ਅਤੇ ਜੋ ਕੋਲ ਆ ਕੇ ਬੈਠਾ ਸੀ (ਅਰਥਾਤ-ਵਜ਼ੀਰ ਦੀ ਪੁੱਤਰੀ) ਉਸ ਦੇ ਹਵਾਲੇ ਕਰ ਦਿੱਤਾ ॥੩੫॥
(ਅਤੇ ਬਾਦਸ਼ਾਹ ਨੇ ਕਿਹਾ) ਤੂੰ ਇਸ ਕੰਮ ਤੋਂ ਬਹੁਤ ਜਲਦੀ ਮੁਕਤ ਹੋ ਗਿਆ (ਅਰਥਾਤ ਵੇਹਲਾ ਹੋ ਗਿਆ)।
ਹੇ ਭਰਾ! ਤੂੰ ਮੈਨੂੰ ਜਾਨ ਤੋਂ ਵੀ ਪਿਆਰਾ ਹੈਂ। ਇਨ੍ਹਾਂ ਨੂੰ ਸੰਭਾਲ ਲੈ ॥੩੬॥
ਉਸ ਵਜ਼ੀਰ ਦੀ ਬੇਟੀ ਨੇ ਇਕ ਹੱਥ ਨਾਲ ਪਗੜੀ ਦੇ ਪੇਚ ਨੂੰ ਕਸਿਆ
ਅਤੇ ਦੂਜਾ ਹੱਥ ਤਲਵਾਰ ਦੀ ਮੁਠ ਉਤੇ ਧਰਿਆ ॥੩੭॥
ਉਸ ਨੇ ਹਰ ਕੈਦੀ ਨੂੰ ਚਾਰ ਚਾਰ ਕੋਰੜੇ ਮਾਰੇ ਅਤੇ ਕਿਹਾ,
ਐ ਬੇਖ਼ਬਰੋ ਅਤੇ ਆਪ-ਹੁਦਰਿਓ! ॥੩੮॥
ਤੁਸੀਂ ਇਥੇ ਘਾਹ ਲੈਣ ਆਏ ਸੀ, ਕੀ ਉਥੇ ਘਾਹ ਨਹੀਂ ਸੀ।
ਕੇਵਲ ਇਕ ਪਰਮਾਤਮਾ ਹੀ ਇਸ ਗੱਲ ਦਾ ਗਵਾਹ ਹੈ ॥੩੯॥
ਉਸ ਨੇ ਕਿਹਾ, ਮੇਰੇ ਝੂਠ ਨੂੰ ਬਖ਼ਸ਼ਣ ਵਾਲਾ ਪਰਮਾਤਮਾ ਹੈ
ਕਿਉਂਕਿ ਉਹੀ ਮੈਨੂੰ ਪਨਾਹ ਦੇਣ ਵਾਲਾ ਹੈ ॥੪੦॥
ਉਸ ਨੇ ਆਪਣੇ ਬਾਦਸ਼ਾਹ ਨੂੰ ਇਸ ਤਰ੍ਹਾਂ ਖ਼ਲਾਸ ਕਰਵਾਇਆ
ਅਤੇ ਉਸ ਨੂੰ ਭਿਆਨਕ ਸਥਾਨ ਤੋਂ ਦੂਰ ਲੈ ਗਈ ॥੪੧॥
ਹੇ ਸਾਕੀ! ਮੈਨੂੰ ਸ਼ਬਜ਼ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, ਤਾਂ ਜੋ ਮੈਂ ਸਮਝ ਸਕਾਂ
ਕਿ ਅਕਲ ਦਾ ਸੁਆਮੀ ਸਾਰੇ ਸੰਸਾਰ ਵਿਚ ਪ੍ਰਗਟ ਹੈ ॥੪੨॥
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਬਖ਼ਸ਼
ਜੋ ਮੈਨੂੰ ਰਾਤ ਵੇਲੇ ਅਤੇ ਜੰਗ ਵਿਚ ਪ੍ਰਸੰਨਤਾ ਪ੍ਰਦਾਨ ਕਰਨ ਵਾਲਾ ਹੋਵੇ ॥੪੩॥੬॥
ਪਰਮਾਤਮਾ ਬੇਸ਼ੁਮਾਰ (ਵਸਤੂਆਂ) ਪ੍ਰਦਾਨ ਕਰਨ ਵਾਲਾ ਹੈ।
ਉਹ ਪ੍ਰਤਖ ਅਤੇ ਜੋਤਿ ਸਰੂਪ ਹੈ ਅਤੇ ਸਭ ਦੇਸ਼ਾਂ ਦਾ ਸੁਆਮੀ ਹੈ ॥੧॥
ਉਸ ਦਾ ਸੁਭਾ ਖੇੜੇ ਭਰਿਆ ਹੈ, ਉਹ ਸੁੰਦਰ ਸਰੂਪ ਵਾਲਾ ਹੈ।
ਜਿਤਨਾ ਉਹ ਸੁੰਦਰ ਸਰੂਪ ਵਾਲਾ ਹੈ, ਉਤਨਾ ਹੀ ਵਡਿਆਈ ਵਾਲਾ ਹੈ ॥੨॥
ਜਦੋਂ 'ਅਸਫ਼ੰਦ ਯਾਰ' (ਨਾਂ ਦਾ ਬਾਦਸ਼ਾਹ) ਸੰਸਾਰ ਤੋਂ ਜਾਣ ਲਗਿਆ
ਤਾਂ ਉਸ ਨੇ ਆਪਣੀ ਰਾਜ-ਗੱਦੀ (ਆਪਣੇ ਪੁੱਤਰ) ਬਹਿਮਨ ਦੇ ਸਪੁਰਦ ਕਰ ਦਿੱਤੀ ॥੩॥
ਉਸ ਦੀ ਇਕ ਪੁੱਤਰੀ ਹੁਮਾ ਪੰਛੀ ਵਰਗੀ ਸੀ,
ਜਿਸ ਦਾ ਸਰੂਪ ਬਹੁਤ ਸੁੰਦਰ ਸੀ ਅਤੇ ਸ੍ਰੇਸ਼ਠ ਭਾਗਾਂ ਵਾਲੀ ਸੀ ॥੪॥
ਜਦ ਬਹਿਮਨ ਬਾਦਸ਼ਾਹ ਇਸ ਸੰਸਾਰ ਤੋਂ ਆਪਣਾ ਸਾਮਾਨ ਲੈ ਕੇ ਚਲਣ ਲਗਿਆ
ਤਾਂ ਉਸ ਨੇ ਆਪਣਾ ਤਾਜ-ਤਖ਼ਤ ਲੜਕੀ ਦੇ ਸਪੁਰਦ ਕਰ ਦਿੱਤਾ ॥੫॥
ਉਹ (ਲੜਕੀ) ਹੁਮਾ ਪੰਛੀ ਵਾਂਗ ਰੂਮ ਦੇਸ਼ ਦੀ ਗੱਦੀ ਉਤੇ ਬੈਠੀ।
ਉਹ ਬਸੰਤ ਰੁਤ ਦੇ ਬਾਗ਼ ਵਾਂਗ ਖਿੜੀ ਹੋਈ ਸੀ ਅਤੇ ਸੁੰਦਰਤਾ ਨੂੰ ਵਧਾਉਣ ਵਾਲੀ ਸੀ ॥੬॥
ਜਦੋਂ ਉਸ ਲੜਕੀ ਉਪਰੋਂ ੧੪ ਵਰ੍ਹੇ ਬੀਤ ਗਏ ਤਾਂ (ਉਸ ਦੇ ਸ਼ਰੀਰ ਵਿਚ)
ਨਵੀਂ ਰੁਤ ਦੀ ਹਰਿਆਵਲ ਪੈਦਾ ਹੋ ਗਈ (ਅਰਥਾਤ-ਉਹ ਜਵਾਨ ਹੋ ਗਈ) ॥੭॥
ਜਦ ਉਸ ਦੀ ਜਵਾਨੀ ਬਹਾਰ ਰੁਤ ਵਿਚ ਪਹੁੰਚੀ (ਅਰਥਾਤ-ਭਰ ਜਵਾਨ ਹੋ ਗਈ)
ਤਾਂ ਉਸ ਅੰਦਰ ਅਜਿਹਾ ਖੇੜਾ ਆਇਆ ਜਿਵੇਂ ਲਾਲ ਫੁਲ ਬਾਗ਼ ਵਿਚ ਖਿੜਦੇ ਹਨ ॥੮॥
ਉਸ ਉਤੇ ਹੁਸਨ ਇਸ ਤਰ੍ਹਾਂ ਆਇਆ ਜਿਵੇਂ ਬਹਾਰ ਵਿਚ ਨਵੀਆਂ ਕੋਂਪਲਾ ਫੁਟਦੀਆਂ ਹਨ।
(ਉਸ ਦਾ ਰੂਪ) ਇਸ ਤਰ੍ਹਾਂ ਪ੍ਰਕਾਸ਼ਮਾਨ ਸੀ, ਜਿਵੇਂ ਪੂਰਨਮਾਸ਼ੀ ਦਾ ਚੰਦ੍ਰਮਾ ਪ੍ਰਕਾਸ਼ ਵਾਲਾ ਹੁੰਦਾ ਹੈ ॥੯॥
ਉਸ ਦੇ ਸੁਭਾ ਵਿਚੋਂ ਬਚਪਨ ਦੀ ਚੰਚਲਤਾ ਜਾਂਦੀ ਰਹੀ।
ਉਸ ਉਤੇ ਜਵਾਨੀ ਦਾ ਨਕਸ਼ਾ ਖਿਚਿਆ ਗਿਆ ॥੧੦॥
ਉਸ ਦਾ ਬਚਪਨ ਵਾਲਾ ਚੰਚਲ ਸੁਭਾ ਖ਼ਤਮ ਹੋ ਗਿਆ
ਅਤੇ ਫਿਰ ਜਵਾਨੀ ਦੀ ਬਹਾਰ ਆ ਗਈ ॥੧੧॥
ਜਦ ਉਹ ਬਾਦਸ਼ਾਹੀ ਦੇ ਤਖ਼ਤ ਉਤੇ ਬੈਠੀ,
ਤਾਂ ਉਹ ਆਪਣੇ ਕੋਲ ਲਟਕੇ ਹੋਏ ਕਾਗ਼ਜ਼ ਉਤੇ ਹੁਕਮ ਲਿਖਣ ਲਗ ਗਈ ॥੧੨॥
ਉਸ ਦੀ ਇਕ ਜੌਹਰੀ ਦੇ ਬੱਚੇ ਉਤੇ ਨਜ਼ਰ ਪਈ (ਤਾਂ ਆਸ਼ਕ ਹੋ ਗਈ)।
ਉਸ ਨੂੰ ਰਾਤ ਦੇ ਹਨੇਰੇ ਵਿਚ ਆਪਣੇ ਕੋਲ ਬੁਲਾ ਲਿਆ ॥੧੩॥
ਉਹ ਉਸ ਨਾਲ ਦੋ ਚਾਰ ਮਹੀਨੇ ਮਗਨ ਰਹੀ,
ਤਾਂ ਉਸ ਸ਼ਾਹੂਕਾਰ ਦੇ ਬੀਰਜ ਤੋਂ ਉਸ ਨੂੰ ਗਰਭ ਠਹਿਰ ਗਿਆ ॥੧੪॥
ਜਦ ਉਸ ਨੂੰ ਗਰਭ ਠਹਿਰਿਆਂ ਨੌਂ ਮਹੀਨੇ ਬੀਤ ਗਏ
ਤਾਂ ਉਸ ਸੁੰਦਰੀ ਦੀ ਪ੍ਰਸੂਤਾ ਨਾੜੀ ਖਿਚ ਖਾਣ ਲਗੀ ॥੧੫॥