ਹੇ ਨਾਥ! ਜੋ ਮੈਂ ਬਾਗ਼ ਲਗਵਾਇਆ ਹੈ,
ਇਹ ਗੁਲਾਬ ਉਥੋਂ ਆਇਆ ਹੈ।
ਸਾਰੀਆਂ ਸਖੀਆਂ ਨਾਲ ਮਿਲ ਕੇ ਤੁਹਾਡੇ ਉਪਰ ਪਾਇਆ ਹੈ।
(ਉਹ) ਮੂਰਖ ਪ੍ਰਸੰਨ ਹੋ ਗਿਆ (ਅਤੇ ਅਸਲ ਭੇਦ ਨੂੰ) ਕੁਝ ਨਾ ਵਿਚਾਰ ਕੀਤਾ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੨॥੧੬੪੪॥ ਚਲਦਾ॥
ਦੋਹਰਾ:
ਇਕ ਜੁਲਾਹਾ ਸੌਹਰੇ ਜਾਂਦਾ ਹੋਇਆ 'ਉਡ ਜਾ' ਕਹੀ ਜਾ ਰਿਹਾ ਸੀ।
ਇਕ ਸ਼ਿਕਾਰੀ ਨੇ (ਇਸ ਨੂੰ) ਕੁਸ਼ਗਨ ਸਮਝ ਕੇ ਉਸ ਜੁਲਾਹੇ ਨੂੰ ਬਹੁਤ ਮਾਰਿਆ ॥੧॥
ਸ਼ਿਕਾਰੀ ਨੇ ਕਿਹਾ:
(ਹੁਣ ਤੂੰ) ਰਸਤੇ ਵਿਚ 'ਉਡ ਉਡ ਆਓ ਅਤੇ ਫਸਦੀਆਂ ਜਾਓ' ਇਹ ਕਹਿੰਦਾ ਹੋਇਆ ਜਾ।
ਅਤੇ ਜੇ ਅਜਿਹੇ (ਪਹਿਲੇ ਵਾਲੇ) ਬੋਲ ਫਿਰ ਕਹੇ ਤਾਂ ਕ੍ਰੋਧ ਕਰ ਕੇ ਤੈਨੂੰ ਮਾਰ ਦਿਆਂਗਾ ॥੨॥
ਚੌਪਈ:
ਉਡ ਉਡ ਆਓ ਤੇ ਫਸਦੀਆਂ ਜਾਓ
ਇਸ ਤਰ੍ਹਾਂ ਕਹਿੰਦਾ ਹੋਇਆ ਜੁਲਾਹਾ ਤੁਰਦਾ ਜਾ ਰਿਹਾ ਸੀ।
ਚੋਰਾਂ ਨੇ (ਇਸ ਨੂੰ ਸੁਣ ਕੇ) ਚਿਤ ਵਿਚ ਕੁਸ਼ਗਨ ਸਮਝਿਆ
ਅਤੇ ਉਸ ਨੂੰ ਦੋ ਸੌ ਜੁਤੀਆਂ ਮਾਰੀਆਂ ॥੩॥
ਚੋਰਾਂ ਨੇ ਕਿਹਾ:
ਦੋਹਰਾ:
'ਲੈ ਆਓ ਅਤੇ ਧਰ ਜਾਓ' ਇਸ ਤਰ੍ਹਾਂ ਕਹਿੰਦੇ ਹੋਇਆਂ ਜਾਓ।
ਜੇ ਉਸ ਤਰ੍ਹਾਂ (ਪਹਿਲਾਂ ਵਾਂਗ) ਕਿਹਾ ਤਾਂ ਤੈਨੂੰ ਬਾਣ ਮਾਰ ਕੇ ਮਾਰ ਦਿਆਂਗੇ ॥੪॥
ਜਦ ਚੋਰਾਂ ਨੇ ਇਸ ਤਰ੍ਹਾਂ ਕਿਹਾ ਤਾਂ ਉਨ੍ਹਾਂ ਤੋਂ ਡਰਦਿਆਂ
'ਲੈ ਆਓ ਅਤੇ ਧਰ ਜਾਓ' ਇਹ ਕਹਿੰਦਾ ਹੋਇਆ ਰਸਤੇ ਤੇ ਤੁਰਦਾ ਗਿਆ ॥੫॥
(ਉਧਰ) ਰਾਜੇ ਦੇ ਚਾਰ ਪੁੱਤਰਾਂ ਵਿਚੋਂ ਇਕ ਨੇ ਪ੍ਰਾਣ ਤਿਆਗ ਦਿੱਤੇ।
(ਉਹ) ਬਹੁਤ ਦੁਖੀ ਹੋ ਕੇ ਉਸ ਨੂੰ ਦੱਬਣ ਲੈ ਚਲੇ ॥੬॥
ਚੌਪਈ:
ਤਦ ਤਕ ਜੁਲਾਹਾ ਇਹ ਕਹਿੰਦਾ ਹੋਇਆ ਆ ਗਿਆ
ਕਿ 'ਲੈ ਲੈ ਆਓ ਅਤੇ ਧਰ ਧਰ ਜਾਓ'।
(ਜਦੋਂ ਰਾਜੇ ਦੀ) ਸੈਨਾ ਦੇ ਕੰਨਾਂ ਵਿਚ ਇਹ (ਗੱਲ) ਪਈ,
ਤਾਂ ਉਸ ਨੂੰ ਪੰਦ੍ਰਹ ਸੌ ਜੁਤੀਆਂ ਮਾਰੀਆਂ ॥੭॥
(ਉਨ੍ਹਾਂ ਨੇ) ਉਸ ਨੂੰ ਕਿਹਾ ਜੋ (ਅਸੀਂ) ਕਹੀਏ, ਉਹ ਕਹਿ।
ਅਤੇ ਕਹਿੰਦਾ ਜਾ ਕਿ 'ਬਹੁਤ ਮਾੜਾ ਹੋਇਆ ਹੈ'।
ਉਸ ਨੇ ਭੇਦ ਅਭੇਦ ਦੀ ਗੱਲ ਨਾ ਸਮਝੀ।
ਉਨ੍ਹਾਂ ਨੇ ਜੋ ਕਿਹਾ, ਮੂਰਖ ਨੇ ਉਹੀ ਮੰਨ ਲਿਆ ॥੮॥
ਇਕ ਰਾਜੇ ਦੀਆਂ ਬਹੁਤ ਸਾਰੀਆਂ ਇਸਤਰੀਆਂ ਸਨ,
ਪਰ ਪੁੱਤਰ ਨਾ ਹੋਣ ਕਰ ਕੇ ਉਹ ਬਹੁਤ ਦੁਖੀ ਸੀ।
ਉਸ ਨੇ ਵਿਆਕੁਲ ਹੋ ਕੇ ਹੋਰ ਵਿਆਹ ਕਰ ਲਿਆ।
ਪਰਮਾਤਮਾ ਨੇ ਉਸ ਦੇ ਘਰ ਪੁੱਤਰ ਬਖ਼ਸ਼ਿਆ ॥੯॥
ਸਭ ਦੇ ਮਨ ਵਿਚ ਬਹੁਤ ਖ਼ੁਸ਼ੀ ਹੋਈ।
ਤਦ ਤਕ ਜੁਲਾਹਾ ਕਹਿੰਦਾ ਹੋਇਆ ਆ ਗਿਆ
ਅਤੇ 'ਬੁਰਾ ਹੋਇਆ' ਕਹਿ ਕੇ ਉਚੇ ਸੁਰ ਵਿਚ ਪੁਕਾਰਿਆ।
ਜਿਸ ਨੇ ਸੁਣਿਆ, ਉਸ ਨੂੰ ਜੁਤੀਆਂ ਮਾਰੀਆਂ ॥੧੦॥
ਨਗਰ ਵਾਸੀਆਂ ਨੇ ਕਿਹਾ:
ਜਦ ਲੋਕਾਂ ਨੇ ਜੁਤੀਆਂ ਨਾਲ ਮਾਰਿਆ
(ਤਾਂ ਉਨ੍ਹਾਂ ਨੇ ਕਿਹਾ) ਚੰਗਾ ਹੋਇਆ ਕਹਿੰਦਾ ਹੋਇਆ ਜਾ।
ਜਦੋਂ ਉਹ ਭਾਗਵਾਨ ਉਸ ਥਾਂ ਤੇ ਪਹੁੰਚਿਆ,
ਜਿਥੇ ਨਗਰ ਵਿਚ ਭਿਆਨਕ ਅੱਗ ਲਗੀ ਹੋਈ ਸੀ ॥੧੧॥
ਜਿਥੇ ਵੱਡੇ ਵੱਡੇ ਮਹੱਲ ਡਿਗ ਡਿਗ ਪੈ ਰਹੇ ਸਨ।
ਛੱਪਰਾਂ ਦੇ ਜਿਥੇ ਉਡ ਉਡ ਕੇ ਅੰਬਾਰ ਲਗ ਗਏ ਸਨ।