪॥

ਅਰਧ ਨਿਰਾਜ ਛੰਦ ॥

ਅਰਧ ਨਰਾਜ ਛੰਦ

ਸੁ ਧੂੰਮ ਧੂੰਮ ਹੀ ॥

ਹਰ ਪਾਸੇ ਹਵਨਾਂ ਦਾ ਧੂੰਆਂ ਹੀ ਧੂੰਆਂ ਹੁੰਦਾ ਹੈ

ਕਰੰਤ ਸੈਨ ਭੂੰਮ ਹੀ ॥

ਅਤੇ (ਲੋਕ) ਧਰਤੀ ਉੱਤੇ ਸੌਂਦੇ ਹਨ।

ਬਿਅੰਤ ਧਯਾਨ ਧਯਾਵਹੀਂ ॥

ਬੇਅੰਤ ਲੋਕ ਧਿਆਨ ਧਰਦੇ ਹਨ,

ਦੁਰੰਤ ਠਉਰ ਪਾਵਹੀਂ ॥੫॥

ਬੜੀ ਮੁਸ਼ਕਲ ਨਾਲ (ਮਿਲਣ ਵਾਲੇ ਬੈਕੁੰਠ) ਧਾਮ ਨੂੰ ਪ੍ਰਾਪਤ ਕਰਦੇ ਹਨ ॥੫॥

ਅਨੰਤ ਮੰਤ੍ਰ ਉਚਰੈਂ ॥

ਅਨੰਤ ਮੰਤਰ ਉਚਾਰਦੇ ਹਨ

ਸੁ ਜੋਗ ਜਾਪਨਾ ਕਰੈਂ ॥

ਅਤੇ ਯੋਗ ਜਪ-ਤਪ ਕਰਦੇ ਹਨ।

ਨ੍ਰਿਬਾਨ ਪੁਰਖ ਧਯਾਵਹੀਂ ॥

ਨਿਰਬਾਨ ਪੁਰਖ ਨੂੰ ਧਿਆਉਂਦੇ ਹਨ।

ਬਿਮਾਨ ਅੰਤਿ ਪਾਵਹੀਂ ॥੬॥

ਅਤੇ ਅੰਤ ਵੇਲੇ (ਦੇਵ ਪਦਵੀ ਪਾਣ ਲਈ) ਵਿਮਾਨਾਂ ਵਿੱਚ ਬੈਠਦੇ ਹਨ ॥੬॥

ਦੋਹਰਾ ॥

ਦੋਹਰਾ

ਬਹੁਤ ਕਾਲ ਇਮ ਬੀਤਯੋ ਕਰਤ ਧਰਮੁ ਅਰੁ ਦਾਨ ॥

ਧਰਮ ਅਤੇ ਦਾਨ ਕਰਦਿਆਂ ਬਹੁਤ ਸਾਰਾ ਸਮਾਂ ਇਸ ਤਰ੍ਹਾਂ ਬੀਤ ਗਿਆ।

ਬਹੁਰਿ ਅਸੁਰਿ ਬਢਿਯੋ ਪ੍ਰਬਲ ਦੀਰਘੁ ਕਾਇ ਦਤੁ ਮਾਨ ॥੭॥

ਫਿਰ ਇਕ ਦੈਂਤ ਨੇ ਜ਼ੋਰ ਫੜਿਆ, (ਜਿਸ ਦਾ ਨਾਂ) 'ਦੀਰਘ-ਕਾਇ' ਸੀ ਅਤੇ (ਜੋ) ਵੱਡੇ ਤੇਜ ਵਾਲਾ ਸੀ ॥੭॥

ਚੌਪਈ ॥

ਚੌਪਈ

ਬਾਣ ਪ੍ਰਜੰਤ ਬਢਤ ਨਿਤਪ੍ਰਤਿ ਤਨ ॥

ਉਸ ਦਾ ਹਰ ਰੋਜ਼ ਇਕ ਬਾਣ ਜਿੰਨਾ ਸਰੀਰ ਵਧਦਾ ਸੀ

ਨਿਸ ਦਿਨ ਘਾਤ ਕਰਤ ਦਿਜ ਦੇਵਨ ॥

ਅਤੇ ਰਾਤ ਦਿਨ ਦੇਵਤਿਆਂ ਅਤੇ ਬ੍ਰਾਹਮਣਾਂ ਦਾ ਨਾਸ ਕਰਦਾ ਸੀ।

ਦੀਰਘੁ ਕਾਇਐ ਸੋ ਰਿਪੁ ਭਯੋ ॥

ਇਸ ਤਰ੍ਹਾਂ ਦਾ ਦੀਰਘ-ਕਾਇ (ਨਾਮ ਦਾ ਰਾਖਸ਼ ਸੂਰਜ ਦਾ) ਵੈਰੀ ਹੋ ਗਿਆ,

ਰਵਿ ਰਥ ਹਟਕ ਚਲਨ ਤੇ ਗਯੋ ॥੮॥

(ਅਤੇ) ਸੂਰਜ ਦਾ ਰਥ ਚਲਣੋਂ ਰੁਕ ਗਿਆ ॥੮॥

ਅੜਿਲ ॥

ਅੜਿਲ

ਹਟਕ ਚਲਤ ਰਥੁ ਭਯੋ ਭਾਨ ਕੋਪਿਯੋ ਤਬੈ ॥

ਸੂਰਜ ਦਾ ਚਲਦਾ-ਚਲਦਾ ਰਥ ਜਦੋਂ ਅਟਕ ਗਿਆ, ਤਦੇ ਸੂਰਜ ਨੂੰ ਗੁੱਸਾ ਆਇਆ।

ਅਸਤ੍ਰ ਸਸਤ੍ਰ ਲੈ ਚਲਿਯੋ ਸੰਗ ਲੈ ਦਲ ਸਭੈ ॥

ਉਹ ਅਸਤ੍ਰ ਸ਼ਸਤ੍ਰ ਲੈ ਕੇ ਅਤੇ ਸਾਰੀ ਸੈਨਾ ਨੂੰ ਨਾਲ ਲੈ ਕੇ ਚਲ ਪਿਆ।

ਮੰਡਯੋ ਬਿਬਿਧ ਪ੍ਰਕਾਰ ਤਹਾ ਰਣ ਜਾਇ ਕੈ ॥

ਉਸ ਨੇ ਰਣ-ਭੂਮੀ ਵਿੱਚ ਜਾ ਕੇ ਅਨੇਕ ਢੰਗਾਂ ਨਾਲ ਯੁੱਧ ਸ਼ੁਰੂ ਕਰ ਦਿੱਤਾ,

ਹੋ ਨਿਰਖ ਦੇਵ ਅਰੁ ਦੈਤ ਰਹੇ ਉਰਝਾਇ ਕੈ ॥੯॥

ਜਿਸ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਵੀ ਯੁੱਧ ਵਿੱਚ ਲੱਗ ਗਏ ॥੯॥

ਗਹਿ ਗਹਿ ਪਾਣ ਕ੍ਰਿਪਾਣ ਦੁਬਹੀਯਾ ਰਣ ਭਿਰੇ ॥

ਹੱਥਾਂ ਵਿੱਚ ਤਲਵਾਰਾਂ ਫੜ-ਫੜ ਕੇ ਸੂਰਮੇ ਯੁੱਧ ਕਰਨ ਲੱਗੇ।