ਸ਼੍ਰੀ ਦਸਮ ਗ੍ਰੰਥ

ਅੰਗ - 106


ਰੂਆਲ ਛੰਦ ॥

ਰੂਆਲ ਛੰਦ:

ਸਾਜਿ ਸਾਜਿ ਚਲੇ ਤਹਾ ਰਣਿ ਰਾਛਸੇਾਂਦ੍ਰ ਅਨੇਕ ॥

ਅਨੇਕ ਰਾਖਸ਼ ਸੈਨਾਪਤੀ ਸਜ-ਧਜ ਕੇ ਯੁੱਧ-ਭੂਮੀ ਲਈ ਚਲ ਪਏ।

ਅਰਧ ਮੁੰਡਿਤ ਮੁੰਡਿਤੇਕ ਜਟਾ ਧਰੇ ਸੁ ਅਰੇਕ ॥

(ਕਈਆਂ ਦੇ) ਪੂਰੇ ਅਤੇ (ਕਈਆਂ ਦੇ) ਅੱਧੇ ਸਿਰ ਮੁੰਨੇ ਹੋਏ ਸਨ ਅਤੇ ਕਈਆਂ ਨੇ ਜੱਟਾਂ ਧਾਰਨ ਕੀਤੀਆਂ ਹੋਈਆਂ ਸਨ।

ਕੋਪਿ ਓਪੰ ਦੈ ਸਬੈ ਕਰਿ ਸਸਤ੍ਰ ਅਸਤ੍ਰ ਨਚਾਇ ॥

ਉਹ ਸਾਰੇ ਕ੍ਰੋਧਵਾਨ ਹੋ ਕੇ ਅਸਤ੍ਰ-ਸ਼ਸਤ੍ਰ ਹੱਥਾਂ ਵਿਚ ਨਚਾ ਰਹੇ ਸਨ

ਧਾਇ ਧਾਇ ਕਰੈ ਪ੍ਰਹਾਰਨ ਤਿਛ ਤੇਗ ਕੰਪਾਇ ॥੪॥੬੮॥

ਅਤੇ ਦੌੜ ਦੌੜ ਕੇ ਤਿਖੀਆਂ ਤਲਵਾਰਾਂ ਨੂੰ ਕੰਬਾ ਕੰਬਾ ਕੇ ਵਾਰ ਕਰ ਰਹੇ ਸਨ ॥੪॥੬੮॥

ਸਸਤ੍ਰ ਅਸਤ੍ਰ ਲਗੇ ਜਿਤੇ ਸਬ ਫੂਲ ਮਾਲ ਹੁਐ ਗਏ ॥

ਜਿਤਨੇ ਵੀ ਅਸਤ੍ਰ-ਸ਼ਸਤ੍ਰ (ਦੇਵੀ ਨੂੰ) ਲਗੇ, ਉਹ ਸਭ ਫੁੱਲਾਂ ਦੀ ਮਾਲਾ ਬਣ ਗਏ।

ਕੋਪ ਓਪ ਬਿਲੋਕਿ ਅਤਿਭੁਤ ਦਾਨਵੰ ਬਿਸਮੈ ਭਏ ॥

ਕ੍ਰੋਧਵਾਨ ਹੋਏ ਦਾਨਵ (ਇਸ) ਅਜੀਬ (ਕੌਤਕ) ਨੂੰ ਵੇਖ ਕੇ ਹੈਰਾਨ ਹੋ ਗਏ।

ਦਉਰ ਦਉਰ ਅਨੇਕ ਆਯੁਧ ਫੇਰਿ ਫੇਰਿ ਪ੍ਰਹਾਰਹੀ ॥

(ਉਹ) ਦੌੜ ਦੌੜ ਕੇ ਅਨੇਕ ਸ਼ਸਤ੍ਰਾਂ ਨਾਲ ਬਾਰ ਬਾਰ ਪ੍ਰਹਾਰ ਕਰ ਰਹੇ ਸਨ।

ਜੂਝਿ ਜੂਝਿ ਗਿਰੈ ਅਰੇਕ ਸੁ ਮਾਰ ਮਾਰ ਪੁਕਾਰਹੀ ॥੫॥੬੯॥

(ਉਨ੍ਹਾਂ ਵਿਚੋਂ ਕੋਈ) ਲੜ ਲੜ ਕੇ ਡਿਗਦੇ ਹੋਏ ਮਾਰੋ-ਮਾਰੋ ਪੁਕਾਰ ਰਹੇ ਸਨ ॥੫॥੬੯॥

ਰੇਲਿ ਰੇਲਿ ਚਲੇ ਹਏਾਂਦ੍ਰਨ ਪੇਲਿ ਪੇਲਿ ਗਜੇਾਂਦ੍ਰ ॥

ਘੋੜ-ਚੜ੍ਹੇ ਸੈਨਾ-ਨਾਇਕ (ਘੋੜਿਆਂ ਨੂੰ) ਅਗੇ ਵਧਾ-ਵਧਾ ਕੇ ਚਲ ਰਹੇ ਸਨ ਅਤੇ ਹਾਥੀ-ਚੜ੍ਹੇ ਸੈਨਾਪਤੀ (ਹਾਥੀਆਂ ਨੂੰ) ਅਗੇ ਨੂੰ ਠੇਲ੍ਹ ਰਹੇ ਸਨ।

ਝੇਲਿ ਝੇਲਿ ਅਨੰਤ ਆਯੁਧ ਹੇਲਿ ਹੇਲਿ ਰਿਪੇਾਂਦ੍ਰ ॥

ਅਨੰਤ ਸ਼ਸਤ੍ਰਾਂ (ਦੀ ਮਾਰ ਨੂੰ) ਝਲਦੇ ਹੋਏ ਵੈਰੀਆਂ ਦੇ ਸੈਨਾਪਤੀ ਹੱਲੇ ਤੇ ਹੱਲਾ ਬੋਲਦੇ ਸਨ।

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਖਤੰਗ ॥

(ਉਹ ਹਾਥੀ ਅਤੇ ਘੋੜ-ਚੜ੍ਹੇ) ਫ਼ੌਜਾਂ ਨੂੰ ਗਾਹ ਗਾਹ ਕੇ ਹੱਥਾ ਨਾਲ ਤੀਰ ਚਲਾਉਂਦੇ ਸਨ।

ਅੰਗ ਭੰਗ ਗਿਰੇ ਕਹੂੰ ਰਣਿ ਰੰਗ ਸੂਰ ਉਤੰਗ ॥੬॥੭੦॥

ਕਈ ਸ੍ਰੇਸ਼ਠ ਸੂਰਮੇ ਅੰਗ ਕਟਵਾ ਕੇ ਰਣ-ਭੂਮੀ ਵਿਚ ਡਿਗੇ ਪਏ ਸਨ ॥੬॥੭੦॥

ਝਾਰਿ ਝਾਰਿ ਫਿਰੇ ਸਰੋਤਮ ਡਾਰਿ ਝਾਰਿ ਕ੍ਰਿਪਾਨ ॥

ਉਤਮ ਕਿਸਮ ਦੇ ਤੀਰਾਂ ਨਾਲ (ਵੈਰੀ ਸੈਨਿਕਾਂ ਨੂੰ) ਝਾੜਦੇ ਫਿਰਦੇ ਸਨ, ਕਿਤੇ ਕ੍ਰਿਪਾਨਾਂ ਨਾਲ (ਇਕ ਦੂਜੇ ਨੂੰ) ਝਾੜ ਕੇ ਸੁਟ ਰਹੇ ਸਨ।

ਸੈਲ ਸੇ ਰਣਿ ਪੁੰਜ ਕੁੰਜਰ ਸੂਰ ਸੀਸ ਬਖਾਨ ॥

(ਰਣ-ਭੂਮੀ ਦੇ ਦ੍ਰਿਸ਼ ਦਾ ਰੂਪਕ ਦੁਆਰਾ ਵਰਣਨ ਕਰਦਿਆਂ ਕਵੀ ਲਿਖਦਾ ਹੈ ਕਿ) ਰਣ ਵਿਚ ਹਾਥੀਆਂ ਦਾ ਝੁੰਡ ਪਰਬਤ ਹਨ ਅਤੇ ਸੂਰਮਿਆਂ ਦੇ ਸਿਰ ਪੱਥਰ ਹਨ।

ਬਕ੍ਰ ਨਕ੍ਰ ਭੁਜਾ ਸੁ ਸੋਭਿਤ ਚਕ੍ਰ ਸੇ ਰਥ ਚਕ੍ਰ ॥

ਵਿੰਗੀਆਂ ਬਾਂਹਵਾਂ ਮਗਰਮੱਛ ਹਨ ਅਤੇ ਰੱਥਾਂ ਦੇ ਗੋਲਾਕਾਰ ਪਹੀਏ ਕਛੂਏ ਸੋਭ ਰਹੇ ਹਨ।

ਕੇਸ ਪਾਸਿ ਸਿਬਾਲ ਸੋਹਤ ਅਸਥ ਚੂਰ ਸਰਕ੍ਰ ॥੭॥੭੧॥

ਕੇਸ ਅਤੇ ਫੰਧੇ ਕਾਈ ਜਿਹੇ ਦਿਖ ਰਹੇ ਹਨ। ਹੱਡੀਆਂ ਦਾ ਚੂਰਾ ਹੀ ਰੇਤ ਹੈ ॥੭॥੭੧॥

ਸਜਿ ਸਜਿ ਚਲੇ ਹਥਿਆਰਨ ਗਜਿ ਗਜਿ ਗਜੇਾਂਦ੍ਰ ॥

ਹਾਥੀਆਂ ਉਤੇ ਸਵਾਰ ਸੈਨਾਪਤੀ ਹਥਿਆਰਾਂ ਨੂੰ ਸਜਾ ਸਜਾ ਕੇ ਗਜ ਵਜ ਕੇ ਚਲ ਰਹੇ ਹਨ।

ਬਜਿ ਬਜਿ ਸਬਜ ਬਾਜਨ ਭਜਿ ਭਜਿ ਹਏਾਂਦ੍ਰ ॥

ਵਾਜਿਆਂ ਨੂੰ ਵਜਾਉਂਦੇ ਹੋਏ, ਘੋੜ-ਚੜ੍ਹੇ ਸੈਨਾਪਤੀ ਘੋੜਿਆਂ ਨੂੰ ਭਜਾਈ ਜਾ ਰਹੇ ਹਨ।

ਮਾਰ ਮਾਰ ਪੁਕਾਰ ਕੈ ਹਥੀਆਰ ਹਾਥਿ ਸੰਭਾਰ ॥

ਹੱਥਾਂ ਵਿਚ ਹਥਿਆਰ ਸੰਭਾਲ ਕੇ ਅਤੇ 'ਮਾਰੋ ਮਾਰੋ' ਪੁਕਾਰਦੇ ਹੋਏ

ਧਾਇ ਧਾਇ ਪਰੇ ਨਿਸਾਚ ਬਾਇ ਸੰਖ ਅਪਾਰ ॥੮॥੭੨॥

ਰਾਖਸ਼ ਸੰਖ ਵਜਾਉਂਦੇ ਹੋਏ ਭਜ ਭਜ ਕੇ ਪ੍ਰਹਾਰ ਕਰਦੇ ਹਨ ॥੮॥੭੨॥

ਸੰਖ ਗੋਯਮੰ ਗਜੀਯੰ ਅਰੁ ਸਜੀਯੰ ਰਿਪੁਰਾਜ ॥

ਸੰਖ ਅਤੇ ਰਣ-ਸਿੰਘੇ ('ਗੋਯਮੰ') ਗਰਜ ਰਹੇ ਹਨ ਤੇ ਵੈਰੀਆਂ ਦੇ ਰਾਜੇ ਸਜ ਰਹੇ ਹਨ।

ਭਾਜਿ ਭਾਜਿ ਚਲੇ ਕਿਤੇ ਤਜਿ ਲਾਜ ਬੀਰ ਨਿਲਾਜ ॥

ਕਿਤਨੇ ਵੀਰ-ਯੋਧਾ ਲਾਜ ਛਡ ਕੇ ਨਿਰਲੱਜ ਹੋਏ ਭਜੇ ਫਿਰਦੇ ਹਨ।

ਭੀਮ ਭੇਰੀ ਭੁੰਕੀਅੰ ਅਰੁ ਧੁੰਕੀਅੰ ਸੁ ਨਿਸਾਣ ॥

ਵੱਡੀਆਂ ਭੇਰੀਆਂ ਵਜ ਰਹੀਆਂ ਹਨ ਅਤੇ ਧੌਂਸੇ ਧੁੱਕ ਧੁੱਕ ਕਰ ਰਹੇ ਹਨ।

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਗਦਾਣ ॥੯॥੭੩॥

(ਵੀਰ ਸੈਨਿਕ) ਫ਼ੌਜਾਂ ਨੂੰ ਗਾਹਉਂਦੇ ਫਿਰਦੇ ਹਨ ਅਤੇ (ਆਪਣੀਆਂ) ਗਦਾਵਾਂ ਨੂੰ ਚਲਾਉਂਦੇ ਫਿਰਦੇ ਹਨ ॥੯॥੭੩॥

ਬੀਰ ਕੰਗਨੇ ਬੰਧਹੀ ਅਰੁ ਅਛਰੈ ਸਿਰ ਤੇਲੁ ॥

ਵੀਰ ਯੋਧੇ (ਯੁੱਧ ਕਰਨ ਲਈ) ਗਾਨੇ ਬੰਨ੍ਹਦੇ ਹਨ ਅਤੇ ਅਪੱਛਰਾਵਾਂ (ਉਨ੍ਹਾਂ ਦੇ) ਸਿਰ ਵਿਚ ਤੇਲ ਝਸਦੀਆਂ ਹਨ।

ਬੀਰ ਬੀਨਿ ਬਰੇ ਬਰੰਗਨ ਡਾਰਿ ਡਾਰਿ ਫੁਲੇਲ ॥

ਹੂਰਾਂ-ਪਰੀਆਂ ਉਨ੍ਹਾਂ ਦੇ ਸਿਰਾਂ ਵਿਚ ਫੁਲੇਲ ਪਾ ਪਾ ਕੇ ਉਨ੍ਹਾਂ ਨੂੰ ਚੁਣ ਚੁਣ ਕੇ ਵਰਦੀਆਂ ਹਨ।

ਘਾਲਿ ਘਾਲਿ ਬਿਵਾਨ ਲੇਗੀ ਫੇਰਿ ਫੇਰਿ ਸੁ ਬੀਰ ॥

(ਉਨ੍ਹਾਂ ਨੂੰ) ਵਿਮਾਨਾਂ ਵਿਚ ਬਿਠਾ ਕੇ (ਸੁਅਰਗ ਨੂੰ) ਲੈ ਜਾ ਰਹੀਆਂ ਹਨ

ਕੂਦਿ ਕੂਦਿ ਪਰੇ ਤਹਾ ਤੇ ਝਾਗਿ ਝਾਗਿ ਸੁ ਤੀਰ ॥੧੦॥੭੪॥

ਅਤੇ ਉਹ ਵੀਰ-ਯੋਧੇ ਵਿਮਾਨਾਂ ਵਿਚੋਂ ਬਾਰ ਬਾਰ ਕੁਦ ਕੁਦ ਕੇ ਪੈਂਦੇ ਹਨ ਅਤੇ ਤੀਰਾਂ ਨੂੰ ਝਾਗ ਝਾਗ (ਕੇ ਅਗੇ ਵਧਦੇ ਹਨ) ॥੧੦॥੭੪॥

ਹਾਕਿ ਹਾਕਿ ਲਰੇ ਤਹਾ ਰਣਿ ਰੀਝਿ ਰੀਝਿ ਭਟੇਾਂਦ੍ਰ ॥

ਵੀਰ-ਯੋਧੇ ਲਲਕਾਰ ਕੇ ਉਥੇ ਯੁੱਧ ਵਿਚ ਰੀਝ ਰੀਝ ਕੇ ਲੜਦੇ ਹਨ

ਜੀਤਿ ਜੀਤਿ ਲਯੋ ਜਿਨੈ ਕਈ ਬਾਰ ਇੰਦ੍ਰ ਉਪੇਾਂਦ੍ਰ ॥

ਜਿਨ੍ਹਾਂ ਨੇ ਕਈ ਵਾਰ ਇੰਦਰ ਅਤੇ ਉਪੇਂਦਰ ਨੂੰ ਜਿਤ ਲਿਆ ਹੈ

ਕਾਟਿ ਕਾਟਿ ਦਏ ਕਪਾਲੀ ਬਾਟਿ ਬਾਟਿ ਦਿਸਾਨ ॥

(ਅਤੇ ਆਪਣੇ ਸਿਰ) ਕਟ ਕਟ ਦੇ ਕਪਾਲੀ (ਸ਼ਿਵ) ਨੂੰ ਭੇਟ ਕੀਤੇ ਹਨ (ਅਤੇ ਉਸ ਨੇ ਅਗੋਂ) ਦਸਾਂ ਦਿਸ਼ਾਵਾਂ ਵਿਚ ਵੰਡ ਦਿੱਤੇ ਹਨ।

ਡਾਟਿ ਡਾਟਿ ਕਰਿ ਦਲੰ ਸੁਰ ਪਗੁ ਪਬ ਪਿਸਾਨ ॥੧੧॥੭੫॥

(ਇਨ੍ਹਾਂ ਦੈਂਤ ਸੂਰਮਿਆਂ ਨੇ) ਦੇਵਤਿਆਂ ਦੇ ਦਲਾਂ ਨੂੰ ਡਾਂਟ ਡਾਂਟ ਕੇ ਪੈਰਾਂ ਨਾਲ ਪਰਬਤ ਵਾਂਗ ਪੀਸ ਦਿੱਤਾ ਹੈ ॥੧੧॥੭੫॥

ਧਾਇ ਧਾਇ ਸੰਘਾਰੀਅੰ ਰਿਪੁ ਰਾਜ ਬਾਜ ਅਨੰਤ ॥

ਵੈਰੀ ਭਜ ਭਜ ਕੇ ਵੈਰੀ ਰਾਜੇ ਦੇ ਅਨੇਕਾਂ ਘੋੜਿਆਂ ਨੂੰ ਸੰਘਾਰ ਰਹੇ ਹਨ।

ਸ੍ਰੋਣ ਕੀ ਸਰਤਾ ਉਠੀ ਰਣ ਮਧਿ ਰੂਪ ਦੁਰੰਤ ॥

ਰਣਭੂਮੀ ਵਿਚ ਬਹੁਤ ਭਿਆਨਕ ਰੂਪ ਵਾਲੀ ਲਹੂ ਦੀ ਨਦੀ ਚਲ ਪਈ ਹੈ

ਬਾਣ ਅਉਰ ਕਮਾਣ ਸੈਹਥੀ ਸੂਲ ਤਿਛੁ ਕੁਠਾਰ ॥

(ਜਿਸ ਵਿਚ) ਬਾਣ, ਕਮਾਨ, ਸੈਹੱਥੀ, ਤ੍ਰਿਸ਼ੂਲ ਅਤੇ ਤਿਖੇ ਕੁਹਾੜੇ (ਰੁੜ੍ਹੇ ਜਾ ਰਹੇ ਹਨ)।

ਚੰਡ ਮੁੰਡ ਹਣੇ ਦੋਊ ਕਰਿ ਕੋਪ ਕਾਲਿ ਕ੍ਰਵਾਰ ॥੧੨॥੭੬॥

ਕਾਲੀ ਨੇ ਕ੍ਰੋਧਵਾਨ ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਦੈਂਤਾਂ ਨੂੰ ਮਾਰ ਦਿੱਤਾ ਹੈ ॥੧੨॥੭੬॥

ਦੋਹਰਾ ॥

ਦੋਹਰਾ:

ਚੰਡ ਮੁੰਡ ਮਾਰੇ ਦੋਊ ਕਾਲੀ ਕੋਪਿ ਕ੍ਰਵਾਰਿ ॥

ਕਾਲੀ ਨੇ ਕ੍ਰੋਧਿਤ ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਨੂੰ ਮਾਰ ਦਿੱਤਾ।

ਅਉਰ ਜਿਤੀ ਸੈਨਾ ਹੁਤੀ ਛਿਨ ਮੋ ਦਈ ਸੰਘਾਰ ॥੧੩॥੭੭॥

ਹੋਰ ਜਿੰਨੀ ਵੀ (ਦੈਂਤ) ਸੈਨਾ ਸੀ, (ਉਸ ਨੂੰ) ਛਿਣ ਭਰ ਵਿਚ ਮਾਰ ਮੁਕਾਇਆ ॥੧੩॥੭੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡ ਮੁੰਡ ਬਧਹ ਤ੍ਰਿਤਯੋ ਧਿਆਇ ਸੰਪੂਰਨਮ ਸਤੁ ਸੁਭਮ ਸਤ ॥੩॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਵਿਚ 'ਚੰਡ-ਮੁੰਡ ਬਧ' ਨਾਂ ਦੇ ਤੀਜੇ ਅਧਿਆਇ ਦੀ ਸ਼ੁਭ ਸਮਾਪਤੀ ॥੩॥

ਅਥ ਰਕਤ ਬੀਰਜ ਜੁਧ ਕਥਨੰ ॥

ਹੁਣ ਰਕਤ-ਬੀਜ ਦੇ ਯੁੱਧ ਦਾ ਕਥਨ

ਸੋਰਠਾ ॥

ਸੋਰਠਾ:

ਸੁਨੀ ਭੂਪ ਇਮ ਗਾਥ ਚੰਡ ਮੁੰਡ ਕਾਲੀ ਹਨੇ ॥

ਜਦ ਦੈਂਤ-ਰਾਜ ਨੇ ਇਹ ਗੱਲ ਸੁਣੀ ਕਿ ਕਾਲੀ ਨੇ ਚੰਡ ਅਤੇ ਮੁੰਡ ਨੂੰ ਮਾਰ ਦਿੱਤਾ ਹੈ

ਬੈਠ ਭ੍ਰਾਤ ਸੋ ਭ੍ਰਾਤ ਮੰਤ੍ਰ ਕਰਤ ਇਹ ਬਿਧਿ ਭਏ ॥੧॥੭੮॥

(ਤਾਂ) ਦੋਹਾਂ ਭਰਾਵਾਂ ਨੇ ਬੈਠ ਕੇ ਇਸ ਤਰ੍ਹਾਂ ਸਲਾਹ ਕੀਤੀ ॥੧॥੭੮॥

ਚੌਪਈ ॥

ਚੌਪਈ:

ਰਕਤਬੀਜ ਤਪ ਭੂਪਿ ਬੁਲਾਯੋ ॥

ਤਦ ਰਾਜੇ ਨੇ (ਆਪਣੇ ਕੋਲ) ਰਕਤ-ਬੀਜ ਨੂੰ ਬੁਲਾਇਆ।

ਅਮਿਤ ਦਰਬੁ ਦੇ ਤਹਾ ਪਠਾਯੋ ॥

ਬਹੁਤ ਧਨ ਦੇ ਕੇ ਉਸ ਨੂੰ ਭੇਜ ਦਿੱਤਾ।

ਬਹੁ ਬਿਧਿ ਦਈ ਬਿਰੂਥਨ ਸੰਗਾ ॥

ਉਸ ਨੂੰ ਬਹੁਤ ਤਰ੍ਹਾਂ ਦੀ ਸੈਨਾ ('ਬਿਰੂਥਨ') ਵੀ ਨਾਲ ਦਿੱਤੀ

ਹੈ ਗੈ ਰਥ ਪੈਦਲ ਚਤੁਰੰਗਾ ॥੨॥੭੯॥

ਜੋ ਘੋੜੇ, ਹਾਥੀ, ਰਥ ਅਤੇ ਪੈਦਲ ਚਾਰ ਪ੍ਰਕਾਰ ਦੀ ਸੀ ॥੨॥੭੯॥

ਰਕਤਬੀਜ ਦੈ ਚਲਿਯੋ ਨਗਾਰਾ ॥

ਰਕਤ-ਬੀਜ ਨਗਾਰਾ ਵਜਾ ਕੇ ਚਲਿਆ

ਦੇਵ ਲੋਗ ਲਉ ਸੁਨੀ ਪੁਕਾਰਾ ॥

(ਜਿਸ ਦੀ) ਆਵਾਜ਼ ਦੇਵ ਲੋਕ ਤਕ ਸੁਣੀ ਗਈ।

ਕੰਪੀ ਭੂਮਿ ਗਗਨ ਥਹਰਾਨਾ ॥

ਧਰਤੀ ਕੰਬ ਗਈ ਅਤੇ ਆਕਾਸ਼ ਥਰਕਣ ਲਗ ਗਿਆ।

ਦੇਵਨ ਜੁਤਿ ਦਿਵਰਾਜ ਡਰਾਨਾ ॥੩॥੮੦॥

ਦੇਵਤਿਆਂ ਸਮੇਤ ਇੰਦਰ ਵੀ ਡਰ ਗਿਆ ॥੩॥੮੦॥

ਧਵਲਾ ਗਿਰਿ ਕੇ ਜਬ ਤਟ ਆਇ ॥

ਜਦੋਂ (ਉਹ ਦੈਂਤ) ਕੈਲਾਸ਼ ਪਰਬਤ ਦੇ ਨੇੜੇ ਆਏ

ਦੁੰਦਭਿ ਢੋਲ ਮ੍ਰਿਦੰਗ ਬਜਾਏ ॥

(ਤਦੋਂ) ਧੌਂਸੇ, ਢੋਲ ਅਤੇ ਮ੍ਰਿਦੰਗ ਵਜਾ ਦਿੱਤੇ।

ਜਬ ਹੀ ਸੁਨਾ ਕੁਲਾਹਲ ਕਾਨਾ ॥

ਜਿਉਂ ਹੀ (ਦੇਵੀ ਨੇ) ਉਨ੍ਹਾਂ ਦਾ ਰੌਲਾ ਕੰਨਾਂ ਨਾਲ ਸੁਣਿਆ (ਤਿਉਂ ਹੀ ਦੇਵੀ)

ਉਤਰੀ ਸਸਤ੍ਰ ਅਸਤ੍ਰ ਲੈ ਨਾਨਾ ॥੪॥੮੧॥

ਅਨੇਕ ਤਰ੍ਹਾਂ ਦੇ ਅਸਤ੍ਰ ਅਤੇ ਸ਼ਸਤ੍ਰ ਲੈ ਕੇ (ਪਰਬਤ ਤੋਂ ਹੇਠਾਂ) ਉਤਰੀ ॥੪॥੮੧॥

ਛਹਬਰ ਲਾਇ ਬਰਖੀਯੰ ਬਾਣੰ ॥

(ਉਸ ਨੇ) ਬਾਣਾਂ ਦੀ ਛਹਿਬਰ ਲਾ ਦਿੱਤੀ

ਬਾਜ ਰਾਜ ਅਰੁ ਗਿਰੇ ਕਿਕਾਣੰ ॥

(ਜਿਸ ਕਰਕੇ) ਘੋੜ-ਸਵਾਰ ਅਤੇ ਘੋੜੇ ਡਿਗ ਪਏ।

ਢਹਿ ਢਹਿ ਪਰੇ ਸੁਭਟ ਸਿਰਦਾਰਾ ॥

ਚੰਗੇ ਸੂਰਮੇ ਅਤੇ ਸੈਨਿਕ-ਨਾਇਕ ਡਿਗਣ ਲਗ ਗਏ,

ਜਨੁ ਕਰ ਕਟੈ ਬਿਰਛ ਸੰਗ ਆਰਾ ॥੫॥੮੨॥

ਮਾਨੋ (ਬਾਢੀਆਂ ਨੇ) ਆਰਿਆਂ ਨਾਲ ਬ੍ਰਿਛ ਕਟ ਕੇ ਸੁੱਟੇ ਹੋਣ ॥੫॥੮੨॥

ਜੇ ਜੇ ਸਤ੍ਰ ਸਾਮੁਹੇ ਭਏ ॥

ਜਿਹੜੇ ਜਿਹੜੇ ਵੈਰੀ (ਦੇਵੀ ਦੇ) ਸਾਹਮਣੇ ਆਏ,

ਬਹੁਰ ਜੀਅਤ ਗ੍ਰਿਹ ਕੇ ਨਹੀ ਗਏ ॥

(ਉਹ) ਮੁੜ ਜੀਉਂਦੇ ਘਰ ਨੂੰ ਨਾ ਪਰਤੇ।

ਜਿਹ ਪਰ ਪਰਤ ਭਈ ਤਰਵਾਰਾ ॥

ਜਿਨ੍ਹਾਂ ਉਤੇ (ਦੇਵੀ ਦੀ) ਤਲਵਾਰ ਦਾ ਵਾਰ ਹੋ ਗਿਆ

ਇਕਿ ਇਕਿ ਤੇ ਭਏ ਦੋ ਦੋ ਚਾਰਾ ॥੬॥੮੩॥

(ਉਹ) ਇਕ ਇਕ ਤੋਂ ਦੋ ਦੋ ਅਤੇ ਦੋ ਦੋ ਤੋਂ ਚਾਰ ਚਾਰ (ਟੁਕੜੇ ਹੋ ਕੇ ਕਟੇ ਗਏ) ॥੬॥੮੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਝਿਮੀ ਤੇਜ ਤੇਗੰ ਸੁਰੋਸੰ ਪ੍ਰਹਾਰੰ ॥

ਕ੍ਰੋਧਵਾਨ ਹੋ ਕੇ ਤੇਜ਼ ਤਲਵਾਰ ਦਾ ਵਾਰ ਕਰਨ ਨਾਲ (ਉਹ ਇੰਜ) ਚਮਕੀ

ਖਿਮੀ ਦਾਮਿਨੀ ਜਾਣ ਭਾਦੋ ਮਝਾਰੰ ॥

ਮਾਨੋ ਭਾਦੋਂ (ਦੇ ਮਹੀਨੇ) ਵਿਚ ਬਿਜਲੀ ਚਮਕ ਰਹੀ ਹੋਵੇ।

ਉਦੇ ਨਦ ਨਾਦੰ ਕੜਕੇ ਕਮਾਣੰ ॥

ਧੌਂਸਿਆਂ ਤੋਂ ਗੰਭੀਰ ਧੁਨੀ ਅਤੇ ਕਮਾਨਾਂ ਤੋਂ ਕੜਾਕ (ਦੀ ਆਵਾਜ਼) ਪੈਦਾ ਹੋ ਰਹੀ ਹੈ।

ਮਚਿਯੋ ਲੋਹ ਕ੍ਰੋਹੰ ਅਭੂਤੰ ਭਯਾਣੰ ॥੭॥੮੪॥

(ਯੁੱਧ-ਭੂਮੀ ਵਿਚ) ਪੂਰੇ ਕ੍ਰੋਧ ਨਾਲ ਭਿਆਨਕ ਅਤੇ ਬੇਮਿਸਾਲ ਸ਼ਸਤ੍ਰ-ਸੰਘਰਸ਼ ਮਚਿਆ ਹੋਇਆ ਹੈ ॥੭॥੮੪॥

ਬਜੇ ਭੇਰਿ ਭੇਰੀ ਜੁਝਾਰੇ ਝਣੰਕੇ ॥

(ਯੁੱਧ ਵਿਚ) ਭੇਰ ਅਤੇ ਭੇਰੀਆਂ ਵਜ ਰਹੀਆਂ ਹਨ ਅਤੇ ਵੀਰ-ਯੋਧੇ (ਸ਼ਸਤ੍ਰਾਂ ਨੂੰ) ਛਣਕਾਂ ਰਹੇ ਹਨ।