ਸ਼੍ਰੀ ਦਸਮ ਗ੍ਰੰਥ

ਅੰਗ - 54


ਮਹਾ ਪਾਪ ਨਾਸੰ ॥

(ਉਸ ਦੇ) ਮਹਾ ਪਾਪ ਨਸ਼ਟ ਹੋ ਗਏ।

ਰਿਖੰ ਭੇਸ ਕੀਯੰ ॥

(ਉਸ ਨੇ) ਰਿਸ਼ੀ-ਭੇਸ ਧਾਰਨ ਕਰ ਲਿਆ

ਤਿਸੈ ਰਾਜ ਦੀਯੰ ॥੫॥

ਅਤੇ ਉਨ੍ਹਾਂ (ਕੁਸ਼-ਬੰਸੀਆਂ) ਨੂੰ ਰਾਜ ਦੇ ਦਿੱਤਾ ॥੫॥

ਰਹੇ ਹੋਰਿ ਲੋਗੰ ॥

(ਰਾਜੇ ਨੂੰ ਬਨ ਜਾਣੋ) ਲੋਕੀਂ ਹੋੜਦੇ ਰਹੇ

ਤਜੇ ਸਰਬ ਸੋਗੰ ॥

(ਪਰ ਉਸ ਨੇ) ਸਾਰੇ ਸੋਗ (ਤਨਾਉ) ਛਡ ਦਿੱਤੇ।

ਧਨੰ ਧਾਮ ਤਿਆਗੇ ॥

ਧਨ-ਦੌਲਤ ਅਤੇ ਘਰ-ਬਾਰ ਤਿਆਗ ਦਿੱਤੇ

ਪ੍ਰਭੰ ਪ੍ਰੇਮ ਪਾਗੇ ॥੬॥

ਅਤੇ ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ॥੬॥

ਅੜਿਲ ॥

ਅੜਿਲ:

ਬੇਦੀ ਭਯੋ ਪ੍ਰਸੰਨ ਰਾਜ ਕਹ ਪਾਇ ਕੈ ॥

ਬੇਦੀ (ਕੁਸ਼-ਬੰਸੀ) ਰਾਜ ਨੂੰ ਪ੍ਰਾਪਤ ਕਰ ਕੇ ਪ੍ਰਸੰਨ ਹੋ ਗਏ

ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ॥

ਅਤੇ ਦਿਲੋਂ ਖੁਸ਼ ਹੋ ਕੇ ਵਰਦਾਨ ਦੇਣ ਲਗੇ

ਜਬ ਨਾਨਕ ਕਲ ਮੈ ਹਮ ਆਨਿ ਕਹਾਇ ਹੈ ॥

ਕਿ ਜਦੋਂ ਅਸੀਂ ਕਲਿਯੁਗ ਵਿਚ 'ਨਾਨਕ' ਅਖਵਾਵਾਂਗੇ

ਹੋ ਜਗਤ ਪੂਜ ਕਰਿ ਤੋਹਿ ਪਰਮ ਪਦੁ ਪਾਇ ਹੈ ॥੭॥

ਤਾਂ ਤੁਹਾਨੂੰ ਜਗਤ ਦਾ ਪੂਜਣ ਯੋਗ ਬਣਾ ਕੇ ਪਰਮ-ਪਦ ਪ੍ਰਾਪਤ ਕਰਾਂਗੇ ॥੭॥

ਦੋਹਰਾ ॥

ਦੋਹਰਾ:

ਲਵੀ ਰਾਜ ਦੇ ਬਨਿ ਗਯੇ ਬੇਦੀਅਨ ਕੀਨੋ ਰਾਜ ॥

ਲਵ-ਬੰਸੀ ਰਾਜ ਦੇ ਕੇ ਬਨ ਨੂੰ ਚਲ ਗਏ ਅਤੇ ਬੇਦੀਆਂ (ਕੁਸ਼-ਬੰਸੀਆਂ) ਨੇ ਰਾਜ ਕੀਤਾ।

ਭਾਤਿ ਭਾਤਿ ਤਨਿ ਭੋਗੀਯੰ ਭੂਅ ਕਾ ਸਕਲ ਸਮਾਜ ॥੮॥

ਉਨ੍ਹਾਂ ਨੇ ਵਖ ਵਖ ਢੰਗਾਂ ਨਾਲ ਭੂਮੀ ਦੇ ਸਾਰੇ ਸੁਖਾਂ ਨੂੰ ਭੋਗਿਆ ॥੮॥

ਚੌਪਈ ॥

ਚੌਪਈ:

ਤ੍ਰਿਤੀਯ ਬੇਦ ਸੁਨਬੇ ਤੁਮ ਕੀਆ ॥

(ਹੇ ਰਾਜਨ!) ਤੂੰ ਤਿੰਨਾਂ ਵੇਦਾਂ ਨੂੰ (ਧਿਆਨ ਨਾਲ) ਸੁਣਿਆ

ਚਤੁਰ ਬੇਦ ਸੁਨਿ ਭੂਅ ਕੋ ਦੀਆ ॥

ਅਤੇ ਚੌਥਾ ਵੇਦ ਸੁਣ ਕੇ ਧਰਤੀ ਦਾ ਦਾਨ ਕਰ ਦਿੱਤਾ।

ਤੀਨ ਜਨਮ ਹਮਹੂੰ ਜਬ ਧਰਿ ਹੈ ॥

ਅਸੀਂ ਜਦੋਂ ਤਿੰਨ ਜਨਮ ਧਾਰਨ ਕਰ ਲਵਾਂਗੇ,

ਚੌਥੇ ਜਨਮ ਗੁਰੂ ਤੁਹਿ ਕਰਿ ਹੈ ॥੯॥

ਤਾਂ ਚੌਥੇ ਜਨਮ ਵਿਚ ਤੈਨੂੰ ਗੁਰੂ ਧਾਰਨ ਕਰਾਂਗੇ ॥੯॥

ਉਤ ਰਾਜਾ ਕਾਨਨਹਿ ਸਿਧਾਯੋ ॥

ਉਧਰ (ਸੋਢੀ) ਰਾਜਾ ਬਨ ਨੂੰ ਚਲਾ ਗਿਆ,

ਇਤ ਇਨ ਰਾਜ ਕਰਤ ਸੁਖ ਪਾਯੋ ॥

ਇਧਰ ਇਨ੍ਹਾਂ (ਬੇਦੀਆਂ) ਨੇ ਰਾਜ ਕਰਦਿਆਂ ਸੁਖ ਨੂੰ ਪ੍ਰਾਪਤ ਕੀਤਾ।

ਕਹਾ ਲਗੇ ਕਰਿ ਕਥਾ ਸੁਨਾਊ ॥

ਕਿਥੋਂ ਤਕ ਇਹ ਕਥਾ ਨੂੰ ਸੁਣਾਵਾਂ

ਗ੍ਰੰਥ ਬਢਨ ਤੇ ਅਧਿਕ ਡਰਾਊ ॥੧੦॥

(ਕਿਉਂਕਿ) ਗ੍ਰੰਥ ਦੇ ਵਡੇ ਹੋ ਜਾਣ ਦਾ ਬਹੁਤ ਡਰ ਲਗਦਾ ਹੈ ॥੧੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੪॥੧੯੯॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਬੇਦ ਪਾਠ ਭੇਟ ਰਾਜ' ਚੌਥਾ ਅਧਿਆਇ ਸਮਾਪਤ ਹੁੰਦਾ ਹੈ ਸਭ ਸ਼ੁਭ ਹੈ ॥੪॥੧੯੯॥

ਨਰਾਜ ਛੰਦ ॥

ਨਰਾਜ ਛੰਦ:

ਬਹੁਰਿ ਬਿਖਾਧ ਬਾਧਿਯੰ ॥

ਫਿਰ (ਬੇਦੀਆਂ ਵਿਚ) ਝਗੜਾ ਵਧ ਗਿਆ,

ਕਿਨੀ ਨ ਤਾਹਿ ਸਾਧਿਯੰ ॥

ਉਸ ਨੂੰ ਕੋਈ ਵੀ ਠੀਕ ਨਾ ਕਰ ਸਕਿਆ।

ਕਰੰਮ ਕਾਲ ਯੋ ਭਈ ॥

ਕਾਲ-ਚੱਕਰ ਇੰਜ ਚਲਿਆ

ਸੁ ਭੂਮਿ ਬੰਸ ਤੇ ਗਈ ॥੧॥

ਕਿ ਉਹ ਭੂਮੀ (ਬੇਦੀ) ਬੰਸ ਤੋਂ ਖੁਸ ਗਈ ॥੧॥

ਦੋਹਰਾ ॥

ਦੋਹਰਾ:

ਬਿਪ੍ਰ ਕਰਤ ਭਏ ਸੂਦ੍ਰ ਬ੍ਰਿਤਿ ਛਤ੍ਰੀ ਬੈਸਨ ਕਰਮ ॥

ਬ੍ਰਾਹਮਣ ਸੂਦਰਾਂ ਦੇ ਕਰਮ ਕਰਨ ਲਗ ਗਏ ਅਤੇ ਛਤ੍ਰੀਆਂ ਨੇ ਵੈਸ਼ਾਂ ਦਾ ਕਰਮ ਅਪਣਾ ਲਿਆ।

ਬੈਸ ਕਰਤ ਭਏ ਛਤ੍ਰਿ ਬ੍ਰਿਤਿ ਸੂਦ੍ਰ ਸੁ ਦਿਜ ਕੋ ਧਰਮ ॥੨॥

ਵੈਸ਼ ਛਤ੍ਰੀਆਂ ਦਾ ਕਰਮ ਕਰਨ ਲਗ ਪਏ ਅਤੇ ਸ਼ੂਦਰਾਂ ਨੇ ਬ੍ਰਾਹਮਣਾਂ ਦਾ ਧਰਮ ਅਪਣਾ ਲਿਆ ॥੨॥

ਚੌਪਈ ॥

ਚੌਪਈ:

ਬੀਸ ਗਾਵ ਤਿਨ ਕੇ ਰਹਿ ਗਏ ॥

(ਕਰਮ ਭ੍ਰਸ਼ਟ ਹੋਣ ਕਾਰਨ) ਉਨ੍ਹਾਂ ਕੋਲ (ਕੇਵਲ) ਵੀਹ ਪਿੰਡ ਰਹਿ ਗਏ,

ਜਿਨ ਮੋ ਕਰਤ ਕ੍ਰਿਸਾਨੀ ਭਏ ॥

ਜਿਨ੍ਹਾਂ ਵਿਚ (ਉਨ੍ਹਾਂ ਨੇ) ਕ੍ਰਿਸਾਨੀ ਦਾ ਕੰਮ ਸ਼ੁਰੂ ਕਰ ਦਿੱਤਾ।

ਬਹੁਤ ਕਾਲ ਇਹ ਭਾਤਿ ਬਿਤਾਯੋ ॥

ਇਸ ਤਰ੍ਹਾਂ ਬਹੁਤ ਸਾਰਾ ਸਮਾਂ ਬੀਤਣ ਉਪਰੰਤ

ਜਨਮ ਸਮੈ ਨਾਨਕ ਕੋ ਆਯੋ ॥੩॥

(ਗੁਰੂ) ਨਾਨਕ ਦੇ ਜਨਮ ਦਾ ਵਕਤ ਆ ਗਿਆ ॥੩॥

ਦੋਹਰਾ ॥

ਦੋਹਰਾ:

ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ ॥

ਉਨ੍ਹਾਂ ਬੇਦੀਆਂ ਦੀ ਕੁਲ ਵਿਚ (ਗੁਰੂ) ਨਾਨਕ ਰਾਇ ਪ੍ਰਗਟ ਹੋਏ,

ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥

ਜਿਨ੍ਹਾਂ ਨੇ ਸਾਰਿਆਂ ਸਿੱਖਾਂ ਨੂੰ ਸੁਖ ਦਿੱਤਾ ਅਤੇ ਜਿਥੇ ਕਿਥੇ (ਭੀੜ ਬਣੀ ਤਾਂ) ਸਹਾਇਤਾ ਕੀਤੀ ॥੪॥

ਚੌਪਈ ॥

ਚੌਪਈ:

ਤਿਨ ਇਹ ਕਲ ਮੋ ਧਰਮ ਚਲਾਯੋ ॥

ਉਨ੍ਹਾਂ (ਗੁਰੂ ਨਾਨਕ ਦੇਵ) ਨੇ ਕਲਿਯੁਗ ਵਿਚ ਧਰਮ ਚੱਕਰ ਚਲਾਇਆ

ਸਭ ਸਾਧਨ ਕੋ ਰਾਹੁ ਬਤਾਯੋ ॥

ਅਤੇ ਸਾਰੇ ਸਾਧੂ ਸੁਭਾ ਵਾਲਿਆਂ ਨੂੰ ਸਹੀ ਮਾਰਗ ਦਸਿਆ।

ਜੋ ਤਾ ਕੇ ਮਾਰਗ ਮਹਿ ਆਏ ॥

ਜੋ (ਲੋਕ) ਉਨ੍ਹਾਂ ਦੇ ਦਸੇ ਧਰਮ ਮਾਰਗ ਵਿਚ ਆ ਗਏ,

ਤੇ ਕਬਹੂੰ ਨਹਿ ਪਾਪ ਸੰਤਾਏ ॥੫॥

ਉਨ੍ਹਾਂ ਨੂੰ (ਫਿਰ) ਪਾਪ ਨੇ ਕਦੇ ਪਰੇਸ਼ਾਨ ਨਹੀਂ ਕੀਤਾ ॥੫॥

ਜੇ ਜੇ ਪੰਥ ਤਵਨ ਕੇ ਪਰੇ ॥

ਜੋ ਜੋ (ਲੋਕ) ਉਨ੍ਹਾਂ ਦੇ ਦਸੇ ਧਰਮ ਮਾਰਗ ਉਤੇ ਪੈ ਗਏ

ਪਾਪ ਤਾਪ ਤਿਨ ਕੇ ਪ੍ਰਭ ਹਰੇ ॥

ਤਾਂ ਉਨ੍ਹਾਂ ਦੇ ਪਾਪਾਂ ਅਤੇ ਦੋਖਾਂ ਨੂੰ ਪਰਮਾਤਮਾ ਨੇ ਹਰ ਲਿਆ।


Flag Counter