ਸ਼੍ਰੀ ਦਸਮ ਗ੍ਰੰਥ

ਅੰਗ - 1061


ਜੋਬਨ ਖਾ ਤਹ ਬੀਰ ਬੁਲਾਏ ॥

ਜੋਬਨ ਖ਼ਾਨ ਨੇ ਆਪਣੇ ਸੂਰਮੇ ਬੁਲਾਏ

ਬੈਠਿ ਬੈਠਿ ਕਰਿ ਮੰਤ੍ਰ ਪਕਾਏ ॥

ਅਤੇ ਬੈਠ ਬੈਠ ਕੇ ਸਲਾਹ ਕੀਤੀ

ਕਵਨ ਉਪਾਇ ਆਜੁ ਹ੍ਯਾਂ ਕੀਜੈ ॥

ਕਿ ਕਿਹੜੀ ਜੁਗਤ ਇਥੇ ਅਜ ਕਰੀਏ

ਜਾ ਤੇ ਦੁਰਗ ਤੋਰਿ ਕਰਿ ਦੀਜੈ ॥੫॥

ਜਿਸ ਨਾਲ ਕਿਲ੍ਹਾ ਤੋੜਿਆ ਜਾ ਸਕੇ ॥੫॥

ਬਲਵੰਡ ਖਾਨ ਸੈਨ ਸੰਗ ਲਿਯੋ ॥

ਬਲਵੰਡ ਖ਼ਾਨ ਨੇ ਆਪਣੇ ਨਾਲ ਸੈਨਾ ਲਈ

ਤਵਨ ਦੁਰਗ ਪਰ ਹਲਾ ਕਿਯੋ ॥

ਅਤੇ ਉਸ ਕਿਲ੍ਹੇ ਉਤੇ ਹਮਲਾ ਕਰ ਦਿੱਤਾ।

ਗੜ ਕੇ ਲੋਗ ਤੀਰ ਤੇ ਜਾਈ ॥

ਲੋਕਾਂ ਨੇ ਕਿਲ੍ਹੇ ਦੇ ਨੇੜੇ ਜਾ ਕੇ

ਮਾਰਿ ਮਾਰਿ ਕਰਿ ਕੂਕਿ ਸੁਨਾਈ ॥੬॥

'ਮਾਰ ਲੌ' 'ਮਾਰ ਲੌ' ਦਾ ਰੌਲਾ ਪਾ ਦਿੱਤਾ ॥੬॥

ਗੋਲੀ ਅਧਿਕ ਦੁਰਗ ਤੇ ਛੂਟੀ ॥

ਕਿਲ੍ਹੇ ਤੋਂ ਬਹੁਤ ਗੋਲੀਆਂ ਛੁਟੀਆਂ

ਬਹੁਤ ਸੂਰਮਨਿ ਮੂੰਡੀ ਫੂਟੀ ॥

ਅਤੇ ਬਹੁਤ ਸਾਰੇ ਸੂਰਮਿਆਂ ਦੇ ਸਿਰ ਪਾਟ ਗਏ।

ਗਿਰਿ ਗਿਰਿ ਗਏ ਬੀਰ ਰਨ ਮਾਹੀ ॥

ਯੁੱਧ ਵਿਚ ਸੂਰਮੇ ਡਿਗ ਡਿਗ ਪਏ

ਤਨ ਮੈ ਰਹੀ ਨੈਕ ਸੁਧਿ ਨਾਹੀ ॥੭॥

ਅਤੇ ਸ਼ਰੀਰਾਂ ਵਿਚ ਜ਼ਰਾ ਜਿੰਨੀ ਵੀ ਸੁਰਤ ਨਾ ਰਹੀ ॥੭॥

ਭੁਜੰਗ ਛੰਦ ॥

ਭੁਜੰਗ ਛੰਦ:

ਕਹੂੰ ਬਾਜ ਜੂਝੇ ਕਹੂੰ ਰਾਜ ਮਾਰੇ ॥

ਕਿਤੇ ਘੋੜੇ ਜੂਝੇ ਪਏ ਹਨ ਅਤੇ ਕਿਤੇ ਰਾਜੇ ਮਾਰੇ ਗਏ ਹਨ।

ਕਹੂੰ ਤਾਜ ਬਾਜੀਨ ਕੇ ਸਾਜ ਡਾਰੇ ॥

ਕਿਤੇ ਤਾਜ ਅਤੇ ਘੋੜਿਆਂ ਦੇ ਸਾਜ ਡਿਗੇ ਪਏ ਹਨ।

ਕਿਤੇ ਛੋਰ ਛੇਕੇ ਕਿਤੇ ਛੈਲ ਮੋਰੇ ॥

ਕਿਤੇ (ਸੂਰਮੇ) ਵਿੰਨ੍ਹ ਕੇ ਛਡ ਦਿੱਤੇ ਗਏ ਹਨ ਅਤੇ ਕਿਤੇ ਬਾਂਕੇ ਜਵਾਨ ਮਰੋੜੇ ਗਏ ਹਨ।

ਕਿਤੇ ਛਤ੍ਰ ਧਾਰੀਨ ਕੇ ਛਤ੍ਰ ਤੋਰੇ ॥੮॥

ਕਿਤੇ ਛਤ੍ਰਧਾਰੀਆਂ ਦੇ ਛਤ੍ਰ ਟੁੱਟੇ ਪਏ ਹਨ ॥੮॥

ਲਗੇ ਜ੍ਵਾਨ ਗੋਲੀਨ ਕੇ ਖੇਤ ਜੂਝੇ ॥

ਗੋਲੀਆਂ ਲਗਣ ਨਾਲ ਕਿਤਨੇ ਹੀ ਜਵਾਨ ਰਣ-ਖੇਤਰ ਵਿਚ ਮਾਰੇ ਗਏ ਹਨ।

ਚਲੇ ਭਾਜਿ ਕੇਤੇ ਨਹੀ ਜਾਤ ਬੂਝੇ ॥

ਕਿਤਨੇ ਹੀ ਭਜ ਗਏ ਹਨ, (ਉਨ੍ਹਾਂ ਨੂੰ) ਗਿਣਿਆ ਨਹੀਂ ਜਾ ਸਕਦਾ।

ਭਰੇ ਲਾਜ ਕੇਤੇ ਹਠੀ ਕੋਪਿ ਢੂਕੇ ॥

ਕਿਤਨੇ ਹੀ ਲਾਜ ਦੇ ਭਰੇ ਹੋਏ ਹਠ ਪੂਰਵਕ ਕ੍ਰੋਧ ਕਰ ਕੇ ਆ ਢੁਕੇ ਹਨ।

ਚਹੂੰ ਓਰ ਤੇ ਮਾਰ ਹੀ ਮਾਰ ਕੂਕੇ ॥੯॥

ਚੌਹਾਂ ਪਾਸੇ 'ਮਾਰੋ ਮਾਰੋ' ਹੀ ਕੂਕ ਰਹੇ ਹਨ ॥੯॥

ਚਹੂੰ ਓਰ ਗਾੜੇ ਗੜੈ ਘੇਰਿ ਆਏ ॥

ਚੌਹਾਂ ਪਾਸਿਆਂ ਤੋਂ ਕਿਲ੍ਹੇ ਨੂੰ ਤਕੜਾ ਘੇਰਾ ਪਾ ਲਿਆ ਗਿਆ ਹੈ।

ਹਠੀ ਖਾਨ ਕੋਪੇ ਲੀਏ ਸੈਨ ਘਾਏ ॥

ਹਠੀਲੇ ਖ਼ਾਨ ਰੋਹ ਨਾਲ ਭਰੇ ਸੈਨਾ ਲੈ ਕੇ ਟੁੱਟ ਕੇ ਪੈ ਗਏ ਹਨ।

ਇਤੇ ਸੂਰ ਸੋਹੈ ਉਤੈ ਵੈ ਬਿਰਾਜੈ ॥

ਇਧਰ ਸੂਰਮੇ ਸ਼ੋਭਦੇ ਹਨ ਅਤੇ ਉਧਰ ਉਹ ਬਿਰਾਜਦੇ ਹਨ

ਮੰਡੇ ਕ੍ਰੋਧ ਕੈ ਕੈ ਨਹੀ ਪੈਗ ਭਾਜੇ ॥੧੦॥

ਅਤੇ ਕ੍ਰੋਧ ਦੇ ਭਰੇ ਹੋਏ ਇਕ ਕਦਮ ਵੀ ਨਹੀਂ ਭਜਦੇ ਹਨ ॥੧੦॥

ਦੋਹਰਾ ॥

ਦੋਹਰਾ:

ਛੋਰਿ ਖੇਤ ਪਗ ਨ ਟਰੇ ਭਿਰੇ ਸੂਰਮਾ ਚਾਇ ॥

ਰਣ-ਖੇਤਰ (ਨੂੰ ਛਡ ਕੇ ਕੋਈ) ਸੂਰਮਾ ਇਕ ਕਦਮ ਵੀ ਟਲ ਨਹੀਂ ਰਿਹਾ ਸੀ ਅਤੇ ਪੂਰੀ ਚਾਹ ਨਾਲ ਲੜ ਰਹੇ ਸਨ।

ਦਸੋ ਦਿਸਨ ਗਾਡੇ ਗੜਹਿ ਘੇਰਿ ਲਿਯੋ ਭਟ ਆਇ ॥੧੧॥

ਦਸਾਂ ਦਿਸ਼ਾਵਾਂ ਤੋਂ ਸੂਰਮਿਆਂ ਨੇ ਆ ਕੇ ਕਿਲ੍ਹਾ ਘੇਰ ਲਿਆ ਸੀ ॥੧੧॥

ਭੁਜੰਗ ਛੰਦ ॥

ਭੁਜੰਗ ਛੰਦ:

ਕਿਤੇ ਗੋਲਿ ਗੋਲਾ ਮਹਾ ਬਾਨ ਛੋਰੇ ॥

ਕਿਤੇ ਗੋਲਾ ਚਲਾਉਣ ਵਾਲੇ ਗੋਲੇ ਅਤੇ ਬਾਣ ਚਲਾਉਣ ਵਾਲੇ ਬਾਣ ਛਡ ਰਹੇ ਸਨ।

ਕਿਤੇ ਗਰਬ ਧਾਰੀਨ ਕੇ ਗਰਬ ਤੋਰੇ ॥

ਕਿਤੇ ਘਮੰਡੀਆਂ ਦੇ ਗਰਬ ਤੋੜੇ ਜਾ ਰਹੇ ਸਨ।

ਪਰੀ ਮਾਰਿ ਭਾਰੀ ਕਹਾ ਲੌ ਬਖਾਨੋ ॥

ਬਹੁਤ ਮਾਰ ਪਈ ਸੀ, ਕਿਥੋਂ ਤਕ ਵਰਣਨ ਕਰਾਂ।

ਉਡੀ ਜਾਨ ਮਾਖੀਰੁ ਕੀ ਮਾਖਿ ਮਾਨੋ ॥੧੨॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ਹਿਦ ਦੀਆਂ ਮੱਖੀਆਂ ਉਡੀਆਂ ਹੋਣ ॥੧੨॥

ਦੋਹਰਾ ॥

ਦੋਹਰਾ:

ਬਜ੍ਰ ਬਾਨ ਬਿਛੂਅਨ ਭਏ ਬੀਰ ਲਰੇ ਰਨ ਮੰਡ ॥

ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਰਣ-ਭੂਮੀ ਵਿਚ ਸੂਰਮੇ ਲੜਦੇ ਸਨ।

ਲਗੀ ਤੁਪਕ ਕੀ ਉਰ ਬਿਖੈ ਜੂਝੇ ਖਾ ਬਲਵੰਡ ॥੧੩॥

ਬੰਦੂਕ ਦੀ ਗੋਲੀ ਛਾਤੀ ਵਿਚ ਲਗਣ ਨਾਲ ਬਲਵੰਡ ਖ਼ਾਨ ਮਰ ਗਿਆ ਸੀ ॥੧੩॥

ਚੌਪਈ ॥

ਚੌਪਈ:

ਬਲਵੰਡ ਖਾ ਜਬ ਹੀ ਰਨ ਜੂਝੇ ॥

ਬਲਵੰਡ ਖ਼ਾਨ ਜਦ ਰਣ-ਭੂਮੀ ਵਿਚ ਮਾਰਿਆ ਗਿਆ

ਔ ਭਟ ਮੁਏ ਜਾਤ ਨਹਿ ਬੂਝੇ ॥

ਅਤੇ ਹੋਰ ਵੀ ਪਤਾ ਨਹੀਂ, ਕਿਤਨੇ ਯੋਧੇ ਮਾਰੇ ਗਏ।

ਭਜੇ ਸੁਭਟ ਆਵਤ ਭਏ ਤਹਾ ॥

ਸੂਰਮੇ ਭਜ ਭਜ ਕੇ ਉਥੇ ਆਉਂਦੇ ਗਏ

ਜੋਬਨ ਖਾਨ ਖੇਤ ਮੈ ਜਹਾ ॥੧੪॥

ਜਿਥੇ ਜੋਬਨ ਖ਼ਾਨ ਯੁੱਧ ਕਰ ਰਿਹਾ ਸੀ ॥੧੪॥

ਦੋਹਰਾ ॥

ਦੋਹਰਾ:

ਬਲਵੰਡ ਖਾ ਕੋ ਸੁਨਿ ਮੁਏ ਸੰਕਿ ਰਹੇ ਸਭ ਸੂਰ ॥

ਬਲਵੰਡ ਖ਼ਾਨ ਦੇ ਮਾਰੇ ਜਾਣ ਦੀ ਗੱਲ ਸੁਣ ਕੇ ਸਾਰੇ ਸੂਰਮੇ ਸ਼ੰਕਾਵਾਨ ਹੋ ਗਏ।

ਬਿਨ ਸ੍ਰਯਾਰੇ ਸੀਤਲ ਭਏ ਖਾਏ ਜਨਕ ਕਪੂਰ ॥੧੫॥

ਉਹ ਬਿਨਾ ਸਿਆਲ ਦੀ ਰੁਤ ਦੇ ਠੰਢੇ ਹੋ ਗਏ ਮਾਨੋ (ਉਨ੍ਹਾਂ ਨੇ) ਕਪੂਰ ਖਾਧਾ ਹੋਵੇ ॥੧੫॥

ਅੜਿਲ ॥

ਅੜਿਲ:

ਚਪਲ ਕਲਾ ਜੋਬਨ ਖਾ ਜਬੈ ਨਿਹਾਰਿਯੋ ॥

ਚਪਲ ਕਲਾ ਨੇ ਜਦੋਂ ਜੋਬਨ ਖ਼ਾਨ ਨੂੰ ਵੇਖਿਆ

ਗਿਰੀ ਧਰਨਿ ਮੁਰਛਾਇ ਕਾਮ ਸਰ ਮਾਰਿਯੋ ॥

ਤਾਂ ਕਾਮ ਦਾ ਬਾਣ ਖਾ ਕੇ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ।

ਪਤ੍ਰੀ ਲਿਖੀ ਬਨਾਇ ਬਿਸਿਖ ਸੌ ਬਾਧਿ ਕਰਿ ॥

ਉਸ ਨੇ ਚਿੱਠੀ ਲਿਖ ਕੇ ਤੀਰ ਨਾਲ ਬੰਨ੍ਹ ਦਿੱਤੀ


Flag Counter