ਸਵੈਯਾ:
ਅੱਖਾਂ ਵਿਚ ਕਜਲਾ ਪਾਇਆ ਹੈ, ਜੋ ਮਨ ਨੂੰ ਮੋਹਿਤ ਕਰਦਾ ਹੈ ਅਤੇ ਮੱਥੇ ਉਤੇ ਸ਼ਿੰਗ੍ਰਫ ਦੀ ਬਿੰਦੀ ਬਿਰਾਜ ਰਹੀ ਹੈ।
ਬਾਹਵਾਂ ਵਿਚ ਬਾਜੂ-ਬੰਦ ਬੰਨ੍ਹੇ ਹੋਏ ਹਨ, ਸ਼ੇਰ ਵਰਗਾ ਪਤਲਾ ਲਕ ਹੈ ਅਤੇ ਪੈਰਾਂ ਵਿਚ ਝਾਂਜਰਾਂ ਦੇ ਵਜਣ ਦੀ ਧੁਨ ਹੋ ਰਹੀ ਹੈ।
ਗਲ ਵਿਚ ਮੋਤੀਆਂ ਦਾ ਹਾਰ ਪਾਇਆ ਹੋਇਆ ਹੈ। (ਇਸ ਤਰ੍ਹਾਂ ਪੂਤਨਾ) ਕੰਸ ਦੇ ਕੰਮ ਲਈ ਨੰਦ ਦੇ ਘਰ ਗਈ।
ਉਤਮ ਸੁਗੰਧੀ ਸਾਰੇ ਸ਼ਹਿਰ ਵਿਚ ਵਸ ਰਹੀ ਹੈ ਅਤੇ ਮੂੰਹ (ਦੀ ਸੁੰਦਰਤਾ ਤੋਂ) ਕ੍ਰੋੜਾਂ ਚੰਦ੍ਰਮੇ ਸ਼ਰਮਿੰਦੇ ਹੁੰਦੇ ਹਨ ॥੮੪॥
ਜਸੋਧਾ ਨੇ ਪੂਤਨਾ ਨੂੰ ਕਿਹਾ:
ਦੋਹਰਾ:
ਬਹੁਤ ਆਦਰ ਕਰ ਕੇ ਜਸੋਧਾ ਨੇ ਮਿਠੇ ਬੋਲਾਂ ਨਾਲ ਪੁਛਿਆ
ਅਤੇ ਆਸਣ ਉਤੇ ਬਿਠਾ ਕੇ ਕਿਹਾ, ਹੇ ਬਾਲਿਕਾ! ਦਸ (ਕਿਵੇਂ ਆਈ ਹੈਂ?) ॥੮੫॥
ਪੂਤਨਾ ਨੇ ਜਸੋਦਾ ਪ੍ਰਤਿ ਕਿਹਾ:
ਦੋਹਰਾ:
ਹੇ ਚੌਧਰਾਣੀ! (ਮੈਂ) ਸੁਣਿਆ ਹੈ ਤੇਰੇ (ਘਰ) ਅਨੂਪ ਰੂਪ ਵਾਲਾ ਪੁੱਤਰ ਹੋਇਆ ਹੈ।
(ਉਸ ਨੂੰ) ਮੇਰੀ ਗੋਦ (ਵਿਚ ਦੇ ਮੈਂ) ਦੁੱਧ ਦੇਵਾਂ! (ਮੇਰੇ ਦੁੱਧ ਦੇ ਪ੍ਰਤਾਪ ਨਾਲ ਉਹ) ਸਭ ਦਾ ਰਾਜਾ ਹੋ ਜਾਵੇਗਾ ॥੮੬॥
ਸਵੈਯਾ:
ਤਦੋਂ ਜਸੋਧਾ ਨੇ ਕ੍ਰਿਸ਼ਨ ਨੂੰ ਉਸ ਦੀ ਗੋਦੀ ਵਿਚ ਦੇ ਦਿੱਤਾ। (ਜਦੋਂ ਉਸ ਦਾ) ਅੰਤ ਕਾਲ (ਆ ਗਿਆ) ਤਦੋਂ ਉਸ ਨੇ (ਕਾਨ੍ਹ ਨੂੰ) ਲੈ ਲਿਆ।
(ਉਸ) ਮੰਦ ਬੁੱਧੀ ਵਾਲੀ ਪੂਤਨਾ ਦੇ ਚੰਗੇ ਭਾਗ ਸਨ, ਜਿਸ ਨੇ ਭਗਵਾਨ ਨੂੰ ਥਣ ਚੁੰਘਾਇਆ।
(ਕ੍ਰਿਸ਼ਨ ਨੇ) ਇਹ ਕੀਤਾ (ਕਿ) ਉਸ ਦੇ ਪ੍ਰਾਣ ਅਤੇ ਲਹੂ ਵੀ ਦੁੱਧ (ਨਾਲ ਹੀ) ਮੁਖ ਵਿਚ ਖਿਚ ਲਏ।
ਜਿਵੇਂ ਗਗੜੀ ਸ਼ਰੀਰ ਨੂੰ ਤੂੰਬੀ ਲਾ ਕੇ, ਤੇਲ ਲਗੀ ਚਮੜੀ ਨੂੰ ਛੱਡ ਕੇ, ਲਹੂ ਪੀ ਲੈਂਦੀ ਹੈ ॥੮੭॥
ਦੋਹਰਾ:
ਪੂਤਨਾ ਨੇ ਭਾਰਾ ਪਾਪ ਕੀਤਾ ਸੀ, ਜਿਸ ਤੋਂ ਨਰਕ ਵੀ ਡਰਦੇ ਹਨ।
(ਪਰ) ਅੰਤ ਵੇਲੇ (ਉਸ ਨੇ) ਕਿਹਾ, "ਹੇ ਹਰਿ! ਛੱਡ ਦਿਓ," (ਇਸ ਲਈ) ਬੈਕੁੰਠ ਵਿਚ ਜਾ ਵਸੀ ॥੮੮॥
ਸਵੈਯਾ:
(ਪੂਤਨਾ ਦੀ) ਦੇਹ ਛੇ ਕੋਹਾਂ ਤਕ (ਲੰਬੀ) ਹੋ ਗਈ, ਪੇਟ ਛੱਪੜ ਵਾਂਗ ਅਤੇ ਮੁਖ ਨਾਲੇ (ਵਰਗਾ) ਹੋ ਗਿਆ।
(ਦੋਵੇਂ) ਬਾਹਵਾਂ ਉਸ (ਛੱਪੜ ਦੇ) ਕੰਢੇ ਹੋ ਗਏ ਅਤੇ ਵਾਲ ਮਾਨੋ ਪਾਣੀ ਦੀ ਕਾਈ ਅਤੇ ਸ਼ਿਖਾ (ਚੋਟੀ) ਫੁਆਰੇ (ਬਣ ਗਈ ਹੋਵੇ)।
ਸਿਰ ਸੁਮੇਰ ਦੀ ਚੋਟੀ ਵਾਂਗੂ ਬਣ ਗਿਆ ਅਤੇ ਅੱਖਾਂ ਉਸ ਵਿਚ ਖਡਿਆਂ ਸਮਾਨ ਹੋ ਗਈਆਂ।
(ਇਉਂ ਪ੍ਰਤੀਤ ਹੁੰਦਾ ਹੈ ਕਿ) ਪਾਤਸ਼ਾਹ ਦੇ ਕਿਲੇ ਨੂੰ ਤੋਪ ਵਜੀ ਹੈ, (ਜਿਸ ਦੇ) ਗੋਲਿਆਂ ਨਾਲ ਦੋ ਖੱਪੇ ਪੈ ਗਏ ਹਨ ॥੮੯॥
ਦੋਹਰਾ:
ਕ੍ਰਿਸ਼ਨ ਉਸ ਦੇ ਥਣ ਨੂੰ ਮੂੰਹ ਵਿਚ ਲੈ ਕੇ ਉਸ ਦੇ ਉਤੇ ਹੀ ਸੌਂ ਗਏ।
ਉਸ ਵੇਲੇ ਬ੍ਰਜ ਦੇ ਸਾਰੇ ਲੋਕਾਂ ਨੇ ਭੱਜ ਕੇ (ਕ੍ਰਿਸ਼ਨ ਨੂੰ) ਗੋਦ ਵਿਚ ਚੁਕ ਲਿਆ ॥੯੦॥
ਲੋਕਾਂ ਨੇ ਉਸ ਦੇ ਸ਼ਰੀਰ ਨੂੰ ਕਟ ਕਟ ਕੇ (ਇਕ ਥਾਂ ਤੇ) ਇਕੱਠਾ ਕਰ ਕੇ ਢੇਰ ਕਰ ਦਿੱਤਾ।
ਚੌਹਾਂ ਪਾਸੇ ਲੱਕੜਾਂ ਜੋੜ ਦਿੱਤੀਆਂ ਅਤੇ (ਤਨ ਨੂੰ) ਸੜਦਿਆਂ ਦੇਰ ਨਹੀਂ ਲਗੀ ॥੯੧॥
ਸਵੈਯਾ:
ਜਦੋਂ ਨੰਦ ਗੋਕਲ ਵਿਚ ਆਇਆ ਤਾਂ ਪੂਤਨਾ ਦੇ ਸ਼ਰੀਰ ਦੀ ਸੁਗੰਧਿਤ ਵਾਸਨਾ (ਉਸ ਨੇ) ਲਈ, ਤਦ ਬਹੁਤ ਹੈਰਾਨ ਹੋਇਆ।
ਫਿਰ ਸਾਰਿਆਂ ਲੋਕਾਂ ਨੇ ਬ੍ਰਜ ਦਾ ਬ੍ਰਿੱਤਾਂਤ ਸੁਣਾਇਆ, ਜਿਸ ਨੂੰ ਸੁਣ ਕੇ (ਉਹ) ਮਨ ਵਿਚ ਡਰ ਗਿਆ।
(ਸੋਚਣ ਲਗਾ) ਕਿ ਮੈਨੂੰ ਬਸੁਦੇਵ ਨੇ ਸੱਚ ਕਿਹਾ ਸੀ, ਉਹ (ਗੱਲ) ਪ੍ਰਤੱਖ ਹੋ ਗਈ ਹੈ।
ਮੈਂ ਚੰਗੀ ਤਰ੍ਹਾਂ ਭੇਦ ਪਾ ਲਿਆ ਹੈ। ਉਸ ਦਿਨ ਉਸ ਨੇ ਅਨੇਕਾਂ ਦਾਨ ਦਿੱਤੇ ਅਤੇ ਬ੍ਰਾਹਮਣਾਂ ਨੇ ਵੇਦ (ਦੀ ਵਿਧੀ ਅਨੁਸਾਰ) ਅਸੀਸਾਂ ਦਿੱਤੀਆਂ ॥੯੨॥
ਦੋਹਰਾ:
ਦਇਆ ਦੇ ਸਮੁੰਦਰ ਕਰਤਾਰ, ਬਾਲਕ ਰੂਪ ਹੋ ਕੇ (ਜਗ ਵਿਚ) ਉਤਰੇ ਹਨ।
(ਉਨ੍ਹਾਂ ਨੇ) ਪਹਿਲਾਂ ਪੂਤਨਾ ਦਾ ਉੱਧਾਰ ਕੀਤਾ ਅਤੇ ਧਰਤੀ ਦਾ ਭਾਰ ਉਤਾਰਿਆ ॥੯੩॥
ਇਥੇ ਸ੍ਰੀ ਦਸਮ ਸਕੰਧ ਪੁਰਾਣ ਬਚਿਤ੍ਰ ਨਾਟਕ ਦਾ ਪੂਤਨਾ ਬਧ ਵਾਲਾ ਅਧਿਆਇ ਸਮਾਪਤ ਹੋਇਆ। ਸਭ ਸ਼ੁਭ ਹੈ।
ਹੁਣ ਨਾਮਕਰਣ ਦਾ ਕਥਨ ਆਰੰਭ:
ਦੋਹਰਾ:
ਬਸੁਦੇਵ ਨੇ 'ਗਰਗ' (ਪ੍ਰੋਹਿਤ) ਨੂੰ ਨੇੜੇ ਕਰ ਕੇ (ਬੁਲਾ ਕੇ) ਉਸ ਨੂੰ ਸੁਣਾ ਕੇ (ਇਹ ਗੱਲ) ਆਖੀ,
ਤੁਸੀਂ ਕ੍ਰਿਪਾ ਕਰ ਕੇ ਗੋਕਲ ਵਿਚ ਨੰਦ ਦੇ ਘਰ ਜਾਓ ॥੯੪॥
ਉਥੇ ਉਸ ਦੇ (ਘਰ) ਮੇਰਾ ਪੁੱਤਰ ਹੈ। ਉਸ ਦਾ 'ਨਾਮਕਰਣ' ਕਰ ਦੇਵੋ,
ਪਰ ਕੰਨ ਦੇ ਕੇ ਸੁਣ ਲਵੋ (ਕਿ ਇਸ ਗੱਲ ਨੂੰ) ਮੇਰੇ ਤੋਂ ਬਿਨਾ ਹੋਰ (ਕੋਈ) ਨਾ ਜਾਣੇ ॥੯੫॥
ਸਵੈਯਾ:
(ਗਰਗ) ਬ੍ਰਾਹਮਣ ਛੇਤੀ ਨਾਲ ਗੋਕੁਲ ਨੂੰ ਤੁਰ ਪਿਆ, (ਜੋ ਗੱਲ) ਮਹਾਨ ਬਸੁਦੇਵ ਨੇ ਕਹੀ, ਓਹੀ (ਉਸ ਨੇ) ਮੰਨ ਲਈ।