ਸ਼੍ਰੀ ਦਸਮ ਗ੍ਰੰਥ

ਅੰਗ - 662


ਉਰਗੀ ਗੰਧ੍ਰਬੀ ਜਛਾਨੀ ॥

ਸਰਪ-ਸ਼ਕਤੀ, ਗੰਧਰਬ-ਸ਼ਕਤੀ, ਯਕਸ਼-ਸ਼ਕਤੀ,

ਲੰਕੇਸੀ ਭੇਸੀ ਇੰਦ੍ਰਾਣੀ ॥੩੩੩॥

ਮੰਦੋਦਰੀ ('ਲੰਕੇਸੀ') ਅਤੇ ਸਚੀ ਵਰਗੇ ਸਰੂਪ ਵਾਲੀ ਹੈ ॥੩੩੩॥

ਦ੍ਰਿਗ ਬਾਨੰ ਤਾਨੰ ਮਦਮਤੀ ॥

(ਉਸ) ਮਦ-ਮਾਤੀ ਦੀਆਂ ਅੱਖਾਂ ਤੀਰਾਂ ਵਾਂਗ ਖਿਚੀਆਂ ਹੋਈਆਂ ਹਨ।

ਜੁਬਨ ਜਗਮਗਣੀ ਸੁਭਵੰਤੀ ॥

ਜਗਮਗਾਉਂਦੇ ਜੋਬਨ ਵਾਲੀ ਹੈ, ਸ਼ੋਭਾਵੰਤੀ ਹੈ,

ਉਰਿ ਧਾਰੰ ਹਾਰੰ ਬਨਿ ਮਾਲੰ ॥

ਗਲੇ ਵਿਚ ਬਨ-ਮਾਲਾ ਪਾਈ ਹੋਈ ਹੈ।

ਮੁਖਿ ਸੋਭਾ ਸਿਖਿਰੰ ਜਨ ਜ੍ਵਾਲੰ ॥੩੩੪॥

ਮੁਖ ਦੀ ਸ਼ੋਭਾ ਮਾਨੋ ਅਗਨੀ ਦੀ ਲਾਟ ਹੋਵੇ ॥੩੩੪॥

ਛਤਪਤ੍ਰੀ ਛਤ੍ਰੀ ਛਤ੍ਰਾਲੀ ॥

ਰਾਜ ਸਿੰਘਾਸਨ ਵਾਲੀ ('ਛਤ੍ਰਪਤੀ') ਛਤ੍ਰਾਣੀ, ਛਤ੍ਰ ਵਾਲੀ ਹੈ।

ਬਿਧੁ ਬੈਣੀ ਨੈਣੀ ਨ੍ਰਿਮਾਲੀ ॥

ਕੋਇਲ ('ਬਿਧੁ') ਵਰਗੇ ਬੋਲਾਂ ਵਾਲੀ ਅਤੇ ਨਿਰਮਲ ਨੈਣਾਂ ਵਾਲੀ ਹੈ।

ਅਸਿ ਉਪਾਸੀ ਦਾਸੀ ਨਿਰਲੇਪੰ ॥

ਤਲਵਾਰ (ਅਥਵਾ ਅਜਿਹੀ) ਉਪਾਸਨਾ ਕਰਨ ਵਾਲੀ ਨਿਰਲੇਪ ਦਾਸੀ ਹੈ।

ਬੁਧਿ ਖਾਨੰ ਮਾਨੰ ਸੰਛੇਪੰ ॥੩੩੫॥

ਬੁੱਧੀ ਦੀ ਖਾਣ ਅਤੇ ਮਾਣ ਨੂੰ ਸਮੇਟਣ ਵਾਲੀ ਹੈ ॥੩੩੫॥

ਸੁਭ ਸੀਲੰ ਡੀਲੰ ਸੁਖ ਥਾਨੰ ॥

ਸ਼ੁਭ ਸੁਭਾ ਅਤੇ ਡੀਲ ਡੌਲ ਵਾਲੀ ਹੈ, ਸੁਖ ਦਾ ਸਥਾਨ ਹੈ।

ਮੁਖ ਹਾਸੰ ਰਾਸੰ ਨਿਰਬਾਨੰ ॥

ਮੁਖ ਪ੍ਰਸੰਨਤਾ ਦੀ ਰਾਸ ਵਾਂਗ ਅਤੇ ਨਿਰਬਾਨ ਸਰੂਪ ਵਾਲੀ ਹੈ।

ਪ੍ਰਿਯਾ ਭਕਤਾ ਬਕਤਾ ਹਰਿ ਨਾਮੰ ॥

ਪਿਆਰੀ ਭਗਤਨੀ ਅਤੇ ਹਰਿ ਨਾਮ ਨੂੰ ਉਚਾਰਨ ਵਾਲੀ।

ਚਿਤ ਲੈਣੀ ਦੈਣੀ ਆਰਾਮੰ ॥੩੩੬॥

ਚਿਤ (ਦੀ ਚਿੰਤਾ) ਨੂੰ ਹਰਨ ਵਾਲੀ ਅਤੇ ਆਰਾਮ ਦੇਣ ਵਾਲੀ ਹੈ ॥੩੩੬॥

ਪ੍ਰਿਯ ਭਕਤਾ ਠਾਢੀ ਏਕੰਗੀ ॥

ਕੇਵਲ ਇਕ ਪਤੀ ('ਪ੍ਰਿਯ') ਦੀ ਭਗਤੀ ਕਰਨ ਲਈ ਸਥਿਤ ਹੈ।

ਰੰਗ ਏਕੈ ਰੰਗੈ ਸੋ ਰੰਗੀ ॥

ਇਕੋ ਹੀ ਰੰਗ ਵਿਚ ਰੰਗੀ ਹੋਈ ਹੈ।

ਨਿਰ ਬਾਸਾ ਆਸਾ ਏਕਾਤੰ ॥

ਆਸ ਤੋਂ ਮੁਕਤ ਇਕਾਂਤ ਰਹਿਣ ਵਾਲੀ ਹੈ।

ਪਤਿ ਦਾਸੀ ਭਾਸੀ ਪਰਭਾਤੰ ॥੩੩੭॥

ਪਤੀ ਦੀ ਦਾਸੀ ਅਤੇ ਪ੍ਰਭਾਤ ਵਰਗੀ ਭਾਸਦੀ ਹੈ ॥੩੩੭॥

ਅਨਿ ਨਿੰਦ੍ਰ ਅਨਿੰਦਾ ਨਿਰਹਾਰੀ ॥

ਨਿੰਦਰਾ ਤੋਂ ਰਹਿਤ, ਨਿੰਦਿਆ ਤੋਂ ਰਹਿਤ ਅਤੇ ਆਹਾਰ ਤੋਂ ਰਹਿਤ ਹੈ।

ਪ੍ਰਿਯ ਭਕਤਾ ਬਕਤਾ ਬ੍ਰਤਚਾਰੀ ॥

ਪਤੀ ਦੀ ਭਗਤੀ ਕਰਨ ਵਾਲੀ ਅਤੇ ਬ੍ਰਤ-ਆਚਾਰ ਦਾ ਕਥਨ ਕਰਨ ਵਾਲੀ ਹੈ।

ਬਾਸੰਤੀ ਟੋਡੀ ਗਉਡੀ ਹੈ ॥

ਬਸੰਤ, ਟੋਡੀ, ਗੌੜੀ,

ਭੁਪਾਲੀ ਸਾਰੰਗ ਗਉਰੀ ਛੈ ॥੩੩੮॥

ਭੂਪਾਲੀ, ਸਾਰੰਗੀ, ਗੌਰੀ (ਆਦਿ) ਹੈ ॥੩੩੮॥

ਹਿੰਡੋਲੀ ਮੇਘ ਮਲਾਰੀ ਹੈ ॥

ਹਿੰਡੋਲੀ, ਮੇਘ-ਮਲ੍ਹਾਰੀ,

ਜੈਜਾਵੰਤੀ ਗੌਡ ਮਲਾਰੀ ਛੈ ॥

ਜੈਜਾਵੰਤੀ, ਗੌਡ-ਮਲ੍ਹਾਰੀ (ਰਾਗਨੀ) ਹੈ।

ਬੰਗਲੀਆ ਰਾਗੁ ਬਸੰਤੀ ਛੈ ॥

ਬੰਗਲੀਆ ਜਾਂ ਬਸੰਤ ਰਾਗਨੀ ਹੈ,

ਬੈਰਾਰੀ ਸੋਭਾਵੰਤੀ ਹੈ ॥੩੩੯॥

(ਜਾਂ) ਸ਼ੋਭਾਵਾਨ ਬੈਰਾੜੀ ਹੈ ॥੩੩੯॥

ਸੋਰਠਿ ਸਾਰੰਗ ਬੈਰਾਰੀ ਛੈ ॥

ਸੋਰਠ ਜਾਂ ਸਾਰੰਗ (ਰਾਗਨੀ) ਜਾਂ ਬੈਰਾੜੀ ਹੈ।

ਪਰਜ ਕਿ ਸੁਧ ਮਲਾਰੀ ਛੈ ॥

ਜਾਂ ਪਰਜ ਅਥਵਾ ਸ਼ੁੱਧ ਮਲ੍ਹਾਰੀ ਹੈ।

ਹਿੰਡੋਲੀ ਕਾਫੀ ਤੈਲੰਗੀ ॥

ਹਿੰਡੋਲੀ, ਕਾਫੀ ਜਾਂ ਤੈਲੰਗੀ ਹੈ।

ਭੈਰਵੀ ਦੀਪਕੀ ਸੁਭੰਗੀ ॥੩੪੦॥

ਭੈਰਵੀ, ਦੀਪਕੀ ਜਾਂ ਸ਼ੁਭ ਅੰਗਾਂ ਵਾਲੀ ਹੈ ॥੩੪੦॥

ਸਰਬੇਵੰ ਰਾਗੰ ਨਿਰਬਾਣੀ ॥

ਸਾਰੇ ਰਾਗਾਂ ਦੇ ਰੂਪ ਵਾਲੀ, ਅਤੇ ਬੰਧਨਾਂ ਤੋਂ ਰਹਿਤ ਹੈ।

ਲਖਿ ਲੋਭੀ ਆਭਾ ਗਰਬਾਣੀ ॥

ਹੰਕਾਰੀ ਸੁੰਦਰਤਾ ਵੀ (ਉਸ ਨੂੰ) ਵੇਖ ਕੇ ਲੋਭਾਇਮਾਨ ਹੋ ਰਹੀ ਹੈ।

ਜਉ ਕਥਉ ਸੋਭਾ ਸਰਬਾਣੰ ॥

(ਜੇ) ਉਸ ਦੀ ਸਾਰੀ ਸ਼ੋਭਾ ਦਾ ਵਰਣਨ ਕਰਾਂ,

ਤਉ ਬਾਢੇ ਏਕੰ ਗ੍ਰੰਥਾਣੰ ॥੩੪੧॥

ਤਾਂ ਇਕ ਗ੍ਰੰਥ ਵਧ ਜਾਂਦਾ ਹੈ ॥੩੪੧॥

ਲਖਿ ਤਾਮ ਦਤੰ ਬ੍ਰਤਚਾਰੀ ॥

ਉਸ ਦੇ ਬ੍ਰਤ ਅਤੇ ਆਚਾਰ ਨੂੰ ਵੇਖ ਕੇ ਦੱਤ

ਸਬ ਲਗੇ ਪਾਨੰ ਜਟਧਾਰੀ ॥

ਅਤੇ ਹੋਰ ਸਾਰੇ ਜਟਾ-ਧਾਰੀ (ਉਸ ਦੇ) ਚਰਨੀਂ ਲਗ ਗਏ ਹਨ।

ਤਨ ਮਨ ਭਰਤਾ ਕਰ ਰਸ ਭੀਨਾ ॥

(ਕਿਉਂਕਿ) ਉਸ ਦਾ ਤਨ ਮਨ ਪਤੀ ਦੇ (ਪ੍ਰੇਮ) ਰਸ ਵਿਚ ਭਿਜਿਆ ਹੋਇਆ ਹੈ।

ਚਵ ਦਸਵੋ ਤਾ ਕੌ ਗੁਰੁ ਕੀਨਾ ॥੩੪੨॥

ਉਸ ਨੂੰ (ਦੱਤ ਨੇ) ਚੌਦਵਾਂ ਗੁਰੂ ਕੀਤਾ ॥੩੪੨॥

ਇਤਿ ਪ੍ਰਿਯ ਭਗਤ ਇਸਤ੍ਰੀ ਚਤੁਰਦਸਵਾ ਗੁਰੂ ਸਮਾਪਤੰ ॥੧੪॥

ਇਥੇ 'ਪਤੀ ਦੀ ਭਗਤ' ਇਸਤਰੀ ਚੌਦਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੧੪॥

ਅਥ ਬਾਨਗਰ ਪੰਧਰਵੋ ਗੁਰੂ ਕਥਨੰ ॥

ਹੁਣ ਬਾਨ-ਗਰ ਪੰਦ੍ਰਹਵੇਂ ਗੁਰੂ ਦੇ ਪ੍ਰਸੰਗ ਦਾ ਕਥਨ

ਤੋਟਕ ਛੰਦ ॥

ਤੋਟਕ ਛੰਦ:

ਕਰਿ ਚਉਦਸਵੋਂ ਗੁਰੁ ਦਤ ਮੁਨੰ ॥

ਚੌਦਵਾਂ ਗੁਰੂ ਕਰ ਕੇ ਮੁਨੀ ਦੱਤ,

ਮਗ ਲਗੀਆ ਪੂਰਤ ਨਾਦ ਧੁਨੰ ॥

(ਸੰਖ) ਨਾਦ ਕਰਦਾ ਹੋਇਆ ਰਾਹੇ ਪੈ ਗਿਆ ਹੈ।

ਭ੍ਰਮ ਪੂਰਬ ਪਛਮ ਉਤ੍ਰ ਦਿਸੰ ॥

ਪੂਰਬ, ਪੱਛਮ ਅਤੇ ਉੱਤਰ ਦਿਸ਼ਾਵਾਂ ਨੂੰ ਘੁੰਮ ਫਿਰ ਕੇ

ਤਕਿ ਚਲੀਆ ਦਛਨ ਮੋਨ ਇਸੰ ॥੩੪੩॥

ਮਹਾ ਮੁਨੀ ਦੱਖਣ ਦਿਸ਼ਾ ਨੂੰ ਵੇਖਣ ਲਈ ਚਲ ਪਿਆ ਹੈ ॥੩੪੩॥

ਅਵਿਲੋਕਿ ਤਹਾ ਇਕ ਚਿਤ੍ਰ ਪੁਰੰ ॥

ਉਥੇ (ਉਸ ਨੇ) ਚਿਤ੍ਰ ਨਾਂ ਦਾ ਇਕ ਨਗਰ ਵੇਖਿਆ,

ਜਨੁ ਕ੍ਰਾਤਿ ਦਿਵਾਲਯ ਸਰਬ ਹਰੰ ॥

ਮਾਨੋ ਉਹ ਸਵਰਗ ('ਦਿਵਾਲਯ') ਦੀ ਚਮਕ ਦਮਕ ਨੂੰ ਹਰ ਰਿਹਾ ਹੋਵੇ।

ਨਗਰੇਸ ਤਹਾ ਬਹੁ ਮਾਰਿ ਮ੍ਰਿਗੰ ॥

(ਉਸ) ਨਗਰ ਦੇ ਸੁਆਮੀ ਨੇ ਬਹੁਤ ਸਾਰੇ ਹਿਰਨ,


Flag Counter