ਸ਼੍ਰੀ ਦਸਮ ਗ੍ਰੰਥ

ਅੰਗ - 364


ਹਰਿ ਪਾਇਨ ਪੈ ਇਹ ਭਾਤਿ ਕਹਿਯੋ ਹਰਿ ਜੂ ਉਹ ਕੇ ਢਿਗ ਹਉ ਚਲਿ ਜੈਹੋ ॥

ਕ੍ਰਿਸ਼ਨ ਦੇ ਪੈਰੀਂ ਪੈ ਕੇ (ਉਸ ਨੇ) ਇਸ ਤਰ੍ਹਾਂ ਕਿਹਾ, ਹੇ ਸ੍ਰੀ ਕ੍ਰਿਸ਼ਨ! ਮੈਂ ਹੁਣੇ ਹੀ ਉਸ ਕੋਲ ਚਲੀ ਜਾਂਦੀ ਹਾਂ।

ਜਾ ਹੀ ਉਪਾਵ ਤੇ ਆਇ ਹੈ ਸੁੰਦਰਿ ਤਾਹੀ ਉਪਾਇ ਮਨਾਇ ਲਿਯੈ ਹੋ ॥

ਜਿਸ ਉਪਾ ਨਾਲ ਉਹ ਸੁੰਦਰੀ (ਰਾਧਾ) ਆਵੇਗੀ, ਉਸੇ ਉਪਾ ਨਾਲ ਉਸ ਨੂੰ ਮੰਨਾ ਲਿਆਵਾਂਗੀ।

ਪਾਇਨ ਪੈ ਬਿਨਤੀਅਨ ਕੈ ਰਿਝਵਾਇ ਕੈ ਸੁੰਦਰਿ ਗ੍ਵਾਰਿ ਮਨੈਹੋ ॥

ਪੈਰੀਂ ਪੈ ਕੇ, ਬੇਨਤੀਆਂ ਕਰ ਕੇ, ਰਿਝਾ ਕੇ (ਉਸ) ਸੁੰਦਰ ਗੋਪੀ (ਰਾਧਾ) ਨੂੰ ਮਨਾ ਲਵਾਂਗੀ।

ਆਜ ਹੀ ਤੋ ਢਿਗ ਆਨਿ ਮਿਲੈਹੋ ਜੂ ਲ੍ਯਾਏ ਬਿਨਾ ਤੁਮਰੀ ਨ ਕਹੈ ਹੋ ॥੬੯੫॥

(ਮੈਂ) ਅਜ ਹੀ ਤੁਹਾਡੇ ਕੋਲ ਲਿਆ ਕੇ ਮਿਲਾ ਦੇਵਾਂਗੀ ਅਤੇ ਤੁਹਾਡੇ ਕੋਲ ਲਿਆਏ ਬਿਨਾ ਤੁਹਾਡੀ ਨਹੀਂ ਅਖਵਾਵਾਂਗੀ ॥੬੯੫॥

ਹਰਿ ਪਾਇਨ ਪੈ ਤਿਹ ਠਉਰ ਚਲੀ ਕਬਿ ਸ੍ਯਾਮ ਕਹੈ ਫੁਨਿ ਮੈਨਪ੍ਰਭਾ ॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ, ਫਿਰ ਮੈਨ ਪ੍ਰਭਾ ਉਸ ਸਥਾਨ ਵਲ ਚਲ ਪਈ।

ਜਿਹ ਕੇ ਨਹੀ ਤੁਲਿ ਮੰਦੋਦਰਿ ਹੈ ਜਿਹ ਤੁਲ ਤ੍ਰੀਯਾ ਨਹੀ ਇੰਦ੍ਰ ਸਭਾ ॥

ਜਿਸ ਦੇ ਸਮਾਨ ਸੋਹਣੀ ਮੰਦੋਦਰੀ ਨਹੀਂ ਹੈ ਅਤੇ ਜਿਸ ਵਰਗੀ ਇਸਤਰੀ ਇੰਦਰ ਦੀ ਸਭਾ ਵਿਚ ਵੀ ਨਹੀਂ ਹੈ।

ਜਿਹ ਕੋ ਮੁਖ ਸੁੰਦਰ ਰਾਜਤ ਹੈ ਇਹ ਭਾਤਿ ਲਸੈ ਤ੍ਰੀਯਾ ਵਾ ਕੀ ਅਭਾ ॥

ਜਿਸ ਦੇ ਮੁਖ ਉਤੇ ਸੁੰਦਰਤਾ ਸੁਸ਼ੋਭਿਤ ਹੈ ਅਤੇ ਉਸ ਇਸਤਰੀ ਦੀ ਸੁੰਦਰਤਾ ਇਸ ਤਰ੍ਹਾਂ ਚਮਕ ਰਹੀ ਹੈ,

ਮਨੋ ਚੰਦ ਕੁਰੰਗਨ ਕੇਹਰ ਕੀਰ ਪ੍ਰਭਾ ਕੋ ਸਭੋ ਧਨ ਯਾਹਿ ਲਭਾ ॥੬੯੬॥

ਮਾਨੋ ਚੰਦ੍ਰਮਾ, ਹਿਰਨਾਂ, ਸ਼ੇਰਾਂ ਅਤੇ ਤੋਤਿਆਂ (ਆਦਿਕਾਂ) ਨੇ ਸੁੰਦਰਤਾ ਦਾ ਸਾਰਾ ਧਨ ਇਸ ਕੋਲੋਂ ਹੀ ਲਭਿਆ ਹੈ ॥੬੯੬॥

ਪ੍ਰਤਿਉਤਰ ਬਾਚ ॥

ਪ੍ਰਤਿ-ਉੱਤਰ ਵਿਚ ਕਿਹਾ:

ਸਵੈਯਾ ॥

ਸਵੈਯਾ:

ਚਲਿ ਚੰਦਮੁਖੀ ਹਰਿ ਕੇ ਢਿਗ ਤੇ ਬ੍ਰਿਖਭਾਨ ਸੁਤਾ ਪਹਿ ਪੈ ਚਲਿ ਆਈ ॥

(ਉਹ) ਚੰਦ੍ਰਮਾ ਵਰਗੇ ਮੁਖ ਵਾਲੀ (ਮੈਨ ਪ੍ਰਭਾ) ਕ੍ਰਿਸ਼ਨ ਪਾਸੋਂ ਚਲ ਕੇ ਰਾਧਾ ਕੋਲ ਆਈ।

ਆਇ ਕੈ ਐਸੇ ਕਹਿਯੋ ਤਿਹ ਸੋ ਬਲ ਬੇਗ ਚਲੋ ਨੰਦ ਲਾਲ ਬੁਲਾਈ ॥

ਆ ਕੇ (ਉਸ ਨੇ) ਇਸ ਤਰ੍ਹਾਂ ਕਿਹਾ, ਬਲਿਹਾਰੀ ਜਾਵਾਂ, ਜਲਦੀ ਚਲ, ਕ੍ਰਿਸ਼ਨ ਨੇ ਬੁਲਾਇਆ ਹੈ।

ਮੈ ਨ ਚਲੋ ਹਰਿ ਪਾਸ ਹਹਾ ਚਲੁ ਐਸੇ ਕਹਿਯੋ ਨ ਕਰੋ ਦੁਚਿਤਾਈ ॥

(ਰਾਧਾ ਨੇ ਉੱਤਰ ਦਿੱਤਾ) ਮੈਂ ਕ੍ਰਿਸ਼ਨ ਕੋਲ ਨਹੀਂ ਜਾਵਾਂਗੀ। (ਫਿਰ ਮੈਨ ਪ੍ਰਭਾ ਕਹਿਣ ਲਗੀ) ਹਾਇ ਨੀ! ਇੰਜ ਨਾ ਕਹਿ,

ਕਾਹੇ ਕੋ ਬੈਠ ਰਹੀ ਇਹ ਠਉਰ ਮੈ ਮੋਹਨ ਕੋ ਮਨੋ ਚਿਤੁ ਚੁਰਾਈ ॥੬੯੭॥

ਚਲ ਅਤੇ ਮਨ ਵਿਚ ਦੁਬਿਧਾ ਨਾ ਕਰ। (ਤੂੰ) ਮੋਹਨ ਦੇ ਚਿਤ ਨੂੰ ਚੁਰਾ ਕੇ ਇਸ ਥਾਂ ਤੇ ਕਿਸ ਲਈ ਬੈਠ ਰਹੀ ਹੈਂ ॥੬੯੭॥

ਜਾਹਿ ਘੋਰ ਘਟਾ ਘਟ ਆਏ ਘਨੇ ਚਹੂੰ ਓਰਨ ਮੈ ਜਹ ਮੋਰ ਪੁਕਾਰੈ ॥

ਜਿਥੇ ਬਹੁਤ ਘਨ-ਘੋਰ ਘਟਾਵਾਂ ਆ ਕੇ ਛਾ ਜਾਂਦੀਆਂ ਹਨ ਅਤੇ ਜਿਥੇ ਚੌਹਾਂ ਪਾਸੇ ਮੋਰ ਪੁਕਾਰਦੇ ਹਨ।

ਨਾਚਤ ਹੈ ਜਹ ਗ੍ਵਾਰਨੀਯਾ ਤਿਹ ਪੇਖਿ ਘਨੇ ਬਿਰਹੀ ਤਨ ਵਾਰੈ ॥

ਜਿਥੇ ਗੋਪੀਆਂ ਨਚਦੀਆਂ ਹਨ, ਉਨ੍ਹਾਂ ਨੂੰ ਵੇਖ ਕੇ ਬਥੇਰੇ ਵਿਯੋਗੀ ਆਪਣਾ ਤਨ ਕੁਰਬਾਨ ਕਰ ਦਿੰਦੇ ਹਨ।

ਤਉਨ ਸਮੈ ਜਦੁਰਾਇ ਸੁਨੋ ਮੁਰਲੀ ਕੇ ਬਜਾਇ ਕੈ ਤੋਹਿ ਚਿਤਾਰੈ ॥

(ਹੇ ਸਖੀ!) ਸੁਣ ਉਸ ਵੇਲੇ ਕ੍ਰਿਸ਼ਨ ਬੰਸਰੀ ਨੂੰ ਵਜਾ ਕੇ ਤੈਨੂੰ ਯਾਦ ਕਰਦਾ ਹੈ।

ਤਾਹੀ ਤੇ ਬੇਗ ਚਲੋ ਸਜਨੀ ਤਿਹ ਕਉਤਕ ਕੋ ਹਮ ਜਾਇ ਨਿਹਾਰੈ ॥੬੯੮॥

ਇਸ ਲਈ, ਹੇ ਸਜਨੀ! ਜਲਦੀ ਚਲ (ਤਾਂ ਜੁ) ਅਸੀਂ ਜਾ ਕੇ ਉਸ ਦੇ ਕੌਤਕ ਨੂੰ ਵੇਖੀਏ ॥੬੯੮॥

ਤਾ ਤੇ ਨ ਮਾਨ ਕਰੋ ਸਜਨੀ ਹਰਿ ਪਾਸ ਚਲੋ ਨਾਹਿ ਸੰਕ ਬਿਚਾਰੋ ॥

ਇਸ ਵਾਸਤੇ, ਹੇ ਸਜਨੀ! ਰੋਸਾ ਨਾ ਕਰ, ਸ੍ਰੀ ਕ੍ਰਿਸ਼ਨ ਪਾਸ ਚਲ (ਅਤੇ ਕਿਸੇ ਕਿਸਮ ਦਾ) ਸੰਗ ਨਾ ਕਰ।

ਬਾਤ ਧਰੋ ਰਸ ਹੂੰ ਕੀ ਮਨੈ ਅਪਨੈ ਮਨ ਮੈ ਨ ਕਛੂ ਹਠ ਧਾਰੋ ॥

ਮਨ ਵਿਚ (ਪ੍ਰੇਮ) ਰਸ ਦੀ ਗੱਲ ਨੂੰ ਧਾਰਨ ਕਰ ਅਤੇ ਮਨ ਵਿਚ ਹਠ ਨੂੰ ਨਾ ਧਾਰਨ ਕਰ।

ਕਉਤਕ ਕਾਨ੍ਰਹ੍ਰਹ ਕੋ ਦੇਖਨ ਕੋ ਤਿਹ ਕੋ ਜਸ ਪੈ ਕਬਿ ਸ੍ਯਾਮ ਉਚਾਰੋ ॥

ਕਵੀ ਸ਼ਿਆਮ (ਕਹਿੰਦੇ ਹਨ) ਕ੍ਰਿਸ਼ਨ ਦਾ ਕੌਤਕ ਵੇਖਣ ਲਈ ਉਸ ਦੇ ਯਸ਼ ਦਾ ਉੱਚਾਰਨ ਕਰ।

ਕਾਹੇ ਕਉ ਬੈਠ ਰਹੀ ਹਠ ਕੈ ਕਹਿਯੋ ਦੇਖਨ ਕਉ ਉਮਗਿਯੋ ਮਨ ਸਾਰੋ ॥੬੯੯॥

(ਫਿਰ) ਕਿਹਾ, (ਕ੍ਰਿਸ਼ਨ ਦੇ ਕੌਤਕ ਨੂੰ ਵੇਖਣ ਲਈ) ਜਦ ਸਾਰਿਆਂ ਦਾ ਮਨ ਉਮਗਿਆ ਹੈ (ਤਾਂ ਤੂੰ) ਕਿਸ ਵਾਸਤੇ ਹਠ ਧਾਰ ਕੇ ਬੈਠ ਗਈ ਹੈਂ ॥੬੯੯॥

ਹਰਿ ਪਾਸ ਨ ਮੈ ਚਲਹੋ ਸਜਨੀ ਪਿਖਬੇ ਕਹੁ ਕਉਤੁਕ ਜੀਯ ਨ ਮੇਰੋ ॥

(ਰਾਧਾ ਨੇ ਉੱਤਰ ਦਿੱਤਾ) ਹੇ ਸਜਨੀ! ਮੈਂ ਕ੍ਰਿਸ਼ਨ ਕੋਲ ਚਲ ਕੇ ਨਹੀਂ ਜਾਵਾਂਗੀ ਅਤੇ ਕੌਤਕ ਵੇਖਣ ਲਈ ਮੇਰਾ ਜੀ ਨਹੀਂ ਕਰਦਾ।

ਸ੍ਯਾਮ ਰਚੇ ਸੰਗ ਅਉਰ ਤ੍ਰੀਯਾ ਤਜ ਕੈ ਹਮ ਸੋ ਫੁਨਿ ਨੇਹ ਘਨੇਰੋ ॥

ਕ੍ਰਿਸ਼ਨ ਨੇ ਹੋਰਾਂ ਇਸਤਰੀਆਂ ਨਾਲ ਪ੍ਰੇਮ ਪਾ ਲਿਆ ਹੈ ਅਤੇ ਮੇਰੇ ਨਾਲ ਨਿਘਾ ਪ੍ਰੇਮ ਉਸ ਨੇ ਤਿਆਗ ਦਿੱਤਾ ਹੈ।

ਚੰਦ੍ਰਭਗਾ ਹੂੰ ਕੇ ਸੰਗਿ ਕਹਿਯੋ ਨਹਿ ਨਾਰੀ ਕਹਾ ਮੁਹਿ ਨੈਨਨ ਹੇਰੋ ॥

(ਉਸ ਇਸਤਰੀ ਬਾਰੇ ਪੁੱਛਣ ਤੇ ਰਾਧਾ ਨੇ ਜਵਾਬ ਦਿੱਤਾ) ਚੰਦ੍ਰਪ੍ਰਭਾ ਨਾਲ। (ਮੈਨ ਪ੍ਰਭਾ ਨੇ ਉਲਟਾ ਕੇ) ਕਿਹਾ, ਨਹੀਂ (ਕੋਈ) ਨਾਰੀ (ਨਹੀਂ ਹੈ)। (ਰਾਧਾ ਨੇ) ਕਿਹਾ ਕਿ ਮੈਂ (ਆਪਣੀਆਂ) ਅੱਖਾਂ ਨਾਲ ਵੇਖਿਆ ਹੈ।

ਤਾ ਤੇ ਨ ਪਾਸ ਚਲੋ ਹਰਿ ਹਉ ਉਠਿ ਜਾਹਿ ਜੋਊ ਉਮਗਿਯੋ ਮਨ ਤੇਰੋ ॥੭੦੦॥

ਇਸ ਲਈ ਮੈਂ ਕ੍ਰਿਸ਼ਨ ਕੋਲ ਨਹੀਂ ਜਾਵਾਂਗੀ। ਹਾਂ, ਜੇ ਤੇਰਾ ਮਨ ਕੌਤਕ ਵੇਖਣ ਲਈ ਉਮਗਿਆ ਹੈ, (ਤਾਂ) ਉਠ ਕੇ ਚਲੀ ਜਾ ॥੭੦੦॥

ਦੂਤੀ ਬਾਚ ॥

ਦੂਤੀ ਨੇ ਕਿਹਾ:

ਸਵੈਯਾ ॥

ਸਵੈਯਾ:

ਮੈ ਕਹਾ ਦੇਖਨ ਜਾਉ ਤ੍ਰੀਯਾ ਤੁਹਿ ਲ੍ਯਾਵਨ ਕੋ ਜਦੁਰਾਇ ਪਠਾਈ ॥

ਹੇ ਸਖੀ ('ਤ੍ਰੀਯਾ'!) ਮੈਂ ਕੀ ਵੇਖਣ ਜਾਵਾਂ। ਤੈਨੂੰ ਲਿਆਉਣ ਲਈ ਤਾਂ ਕ੍ਰਿਸ਼ਨ ਨੇ (ਮੈਨੂੰ) ਭੇਜਿਆ ਹੈ।

ਤਾਹੀ ਤੇ ਹਉ ਸਭ ਗ੍ਵਾਰਨਿ ਤੇ ਉਠ ਕੈ ਤਬ ਹੀ ਤੁਮਰੇ ਪਹਿ ਆਈ ॥

ਉਸੇ ਲਈ ਮੈਂ ਸਾਰੀਆਂ ਗੋਪੀਆਂ ਨੂੰ ਛਡ ਕੇ ਉਸੇ ਵੇਲੇ ਉਠ ਕੇ ਤੇਰੇ ਕੋਲ ਆਈ ਹਾਂ।

ਤੂ ਅਭਿਮਾਨ ਕੈ ਬੈਠ ਰਹੀ ਨਹੀ ਮਾਨਤ ਹੈ ਕਛੂ ਸੀਖ ਪਰਾਈ ॥

ਤੂੰ ਅਭਿਮਾਨ ਕਰ ਕੇ ਬੈਠ ਰਹੀ ਹੈਂ ਅਤੇ ਕਿਸੇ ਹੋਰ ਦੀ ਸਿਖਿਆ ਨਹੀਂ ਮੰਨਦੀ ਹੈਂ।

ਬੇਗ ਚਲੋ ਤੁਹਿ ਸੰਗ ਕਹੋ ਤੁਮਰੇ ਮਗੁ ਹੇਰਤ ਠਾਢਿ ਕਨ੍ਰਹਾਈ ॥੭੦੧॥

(ਇਸ ਲਈ) ਮੈਂ ਤੈਨੂੰ ਕਹਿੰਦੀ ਹਾਂ, ਜਲਦੀ ਚਲ, (ਕਿਉਂਕਿ) ਕ੍ਰਿਸ਼ਨ ਖੜੋਤਾ ਹੋਇਆ ਤੇਰਾ ਰਾਹ ਤਕ ਰਿਹਾ ਹੈ ॥੭੦੧॥

ਰਾਧੇ ਬਾਚ ॥

ਰਾਧਾ ਨੇ ਕਿਹਾ:

ਸਵੈਯਾ ॥

ਸਵੈਯਾ:

ਹਰਿ ਪਾਸ ਨ ਮੈ ਚਲਹੋ ਰੀ ਸਖੀ ਤੁ ਕਹਾ ਭਯੋ ਜੁ ਤੁਹਿ ਬਾਤ ਬਨਾਈ ॥

ਹੇ ਸਖੀ! ਮੈਂ ਕ੍ਰਿਸ਼ਨ ਪਾਸ ਨਹੀਂ ਜਾਵਾਂਗੀ। ਕੀ ਹੋਇਆ ਜੋ ਤੂੰ ਇਹ ਗੱਲ ਬਣਾਈ ਹੈ।

ਸ੍ਯਾਮ ਨ ਮੋਰੇ ਤੂ ਪਾਸ ਪਠੀ ਇਹ ਬਾਤਨ ਤੇ ਕਪਟੀ ਲਖਿ ਪਾਈ ॥

ਸ੍ਰੀ ਕ੍ਰਿਸ਼ਨ ਨੇ ਤੈਨੂੰ ਮੇਰੇ ਕੋਲ ਨਹੀਂ ਭੇਜਿਆ ਹੈ; ਇਨ੍ਹਾਂ ਗੱਲਾਂ ਤੋਂ ਤੂੰ ਕਪਟੀ ਮਾਲੂਮ ਹੁੰਦੀ ਹੈ।

ਭੀ ਕਪਟੀ ਤੁ ਕਹਾ ਭਯੋ ਗ੍ਵਾਰਨਿ ਤੂ ਨ ਲਖੈ ਕਛੁ ਪੀਰ ਪਰਾਈ ॥

(ਦੂਤੀ ਨੇ ਉੱਤਰ ਦਿੱਤਾ, ਜੇ ਮੈਂ) ਕਪਟੀ ਹੋ ਗਈ, ਤਾਂ ਕੀ ਹੋਇਆ, (ਪਰ) ਹੇ ਗੋਪੀ (ਰਾਧਾ!) ਤੂੰ ਪਰਾਈ ਪੀੜ ਨੂੰ ਬਿਲਕੁਲ ਨਹੀਂ ਜਾਣਦੀ।

ਯੌ ਕਹਿ ਕੈ ਸਿਰ ਨ੍ਯਾਇ ਰਹੀ ਕਹਿ ਐਸੋ ਨ ਮਾਨ ਪਿਖਿਯੋ ਕਹੂੰ ਮਾਈ ॥੭੦੨॥

ਇਸ ਤਰ੍ਹਾਂ ਕਹਿ ਕੇ ਸਿਰ ਨਿਵਾ ਕੇ (ਖੜੋ) ਗਈ ਅਤੇ ਕਹਿਣ ਲਗੀ ਕਿ ਅਜਿਹਾ ਰੋਸਾ ਕਿਸੇ ਇਸਤਰੀ ਵਿਚ ਨਹੀਂ ਵੇਖਿਆ ॥੭੦੨॥

ਦੂਤੀ ਬਾਚ ॥

ਦੂਤੀ ਨੇ ਕਿਹਾ:

ਸਵੈਯਾ ॥

ਸਵੈਯਾ:

ਫਿਰਿ ਐਸੇ ਕਹਿਯੋ ਚਲੀਯੇ ਰੀ ਹਹਾ ਬਲ ਮੈ ਹਰਿ ਕੇ ਪਹਿ ਯੋ ਕਹਿ ਆਈ ॥

ਫਿਰ ਇਸ ਤਰ੍ਹਾਂ (ਮੈਨ ਪ੍ਰਭਾ ਨੇ) ਕਿਹਾ, ਹਾਇ ਨੀ! ਬਲਿਹਾਰ ਜਾਵਾਂ, ਚਲ ਚਲੀਏ। ਮੈਂ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਆਈ ਹਾਂ।

ਹੋਹੁ ਨ ਆਤੁਰ ਸ੍ਰੀ ਬ੍ਰਿਜਨਾਥ ਹਉ ਲ੍ਯਾਵਤ ਹੋ ਉਹਿ ਜਾਇ ਮਨਾਈ ॥

ਹੇ ਕ੍ਰਿਸ਼ਨ! ਤੁਸੀਂ ਆਤੁਰ ਨਾ ਹੋਵੇ, ਮੈਂ ਜਾ ਕੇ ਉਸ ਨੂੰ ਮਨਾ ਕੇ ਲਿਆਉਂਦੀ ਹਾਂ।

ਇਤ ਤੂ ਕਰਿ ਮਾਨ ਰਹੀ ਸਜਨੀ ਹਰਿ ਪੈ ਤੁ ਚਲੋ ਤਜਿ ਕੈ ਦੁਚਿਤਾਈ ॥

ਹੇ ਸਜਨੀ! ਇਥੇ ਤੂੰ ਰੋਸਾ ਕਰ ਕੇ (ਬੈਠੀ) ਹੈਂ; ਦੁਬਿਧਾ ਨੂੰ ਛਡ ਕੇ ਤੂੰ ਸ੍ਰੀ ਕ੍ਰਿਸ਼ਨ ਕੋਲ ਚਲ।

ਤੋ ਬਿਨੁ ਮੋ ਪੈ ਨ ਜਾਤ ਗਯੋ ਕਹਿਯੋ ਜਾਨਤ ਹੈ ਕਛੁ ਬਾਤ ਪਰਾਈ ॥੭੦੩॥

ਤੇਰੇ ਬਿਨਾ ਮੇਰੇ ਕੋਲੋਂ ਜਾਇਆ ਨਹੀਂ ਜਾਂਦਾ (ਅਤੇ ਉਸ ਨੇ ਹੋਰ) ਕਿਹਾ, (ਤੂੰ) ਕਿਸੇ ਦੀ ਕੀਤੀ ਗੱਲ ਨੂੰ ਗੌਲਦੀ ਨਹੀਂ ॥੭੦੩॥

ਰਾਧੇ ਬਾਚ ॥

ਰਾਧਾ ਨੇ ਕਿਹਾ:

ਸਵੈਯਾ ॥

ਸਵੈਯਾ:

ਉਠ ਆਈ ਹੁਤੀ ਤੁ ਕਹਾ ਭਯੋ ਗ੍ਵਾਰਨਿ ਆਈ ਨ ਪੂਛਿ ਕਹਿਯੋ ਕਛੁ ਸੋਰੀ ॥

ਹੇ ਗੋਪੀ! (ਜੇ ਮੈਂ) ਉਠ ਕੇ ਘਰ ਆ ਗਈ ਹਾਂ ਤਾਂ ਕੀ ਹੋਇਆ; (ਮੈਂ) ਪੁਛ ਕੇ ਨਹੀਂ ਆਈ। (ਮੈਨੂੰ ਪੁਛ ਕੇ ਆਉਣ ਲਈ) ਨਜੂਮੀਏ ਨੇ ਕਿਹਾ ਸੀ? (ਚਲੀ) ਜਾ

ਜਾਹਿ ਕਹਿਯੋ ਫਿਰਿ ਕੈ ਹਰਿ ਪੈ ਇਹ ਤੇ ਕਛੁ ਲਾਜ ਨ ਲਾਗਤ ਤੋਰੀ ॥

ਅਤੇ ਪਰਤ ਕੇ ਕ੍ਰਿਸ਼ਨ ਨੂੰ ਕਹੀਂ ਕਿ ਇਸ ਤਰ੍ਹਾਂ ਕਰਨ ਤੇ ਤੈਨੂੰ ਕੁਝ ਲਜ ਨਹੀਂ ਲਗਦੀ।