ਸ਼੍ਰੀ ਦਸਮ ਗ੍ਰੰਥ

ਅੰਗ - 697


ਚੜ੍ਯੋ ਬਾਜ ਤਾਜੀ ਕੋਪਤੰ ਸਰੂਪੰ ॥

(ਜੋ) ਕਬੂਤਰੀ ਰੰਗ ਦੇ ਤਾਜ਼ੀ ਘੋੜੇ ਉਤੇ ਚੜ੍ਹਿਆ ਹੋਇਆ ਹੈ

ਧਰੇ ਚਰਮ ਬਰਮੰ ਬਿਸਾਲੰ ਅਨੂਪੰ ॥

ਅਤੇ (ਜਿਸ ਨੇ) ਵੱਡੀ ਢਾਲ ਅਤੇ ਅਨੂਪਮ ਕਵਚ ਧਾਰਨ ਕੀਤਾ ਹੋਇਆ ਹੈ।

ਧੁਜਾ ਬਧ ਸਿਧੰ ਅਲਜਾ ਜੁਝਾਰੰ ॥

(ਰਥ ਨਾਲ) ਧੁਜਾ ਬੰਨੀ ਹੋਈ ਹੈ, (ਉਹ) ਜੁਝਾਰੂ ਯੋਧਾ 'ਅਲਜਾ' ਸਿੱਧ ਹੁੰਦਾ ਹੈ।

ਬਡੋ ਜੰਗ ਜੋਧਾ ਸੁ ਕ੍ਰੁਧੀ ਬਰਾਰੰ ॥੨੦੯॥

ਉਹ ਬਹੁਤ ਵੱਡਾ ਰਣ-ਯੋਧਾ, ਕ੍ਰੋਧ ਕਰਨ ਵਾਲਾ ਅਤੇ ਬਲ ਵਾਲਾ ਹੈ ॥੨੦੯॥

ਧਰੇ ਛੀਨ ਬਸਤ੍ਰੰ ਮਲੀਨੰ ਦਰਿਦ੍ਰੀ ॥

(ਜਿਸ ਨੇ) ਪਤਲੇ ਬਸਤ੍ਰ ਧਾਰਨ ਕੀਤੇ ਹੋਏ ਹਨ (ਅਤੇ ਜੋ) ਮਲੀਨ ਅਤੇ ਦਰਿਦ੍ਰੀ ਹੈ,

ਧੁਜਾ ਫਾਟ ਬਸਤ੍ਰੰ ਸੁ ਧਾਰੇ ਉਪਦ੍ਰੀ ॥

(ਜਿਸ ਦੀ) ਧੁਜਾ ਦਾ ਬਸਤ੍ਰ ਫਟਿਆ ਹੋਇਆ ਹੈ ਅਤੇ ਉਪਦ੍ਰਵਾਂ ਨੂੰ ਧਾਰਨ ਵਾਲਾ ਹੈ।

ਮਹਾ ਸੂਰ ਚੋਰੀ ਕਰੋਰੀ ਸਮਾਨੰ ॥

(ਉਹ) 'ਚੋਰੀ' (ਨਾਂ ਵਾਲਾ) ਕਰੋੜੀ (ਕੁਠਾਰੀ) ਦੇ ਸਮਾਨ ਸੂਰਮਾ ਹੈ।

ਲਸੈ ਤੇਜ ਐਸੋ ਲਜੈ ਦੇਖਿ ਸ੍ਵਾਨੰ ॥੨੧੦॥

(ਉਸ ਦਾ) ਤੇਜ (ਲਾਲਚ) ਇਸ ਤਰ੍ਹਾਂ ਲਿਸ਼ਕਦਾ ਹੈ (ਕਿ ਜਿਸ ਨੂੰ) ਵੇਖ ਕੇ ਕੁੱਤਾ ਵੀ ਸ਼ਰਮਾਉਂਦਾ ਹੈ ॥੨੧੦॥

ਫਟੇ ਬਸਤ੍ਰ ਸਰਬੰ ਸਬੈ ਅੰਗ ਧਾਰੇ ॥

(ਜਿਸ ਦੇ) ਸ਼ਰੀਰ ਉਤੇ ਧਾਰਨ ਕੀਤੇ ਸਾਰੇ ਬਸਤ੍ਰ ਫਟੇ ਹੋਏ ਹਨ,

ਬਧੇ ਸੀਸ ਜਾਰੀ ਬੁਰੀ ਅਰਧ ਜਾਰੇ ॥

(ਜਿਸ ਨੇ) ਸਿਰ ਅੱਧੀ-ਪਚੱਧੀ ਭੈੜੀ ਜਿਹੀ (ਲੋਹੇ ਦੀ) ਜਾਲੀ (ਦੀ ਪੱਗ) ਬੰਨ੍ਹੀ ਹੋਈ ਹੈ।

ਚੜ੍ਯੋ ਭੀਮ ਭੈਸੰ ਮਹਾ ਭੀਮ ਰੂਪੰ ॥

(ਜੋ) ਬੜੇ ਭਿਆਨਕ ਰੂਪ ਵਾਲਾ ਅਤੇ ਵੱਡੇ ਆਕਾਰ ਦੇ ਝੋਟੇ ਉਤੇ ਚੜ੍ਹਿਆ ਹੋਇਆ ਹੈ।

ਬਿਭੈਚਾਰ ਜੋਧਾ ਕਹੋ ਤਾਸ ਭੂਪੰ ॥੨੧੧॥

ਹੇ ਰਾਜਨ! ਉਸ ਨੂੰ 'ਵਿਭਚਾਰ' ਨਾਂ ਵਾਲਾ ਯੋਧਾ ਕਹੋ ॥੨੧੧॥

ਸਭੈ ਸਿਆਮ ਬਰਣੰ ਸਿਰੰ ਸੇਤ ਏਕੰ ॥

(ਜਿਸ ਦਾ) ਸਾਰਾ ਰੰਗ ਕਾਲਾ ਹੈ, (ਕੇਵਲ) ਇਕ ਸਿਰ ਚਿੱਟਾ ਹੈ।

ਨਹੇ ਗਰਧਪੰ ਸ੍ਰਯੰਦਨੇਕੰ ਅਨੇਕੰ ॥

(ਉਸ ਦੇ) ਇਕ ਰਥ ਨਾਲ ਅਨੇਕਾਂ ਖੋਤੇ ਜੁਤੇ ਹੋਏ ਹਨ।

ਧੁਜਾ ਸ੍ਯਾਮ ਬਰਣੰ ਭੁਜੰ ਭੀਮ ਰੂਪੰ ॥

(ਉਸ ਦੀ) ਧੁਜਾ ਕਾਲੇ ਰੰਗ ਦੀ ਹੈ ਅਤੇ (ਉਸ ਦੀਆਂ) ਭੁਜਾਵਾਂ ਵਿਸ਼ਾਲ ਰੂਪ ਵਾਲੀਆਂ ਹਨ।

ਸਰੰ ਸ੍ਰੋਣਿਤੰ ਏਕ ਅਛੇਕ ਕੂਪੰ ॥੨੧੨॥

(ਉਸ ਦੀ) ਇਕ ਅੱਖ ਲਹੂ ਦੇ ਛਪੜ ਵਰਗੀ ਅਤੇ ਇਕ ਖੂਹ ਵਰਗੀ ਹੈ ॥੨੧੨॥

ਮਹਾ ਜੋਧ ਦਾਰਿਦ੍ਰ ਨਾਮਾ ਜੁਝਾਰੰ ॥

'ਦਰਿਦ੍ਰ' ਨਾਂ ਵਾਲਾ ਯੋਧਾ ਬਹੁਤ ਲੜਾਕਾ ਹੈ।

ਧਰੇ ਚਰਮ ਬਰਮੰ ਸੁ ਪਾਣੰ ਕੁਠਾਰੰ ॥

(ਉਸ ਨੇ ਸ਼ਰੀਰ ਉਤੇ) ਕਵਚ ਅਤੇ ਹੱਥਾਂ ਵਿਚ ਢਾਲ ਅਤੇ ਕੁਹਾੜਾ ਧਾਰਨ ਕੀਤਾ ਹੋਇਆ ਹੈ।

ਬਡੋ ਚਿਤ੍ਰ ਜੋਧੀ ਕਰੋਧੀ ਕਰਾਲੰ ॥

ਬਹੁਤ ਹੀ ਵਿਚਿਤ੍ਰ, ਭਿਆਨਕ ਅਤੇ ਗੁਸੈਲ ਯੋਧਾ ਹੈ।

ਤਜੈ ਨਾਸਕਾ ਨੈਨ ਧੂਮ੍ਰੰ ਬਰਾਲੰ ॥੨੧੩॥

(ਉਹ) ਨਕ ਅਤੇ ਅੱਖਾਂ ਤੋਂ ਭਿਆਨਕ ਧੂੰਆਂ ਛਡਦਾ ਹੈ ॥੨੧੩॥

ਰੂਆਲ ਛੰਦ ॥

ਰੂਆਲ ਛੰਦ:

ਸ੍ਵਾਮਿਘਾਤ ਕ੍ਰਿਤਘਨਤਾ ਦੋਊ ਬੀਰ ਹੈ ਦੁਰ ਧਰਖ ॥

'ਸ੍ਵਾਮਿਘਾਤ' ਅਤੇ 'ਕ੍ਰਿਤਘਨਤਾ' (ਨਾਂ ਦੇ) ਦੋਵੇਂ ਭਰਾ ਭਿਆਨਕ ਯੋਧੇ ਹਨ।

ਸਤ੍ਰੁ ਸੂਰਨ ਕੇ ਸੰਘਾਰਕ ਸੈਨ ਕੇ ਭਰਤਰਖ ॥

(ਇਹ) ਵੈਰੀ ਸੂਰਮਿਆਂ ਨੂੰ ਨਸ਼ਟ ਕਰਨ ਵਾਲੇ (ਅਤੇ ਆਪਣੀ) ਸੈਨਾ ਦੇ ਰਖਵਾਲੇ ਹਨ।

ਕਉਨ ਦੋ ਥਨ ਸੋ ਜਨਾ ਜੁ ਨ ਮਾਨਿ ਹੈ ਤਿਹੰ ਤ੍ਰਾਸ ॥

(ਉਹ) ਕਿਹੜਾ ਦੋ ਥਣਾਂ ਵਾਲੀ ਇਸਤਰੀ ਤੋਂ (ਮਾਂ ਦਾ ਲਾਲ) ਜੰਮਿਆ ਹੈ ਜੋ ਇਨ੍ਹਾਂ ਦਾ ਡਰ ਨਹੀਂ ਮੰਨਦਾ ਹੈ।

ਰੂਪ ਅਨੂਪ ਬਿਲੋਕਿ ਕੈ ਭਟ ਭਜੈ ਹੋਇ ਉਦਾਸ ॥੨੧੪॥

(ਉਨ੍ਹਾਂ ਦੇ) ਅਨੂਪਮ ਰੂਪ ਨੂੰ ਵੇਖ ਕੇ ਯੋਧੇ ਉਦਾਸ (ਨਿਰਾਸ਼) ਹੋ ਕੇ ਭਜ ਜਾਂਦੇ ਹਨ ॥੨੧੪॥

ਮਿਤ੍ਰ ਦੋਖ ਅਰੁ ਰਾਜ ਦੋਖ ਸੁ ਏਕ ਹੀ ਹੈ ਭ੍ਰਾਤ ॥

'ਮਿਤ੍ਰਦੋਖ' ਅਤੇ 'ਰਾਜਦੋਖ' (ਦੋਵੇਂ) ਭਰਾ ਇਕੋ ਹੀ ਹਨ।

ਏਕ ਬੰਸ ਦੁਹੂੰਨ ਕੋ ਅਰ ਏਕ ਹੀ ਤਿਹ ਮਾਤ ॥

ਦੋਹਾਂ ਦੀ ਇਕੋ ਹੀ ਬੰਸ ਅਤੇ ਇਕੋ ਹੀ ਉਨ੍ਹਾਂ ਦੀ ਮਾਤਾ ਹੈ।

ਛਤ੍ਰਿ ਧਰਮ ਧਰੇ ਹਠੀ ਰਣ ਧਾਇ ਹੈ ਜਿਹ ਓਰ ॥

ਛਤ੍ਰੀ ਧਰਮ ਧਾਰਨ ਕਰ ਕੇ (ਦੋਵੇਂ) ਹਠੀ ਰਣਭੂਮੀ ਵਿਚ ਜਿਸ ਪਾਸੇ ਵਲ ਧਾਵਾ ਕਰਦੇ ਹਨ,

ਕਉਨ ਧੀਰ ਧਰ ਭਟਾਬਰ ਲੇਤ ਹੈ ਝਕਝੋਰ ॥੨੧੫॥

(ਤਾਂ) ਸੂਰਮਿਆਂ ਦੀ ਲਾਜ ਰਖਣ ਵਾਲਾ ਕਿਹੜਾ (ਯੋਧਾ) ਧੀਰਜ ਧਾਰਨ ਕਰ ਸਕਦਾ ਹੈ। (ਇਹ) ਝੰਝੋੜ ਕੇ (ਯੁੱਧ ਜਿਤ) ਲੈਂਦੇ ਹਨ ॥੨੧੫॥

ਈਰਖਾ ਅਰੁ ਉਚਾਟ ਏ ਦੋਊ ਜੰਗ ਜੋਧਾ ਸੂਰ ॥

'ਈਰਖਾ' ਅਤੇ 'ਉਚਾਟ' ਇਹ ਦੋਵੇਂ ਜੰਗ ਦੇ ਸੂਰਮੇਂ ਯੋਧੇ ਹਨ।

ਭਾਜਿ ਹੈ ਅਵਿਲੋਕ ਕੈ ਅਰੁ ਰੀਝਿ ਹੈ ਲਖਿ ਹੂਰ ॥

(ਇਨ੍ਹਾਂ ਨੂੰ) ਵੇਖ ਕੇ (ਵੈਰੀ) ਭਜ ਜਾਂਦੇ ਹਨ ਅਤੇ ਹੂਰਾਂ ਵੇਖ ਕੇ ਪ੍ਰਸੰਨ ਹੁੰਦੀਆਂ ਹਨ।

ਕਉਨ ਧੀਰ ਧਰੈ ਭਟਾਬਰ ਜੀਤਿ ਹੈ ਸਬ ਸਤ੍ਰੁ ॥

ਕਿਹੜਾ ਪ੍ਰਤਾਪੀ ਯੋਧਾ ਧੀਰਜ ਨੂੰ ਧਾਰਨ ਕਰੇਗਾ (ਕਿਉਂਕਿ ਇਹ) ਸਾਰੇ ਵੈਰੀਆਂ ਨੂੰ ਜਿਤ ਲੈਂਦੇ ਹਨ।

ਦੰਤ ਲੈ ਤ੍ਰਿਣ ਭਾਜਿ ਹੈ ਭਟ ਕੋ ਨ ਗਹਿ ਹੈ ਅਤ੍ਰ ॥੨੧੬॥

ਯੋਧੇ ਦੰਦਾਂ ਵਿਚ ਘਾਹ ਲੈ ਕੇ ਭਜ ਜਾਂਦੇ ਹਨ, (ਫਿਰ) ਕੋਈ ਵੀ (ਯੋਧਾ) ਅਸਤ੍ਰ-ਸ਼ਸਤ੍ਰ ਧਾਰਨ ਨਹੀਂ ਕਰਦਾ ॥੨੧੬॥

ਘਾਤ ਅਉਰ ਬਸੀਕਰਣ ਬਡ ਬੀਰ ਧੀਰ ਅਪਾਰ ॥

'ਘਾਤ' ਅਤੇ 'ਬਸੀਕਰਣ' ਅਪਾਰ ਧੀਰਜ ਵਾਲੇ ਵੱਡੇ ਸੂਰਮੇ ਹਨ।

ਕ੍ਰੂਰ ਕਰਮ ਕੁਠਾਰ ਪਾਣਿ ਕਰਾਲ ਦਾੜ ਬਰਿਆਰ ॥

ਕਠੋਰ ਕਰਮ ਰੂਪੀ ਕੁਹਾੜਾ (ਇਨ੍ਹਾਂ ਦੇ) ਹੱਥ ਵਿਚ ਹੈ ਅਤੇ ਭਿਆਨਕ ਦਾੜ੍ਹਾਂ ਵਾਲੇ ਜਰਵਾਣੇ ਹਨ।

ਬਿਜ ਤੇਜ ਅਛਿਜ ਗਾਤਿ ਅਭਿਜ ਰੂਪ ਦੁਰੰਤ ॥

(ਇਨ੍ਹਾਂ ਦਾ) ਬਿਜਲੀ ਵਰਗਾ ਤੇਜ ਹੈ, ਨਾ ਛਿਜਣ ਵਾਲਾ ਸ਼ਰੀਰ ਹੈ ਅਤੇ ਨਾ ਭਿਜਣ ਵਾਲਾ ਡਰਾਉਣਾ ਰੂਪ ਹੈ।

ਕਉਨ ਕਉਨ ਨ ਜੀਤਿਏ ਜਿਨਿ ਜੀਵ ਜੰਤ ਮਹੰਤ ॥੨੧੭॥

(ਇਨ੍ਹਾਂ ਨੇ) ਜਿੰਨੇ ਵੀ ਵੱਡੇ ਵੱਡੇ ਜੀਵ ਜੰਤੂ ਹਨ (ਉਨ੍ਹਾਂ ਵਿਚੋਂ) ਕਿਹੜਾ ਕਿਹੜਾ ਨਹੀਂ ਜਿਤਿਆ ਹੈ ॥੨੧੭॥

ਆਪਦਾ ਅਰੁ ਝੂਠਤਾ ਅਰੁ ਬੀਰ ਬੰਸ ਕੁਠਾਰ ॥

'ਅਪਦਾ' (ਬਿਪਤਾ) ਅਤੇ 'ਝੂਠਤਾ' ਵੀ ਸੂਰਮਿਆਂ ਦੇ ਬੰਸ ਨੂੰ (ਨਸ਼ਟ ਕਰਨ ਲਈ) ਕੁਹਾੜੇ ਵਰਗੇ ਹਨ।

ਪਰਮ ਰੂਪ ਦੁਰ ਧਰਖ ਗਾਤ ਅਮਰਖ ਤੇਜ ਅਪਾਰ ॥

(ਇਨ੍ਹਾਂ ਦਾ) ਮਹਾਨ ਰੂਪ ਹੈ, ਦ੍ਰਿੜ੍ਹ ਸ਼ਰੀਰ ਹੈ, (ਇਹ) ਬਹੁਤ ਗੁੱਸੇ ਵਾਲੇ ਅਤੇ ਅਪਾਰ ਤੇਜ ਵਾਲੇ ਹਨ।

ਅੰਗ ਅੰਗਨਿ ਨੰਗ ਬਸਤ੍ਰ ਨ ਅੰਗ ਬਲਕੁਲ ਪਾਤ ॥

(ਇਹ) ਬਿਨਾ ਬਸਤ੍ਰਾਂ ਦੇ ਅੰਗ ਪ੍ਰਤਿ ਅੰਗ ਤੋਂ ਨੰਗੇ ਹਨ ਅਤੇ ਸ਼ਰੀਰ ਤੋਂ ਬ੍ਰਿਛਾਂ ਦੀਆਂ ਛਿਲਾਂ ਅਤੇ ਪਤਿਆਂ ਦੇ ਬਸਤ੍ਰ (ਪਾਏ ਹੋਏ ਹਨ)।

ਦੁਸਟ ਰੂਪ ਦਰਿਦ੍ਰ ਧਾਮ ਸੁ ਬਾਣ ਸਾਧੇ ਸਾਤ ॥੨੧੮॥

(ਇਹ) ਦੁਸ਼ਟ ਰੂਪ ਵਾਲੇ ਦਰਿਦ੍ਰਤਾ ਦਾ ਘਰ ਹਨ ਅਤੇ (ਉਪਦ੍ਰਵ ਜਾਂ ਵਿਘਨ ਦੇ) ਸੱਤ ਬਾਣ ਸਾਧੇ ਹੋਏ ਹਨ ॥੨੧੮॥

ਬਿਯੋਗ ਅਉਰ ਅਪਰਾਧ ਨਾਮ ਸੁ ਧਾਰ ਹੈ ਜਬ ਕੋਪ ॥

'ਬਿਯੋਗ' ਅਤੇ 'ਅਪਰਾਧ' ਨਾਂ ਦੇ (ਸੂਰਮੇ) ਜਦ ਕ੍ਰੋਧ ਧਾਰਨ ਕਰਨਗੇ,

ਕਉਨ ਠਾਢ ਸਕੈ ਮਹਾ ਬਲਿ ਭਾਜਿ ਹੈ ਬਿਨੁ ਓਪ ॥

(ਤਦ) ਕਿਹੜਾ ਮਹਾ ਬਲੀ (ਉਨ੍ਹਾਂ ਦੇ ਸਾਹਮਣੇ) ਖੜੋ ਸਕੇਗਾ ਅਤੇ ਬਿਨਾ ਮਰਯਾਦਾ ਦੇ ਭਜ ਜਾਣਗੇ।

ਸੂਲ ਸੈਥਨ ਪਾਨਿ ਬਾਨ ਸੰਭਾਰਿ ਹੈ ਤਵ ਸੂਰ ॥

(ਹੇ ਰਾਜਨ!) ਤੇਰੇ ਸੂਰਮੇ ਹੱਥ ਵਿਚ ਸੂਲ, ਬਰਛੀ ਅਤੇ ਬਾਣ ਧਾਰਨ ਕਰ ਲੈਣਗੇ,

ਭਾਜਿ ਹੈ ਤਜਿ ਲਾਜ ਕੋ ਬਿਸੰਭਾਰ ਹ੍ਵੈ ਸਬ ਕੂਰ ॥੨੧੯॥

(ਪਰ) ਸਾਰੇ ਹੀ ਬੇਸੁਧ ਹੋ ਕੇ ਝੂਠੇ ਹੋਣਗੇ ਅਤੇ ਲਾਜ ਨੂੰ ਛਡ ਕੇ ਭਜ ਜਾਣਗੇ ॥੨੧੯॥

ਭਾਨੁ ਕੀ ਸਰ ਭੇਦ ਜਾ ਦਿਨ ਤਪਿ ਹੈ ਰਣ ਸੂਰ ॥

ਜਿਸ ਦਿਨ ਰਣ ਵਿਚ ਸੂਰਜ ਵਾਂਗ ਤਪ ਕੇ (ਤੀਰਾਂ ਨਾਲ) ਵਿੰਨ੍ਹਣਗੇ,

ਕਉਨ ਧੀਰ ਧਰੈ ਮਹਾ ਭਟ ਭਾਜਿ ਹੈ ਸਭ ਕੂਰ ॥

(ਉਦੋਂ) ਕਿਹੜਾ ਸੂਰਮਾ ਧੀਰਜ ਧਾਰਨ ਕਰੇਗਾ, ਸਾਰੇ ਮਹਾਨ ਯੋਧੇ ਝੂਠੇ ਪੈ ਕੇ ਭਜ ਜਾਣਗੇ।

ਸਸਤ੍ਰ ਅਸਤ੍ਰਨ ਛਾਡਿ ਕੈ ਅਰੁ ਬਾਜ ਰਾਜ ਬਿਸਾਰਿ ॥

ਅਸਤ੍ਰਾਂ ਸ਼ਸਤ੍ਰਾਂ ਨੂੰ ਛਡ ਕੇ ਅਤੇ ਰਾਜ ਤੇ ਘੋੜਿਆਂ ਨੂੰ ਭੁਲਾ ਕੇ,

ਕਾਟਿ ਕਾਟਿ ਸਨਾਹ ਤਵ ਭਟ ਭਾਜਿ ਹੈ ਬਿਸੰਭਾਰ ॥੨੨੦॥

ਤੇਰੇ ਯੋਧੇ ਕਵਚਾਂ ਨੂੰ ਕਟ ਕਟ ਕੇ ਬੇਸੁਧ ਹੋਏ ਭਜ ਜਾਣਗੇ ॥੨੨੦॥

ਧੂਮ੍ਰ ਬਰਣ ਅਉ ਧੂਮ੍ਰ ਨੈਨ ਸੁ ਸਾਤ ਧੂਮ੍ਰ ਜੁਆਲ ॥

ਧੂੰਏਂ ਵਰਗਾ ਰੰਗ ਹੈ, ਧੂੰਏਂ ਦੇ ਸਮਾਨ ਅੱਖਾਂ ਹਨ ਅਤੇ ਸੱਤਾਂ ਧੂਣਿਆਂ ਦੀ (ਮੂੰਹ ਵਿਚੋਂ) ਅੱਗ ਕੱਢਣ ਵਾਲਾ ਹੈ।

ਛੀਨ ਬਸਤ੍ਰ ਧਰੇ ਸਬੈ ਤਨ ਕ੍ਰੂਰ ਬਰਣ ਕਰਾਲ ॥

(ਜਿਸ ਨੇ) ਸਾਰੇ ਸ਼ਰੀਰ ਉਤੇ ਬਾਰੀਕ ਬਸਤ੍ਰ ਧਾਰਨ ਕੀਤੇ ਹੋਏ ਹਨ ਅਤੇ (ਜਿਸ ਦਾ) ਭਿਆਨਕ ਅਤੇ ਕਠੋਰ ਰੰਗ ਹੈ।

ਨਾਮ ਆਲਸ ਤਵਨ ਕੋ ਸੁਨਿ ਰਾਜ ਰਾਜ ਵਤਾਰ ॥

ਉਸ ਦਾ ਨਾਂ 'ਆਲਸ' ਹੈ, ਹੇ ਰਾਜਿਆਂ ਦੇ ਅਵਤਾਰ ਰੂਪ ਰਾਜਨ! ਸੁਣੋ,

ਕਉਨ ਸੂਰ ਸੰਘਾਰਿ ਹੈ ਤਿਹ ਸਸਤ੍ਰ ਅਸਤ੍ਰ ਪ੍ਰਹਾਰ ॥੨੨੧॥

ਅਸਤ੍ਰਾਂ ਸ਼ਸਤ੍ਰਾਂ ਦਾ ਵਾਰ ਕਰ ਕੇ ਕਿਹੜਾ ਸੂਰਮਾ ਉਸ ਨੂੰ ਸੰਘਾਰ ਸਕਦਾ ਹੈ ॥੨੨੧॥

ਤੋਟਕ ਛੰਦ ॥

ਤੋਟਕ ਛੰਦ:

ਚੜਿ ਹੈ ਗਹਿ ਕੋਪ ਕ੍ਰਿਪਾਣ ਰਣੰ ॥

ਕ੍ਰੋਧ ਨਾਲ ਤਲਵਾਰ ਪਕੜ ਕੇ ਯੁੱਧ ਲਈ ਚੜ੍ਹਦਾ ਹੈ।

ਘਮਕੰਤ ਕਿ ਘੁੰਘਰ ਘੋਰ ਘਣੰ ॥

ਬਦਲ ਵਾਂਗ ਘੁੰਘਰੂਆਂ ਦਾ ਘਮਕਾਰ ਕਰਦਾ ਹੈ।

ਤਿਹ ਨਾਮ ਸੁ ਖੇਦ ਅਭੇਦ ਭਟੰ ॥

ਉਸ ਦਾ ਨਾਂ ਨਾ ਭੇਦੇ ਜਾ ਸਕਣ ਵਾਲਾ 'ਖੇਦ' ਸੂਰਮਾ ਹੈ।

ਤਿਹ ਬੀਰ ਸੁਧੀਰ ਲਖੋ ਨਿਪਟੰ ॥੨੨੨॥

ਉਸ ਨੂੰ ਯੋਧਿਆਂ ਵਿਚੋਂ ਨਿਪੁਣ ਯੋਧਾ ਮੰਨ ਲਵੋ ॥੨੨੨॥

ਕਲ ਰੂਪ ਕਰਾਲ ਜ੍ਵਾਲ ਜਲੰ ॥

(ਜਿਸ ਦੇ) ਸੁਹਾਵਣੇ ('ਕਲ') ਰੂਪ ਵਿਚੋਂ ਭਿਆਨਕ ਅੱਗ ਬਲ ਰਹੀ ਹੈ (ਅਰਥਾਤ-ਅਗਨੀ ਦੀਆਂ ਲਾਟਾਂ ਨਿਕਲ ਰਹੀਆਂ ਹਨ)।

ਅਸਿ ਉਜਲ ਪਾਨਿ ਪ੍ਰਭਾ ਨ੍ਰਿਮਲੰ ॥

(ਉਸ ਨੇ) ਸਫੈਦ ਤਲਵਾਰ ਹੱਥ ਵਿਚ (ਪਕੜੀ ਹੋਈ ਹੈ ਜਿਸ ਦੀ) ਚਮਕ ਬਹੁਤ ਨਿਰਮਲ ਹੈ।

ਅਤਿ ਉਜਲ ਦੰਦ ਅਨੰਦ ਮਨੰ ॥

(ਉਸ ਦੇ) ਦੰਦ ਬਹੁਤ ਚਿੱਟੇ ਅਤੇ ਮਨ ਨੂੰ ਆਨੰਦ (ਦੇਣ ਵਾਲੇ ਹਨ)।

ਕੁਕ੍ਰਿਆ ਤਿਹ ਨਾਮ ਸੁ ਜੋਧ ਗਨੰ ॥੨੨੩॥

ਉਸ ਯੋਧੇ ਦਾ ਨਾਂ 'ਕੁਕ੍ਰਿਆ' ਗਿਣਿਆ ਜਾਂਦਾ ਹੈ ॥੨੨੩॥

ਅਤਿ ਸਿਆਮ ਸਰੂਪ ਕਰੂਪ ਤਨੰ ॥

(ਜਿਸ ਦਾ) ਬਹੁਤ ਕਾਲਾ ਸਰੂਪ ਅਤੇ ਬਦਸੂਰਤ ਸ਼ਰੀਰ ਹੈ।

ਉਪਜੰ ਅਗ੍ਯਾਨ ਬਿਲੋਕਿ ਮਨੰ ॥

(ਉਸ ਨੂੰ) ਵੇਖਦਿਆਂ ਹੀ ਮਨ ਵਿਚ ਅਗਿਆਨ ਉਤਪੰਨ ਹੋ ਜਾਂਦਾ ਹੈ।

ਤਿਹ ਨਾਮ ਗਿਲਾਨਿ ਪ੍ਰਧਾਨ ਭਟੰ ॥

ਉਸ ਪ੍ਰਧਾਨ ਸੂਰਮੇ ਦਾ ਨਾਂ 'ਗਿਲਾਨਿ' ਹੈ।

ਰਣ ਮੋ ਨ ਮਹਾ ਹਠਿ ਹਾਰਿ ਹਟੰ ॥੨੨੪॥

(ਉਹ) ਮਹਾਨ ਹਠ ਵਾਲਾ ਰਣ ਵਿਚੋਂ ਹਾਰ ਕੇ ਹਟਦਾ ਨਹੀਂ ਹੈ ॥੨੨੪॥

ਅਤਿ ਅੰਗ ਸੁਰੰਗ ਸਨਾਹ ਸੁਭੰ ॥

ਸ਼ਰੀਰ ਉਤੇ ਅਤਿ ਸ਼ੁਭ ਅਤੇ ਸੁੰਦਰ ਕਵਚ ਹੈ।

ਬਹੁ ਕਸਟ ਸਰੂਪ ਸੁ ਕਸਟ ਛੁਭੰ ॥

'ਕਸ਼ਟ' ਸਰੂਪ ਵਾਲਾ (ਇਹ ਯੋਧਾ) ਬਹੁਤ ਕਸ਼ਟ ਨੂੰ ਵੀ ਖਿਝਾ ਦਿੰਦਾ ਹੈ।

ਅਤਿ ਬੀਰ ਅਧੀਰ ਨ ਭਯੋ ਕਬ ਹੀ ॥

(ਇਹ) ਅਤਿ ਅਧਿਕ ਸੂਰਵੀਰ ਹੈ ਅਤੇ ਕਦੇ ਵੀ ਅਧੀਰ ਨਹੀਂ ਹੋਇਆ ਹੈ।

ਦਿਵ ਦੇਵ ਪਛਾਨਤ ਹੈ ਸਬ ਹੀ ॥੨੨੫॥

(ਉਸ ਨੂੰ) ਦੇਵਤੇ ਅਤੇ ਦੈਂਤ ਸਾਰੇ ਪਛਾਣਦੇ ਹਨ ॥੨੨੫॥

ਭਟ ਕਰਮ ਬਿਕਰਮ ਜਬੈ ਧਰਿ ਹੈ ॥

'ਕਰਮ' ਨਾਂ ਦਾ ਯੋਧਾ ਜਦੋਂ ਸ਼ਕਤੀ ('ਬਿਕਰਮ') ਨੂੰ ਧਾਰਨ ਕਰੇਗਾ

ਰਣ ਰੰਗ ਤੁਰੰਗਹਿ ਬਿਚਰਿ ਹੈ ॥

ਅਤੇ ਰਣਭੂਮੀ ਵਿਚ ਘੋੜੇ ਉਤੇ ਵਿਚਰੇਗਾ।

ਤਬ ਬੀਰ ਸੁ ਧੀਰਹਿ ਕੋ ਧਰਿ ਹੈ ॥

(ਤਦ ਹੇ ਰਾਜਨ!) ਤੇਰਾ ਕਿਹੜਾ ਸੂਰਮਾ ਧੀਰਜ ਨੂੰ ਧਾਰਨ ਕਰੇਗਾ,

ਬਲ ਬਿਕ੍ਰਮ ਤੇਜ ਤਬੈ ਹਰਿ ਹੈ ॥੨੨੬॥

(ਉਹ) ਉਸੇ ਵੇਲੇ ਬਲ ਅਤੇ ਸ਼ਕਤੀ ਨੂੰ ਹਰ ਲਵੇਗਾ ॥੨੨੬॥

ਦੋਹਰਾ ॥

ਦੋਹਰਾ:


Flag Counter