ਸ਼੍ਰੀ ਦਸਮ ਗ੍ਰੰਥ

ਅੰਗ - 372


ਦੇਖ ਕੈ ਸੋ ਹਰਿ ਜੂ ਕੁਪ ਕੈ ਦੁਹੂੰ ਹਾਥਨ ਸੋ ਕਰਿ ਜੋਰੁ ਗਹੇ ਹੈ ॥੭੬੮॥

ਉਸ ਨੂੰ ਵੇਖ ਕੇ ਕ੍ਰੋਧਵਾਨ ਹੋ ਕੇ ਕ੍ਰਿਸ਼ਨ ਜੀ ਨੇ (ਉਸ ਨੂੰ) ਦੋਹਾਂ ਹੱਥਾਂ ਨਾਲ ਬਲ ਪੂਰਵਕ ਪਕੜ ਲਿਆ ਹੈ ॥੭੬੮॥

ਸੀਂਗਨ ਤੇ ਗਹਿ ਡਾਰ ਦਯੋ ਸੁ ਅਠਾਰਹ ਪੈਗ ਪੈ ਜਾਇ ਪਰਿਓ ਹੈ ॥

ਸਿੰਗਾਂ ਤੋਂ ਪਕੜ ਕੇ (ਉਸ ਨੂੰ) ਸੁਟ ਦਿੱਤਾ ਜੋ ਅਠਾਰ੍ਹਾਂ ਕਦਮਾਂ ਉਤੇ ਜਾ ਕੇ ਡਿਗਿਆ।

ਫੇਰਿ ਉਠਿਓ ਕਰਿ ਕੋਪ ਮਨੈ ਹਰਿ ਕੇ ਫਿਰਿ ਸਾਮੁਹ ਜੁਧੁ ਕਰਿਓ ਹੈ ॥

(ਉਹ) ਫਿਰ ਉਠਿਆ ਅਤੇ ਮਨ ਵਿਚ ਕ੍ਰੋਧ ਕਰ ਕੇ ਫਿਰ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਲੜਨ ਲਗ ਗਿਆ।

ਫੇਰ ਬਗਾਇ ਦੀਯੋ ਹਰਿ ਜੂ ਕਹੀ ਜਾਇ ਗਿਰਿਓ ਸੁ ਨਹੀ ਉਬਰਿਓ ਹੈ ॥

ਕ੍ਰਿਸ਼ਨ ਜੀ ਨੇ ਫਿਰ (ਉਸ ਨੂੰ) ਸੁਟ ਦਿੱਤਾ, ਉਹ ਕਿਥੇ ਜਾਕੇ ਡਿਗਆ ਹੈ, (ਪਤਾ ਨਹੀਂ) (ਪਰ ਉਹ) ਜੀਉਂਦਾ ਨਹੀਂ ਬਚਿਆ।

ਮੋਛ ਭਈ ਤਿਹ ਕੀ ਹਰਿ ਕੇ ਕਰ ਛੂਵਤ ਹੀ ਸੁ ਲਰਿਯੋ ਨ ਮਰਿਯੋ ਹੈ ॥੭੬੯॥

ਨਾ ਲੜਿਆ ਹੈ ਅਤੇ ਨਾ ਮਰਿਆ ਹੈ, (ਸਗੋਂ) ਸ੍ਰੀ ਕ੍ਰਿਸ਼ਨ ਦੇ ਹੱਥਾਂ ਦੀ ਛੋਹ ਨਾਲ ਉਸ ਦੀ ਮੁਕਤੀ ਹੋ ਗਈ ਹੈ ॥੭੬੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬ੍ਰਿਖਭਾਸੁਰ ਦੈਤ ਬਧਹ ਧਯਾਇ ਸਮਾਪਤਮ ਸਤ ਸੁਭਮ ਸਤ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਿਖਭਾਸੁਰ ਦੈਂਤ ਦੇ ਬਧ ਦਾ ਅਧਿਆਇ ਸਮਾਪਤ, ਸਭ ਸ਼ੁਭ ਹੈ।

ਅਥ ਕੇਸੀ ਦੈਤ ਬਧ ਕਥਨੰ ॥

ਹੁਣ ਕੇਸੀ ਦੈਂਤ ਦੇ ਬਧ ਦਾ ਕਥਨ:

ਸਵੈਯਾ ॥

ਸਵੈਯਾ:

ਜੁਧ ਬਡੋ ਕਰ ਕੈ ਤਿਹ ਕੈ ਸੰਗ ਜਉ ਭਗਵਾਨ ਬਡੋ ਅਰਿ ਮਾਰਿਓ ॥

ਉਸ ਨਾਲ ਵੱਡਾ ਯੁੱਧ ਕਰ ਕੇ, ਸ੍ਰੀ ਕ੍ਰਿਸ਼ਨ ਨੇ ਉਸ ਵੱਡੇ ਵੈਰੀ ਨੂੰ ਮਾਰ ਦਿੱਤਾ।

ਨਾਰਦ ਤਉ ਮਥੁਰਾ ਮੈ ਗਯੋ ਬਚਨਾ ਸੰਗ ਕੰਸ ਕੇ ਐਸੇ ਉਚਾਰਿਓ ॥

ਤਦ ਨਾਰਦ ਮਥੁਰਾ ਨਗਰ ਵਿਚ ਚਲਾ ਗਿਆ ਅਤੇ ਕੰਸ ਨਾਲ ਬਚਨ ਕਰਦਿਆਂ ਇਸ ਤਰ੍ਹਾਂ ਕਿਹਾ,

ਤੂ ਭਗਨੀਪਤਿ ਨੰਦ ਸੁਤਾ ਹਰਿ ਤ੍ਵੈ ਰਿਪੁ ਵਾ ਘਰ ਭੀਤਰ ਡਾਰਿਓ ॥

(ਹੇ ਕੰਸ!) ਤੇਰੀ ਭੈਣ ਦੇ ਪਤੀ (ਬਹਿਨੋਈ) ਨੇ ਨੰਦ ਦੀ ਧੀ ਨੂੰ ਚੁਰਾ ਕੇ (ਬੰਦੀਖਾਨੇ ਵਿਚ ਲਿਆਂਦਾ ਹੈ ਅਤੇ) ਤੇਰਾ ਵੈਰੀ ਉਸ ਦੇ ਘਰ ਛਡ ਆਇਆ ਹੈ।

ਦੈਤ ਅਘਾਸੁਰ ਅਉ ਬਕ ਬੀਰ ਮਰਿਓ ਤਿਨ ਹੂੰ ਜਬ ਪਉਰਖ ਹਾਰਿਓ ॥੭੭੦॥

ਅਘਾਸੁਰ ਦੈਂਤ ਅਤੇ ਬਕਾਸੁਰ ਵਰਗੇ ਸੂਰਮਿਆਂ ਨੂੰ ਉਸ ਨੇ ਮਾਰ ਦਿੱਤਾ ਹੈ ਜਦੋਂ ਉਹ ਬਲ ਹਾਰ ਬੈਠੇ ਸਨ ॥੭੭੦॥

ਕੰਸ ਬਾਚ ਪ੍ਰਤਿ ਉਤਰ ॥

ਕੰਸ ਨੇ ਪ੍ਰਤਿ ਉੱਤਰ ਵਜੋਂ ਕਿਹਾ:

ਸਵੈਯਾ ॥

ਸਵੈਯਾ:

ਕੋਪ ਭਰਿਯੋ ਮਨ ਮੈ ਮਥੁਰਾਪਤਿ ਚਿੰਤ ਕਰੀ ਇਹ ਕੋ ਅਬ ਮਰੀਐ ॥

ਮਥੁਰਾ ਦੇ ਰਾਜੇ (ਕੰਸ) ਦੇ ਮਨ ਵਿਚ ਕ੍ਰੋਧ ਭਰ ਗਿਆ ਅਤੇ ਫਿਕਰ ਕਰਨ ਲਗਾ ਕਿ ਇਸ (ਕ੍ਰਿਸ਼ਨ) ਨੂੰ ਮਾਰਨਾ ਚਾਹੀਦਾ ਹੈ।

ਇਹ ਕੀ ਸਮ ਕਾਰਜ ਅਉਰ ਕਛੂ ਨਹਿ ਤਾ ਬਧਿ ਆਪਨ ਊਬਰੀਐ ॥

ਇਸ ਦੇ ਬਰਾਬਰ ਹੋਰ ਕੋਈ ਕੰਮ ਨਹੀਂ ਕਿ ਇਸ ਨੂੰ ਮਾਰ ਕੇ ਆਪਣੇ ਆਪ ਨੂੰ ਬਚਾਇਆ ਜਾਏ।

ਤਬ ਨਾਰਦ ਬੋਲਿ ਉਠਿਓ ਹਸਿ ਕੈ ਸੁਨੀਐ ਨ੍ਰਿਪ ਕਾਰਜ ਯਾ ਕਰੀਐ ॥

ਤਦ ਨਾਰਦ ਹਸਦਿਆਂ ਹੋਇਆਂ ਬੋਲਣ ਲਗਿਆ, ਹੇ ਰਾਜਨ! ਸੁਣੋ, ਇਸ ਤਰ੍ਹਾਂ ਕਾਰਜ ਕਰਨਾ ਚਾਹੀਦਾ ਹੈ।

ਛਲ ਸੋ ਬਲ ਸੋ ਕਬਿ ਸ੍ਯਾਮ ਕਹੈ ਅਪਨੇ ਅਰਿ ਕੋ ਸਿਰ ਵਾ ਹਰੀਐ ॥੭੭੧॥

ਕਵੀ ਸ਼ਿਆਮ ਕਹਿੰਦੇ ਹਨ, (ਨਾਰਦ ਨੇ ਸੁਝਾ ਦਿੱਤਾ) ਛਲ ਨਾਲ, ਬਲ ਨਾਲ ਆਪਣੇ ਵੈਰੀ ਦਾ ਸਰ ਉਤਾਰ ਲੈਣਾ ਚਾਹੀਦਾ ਹੈ ॥੭੭੧॥

ਕੰਸ ਬਾਚ ਨਾਰਦ ਸੋ ॥

ਕੰਸ ਨੇ ਨਾਰਦ ਨੂੰ ਕਿਹਾ:

ਸਵੈਯਾ ॥

ਸਵੈਯਾ:

ਤਬ ਕੰਸ ਪ੍ਰਨਾਮ ਕਹੀ ਕਰਿ ਕੈ ਸੁਨੀਐ ਰਿਖਿ ਜੂ ਤੁਮ ਸਤਿ ਕਹੀ ਹੈ ॥

ਤਦ ਕੰਸ ਨੇ ਹੱਥ ਜੋੜ ਕੇ (ਨਾਰਦ ਨੂੰ) ਪ੍ਰਨਾਮ ਕੀਤਾ ਅਤੇ ਕਿਹਾ, ਹੇ ਰਿਸ਼ੀ ਜੀ! ਸੁਣੋ, ਤੁਸੀਂ ਸੱਚੀ (ਗੱਲ) ਕਹੀ ਹੈ।

ਵਾ ਕੀ ਬ੍ਰਿਥਾ ਰਜਨੀ ਦਿਨ ਮੈ ਹਮਰੈ ਮਨ ਮੈ ਬਸਿ ਕੈ ਸੁ ਰਹੀ ਹੈ ॥

ਉਸ ਦੀ ਪੀੜ ਦਿਨ ਰਾਤ ਮੇਰੇ ਮਨ ਵਿਚ ਵਸ ਰਹੀ ਹੈ।

ਜਾਹਿ ਮਰਿਓ ਅਘੁ ਦੈਤ ਬਲੀ ਬਕੁ ਪੂਤਨਾ ਜਾ ਥਨ ਜਾਇ ਗਹੀ ਹੈ ॥

ਜਿਸ ਨੇ ਅਘ ਦੈਂਤ ਅਤੇ ਬਲਵਾਨ ਬਕ ਨੂੰ ਮਾਰ ਦਿੱਤਾ ਹੈ ਅਤੇ (ਜਿਸ ਨੇ) ਪੂਤਨਾ ਨੂੰ ਥਣਾਂ ਤੋਂ ਪਕੜ ਕੇ ਕਾਬੂ ਕਰ ਲਿਆ ਹੈ।

ਤਾ ਮਰੀਐ ਛਲ ਕੈ ਕਿਧੌ ਸੰਗਿ ਕਿ ਕੈ ਬਲ ਕੈ ਇਹ ਬਾਤ ਸਹੀ ਹੈ ॥੭੭੨॥

ਉਸ ਨੂੰ ਛਲ ਨਾਲ, ਜਾਂ ਸੰਗ ਕਰ ਕੇ ਜਾਂ ਬਲ ਨਾਲ ਮਾਰ ਦੇਣਾ ਚਾਹੀਦਾ ਹੈ, ਇਹ ਗੱਲ ਸਹੀ ਹੈ ॥੭੭੨॥


Flag Counter