ਪੈਂਠਵੇਂ ਦਿਨ ਦੇ ਹੁੰਦਿਆਂ ਹੀ (ਕ੍ਰਿਸ਼ਨ ਨੇ) ਉਠ ਕੇ ਗੁਰੂ ਪਾਸ ਇਹ ਬੇਨਤੀ ਕੀਤੀ (ਕਿ ਮੇਰੇ ਤੋਂ ਗੁਰੂ-ਦੱਛਣਾ ਲਵੋ)।
ਤਦ ਗੁਰੂ ਨੇ ਉਸ ਵੇਲੇ (ਆਪਣੀ) ਪਤਨੀ ਨੂੰ (ਦੱਛਣਾ ਬਾਰੇ) ਪੁਛਿਆ। (ਤਾਂ ਉਸ ਨੇ ਉੱਤਰ ਦਿੱਤਾ ਕਿ) ਪੁੱਤਰਾਂ ਦੀ ਜੋ (ਸਮੁੰਦਰ ਦੁਆਰਾ ਰੁੜ੍ਹਾਏ ਜਾਣ ਦੀ) ਗੱਲ ਹੈ, (ਉਨ੍ਹਾਂ ਦੀ ਵਾਪਸੀ ਹੀ) ਮੰਗ ਲਵੋ।
ਉਸ (ਗੱਲ ਨੂੰ) ਦੋਹਾਂ ਕੰਨਾਂ ਵਿਚ ਸੁਣ ਕੇ, ਜੋ ਉਸ ਮੰਗ ਕੀਤੀ, ਉਹ ਦੇ ਦਿੱਤੀ ॥੮੮੬॥
ਦੋਵੇਂ ਵੱਡੇ ਸੂਰਮੇ (ਕ੍ਰਿਸ਼ਨ ਅਤੇ ਬਲਰਾਮ) ਰਥ ਉਤੇ ਬੈਠ ਕੇ ਅਤੇ ਚਲ ਕੇ ਸਮੁੰਦਰ ('ਨਦੀਆ ਪਤਿ') ਦੇ ਕੰਢੇ ਉਤੇ ਆ ਪਹੁੰਚੇ।
ਉਸ (ਕ੍ਰਿਸ਼ਨ ਦਾ) ਰੂਪ ਵੇਖਦਿਆਂ ਹੀ (ਸਮੁੰਦਰ ਨੇ ਪਛਾਣ ਲਿਆ) ਅਤੇ ਸਿਰ ਝੁਕਾ ਕੇ ਬਚਨ ਸੁਣਾਏ।
ਇਕ ਬਲੀ (ਦੈਂਤ) ਮੇਰੇ ਵਿਚ ਰਹਿੰਦਾ ਹੈ, (ਮੈਂ) ਨਹੀਂ ਜਾਣਦਾ ਕਿ ਉਸ ਨੇ ਹੀ ਚੁਰਾਏ ਹਨ।
ਇਹ (ਗੱਲ) ਸੁਣ ਕੇ ਦੋਵੇਂ (ਭਰਾ) ਜਲ ਵਿਚ ਧਸ ਗਏ ਅਤੇ ਕ੍ਰੋਧ ਕਰ ਕੇ ਦੋਹਾਂ ਨੇ ਮਿਲ ਕੇ ਸੰਖ ਵਜਾਏ ॥੮੮੭॥
ਜਦੋਂ ਹੀ ਜਲ ਵਿਚ ਧਸੇ, (ਤਾਂ ਉਨ੍ਹਾਂ) ਇਕ ਭਿਆਨਕ ਰੂਪ ਵਾਲਾ ਦੈਂਤ ਵੇਖਿਆ।
ਉਸ ਨੂੰ ਵੇਖਦਿਆਂ ਹੀ ਕ੍ਰੋਧ ਨਾਲ ਭਰ ਗਏ ਅਤੇ ਹੱਥ ਵਿਚ ਸ਼ਸਤ੍ਰ ਧਾਰਨ ਕਰ ਕੇ ਬਹੁਤ ਯੁੱਧ ਮਚਾਇਆ।
ਉਥੇ ਵੀਹ ਦਿਨ ਯੁੱਧ ਹੁੰਦਾ ਰਿਹਾ ਜਿਸ ਦਾ ਯਸ਼ ਕਵੀ ਸ਼ਿਆਮ ਨੇ (ਇਸ ਤਰ੍ਹਾਂ) ਉਚਾਰਿਆ ਹੈ।
ਜਿਵੇਂ ਸ਼ੇਰ ਹਿਰਨ ਨੂੰ ਮਾਰ ਦਿੰਦਾ ਹੈ, ਉਵੇਂ ਸ੍ਰੀ ਕ੍ਰਿਸ਼ਨ ਨੇ ਕ੍ਰੋਧ ਕਰ ਕੇ ਉਸ (ਦੈਂਤ) ਨੂੰ ਪਛਾੜ ਦਿੱਤਾ ॥੮੮੮॥
ਇਥੇ ਦੈਂਤ ਦਾ ਬੱਧ ਸਮਾਪਤ ॥
ਸਵੈਯਾ:
ਰਾਖਸ਼ ਨੂੰ ਮਾਰ ਕੇ ਸ੍ਰੀ ਕ੍ਰਿਸ਼ਨ ਨੇ ਤਦ ਉਸ ਦੀ ਛਾਤੀ ਵਿਚੋਂ ਸੰਖ ਕਢ ਲਿਆ।
ਜਿਸ ਵਿਚੋਂ ਵੇਦਾਂ ਦੀ ਧੁਨ ਹੁੰਦੀ ਸੀ, ਉਹ (ਸੰਖ ਉਸ ਵਿਚੋਂ) ਕਢ ਲਿਆ, ਜੋ ਵੈਰੀ ਮਾਰਿਆ ਸੀ।
ਤਦ ਸ੍ਰੀ ਕ੍ਰਿਸ਼ਨ ਆਨੰਦਿਤ ਹੋ ਕੇ ਸੂਰਜ ਦੇ ਪੁੱਤਰ (ਯਮਰਾਜ) ਦੇ ਨਗਰ ਵਿਚ ਗਏ।
ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਉਹ (ਯਮਰਾਜ) (ਉਨ੍ਹਾਂ ਦੇ) ਪੈਰੀਂ ਪਿਆ ਅਤੇ ਮਨ ਦੇ ਸਾਰੇ ਸੋਗ ਦੂਰ ਕਰ ਦਿੱਤੇ ॥੮੮੯॥
ਸੂਰਜ ਦੇ ਪੁੱਤਰ (ਯਮਰਾਜ) ਦੇ ਮੰਡਲ (ਸਥਾਨ) ਵਿਚ ਕ੍ਰਿਸ਼ਨ ਨੇ ਉੱਚੀ ਆਵਾਜ਼ ਵਿਚ ਮੁਖ ਤੋਂ ਕਿਹਾ,
ਕਿਤੇ ਮੇਰੇ ਗੁਰੂ ਦੇ ਪੁੱਤਰ ਇਥੇ ਤਾਂ ਨਹੀਂ? ਇਸ ਤਰ੍ਹਾਂ ਉਨ੍ਹਾਂ ਨੇ ਉਸ ਵੇਲੇ ਯਮ ਨੂੰ ਕਿਹਾ।
(ਅਗੋਂ) ਯਮਰਾਜ ਨੇ ਇਸ ਪ੍ਰਕਾਰ ਕਿਹਾ, ਯਮਲੋਕ ਵਿਚੋਂ ਦੇਵਤਿਆਂ ਦੀ ਆਗਿਆ ਨਾਲ ਵੀ (ਕੋਈ) ਪਰਤ ਨਹੀਂ ਸਕਦਾ।
ਤਦ ਹੀ ਕ੍ਰਿਸ਼ਨ ਨੇ ਕਿਹਾ, ਵਿਦਵਾਨ ਬ੍ਰਾਹਮਣ ਦੇ ਪੁੱਤਰ ਦੇ ਦਿਓ, ਇਨਕਾਰ ਨਾ ਕਰੋ ॥੮੯੦॥
ਯਮਰਾਜ ਨੇ ਉਸ ਵੇਲੇ ਸ੍ਰੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਕੇ, ਉਨ੍ਹਾਂ (ਪੁੱਤਰਾਂ) ਨੂੰ ਆਣ ਕੇ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿਚ ਪਾ ਦਿੱਤਾ।
ਉਨ੍ਹਾਂ ਨੂੰ ਲੈ ਕੇ ਕ੍ਰਿਸ਼ਨ ਚਲ ਪਏ ਅਤੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
ਉਨ੍ਹਾਂ ਨੂੰ ਲਿਆ ਕੇ ਸੰਗਦੇ ਹੋਇਆਂ ਗੁਰੂ (ਸੰਦੀਪਨ) ਦੇ ਪੈਰਾਂ ਉਤੇ ਸਿਰ ਝੁਕਾਇਆ।