ਸ਼੍ਰੀ ਦਸਮ ਗ੍ਰੰਥ

ਅੰਗ - 695


ਚਖਨ ਚਾਰੁ ਚੰਚਲ ਪ੍ਰਭਾਵ ਖੰਜਨ ਲਖਿ ਲਾਜਤ ॥

(ਜਿਸ ਦੀਆਂ) ਅੱਖਾਂ ਸੁੰਦਰ ਅਤੇ ਚੰਚਲ ਹਨ, (ਜਿਨ੍ਹਾਂ ਦੇ) ਪ੍ਰਭਾਵ ਨੂੰ ਵੇਖ ਕੇ ਮਮੋਲਾ (ਖੰਜਨ ਪੰਛੀ) ਵੀ ਸ਼ਰਮਸਾਰ ਹੁੰਦਾ ਹੈ।

ਗਾਵਤ ਰਾਗ ਬਸੰਤ ਬੇਣ ਬੀਨਾ ਧੁਨਿ ਬਾਜਤ ॥

ਬਸੰਤ ਰਾਗ ਨੂੰ ਗਾਉਂਦਾ ਹੈ ਅਤੇ ਬੇਣ ਤੇ ਬੀਨਾ ਦੀ ਧੁਨ ਵਜਦੀ ਹੈ।

ਧਧਕਤ ਧ੍ਰਿਕਟ ਮ੍ਰਿਦੰਗ ਝਾਝ ਝਾਲਰ ਸੁਭ ਸੋਹਤ ॥

'ਧਧਕਤ' ਅਤੇ 'ਧ੍ਰਿਕਟ' (ਦੇ ਧੁਨ ਨਾਲ) ਮ੍ਰਿਦੰਗ (ਵਜਦਾ ਹੈ)। ਝਾਂਝ ਅਤੇ ਝਾਲਰ ਦੀ ਸ਼ੁਭ (ਧੁਨ) ਸ਼ੋਭਦੀ ਹੈ।

ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮਨ ਮੋਹਤ ॥

(ਜੋ) ਪੰਛੀ, ਹਿਰਨ, ਯਕਸ਼, ਭੁਜੰਗ (ਸੱਪ) ਦੈਂਤ, ਦੇਵਤੇ, ਮਨੁੱਖ ਆਦਿ ਦੇ ਮਨ ਨੂੰ ਮੋਹਿਤ ਕਰ ਰਹੀ ਹੈ।

ਅਸ ਲੋਭ ਨਾਮ ਜੋਧਾ ਬਡੋ ਜਿਦਿਨ ਜੁਧ ਕਹ ਜੁਟਿ ਹੈ ॥

ਇਸ ਨਾਂ ਦਾ ਬਹੁਤ ਵੱਡਾ ਯੋਧਾ 'ਲੋਭ' ਹੈ। ਜਿਸ ਦਿਨ (ਉਹ) ਯੁੱਧ ਵਿਚ ਜੁਟੇਗਾ,

ਜਸ ਪਵਨ ਬੇਗ ਤੇ ਮੇਘ ਗਣ ਸੁ ਅਸ ਤਵ ਸਬ ਦਲ ਫੁਟਿ ਹੈ ॥੧੯੧॥

(ਹੇ ਰਾਜਨ!) ਪੌਣ ਦੇ ਵੇਗ ਨਾਲ ਬਦਲਾਂ ਦੇ ਝੁੰਡ ਜਿਵੇਂ (ਫਟ ਜਾਂਦੇ ਹਨ) ਉਸ ਤਰ੍ਹਾਂ ਤੇਰੀ ਸਭ ਸੈਨਾ ਬਿਖਰ ਜਾਏਗੀ ॥੧੯੧॥

ਧੁਜ ਪ੍ਰਮਾਣ ਬੀਜੁਰੀ ਭੁਜਾ ਭਾਰੀ ਜਿਹ ਰਾਜਤ ॥

ਜਿਸ ਦੀ ਬਿਜਲੀ ਜਿਹੀ ਧੁਜਾ ਹੈ ਅਤੇ ਭਾਰੀ ਭੁਜਾਵਾਂ ਸ਼ੋਭਦੀਆਂ ਹਨ।

ਅਤਿ ਚੰਚਲ ਰਥ ਚਲਤ ਨਿਰਖ ਸੁਰ ਨਰ ਮੁਨਿ ਭਾਜਤ ॥

(ਉਸ ਦਾ) ਬੜਾ ਚੰਚਲ ਰਥ ਚਲਦਾ ਹੈ ਜਿਸ ਨੂੰ ਵੇਖ ਕੇ ਦੇਵਤੇ, ਮਨੁੱਖ ਅਤੇ ਮੁਨੀ ਭਜ ਜਾਂਦੇ ਹਨ।

ਅਧਿਕ ਰੂਪ ਅਮਿਤੋਜ ਅਮਿਟ ਜੋਧਾ ਰਣ ਦੁਹ ਕਰ ॥

(ਉਸ ਦਾ) ਬਹੁਤ ਅਧਿਕ ਰੂਪ ਹੈ, ਅਮਿਤ ਸ਼ਕਤੀ ਹੈ, ਅਮਿਟ ਅਤੇ ਕਠੋਰ ਯੁੱਧ ਕਰਨ ਵਾਲਾ ਯੋਧਾ ਹੈ।

ਅਤਿ ਪ੍ਰਤਾਪ ਬਲਵੰਤ ਲਗਤ ਸਤ੍ਰਨ ਕਹ ਰਿਪੁ ਹਰ ॥

ਅਤਿ ਅਧਿਕ ਪ੍ਰਤਾਪ ਵਾਲਾ, ਬਲਵਾਨ ਅਤੇ ਵੈਰੀਆਂ ਨੂੰ ਸ਼ਤ੍ਰੁ ਵਿਨਾਸ਼ਕ ਲਗਦਾ ਹੈ।

ਅਸ ਮੋਹ ਨਾਮ ਜੋਧਾ ਜਸ ਜਿਦਿਨ ਜੁਧ ਕਹ ਜੁਟਿ ਹੈ ॥

ਇਸ ਤਰ੍ਹਾਂ 'ਮੋਹ' ਨਾਂ ਦਾ ਯਸ਼ਵਾਨ ਯੋਧਾ ਹੈ। (ਉਹ) ਜਿਸ ਦਿਨ ਯੁੱਧ ਵਿਚ ਜੁਟੇਗਾ,

ਬਿਨ ਇਕ ਬਿਚਾਰ ਅਬਿਚਾਰ ਨ੍ਰਿਪ ਅਉਰ ਸਕਲ ਦਲ ਫੁਟਿ ਹੈ ॥੧੯੨॥

ਹੇ ਰਾਜਨ! ਬਿਨਾ ਇਕ 'ਬਿਚਾਰ' ਅਤੇ 'ਅਬਿਚਾਰ' ਦੇ ਹੋਰ ਸਾਰਾ ਦਲ ਨਸ਼ਟ ਹੋ ਜਾਏਗਾ ॥੧੯੨॥

ਪਵਨ ਬੇਗ ਰਥ ਚਲਤ ਗਵਨ ਲਖਿ ਮੋਹਿਤ ਨਾਗਰ ॥

(ਜਿਸ ਦਾ) ਰਥ ਪੌਣ ਦੇ ਵੇਗ ਵਾਂਗ ਚਲਦਾ ਹੈ ਅਤੇ ਸਮਝਦਾਰ ਲੋਕ ਉਸ ਦੀ ਚਾਲ ਨੂੰ ਵੇਖ ਕੇ ਮੋਹਿਤ ਹੋ ਗਏ ਹਨ।

ਅਤਿ ਪ੍ਰਤਾਪ ਅਮਿਤੋਜ ਅਜੈ ਪ੍ਰਤਮਾਨ ਪ੍ਰਭਾਧਰ ॥

(ਉਹ) ਬਹੁਤ ਪ੍ਰਤਾਪ ਵਾਲਾ, ਅਮਿਤ ਬਲ ਵਾਲਾ, ਨਾ ਜਿਤੇ ਜਾ ਸਕਣ ਵਾਲਾ, ਮੂਰਤੀ ਵਰਗੀ ਪ੍ਰਭਾ ਨੂੰ ਧਾਰਨ ਕਰਨ ਵਾਲਾ ਅਤੇ ਬਹੁਤ ਬਲਵਾਨ ਹੈ।

ਅਤਿ ਬਲਿਸਟ ਅਧਿਸਟ ਸਕਲ ਸੈਨਾ ਕਹੁ ਜਾਨਹੁ ॥

(ਉਸ ਨੂੰ) ਸਾਰੀ ਸੈਨਾ ਦਾ ਆਧਾਰ (ਅਥਵਾ ਰਖਿਅਕ) ਜਾਣ ਲਵੋ।

ਕ੍ਰੋਧ ਨਾਮ ਬਢਿਯਾਛ ਬਡੋ ਜੋਧਾ ਜੀਅ ਮਾਨਹੁ ॥

ਕ੍ਰੋਧ ਨਾਂ ਦਾ ਵਡੀਆਂ ਅੱਖਾਂ ਵਾਲਾ, ਵੱਡਾ ਯੋਧਾ ਮਨ ਵਿਚ ਮੰਨ ਲਵੋ।

ਧਰਿ ਅੰਗਿ ਕਵਚ ਧਰ ਪਨਚ ਕਰਿ ਜਿਦਿਨ ਤੁਰੰਗ ਮਟਕ ਹੈ ॥

(ਉਸ ਨੇ) ਸ਼ਰੀਰ ਉਤੇ ਕਵਚ ਧਾਰਨ ਕੀਤਾ ਹੋਇਆ ਹੈ, ਹੱਥ ਨਾਲ ਚਿਲਾ ਚੜ੍ਹਾਇਆ ਹੋਇਆ ਹੈ। (ਉਹ) ਜਿਸ ਦਿਨ ਘੋੜਾ ਮਟਕਾਏਗਾ,

ਬਿਨੁ ਏਕ ਸਾਤਿ ਸੁਨ ਸਤਿ ਨ੍ਰਿਪ ਸੁ ਅਉਰ ਨ ਕੋਊ ਹਟਕਿ ਹੈ ॥੧੯੩॥

ਹੇ ਰਾਜਨ! ਸੁਣੋ, ਸਚ ਕਹਿੰਦਾ ਹਾਂ, ਬਿਨਾ ਇਕ 'ਸਾਂਤਿ' ਦੇ (ਉਸ ਨੂੰ) ਹੋਰ ਕੋਈ ਰੋਕ ਨਹੀਂ ਸਕੇਗਾ ॥੧੯੩॥

ਗਲਿਤ ਦੁਰਦ ਮਦਿ ਚੜ੍ਯੋ ਕਢਿ ਕਰਵਾਰ ਭਯੰਕਰ ॥

ਮਦਮਾਤੇ ਹਾਥੀ ਵਾਂਗ ਮਸਤ ਹੋ ਕੇ ਚੜ੍ਹਿਆ ਹੋਇਆ ਹੈ ਅਤੇ (ਹੱਥ ਵਿਚ) ਭਿਆਨਕ ਤਲਵਾਰ ਕਢੀ ਹੋਈ ਹੈ।

ਸ੍ਯਾਮ ਬਰਣ ਆਭਰਣ ਖਚਿਤ ਸਬ ਨੀਲ ਮਣਿਣ ਬਰ ॥

ਕਾਲੇ ਰੰਗ ਦੇ ਗਹਿਣੇ ਹਨ, ਜੋ ਸਾਰੇ ਨੀਲ ਮਣੀਆਂ ਨਾਲ ਖਚਿਤ ਕੀਤੇ ਹੋਏ ਹਨ।

ਸ੍ਵਰਨ ਕਿੰਕਣੀ ਜਾਲ ਬਧੇ ਬਾਨੈਤ ਗਜੋਤਮ ॥

ਸੋਨੇ ਦੀ ਕਿੰਕਣੀ (ਤੜਾਗੀ) ਦੇ ਜਾਲ ਨਾਲ ਉਤਮ ਅਤੇ ਬਾਂਕਾ ('ਬਾਨੈਤ') ਹਾਥੀ ਸਜਿਆ ਹੋਇਆ ਹੈ।

ਅਤਿ ਪ੍ਰਭਾਵ ਜੁਤਿ ਬੀਰ ਸਿਧ ਸਾਵੰਤ ਨਰੋਤਮ ॥

ਇਸ ਦਾ ਵੀਰਤਾ ਯੁਕਤ ਬਹੁਤ ਪ੍ਰਭਾਵ ਹੈ ਅਤੇ ਸਫਲ, ਸ੍ਰੇਸ਼ਠ ਪੁਰਸ਼ (ਉਸ ਦੇ) ਅਧਿਕਾਰੀ ('ਸਾਵੰਤ') ਹਨ।

ਇਹ ਛਬਿ ਹੰਕਾਰ ਨਾਮਾ ਸੁਭਟ ਅਤਿ ਬਲਿਸਟ ਤਿਹ ਮਾਨੀਐ ॥

ਇਹ ਹੈ ਛਬੀ 'ਹੰਕਾਰ' ਨਾਮ ਦੇ ਯੋਧੇ ਦੀ, ਉਸ ਨੂੰ ਬਹੁਤ ਬਲਵਾਨ ਮੰਨਣਾ ਚਾਹੀਦਾ ਹੈ।

ਜਿਹ ਜਗਤ ਜੀਵ ਜੀਤੇ ਸਬੈ ਆਪ ਅਜੀਤ ਤਿਹ ਜਾਨੀਐ ॥੧੯੪॥

ਜਿਸ ਨੇ ਜਗਤ ਦੇ ਸਾਰੇ ਜੀਵ ਜਿਤੇ ਹੋਏ ਹਨ, ਪਰ ਉਹ ਆਪ ਅਜਿਤ ਜਾਣਿਆ ਜਾਂਦਾ ਹੈ ॥੧੯੪॥

ਸੇਤ ਹਸਤ ਆਰੂੜ ਢੁਰਤ ਚਹੂੰ ਓਰਿ ਚਵਰ ਬਰ ॥

ਸਫ਼ੈਦ ਹਾਥੀ ਉਤੇ ਸਵਾਰ ਹੈ ਅਤੇ ਚੌਹਾਂ ਪਾਸੇ ਸੁੰਦਰ ਚੌਰ ਝੁਲ ਰਹੇ ਹਨ।

ਸ੍ਵਰਣ ਕਿੰਕਣੀ ਬਧੇ ਨਿਰਖਿ ਮੋਹਤ ਨਾਰੀ ਨਰ ॥

ਸੋਨੇ ਦੀ ਕਿੰਕਣੀ (ਤੜਾਗੀ) ਬੰਨ੍ਹੀ ਹੋਈ ਹੈ, ਜਿਸ ਨੂੰ ਵੇਖ ਕੇ ਨਰ-ਨਾਰੀ ਮੋਹਿਤ (ਹੋ ਰਹੇ ਹਨ)।

ਸੁਭ੍ਰ ਸੈਹਥੀ ਪਾਣਿ ਪ੍ਰਭਾ ਕਰ ਮੈ ਅਸ ਧਾਵਤ ॥

ਸੁੰਦਰ ਸੈਹਥੀ (ਬਰਛੀ) ਹੱਥ ਵਿਚ ਹੈ ਅਤੇ ਤਲਵਾਰ ਹੱਥ ਵਿਚ ਚਮਕ ਰਹੀ ਹੈ।

ਨਿਰਖਿ ਦਿਪਤਿ ਦਾਮਨੀ ਪ੍ਰਭਾ ਹੀਯਰੇ ਪਛੁਤਾਵਤ ॥

(ਉਸ ਦੀ) ਲਿਸ਼ਕ ਨੂੰ ਵੇਖ ਕੇ ਬਿਜਲੀ ਦੀ ਪ੍ਰਭਾ ਹਿਰਦੇ ਵਿਚ ਪਛਤਾ ਰਹੀ ਹੈ।

ਅਸ ਦ੍ਰੋਹ ਨਾਮ ਜੋਧਾ ਬਡੋ ਅਤਿ ਪ੍ਰਭਾਵ ਤਿਹ ਜਾਨੀਐ ॥

ਇਸ ਤਰ੍ਹਾਂ ਦਾ 'ਦ੍ਰੋਹ' ਨਾਂ ਦਾ ਵੱਡਾ ਯੋਧਾ ਹੈ। ਉਸ ਦਾ ਬਹੁਤ ਵੱਡਾ ਪ੍ਰਭਾਵ ਜਾਣੀਦਾ ਹੈ।

ਜਲ ਥਲ ਬਿਦੇਸ ਦੇਸਨ ਨ੍ਰਿਪਤਿ ਆਨ ਜਵਨ ਕੀ ਮਾਨੀਐ ॥੧੯੫॥

ਜਲ-ਥਲ ਅਤੇ ਦੇਸਾਂ ਬਿਦੇਸਾਂ ਦੇ ਰਾਜੇ ਜਿਸ ਦੀ ਆਨ ਮੰਨਦੇ ਹਨ ॥੧੯੫॥

ਤਬਲ ਬਾਜ ਘੁੰਘਰਾਰ ਸੀਸ ਕਲਗੀ ਜਿਹ ਸੋਹਤ ॥

ਘੋੜੇ ਉਤੇ ਰਖੇ ਹੋਏ ਧੌਂਸੇ (ਨੂੰ ਵਜਾਉਂਦਾ ਹੈ) ਸਿਰ ਉਤੇ ਘੁੰਘਰਾਲੇ ਵਾਲੇ ਹਨ ਅਤੇ ਸਿਰ ਉਤੇ ਕਲਗੀ ਸ਼ੋਭਦੀ ਹੈ।

ਦ੍ਵੈ ਕ੍ਰਿਪਾਣ ਗਜਗਾਹ ਨਿਰਖਿ ਨਾਰੀ ਨਰ ਮੋਹਤ ॥

ਦੋ-ਕ੍ਰਿਪਾਨਾਂ (ਧਾਰਨ ਕੀਤੀਆਂ ਹੋਈਆਂ ਹਨ) ਅਤੇ (ਸਿਰ ਉਤੇ) ਜਿਗਾ (ਨੂੰ ਸਜਾਇਆ ਹੋਇਆ ਹੈ) (ਜਿਸ ਨੂੰ) ਵੇਖ ਕੇ ਨਰ-ਨਾਰੀ ਮੋਹਿਤ ਹੋ ਰਹੇ ਹਨ।

ਅਮਿਤ ਰੂਪ ਅਮਿਤੋਜ ਬਿਕਟ ਬਾਨੈਤ ਅਮਿਟ ਭਟ ॥

(ਉਸ ਦਾ) ਅਮਿਤ ਰੂਪ ਹੈ, ਅਮਿਤ ਤੇਜ ਹੈ, ਕਠੋਰ ਤੀਰ-ਅੰਦਾਜ਼ ਅਤੇ ਨਾ ਮਿਟਣ ਵਾਲਾ ਯੋਧਾ ਹੈ।

ਅਤਿ ਸੁਬਾਹ ਅਤਿ ਸੂਰ ਅਜੈ ਅਨਭਿਦ ਸੁ ਅਨਕਟ ॥

ਅਤਿ ਸੁੰਦਰ ਬਾਂਹਵਾਂ ਵਾਲਾ, ਅਤਿ ਅਧਿਕ ਸ਼ੂਰਵੀਰ, ਨਾ ਜਿਤਿਆ ਜਾ ਸਕਣ ਵਾਲਾ, ਨਾ ਭੇਦੇ ਜਾ ਸਕਣ ਵਾਲਾ ਅਤੇ ਨਾ ਕਟੇ ਜਾ ਸਕਣ ਵਾਲਾ ਹੈ।

ਇਹ ਭਾਤਿ ਭਰਮ ਅਨਭਿਦ ਭਟ ਜਿਦਿਨ ਕ੍ਰੁਧ ਜੀਯ ਧਾਰ ਹੈ ॥

ਇਸ ਤਰ੍ਹਾਂ ਦਾ ਨਾ ਭੇਦੇ ਜਾ ਸਕਣ ਵਾਲਾ 'ਭਰਮ' (ਨਾਂ ਦਾ) ਸੂਰਮਾ ਹੈ। ਜਿਸ ਦਿਨ (ਉਹ) ਮਨ ਵਿਚ ਕ੍ਰੋਧ ਧਾਰਨ ਕਰੇਗਾ,

ਬਿਨ ਇਕ ਬਿਚਾਰ ਅਬਿਚਾਰ ਨ੍ਰਿਪ ਸਸੁ ਅਉਰ ਨ ਆਨਿ ਉਬਾਰਿ ਹੈ ॥੧੯੬॥

ਹੇ ਰਾਜਨ! (ਉਸ ਦਿਨ) ਬਿਨਾ ਇਕ 'ਬਿਚਾਰ' 'ਅਬਿਚਾਰ' ਦੇ, ਹੋਰ ਕੋਈ ਵੀ ਬਚਾ ਨਹੀਂ ਸਕੇਗਾ ॥੧੯੬॥

ਲਾਲ ਮਾਲ ਸੁਭ ਬਧੈ ਨਗਨ ਸਰਪੇਚਿ ਖਚਿਤ ਸਿਰ ॥

ਸੁੰਦਰ ਲਾਲਾਂ ਦੀ ਮਾਲਾ ਬੰਨ੍ਹੀ ਹੋਈ ਹੈ ਅਤੇ ਸਿਰ ਦੀ ਪਗ ('ਸਰਪੇਚਿ') ਵਿਚ ਨਗ ਜੜ੍ਹੇ ਹੋਏ ਹਨ।

ਅਤਿ ਬਲਿਸਟ ਅਨਿਭੇਦ ਅਜੈ ਸਾਵੰਤ ਭਟਾਬਰ ॥

ਬਹੁਤ ਬਲਵਾਨ, ਨਾ ਭੇਦੇ ਜਾ ਸਕਣ ਵਾਲਾ, ਨਾ ਜਿਤੇ ਜਾ ਸਕਣ ਵਾਲਾ, ਅਧਿਕਾਰੀਆਂ ਅਤੇ ਯੋਧਿਆਂ ਦਾ ਸਰਪ੍ਰਸਤ ਹੈ।

ਕਟਿ ਕ੍ਰਿਪਾਣ ਸੈਹਥੀ ਤਜਤ ਧਾਰਾ ਬਾਣਨ ਕਰ ॥

ਲਕ ਨਾਲ ਤਲਵਾਰ ਅਤੇ (ਹੱਥ ਵਿਚ) ਬਰਛੀ ਹੈ ਅਤੇ ਹਥਾਂ ਨਾਲ ਬਾਣਾਂ ਦੀ ਝੜੀ ਲਾਈ ਹੋਈ ਹੈ।

ਦੇਖਤ ਹਸਤ ਪ੍ਰਭਾਵ ਲਜਤ ਤੜਿਤਾ ਧਾਰਾਧਰ ॥

ਹਸਦੇ ਦੇ ਪ੍ਰਭਾਵ ਨੂੰ ਵੇਖ ਕੇ ਬਿਜਲੀ ਲਜਿਤ ਹੋ ਕੇ ਬਦਲਾਂ ('ਧਾਰਾਧਰ') ਵਿਚ (ਲੁਕ ਜਾਂਦੀ ਹੈ)।

ਅਸ ਬ੍ਰਹਮ ਦੋਖ ਅਨਮੋਖ ਭਟ ਅਕਟ ਅਜੈ ਤਿਹ ਜਾਨੀਐ ॥

ਇਹੋ ਜਿਹੇ 'ਬ੍ਰਹਮ ਦੋਖ' ਅਤੇ 'ਅਨਮੋਖ' (ਨਾਂ ਦੇ) ਨਾ ਕਟੇ ਜਾ ਸਕਣ ਵਾਲੇ ਅਤੇ ਨਾ ਜਿਤੇ ਜਾ ਸਕਣ ਵਾਲੇ (ਯੋਧੇ) ਉਨ੍ਹਾਂ ਨੂੰ ਜਾਣੀਦਾ ਹੈ।

ਅਰਿ ਦਵਨ ਅਜੈ ਆਨੰਦ ਕਰ ਨ੍ਰਿਪ ਅਬਿਬੇਕ ਕੋ ਮਾਨੀਐ ॥੧੯੭॥

(ਹੇ ਰਾਜਨ!) ਵੈਰੀ ਨੂੰ ਦਬਾਉਣ ਵਾਲਾ, ਨਾ ਜਿਤੇ ਜਾ ਸਕਣ ਵਾਲਾ ਅਤੇ ਆਨੰਦ ਕਰਨ ਵਾਲਾ 'ਅਬਿਬੇਕ' ਰਾਜਾ ਮੰਨਣਾ ਚਾਹੀਦਾ ਹੈ ॥੧੯੭॥

ਅਸਿਤ ਬਸਤ੍ਰ ਅਰੁ ਅਸਿਤ ਗਾਤ ਅਮਿਤੋਜ ਰਣਾਚਲ ॥

ਕਾਲੇ ਬਸਤ੍ਰ ਅਤੇ ਕਾਲੇ ਹੀ ਸ਼ਰੀਰ ਵਾਲਾ, ਅਮਿਤ ਬਲ ਵਾਲਾ ਅਤੇ ਯੁੱਧ ਵਿਚ ਅਚਲ ਰਹਿਣ ਵਾਲਾ ਹੈ।

ਅਤਿ ਪ੍ਰਚੰਡ ਅਤਿ ਬੀਰ ਬੀਰ ਜੀਤੇ ਜਿਨ ਜਲ ਥਲ ॥

ਅਤਿ ਪ੍ਰਚੰਡ (ਤੇਜ ਵਾਲਾ) ਹੈ, ਅਤਿਅੰਤ ਸ਼ੂਰਵੀਰ ਹੈ ਅਤੇ ਜਿਸ ਨੇ ਜਲ ਥਲ ਦੇ ਵੀਰ ਜਿਤੇ ਹੋਏ ਹਨ।

ਅਕਟ ਅਜੈ ਅਨਭੇਦ ਅਮਿਟ ਅਨਰਥਿ ਨਾਮ ਤਿਹ ॥

ਉਸ ਨਾ ਕਟੇ ਜਾਣ ਵਾਲੇ, ਨਾ ਜਿਤੇ ਜਾ ਸਕਣ ਵਾਲੇ, ਨਾ ਭੇਦੇ ਜਾ ਸਕਣ ਵਾਲੇ, ਨਾ ਮਿਟਣ ਵਾਲੇ ਦਾ ਨਾਂ 'ਅਨਰਥਿ' ਹੈ।

ਅਤਿ ਪ੍ਰਮਾਥ ਅਰਿ ਮਥਨ ਸਤ੍ਰੁ ਸੋਖਨ ਹੈ ਬ੍ਰਿਦ ਜਿਹ ॥

ਵੈਰੀ ਨੂੰ ਬਹੁਤ ਮਿਧਣ ਅਤੇ ਮੱਥਣ ਵਾਲਾ ਹੈ ਅਤੇ ਜਿਸ ਦਾ ਧਰਮ ਹੀ ਵੈਰੀ ਨੂੰ ਸੁਕਾਉਣਾ ਹੈ।

ਦੁਰ ਧਰਖ ਸੂਰ ਅਨਭੇਦ ਭਟ ਅਤਿ ਪ੍ਰਤਾਪ ਤਿਹ ਜਾਨੀਐ ॥

(ਇਸ ਤਰ੍ਹਾਂ) ਨਿਡਰ ਸੂਰਮਾ, ਨਾ ਵਿੰਨ੍ਹੇ ਜਾ ਸਕਣ ਵਾਲਾ ਯੋਧਾ ਅਤੇ ਅਤਿ ਪ੍ਰਤਾਪ ਵਾਲਾ ਜਾਣਨਾ ਚਾਹੀਦਾ ਹੈ।

ਅਨਜੈ ਅਨੰਦ ਦਾਤਾ ਅਪਨ ਅਤਿ ਸੁਬਾਹ ਤਿਹ ਮਾਨੀਐ ॥੧੯੮॥

ਉਸ ਨੂੰ ਨਾ ਜਿਤੇ ਜਾ ਸਕਣ ਵਾਲਾ, ਆਪਣਿਆਂ ਨੂੰ ਆਨੰਦ ਦੇਣ ਵਾਲਾ ਅਤੇ ਮਹਾਨ ਸੂਰਵੀਰ ਯੋਧਾ ਮੰਨੀਦਾ ਹੈ ॥੧੯੮॥


Flag Counter