ਸ਼੍ਰੀ ਦਸਮ ਗ੍ਰੰਥ

ਅੰਗ - 139


ਇਹ ਕਉਨ ਆਹਿ ਆਤਮਾ ਸਰੂਪ ॥

ਇਹ ਆਤਮਾ ਦਾ ਕੀ ਸਰੂਪ ਹੈ

ਜਿਹ ਅਮਿਤ ਤੇਜਿ ਅਤਿਭੁਤਿ ਬਿਭੂਤਿ ॥੨॥੧੨੭॥

ਜਿਸ ਦਾ ਅਸੀਮ ਤੇਜ ਅਤੇ ਅਨੋਖੀ ਵਿਭੂਤੀ ਹੈ ॥੨॥੧੨੭॥

ਪਰਾਤਮਾ ਬਾਚ ॥

ਪਰਾਤਮਾ ਨੇ ਕਿਹਾ

ਯਹਿ ਬ੍ਰਹਮ ਆਹਿ ਆਤਮਾ ਰਾਮ ॥

ਹੇ ਜੀਵਾਤਮਾ! ਇਹ ਬ੍ਰਹਮ ਹੈ ਜਿਸ ਦਾ ਅਸੀਮ ਤੇਜ ਹੈ,

ਜਿਹ ਅਮਿਤ ਤੇਜਿ ਅਬਿਗਤ ਅਕਾਮ ॥

ਜੋ ਗਤਿ ਅਤੇ ਕਾਮਨਾ ਤੋਂ ਰਹਿਤ ਹੈ

ਜਿਹ ਭੇਦ ਭਰਮ ਨਹੀ ਕਰਮ ਕਾਲ ॥

ਅਤੇ ਜਿਸ ਵਿਚ ਭੇਦ, ਭਰਮ, ਕਰਮ ਅਤੇ ਕਾਲ ਦਾ ਕੋਈ ਦਖ਼ਲ ਨਹੀਂ

ਜਿਹ ਸਤ੍ਰ ਮਿਤ੍ਰ ਸਰਬਾ ਦਿਆਲ ॥੩॥੧੨੮॥

ਅਤੇ ਜੋ ਵੈਰੀ ਅਤੇ ਮਿਤਰ ਸਭਨਾਂ ਪ੍ਰਤਿ ਦਿਆਲ ਹੈ ॥੩॥੧੨੮॥

ਡੋਬਿਯੋ ਨ ਡੁਬੈ ਸੋਖਿਯੋ ਨ ਜਾਇ ॥

ਜੋ ਡੁਬਾਇਆਂ ਡੁਬਦਾ ਨਹੀਂ, ਸੁਕਾਇਆ ਸੁਕਦਾ ਨਹੀਂ,

ਕਟਿਯੋ ਨ ਕਟੈ ਨ ਬਾਰਿਯੋ ਬਰਾਇ ॥

ਕਟਿਆਂ ਕਟਿਆ ਨਹੀਂ ਜਾਂਦਾ, (ਅੱਗ ਨਾਲ) ਸਾੜਿਆਂ ਸੜਦਾ ਨਹੀਂ,

ਛਿਜੈ ਨ ਨੈਕ ਸਤ ਸਸਤ੍ਰ ਪਾਤ ॥

ਸੈਂਕੜੇ ਸ਼ਸਤ੍ਰਾਂ ਦੇ ਪ੍ਰਹਾਰ ਨਾਲ ਛਿਝਦਾ ਨਹੀਂ,

ਜਿਹ ਸਤ੍ਰ ਮਿਤ੍ਰ ਨਹੀ ਜਾਤ ਪਾਤ ॥੪॥੧੨੯॥

ਜਿਸ ਦਾ ਕੋਈ ਵੈਰੀ ਅਤੇ ਮਿਤਰ ਅਤੇ ਜਾਤ-ਭਾਈਚਾਰਾ ਨਹੀਂ ਹੈ ॥੪॥੧੨੯॥

ਸਤ੍ਰ ਸਹੰਸ ਸਤਿ ਸਤਿ ਪ੍ਰਘਾਇ ॥

(ਚਾਹੇ) ਲੱਖਾਂ ਵੈਰੀ (ਮਿਲ ਕੇ ਉਸ ਉਤੇ) ਸੈਂਕੜੇ ਪ੍ਰਹਾਰ ਕਰਨ,

ਛਿਜੈ ਨ ਨੈਕ ਖੰਡਿਓ ਨ ਜਾਇ ॥

(ਉਹ) ਨਾ ਛਿਜਦਾ ਹੈ ਅਤੇ ਨਾ ਜ਼ਰਾ ਜਿਨ੍ਹਾਂ ਟੁੱਟਦਾ ਹੈ,

ਨਹੀ ਜਰੈ ਨੈਕ ਪਾਵਕ ਮੰਝਾਰ ॥

(ਜੋ) ਅੱਗ ਵਿਚ ਰਤਾ ਜਿੰਨਾ ਵੀ ਸੜਦਾ ਨਹੀਂ,

ਬੋਰੈ ਨ ਸਿੰਧ ਸੋਖੈ ਨ ਬ੍ਰਯਾਰ ॥੫॥੧੩੦॥

(ਜਿਸ ਨੂੰ) ਸਮੁੰਦਰ ਡੁਬਾ ਨਹੀਂ ਸਕਦਾ ਅਤੇ ਵਾਯੂ ਸੁਕਾ ਨਹੀਂ ਸਕਦੀ ॥੫॥੧੩੦॥

ਇਕ ਕਰ੍ਯੋ ਪ੍ਰਸਨ ਆਤਮਾ ਦੇਵ ॥

ਆਤਮਾ ਨੇ ਫਿਰ ਇਕ ਪ੍ਰਸ਼ਨ ਕੀਤਾ,

ਅਨਭੰਗ ਰੂਪ ਅਨਿਭਉ ਅਭੇਵ ॥

ਹੇ ਨਾਸ਼ ਤੋਂ ਰਹਿਤ, ਡਰ ਤੋ ਬਿਨਾ ਅਤੇ ਭੇਦ-ਭਾਵ ਤੋਂ ਮੁਕਤ ਰੂਪ ਵਾਲੇ!

ਯਹਿ ਚਤੁਰ ਵਰਗ ਸੰਸਾਰ ਦਾਨ ॥

ਸੰਸਾਰ ਵਿਚ ਦਾਨ ਦੇ ਚਾਰ ਵਰਗ ਕਹੇ ਜਾਂਦੇ ਹਨ।

ਕਿਹੁ ਚਤੁਰ ਵਰਗ ਕਿਜੈ ਵਖਿਆਨ ॥੬॥੧੩੧॥

ਕ੍ਰਿਪਾ ਕਰ ਕੇ (ਇਨ੍ਹਾਂ) ਚਾਰ ਵਰਗਾਂ ਦੀ ਵਿਆਖਿਆ ਕਰੋ ॥੬॥੧੩੧॥

ਇਕ ਰਾਜੁ ਧਰਮ ਇਕ ਦਾਨ ਧਰਮ ॥

(ਉੱਤਰ ਵਿਚ ਪਰਮਾਤਮਾ ਨੇ ਕਿਹਾ) ਇਕ ਰਾਜ-ਧਰਮ (ਰਾਜਨੀਤੀ) ਹੈ, ਇਕ ਦਾਨ-ਧਰਮ (ਧਰਮ-ਨੀਤੀ) ਹੈ,

ਇਕ ਭੋਗ ਧਰਮ ਇਕ ਮੋਛ ਕਰਮ ॥

ਇਕ ਭੋਗ-ਧਰਮ (ਗ੍ਰਿਹਸਥ-ਨੀਤੀ) ਹੈ ਅਤੇ ਇਕ ਮੋਖਕਰਮ (ਸੰਨਿਆਸ-ਨੀਤੀ)।

ਇਕ ਚਤੁਰ ਵਰਗ ਸਭ ਜਗ ਭਣੰਤ ॥

ਇਹੀ ਚਾਰ ਵਰਗ ਸੰਸਾਰ ਵਿਚ ਕਹੇ ਜਾਂਦੇ ਹਨ।

ਸੇ ਆਤਮਾਹ ਪਰਾਤਮਾ ਪੁਛੰਤ ॥੭॥੧੩੨॥

(ਫਿਰ) ਆਤਮਾ ਨੇ ਪਰਮਾਤਮਾ ਨੂੰ ਪੁਛਿਆ ॥੭॥੧੩੨॥

ਇਕ ਰਾਜ ਧਰਮ ਇਕ ਧਰਮ ਦਾਨ ॥

ਇਕ ਰਾਜ-ਧਰਮ, ਇਕ ਦਾਨ-ਧਰਮ,

ਇਕ ਭੋਗ ਧਰਮ ਇਕ ਮੋਛਵਾਨ ॥

ਇਕ ਭੋਗ-ਧਰਮ ਅਤੇ ਇਕ ਮੋਖ-ਕਰਮ ਹੈ,

ਤੁਮ ਕਹੋ ਚਤ੍ਰ ਚਤ੍ਰੈ ਬਿਚਾਰ ॥

ਇਨ੍ਹਾਂ ਚੌਹਾਂ ਬਾਰੇ ਤੁਸੀਂ ਵਿਚਾਰ-ਪੂਵਕ ਸਮਝਾਓ।

ਜੇ ਤ੍ਰਿਕਾਲ ਭਏ ਜੁਗ ਅਪਾਰ ॥੮॥੧੩੩॥

(ਇਹ ਵੀ ਦਸੋ ਕਿ) ਤਿੰਨਾਂ ਕਾਲਾਂ ਅਤੇ ਅਪਾਰ ਯੁਗਾਂ ਵਿਚ (ਇਨ੍ਹਾਂ ਦੀ ਪਾਲਨਾ ਕਰਨ ਵਾਲੇ ਕੌਣ ਕੌਣ) ਹੋਏ ਹਨ? ॥੮॥੧੩੩॥

ਬਰਨੰਨ ਕਰੋ ਤੁਮ ਪ੍ਰਿਥਮ ਦਾਨ ॥

ਪਹਿਲਾਂ ਤੁਸੀਂ ਦਾਨ-ਧਰਮ ਦਾ ਵਰਣਨ ਕਰੋ,

ਜਿਮ ਦਾਨ ਧਰਮ ਕਿੰਨੇ ਨ੍ਰਿਪਾਨ ॥

ਜਿਵੇਂ ਰਾਜਿਆਂ ਨੇ ਦਾਨ-ਧਰਮ ਦੀ ਪਾਲਨਾ ਕੀਤੀ।

ਸਤਿਜੁਗ ਕਰਮ ਸੁਰ ਦਾਨ ਦੰਤ ॥

ਸਤਿਯੁਗ ਵਿਚ ਦੇਵਤਿਆਂ ਵਰਗੇ ਕਰਮ ਕਰ ਕੇ ਦਾਨ ਦਿੱਤਾ

ਭੂਮਾਦਿ ਦਾਨ ਕੀਨੇ ਅਕੰਥ ॥੯॥੧੩੪॥

ਅਤੇ ਭੂਮੀ ਆਦਿ ਦਾਨ ਦਿੱਤੇ ਹਨ (ਜੋ) ਕਥਨ ਤੋਂ ਬਾਹਰ ਹਨ ॥੯॥੧੩੪॥

ਤ੍ਰੈ ਜੁਗ ਮਹੀਪ ਬਰਨੇ ਨ ਜਾਤ ॥

ਤਿੰਨਾਂ ਯੁਗਾਂ ਦੇ ਰਾਜਿਆਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ,

ਗਾਥਾ ਅਨੰਤ ਉਪਮਾ ਅਗਾਤ ॥

(ਕਿਉਂਕਿ ਉਨ੍ਹਾਂ ਦੀ) ਕਥਾ ਅਮੁਕ ਹੈ ਅਤੇ ਉਪਮਾ ਕਥਨ ਤੋਂ ਪਰੇ ਹੈ ('ਅਗਾਤ')

ਜੋ ਕੀਏ ਜਗਤ ਮੈ ਜਗ ਧਰਮ ॥

(ਉਨ੍ਹਾਂ ਨੇ) ਜਗਤ ਵਿਚ ਜੋ ਯੱਗ ਕਰਦੇ ਹੋਇਆਂ ਧਰਮ ਕੀਤੇ

ਬਰਨੇ ਨ ਜਾਹਿ ਤੇ ਅਮਿਤ ਕਰਮ ॥੧੦॥੧੩੫॥

ਅਤੇ ਹੋਰ ਅਨੰਤ ਕਰਮ ਕੀਤੇ, (ਉਨ੍ਹਾਂ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੦॥੧੩੫॥

ਕਲਜੁਗ ਤੇ ਆਦਿ ਜੋ ਭਏ ਮਹੀਪ ॥

ਕਲਿਯੁਗ ਤੋਂ ਪਹਿਲਾਂ ਜੋ ਰਾਜੇ ਹੋਏ

ਇਹਿ ਭਰਥ ਖੰਡਿ ਮਹਿ ਜੰਬੂ ਦੀਪ ॥

ਇਸ ਭਾਰਤ-ਖੰਡ ਦੇ ਜੰਬੂ ਦੀਪ ਵਿਚ-

ਤ੍ਵ ਬਲ ਪ੍ਰਤਾਪ ਬਰਣੌ ਸੁ ਤ੍ਰੈਣ ॥

ਤੇਰੇ ਬਲ ਨਾਲ ਉਨ੍ਹਾਂ ('ਤ੍ਰੈਣ') ਦੇ ਪ੍ਰਤਾਪ ਦਾ ਵਰਣਨ ਕਰਦਾ ਹਾਂ।

ਰਾਜਾ ਯੁਧਿਸਟ੍ਰ ਭੂ ਭਰਥ ਏਣ ॥੧੧॥੧੩੬॥

ਪ੍ਰਿਥਵੀ ('ਭੂ') ਨੂੰ ਭਰਨ ਵਾਲਾ ਕਲੰਕ-ਰਹਿਤ ('ਏਣ') ਇਕ ਰਾਜਾ ਯੁਧਿਸ਼ਠਰ ਹੋਇਆ ਹੈ ॥੧੧॥੧੩੬॥

ਖੰਡੇ ਅਖੰਡ ਜਿਹ ਚਤੁਰ ਖੰਡ ॥

(ਉਸ ਨੇ) ਚੌਹਾਂ ਖੰਡਾਂ ਵਿਚ ਖੰਡਿਤ ਨਾ ਕੀਤੇ ਜਾ ਸਕਣ ਵਾਲੇ (ਰਾਜਿਆਂ ਦਾ) ਖੰਡਨ ਕੀਤਾ

ਕੈਰੌ ਕੁਰਖੇਤ੍ਰ ਮਾਰੇ ਪ੍ਰਚੰਡ ॥

ਅਤੇ ਕੌਰਵਾਂ ਨੂੰ ਕੁਰੂਕਸ਼ੇਤਰ (ਦੇ ਯੁੱਧ ਵਿਚ) ਪ੍ਰਚੰਡ (ਬਲ ਨਾਲ) ਮਾਰਿਆ,

ਜਿਹ ਚਤੁਰ ਕੁੰਡ ਜਿਤਿਯੋ ਦੁਬਾਰ ॥

ਜਿਸ ਨੇ ਚੌਹਾਂ ਦਿਸ਼ਾਵਾਂ ਨੂੰ ਦੋ ਵਾਰ ਜਿਤਿਆ

ਅਰਜਨ ਭੀਮਾਦਿ ਭ੍ਰਾਤਾ ਜੁਝਾਰ ॥੧੨॥੧੩੭॥

(ਅਤੇ ਜਿਸ ਦੇ) ਅਰਜਨ, ਭੀਮ ਆਦਿ ਜੁਝਾਰੂ ਭਰਾ ਸਨ ॥੧੨॥੧੩੭॥

ਅਰਜਨ ਪਠਿਯੋ ਉਤਰ ਦਿਸਾਨ ॥

(ਉਸ ਨੇ) ਉੱਤਰ ਦਿਸ਼ਾ ਨੂੰ (ਜਿਤਣ ਲਈ) ਅਰਜਨ ਨੂੰ ਭੇਜਿਆ

ਭੀਮਹਿ ਕਰਾਇ ਪੂਰਬ ਪਯਾਨ ॥

ਅਤੇ ਭੀਮ ਨੂੰ ਪੂਰਵ ਦਿਸ਼ਾ ਵਲ ਭੇਜਿਆ,

ਸਹਿਦੇਵ ਪਠਿਯੋ ਦਛਣ ਸੁਦੇਸ ॥

ਸਹਿਦੇਵ ਨੂੰ ਦੱਖਣ ਦੇਸ਼ ਵਲ ਘਲਿਆ

ਨੁਕਲਹਿ ਪਠਾਇ ਪਛਮ ਪ੍ਰਵੇਸ ॥੧੩॥੧੩੮॥

ਅਤੇ ਨਕੁਲ ਨੂੰ ਪੱਛਮ ਦੇ ਇਲਾਕੇ ਵਲ ਭੇਜ ਦਿੱਤਾ ॥੧੩॥੧੩੮॥

ਮੰਡੇ ਮਹੀਪ ਖੰਡਿਯੋ ਖਤ੍ਰਾਣ ॥

(ਇਨ੍ਹਾਂ ਸਾਰਿਆਂ ਨੇ) ਰਾਜਿਆਂ ਨੂੰ ਮਸਲ ('ਮੰਡੇ') ਦਿੱਤਾ ਅਤੇ ਛਤਰੀਆਂ ਨੂੰ ਖੰਡ ਖੰਡ ਕਰ ਦਿੱਤਾ,


Flag Counter