ਹੋਸ਼ ਵਿਚ ਆ ਕੇ ਫਿਰ ਯੁੱਧ ਮਚਾ ਦਿੱਤਾ।
(ਇਹ) ਕੌਤਕ ਸਭ ਲੋਕਾਂ ਨੇ ਵੇਖਿਆ।
ਕ੍ਰੋਧਵਾਨ ਹੋ ਕੇ ਉਹ ਇਸ ਤਰ੍ਹਾਂ ਲੜਦੇ ਸਨ,
ਮਾਨੋ ਬਨ ਵਿਚ ਦੋ ਸ਼ੇਰ ਲੜ ਰਹੇ ਹੋਣ ॥੨੧੭੪॥
ਸਵੈਯਾ:
ਯੁੱਧ ਵਿਚ ਰੁਕਮੀ ਥਕ ਗਿਆ, ਤਦ ਬਲਰਾਮ ਨੇ ਭਜ ਕੇ (ਉਸ ਉਤੇ) ਇਕ ਵਾਰ ਕਰ ਦਿੱਤਾ।
ਤਦ ਉਸ ਨੇ ਵੈਰੀ ਦੇ ਵਾਰ ਨੂੰ ਆਉਂਦੇ ਹੋਇਆਂ ਮਾਰਗ ਵਿਚ ਹੀ ਲਿਆ।
ਉਸੇ ਵੇਲੇ ਹੀ ਆਪਣੀ ਗਦਾ ਸੰਭਾਲ ਕੇ ਚਿਤ ਵਿਚ ਬਹੁਤ ਕ੍ਰੋਧ ਵਧਾਇਆ।
(ਕਵੀ) ਸ਼ਿਆਮ ਕਹਿੰਦੇ ਹਨ, ਉਸ ਯੋਧੇ ਨੇ ਉਦੋਂ ਹੀ ਗਦਾ ਨਾਲ ਗਦਾ ਦੇ ਵਾਰ ਨੂੰ ਬਚਾ ਲਿਆ ॥੨੧੭੫॥
(ਕਵੀ) ਸ਼ਿਆਮ ਕਹਿੰਦੇ ਹਨ, (ਬਲਰਾਮ ਨੇ) ਜਦੋਂ ਵੈਰੀ ਨੂੰ (ਵੇਖਿਆ ਕਿ) ਉਸ ਨੇ ਆਉਂਦੇ ਹੋਰ ਵਾਰ ਨੂੰ ਵਿਚੋਂ ਹੀ ਰੋਕ ਦਿੱਤਾ ਹੈ।
ਤਦ ਬਲਰਾਮ ਨੇ ਕ੍ਰੋਧ ਕਰ ਕੇ, ਗਦਾ ਦਾ ਇਕ ਹੋਰ ਵਾਰ ਕਰ ਦਿੱਤਾ।
ਉਹ ਇਸ (ਰੁਕਮੀ) ਦੇ ਸਿਰ ਵਿਚ ਜਾ ਲਗਾ ਅਤੇ ਇਸ ਨੂੰ ਜ਼ਰਾ ਜਿੰਨੀ ਵੀ ਸੰਭਾਲ ਨਾ ਰਹੀ।
ਰੁਕਮੀ ਦੀ ਦੇਹ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਈ ਅਤੇ ਫਿਰ ਉਹ ਯਮਲੋਕ ਨੂੰ ਚਲਾ ਗਿਆ ॥੨੧੭੬॥
ਰੁਕਮੀ ਦੇ ਜਿਤਨੇ ਭਰਾ ਸਨ, ਭਰਾ ਦਾ ਬਧ ਵੇਖ ਕੇ ਕ੍ਰੋਧ ਨਾਲ ਭਰ ਗਏ।
ਬਰਛੀ, ਧਨੁਸ਼-ਬਾਣ, ਤਲਵਾਰ ਅਤੇ ਗਦਾ (ਆਦਿ ਸ਼ਸਤ੍ਰ) ਪਕੜ ਕੇ ਇਸ (ਬਲਰਾਮ) ਉਤੇ ਆ ਪਏ।
ਕਿਲਕਾਰੀਆਂ ਮਾਰ ਕੇ ਦਸਾਂ ਦਿਸ਼ਾਵਾਂ ਤੋਂ ਬਲਰਾਮ ਨੂੰ ਘੇਰ ਲਿਆ ਅਤੇ (ਉਸ ਤੋਂ) ਬਿਲਕੁਲ ਨਾ ਡਰੇ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਤ ਵੇਲੇ ਦੀਪਕ ਨੂੰ ਵੇਖ ਕੇ ਪਤੰਗੇ ਟੁਟ ਕੇ ਪੈ ਗਏ ਹੋਣ ਅਤੇ ਜ਼ਰਾ ਜਿੰਨੇ ਵੀ ਡਰੇ ਨਾ ਹੋਣ ॥੨੧੭੭॥
ਉਨ੍ਹਾਂ ਨੇ ਬਹੁਤ ਕ੍ਰੋਧਿਤ ਹੋ ਕੇ ਬਲਰਾਮ ਨਾਲ ਉਥੇ ਬਹੁਤ ਭਾਰੀ ਯੁੱਧ ਮਚਾ ਦਿੱਤਾ।
(ਆਪਣੇ) ਭਰਾ ਦਾ ਪਤਨੀ ਦੇ ਭਰਾਵਾਂ ਨਾਲ ਯੁੱਧ ਹੋ ਰਿਹਾ ਹੈ, ਕ੍ਰਿਸ਼ਨ ਨੇ ਵੀ ਇਹ ਸੁਣ ਲਿਆ।
ਸ੍ਰੀ ਕ੍ਰਿਸ਼ਨ ਨੇ ਸਾਰੇ ਟਬਰ ਨੂੰ ਬੁਲਾ ਲਿਆ ਅਤੇ ਸਾਰਿਆਂ ਨੇ ਬੈਠ ਕੇ ਵਿਚਾਰ ਕੀਤਾ।
ਹੋਰ ਸਾਰੀ ਗੱਲ (ਕਥ) ਛਡ ਕੇ ਬਲਰਾਮ ਦੀ ਸਹਾਇਤਾ ਲਈ ਕ੍ਰਿਸ਼ਨ ਨੇ ਹਮਲਾ ਕਰ ਦਿੱਤਾ ॥੨੧੭੮॥
ਦੋਹਰਾ:
ਯਮ ਰੂਪ ਬਲਰਾਮ ਨੂੰ ਵੇਖ ਕੇ ਅਤੇ ਸ੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ
ਬੁੱਧੀਮਾਨਾਂ ਨੇ ਉਨ੍ਹਾਂ ਭਰਾਵਾਂ ਨੂੰ ਜੋ ਗੱਲ ਕਹੀ, ਉਹ ਕਹਿ ਕੇ ਸੁਣਾਂਦਾ ਹਾਂ, ॥੨੧੭੯॥
ਸਵੈਯਾ:
ਵੇਖੋ, ਕ੍ਰਿਸ਼ਨ ਬਹੁਤ ਸਾਰੀ ਸੈਨਾ ਲੈ ਕੇ ਆ ਰਿਹਾ ਹੈ, ਤੁਹਾਨੂੰ ਡਰ ਨਹੀਂ ਲਗਦਾ।
ਕਿਹੜਾ ਬਲਵਾਨ ਧਰਤੀ ਉਤੇ ਪ੍ਰਗਟ ਹੋਇਆ ਹੈ, ਤੁਸੀਂ ਹੀ ਕਿਉਂ ਨਹੀਂ ਦਸਦੇ, ਜੋ ਇਨ੍ਹਾਂ ਸਾਹਮਣੇ ਡਟੇਗਾ।
ਜੋ ਮੂਰਖ ਹਠ ਕਰ ਕੇ ਲੜੇਗਾ, ਤਾਂ ਕੀ ਉਹ ਫਿਰ ਜੀਉਂਦਾ ਘਰ ਪਰਤੇਗਾ।
ਅਜ ਇਸ ਮੌਕੇ ਉਹੀ ਬਚੇਗਾ, ਜੋ ਯੋਧਾ ਭਜ ਕੇ (ਆਪਣੇ) ਪ੍ਰਾਣ ਬਚਾ ਲਵੇਗਾ ॥੨੧੮੦॥
ਉਦੋਂ ਤਕ ਹੀ ਕ੍ਰੋਧਵਾਨ ਹੋਏ ਸ੍ਰੀ ਕ੍ਰਿਸ਼ਨ ਯੁੱਧ-ਭੂਮੀ ਵਿਚ ਆ ਗਏ।
ਲਹੂ ਨਾਲ ਲਿਬੜੇ ਹੋਏ ਬਲਰਾਮ ਨੂੰ ਵੇਖਿਆ ਅਤੇ ਬਿਨਾ ਪ੍ਰਾਣਾਂ ਦੇ ਪਏ ਹੋਏ ਰੁਕਮੀ ਵਲ ਵੀ ਨਜ਼ਰ ਮਾਰੀ।
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਹੋਰ ਵੀ ਜ਼ਖ਼ਮਾਂ ਨਾਲ ਘਾਇਲ ਹੋਏ ਬਹੁਤ ਸਾਰੇ ਰਾਜੇ ਵੇਖੇ।
ਭਰਾ ਨੂੰ ਵੇਖ ਕੇ ਪ੍ਰਸੰਨ ਹੋਏ ਅਤੇ ਸਦਕੇ ਹੋਏ (ਪਰ) ਇਸਤਰੀ ਨੂੰ ਵੇਖ ਕੇ ਅੱਖਾਂ ਨੀਵੀਆਂ ਕਰ ਲਈਆਂ (ਕਿਉਂਕਿ ਬਲਰਾਮ ਤੋਂ ਉਸ ਦਾ ਭਰਾ ਮਾਰਿਆ ਗਿਆ ਸੀ) ॥੨੧੮੧॥
ਰਥ ਉਤੋਂ ਉਸੇ ਵੇਲੇ ਸ੍ਰੀ ਕ੍ਰਿਸ਼ਨ (ਉਤਰ ਕੇ) ਬਲਰਾਮ ਨੂੰ ਜਾ ਕੇ ਜਫੀ ਵਿਚ ਲੈ ਲਿਆ।
ਫਿਰ ਹੋਰਨਾਂ ਨੇ ਜਾ ਕੇ ਰੁਕਮੀ ਨੂੰ ਚੁਕ ਲਿਆ ਅਤੇ ਉਸ ਦਾ ਚੰਗੀ ਤਰ੍ਹਾਂ ਸਸਕਾਰ ਕੀਤਾ।
ਉਧਰ ਰੁਕਮਨੀ ਦੌੜ ਕੇ ਭਰਾਵਾਂ ਵਿਚ (ਖੜੋ) ਗਈ ਅਤੇ ਜਾ ਕੇ ਸਮਝਾਇਆ
ਕਿ ਤੁਸੀਂ ਇਨ੍ਹਾਂ ਨਾਲ ਕਿਸ ਲਈ ਯੁੱਧ ਕੀਤਾ ਹੈ ਜਿਨ੍ਹਾਂ ਦੇ ਬਰਾਬਰ ਹੋਰ ਕੋਈ ਯੋਧਾ ਨਹੀਂ ਹੈ ॥੨੧੮੨॥
ਚੌਪਈ:
ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਸਮਝਾਇਆ
ਅਤੇ ਪੋਤਰੇ ਦੀ ਵਹੁਟੀ ਲੈ ਕੇ (ਆਪਣੇ) ਡੇਰੇ ਵਚ ਆ ਗਏ।
ਸ੍ਰੀ ਕ੍ਰਿਸ਼ਨ ਦੀ ਜਿਸ ਤਰ੍ਹਾਂ ਦੀ ਕਥਾ ਹੋਵੇਗੀ,
ਮੈਂ ਕਹਾਂਗਾ ਅਤੇ ਸਰੋਤਿਆਂ ਨੂੰ ਚੰਗੀ ਤਰ੍ਹਾਂ ਰਿਝਾਵਾਂਗਾ ॥੨੧੮੩॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਪੋਤਰੇ ਦੇ ਵਿਆਹ ਅਤੇ ਰੁਕਮੀ ਦੇ ਬਧ ਵਾਲਾ ਅਧਿਆਇ ਸਮਾਪਤ।
ਹੁਣ ਊਖਾ ਦੇ ਵਿਆਹ ਦਾ ਕਥਨ
ਅਤੇ ਦਸ ਹਜ਼ਾਰ ਭੁਜਾਵਾਂ ਵਾਲੇ ਦਾ ਗਰਬ ਨਸ਼ਟ ਕਰਨ ਦਾ ਕਥਨ
ਚੌਪਈ:
ਜਦ ਸ੍ਰੀ ਕ੍ਰਿਸ਼ਨ ਪੋਤਰੇ ਨੂੰ ਵਿਆਹ ਦੇ ਘਰ ਪਰਤ ਆਏ
(ਤਾਂ ਉਨ੍ਹਾਂ ਨੇ) ਆਪਣੇ ਮਨ ਵਿਚ ਬਹੁਤ ਆਨੰਦ ਵਧਾ ਲਿਆ ਸੀ।