ਸ਼੍ਰੀ ਦਸਮ ਗ੍ਰੰਥ

ਅੰਗ - 318


ਕਾਨ੍ਰਹ ਬਾਚ ਗੁਪੀਆ ਸੋ ॥

ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਮਾ ਸੁਨਿ ਹੈ ਤਬ ਕਾ ਕਰਿ ਹੈ ਹਮਰੋ ਸੁਨਿ ਲੇਹੁ ਸਭੈ ਬ੍ਰਿਜ ਨਾਰੀ ॥

ਬ੍ਰਜ ਦੀਆਂ ਸਾਰੀਆਂ ਇਸਤਰੀਓ! ਸੁਣ ਲਓ, ਜੇਕਰ ਮਾਤਾ (ਜਸੋਧਾ) ਤੁਹਾਡੀਆਂ ਗੱਲਾਂ ਸੁਣ ਲਵੇਗੀ, ਤਦ ਉਹ ਮੇਰਾ ਕੀ ਕਰੇਗੀ?

ਬਾਤ ਕਹੀ ਤੁਮ ਮੂੜਨ ਕੀ ਹਮ ਜਾਨਤ ਹੈ ਤੁਮ ਹੋ ਸਭ ਬਾਰੀ ॥

ਤੁਸੀਂ ਤਾਂ ਬੇਸਮਝਾਂ ਵਰਗੀ ਗੱਲ ਕਹੀ ਹੈ। ਮੈਂ ਜਾਣਦਾ ਹਾਂ, ਤੁਸੀਂ ਸਾਰੀਆਂ ਅਜੇ ਬਾਲੜੀਆਂ ਹੋ।

ਸੀਖਤ ਹੋ ਰਸ ਰੀਤਿ ਅਬੈ ਇਹ ਕਾਨ੍ਰਹ ਕਹੀ ਤੁਮ ਹੋ ਮੁਹਿ ਪਿਆਰੀ ॥

ਤੁਸੀਂ ਅਜੇ ਰਸ ਦੀ ਰੀਤੀ ਸਿਖਦੀਆਂ ਹੋ। ਪਰ ਕ੍ਰਿਸ਼ਨ ਨੇ ਕਿਹਾ, ਤੁਸੀਂ ਸਾਰੀਆਂ ਮੈਨੂੰ ਪਿਆਰੀਆਂ ਹੋ।

ਖੇਲਨ ਕਾਰਨ ਕੋ ਹਮ ਹੂੰ ਜੁ ਹਰੀ ਛਲ ਕੈ ਤੁਮ ਸੁੰਦਰ ਸਾਰੀ ॥੨੬੦॥

ਮੈਂ ਜੋ ਤੁਹਾਡੀਆਂ ਸਾੜੀਆਂ ਛਲ ਪੂਰਵਕ ਚੁਕੀਆਂ ਹਨ (ਇਸ ਦਾ) ਕਾਰਨ ਕੇਵਲ (ਹਸਣਾ) ਖੇਡਣਾ ਹੈ ॥੨੬੦॥

ਗੋਪੀ ਬਾਚ ॥

ਗੋਪੀਆਂ ਨੇ ਕਿਹਾ:

ਸਵੈਯਾ ॥

ਸਵੈਯਾ:

ਫੇਰਿ ਕਹੀ ਮੁਖ ਤੇ ਇਮ ਗੋਪਿਨ ਬਾਤ ਇਸੀ ਮਨੁ ਏ ਪਟ ਦੈਹੋ ॥

ਗੋਪੀਆਂ ਨੇ ਮੁੜ ਇਹ ਗੱਲ ਮੂੰਹੋਂ ਆਖੀ, ਹੇ ਕ੍ਰਿਸ਼ਨ! ਜੇਕਰ ਅਜਿਹੀ ਗੱਲ ਮਨ ਵਿਚ ਹੈ (ਤਾਂ ਸਾਡੇ) ਕਪੜੇ ਸਾਨੂੰ ਦੇ ਦਿਓ

ਸਉਹ ਕਰੋ ਮੁਸਲੀਧਰ ਕੀ ਜਸੁਧਾ ਨੰਦ ਕੀ ਹਮ ਕੋ ਡਰ ਕੈਹੋ ॥

ਅਤੇ ਬਲਰਾਮ, ਜਸੋਧਾ ਅਤੇ ਨੰਦ ਦੀ ਸੌਂਹ ਖਾਓ, ਜੋ ਸਾਨੂੰ (ਫਿਰ ਨਹੀਂ) ਡਰਾਓਗੇ।

ਕਾਨ੍ਰਹ ਬਿਚਾਰਿ ਪਿਖੋ ਮਨ ਮੈ ਇਨ ਬਾਤਨ ਤੇ ਤੁਮ ਨ ਕਿਛੁ ਪੈਹੋ ॥

ਹੇ ਕ੍ਰਿਸ਼ਨ! (ਤੂੰ ਆਪਣੇ) ਮਨ ਵਿਚ ਵਿਚਾਰ ਪੂਰਵਕ ਵੇਖ ਲੈ, ਇਨ੍ਹਾਂ ਗੱਲਾਂ ਤੋਂ ਤੈਨੂੰ ਕੁਝ ਨਹੀਂ ਪ੍ਰਾਪਤ ਹੋਣਾ।

ਦੇਹੁ ਕਹਿਯੋ ਜਲ ਮੈ ਹਮ ਕੋ ਇਹ ਦੇਹਿ ਅਸੀਸ ਸਭੈ ਤੁਹਿ ਜੈਹੋ ॥੨੬੧॥

ਤੂੰ ਸਾਨੂੰ ਪਾਣੀ ਵਿਚ ਹੀ (ਬਸਤ੍ਰ) ਦੇ ਦੇ, ਅਸੀਂ ਸਾਰੀਆਂ ਤੈਨੂੰ ਅਸੀਸਾਂ ਦੇ ਕੇ ਚਲੀਆਂ ਜਾਵਾਂਗੀਆਂ ॥੨੬੧॥

ਗੋਪੀ ਬਾਚ ॥

ਗੋਪੀਆਂ ਨੇ ਕਿਹਾ:

ਸਵੈਯਾ ॥

ਸਵੈਯਾ:

ਫੇਰਿ ਕਹੀ ਮੁਖ ਤੇ ਮਿਲਿ ਗੋਪਨ ਨੇਹ ਲਗੈ ਹਰਿ ਜੀ ਨਹਿ ਜੋਰੀ ॥

ਗੋਪੀਆਂ ਨੇ ਮਿਲ ਕੇ ਫਿਰ ਮੂੰਹੋਂ ਇਹ ਗੱਲ ਕਹੀ, "ਹੇ ਹਰੀ ਜੀ! ਨੇਹੁ ਜ਼ੋਰੀਂ ਨਹੀਂ ਲਗਦਾ।

ਨੈਨਨ ਸਾਥ ਲਗੈ ਸੋਊ ਨੇਹੁ ਕਹੈ ਮੁਖ ਤੇ ਇਹ ਸਾਵਲ ਗੋਰੀ ॥

ਕਾਲੀਆਂ ਅਤੇ ਗੋਰੀਆਂ (ਗੋਪੀਆਂ ਨੇ) ਮੂੰਹੋਂ ਇਹ ਆਖਿਆ ਕਿ ਉਹ ਨੇਹੁੰ ਤਾਂ ਅੱਖਾਂ ਰਾਹੀਂ ਲਗਦਾ ਹੈ।"

ਕਾਨ੍ਰਹ ਕਹੀ ਹਸਿ ਕੈ ਇਹ ਬਾਤ ਸੁਨੋ ਰਸ ਰੀਤਿ ਕਹੋ ਮਮ ਹੋਰੀ ॥

(ਅਗੋਂ) ਕ੍ਰਿਸ਼ਨ ਨੇ ਹਸ ਕੇ ਇਹ ਗੱਲ ਕਹੀ, "ਹੇ ਗੋਪੀਓ! ਮੈਂ ਨੇਹੁੰ ਲਾਉਣ ਦੀ ਰੀਤੀ ਕਹਿੰਦਾ ਹਾਂ,

ਆਖਨ ਸਾਥ ਲਗੈ ਟਕਵਾ ਫੁਨਿ ਹਾਥਨ ਸਾਥ ਲਗੈ ਸੁਭ ਸੋਰੀ ॥੨੬੨॥

(ਤੁਸੀਂ) ਸੁਣੋਂ! ਅੱਖਾਂ ਨਾਲ ਪਹਿਲਾਂ ਟਿਕਟਿਕੀ ਲਗਦੀ ਹੈ, ਫਿਰ ਨਾਲ ਜੇ ਹੱਥ ਲੱਗ ਜਾਣ ਤਦ ਉਹ ਕੰਮ ਸੰਵਰ ਜਾਂਦਾ ਹੈ" ॥੨੬੨॥

ਫੇਰਿ ਕਹੀ ਮੁਖਿ ਤੇ ਗੁਪੀਆ ਹਮਰੇ ਪਟ ਦੇਹੁ ਕਹਿਯੋ ਨੰਦ ਲਾਲਾ ॥

ਗੋਪੀਆਂ ਨੇ ਫਿਰ ਮੂੰਹ ਤੋਂ ਇਹ ਗੱਲ ਕਹੀ, ਹੇ ਨੰਦ ਲਾਲ! ਸਾਡੇ ਕਪੜੇ ਦੇ ਦਿਓ!

ਫੇਰਿ ਇਸਨਾਨ ਕਰੈ ਨ ਇਹਾ ਕਹਿ ਹੈ ਹਮਿ ਲੋਗਨ ਆਛਨ ਬਾਲਾ ॥

ਅਸੀਂ ਮੁੜ ਕੇ ਇਸ ਜਗ੍ਹਾ ਤੇ ਕਦੇ ਵੀ ਨਹੀਂ ਨਹਾਵਾਂਗੀਆਂ ਅਤੇ ਹੋਰਨਾਂ ਲੋਕਾਂ ਅਤੇ ਚੰਗੀਆਂ ਇਸਤਰੀਆਂ ਨੂੰ ਵੀ ਕਹਿ ਦਿਆਂਗੀਆਂ (ਕਿ ਇਥੇ ਕੋਈ ਨਾ ਨਹਾਵੇ)।

ਜੋਰਿ ਪ੍ਰਨਾਮ ਕਰੋ ਹਮ ਕੋ ਕਰ ਬਾਹਰ ਹ੍ਵੈ ਜਲ ਤੇ ਤਤਕਾਲਾ ॥

ਝਟ ਪਟ ਪਾਣੀ ਤੋਂ ਨਿਕਲ ਕੇ ਅਤੇ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ,

ਕਾਨ੍ਰਹ ਕਹੀ ਹਸਿ ਕੈ ਮੁਖਿ ਤੈ ਕਰਿ ਹੋ ਨਹੀ ਢੀਲ ਦੇਉ ਪਟ ਹਾਲਾ ॥੨੬੩॥

ਕ੍ਰਿਸ਼ਨ ਨੇ ਹਸ ਕੇ ਮੂੰਹੋਂ ਇਹ ਗੱਲ ਕਹੀ (ਕਿ ਮੈਂ) ਫਿਰ ਜ਼ਰਾ ਜਿੰਨੀ ਢਿੱਲ ਨਹੀਂ ਕਰਾਂਗਾ ਅਤੇ ਝਟ ਹੀ ਕਪੜੇ ਦੇ ਦੇਵਾਂਗਾ ॥੨੬੩॥

ਦੋਹਰਾ ॥

ਦੋਹਰਾ:

ਮੰਤ੍ਰ ਸਭਨ ਮਿਲਿ ਇਹ ਕਰਿਯੋ ਜਲ ਕੋ ਤਜਿ ਸਭ ਨਾਰਿ ॥

ਫਿਰ ਸਭ ਗੋਪੀਆਂ ਨੇ ਮਿਲ ਕੇ ਇਹ ਵਿਚਾਰ ਕੀਤਾ