ਖੋਜਦਿਆਂ ਖੋਜਦਿਆਂ ਉੜੀਸਾ (ਦੇਸ) ਦੇ ਰਾਜੇ (ਕੋਲ) ਇਕ ਕੰਨਿਆ ਲਭ ਲਈ
ਜਿਸ ਦਾ ਰੂਪ ਅਪੱਛਰਾ ਵਰਗਾ ਸੀ ਅਤੇ ਉਸ ਨਾਲੋਂ (ਕਈ) ਵਿਸ਼ੇਸ਼ ਗੁਣ ਵੀ ਸਨ ॥੯॥
ਚੌਪਈ:
(ਉਸ ਕੰਨਿਆ ਬਾਰੇ) ਬੋਲ ਸੁਣ ਕੇ ਰਾਜੇ ਨੇ ਸੈਨਾ ਨੂੰ ਬੁਲਾਇਆ
(ਅਤੇ ਉਸ ਵਿਚ) ਭਾਂਤ ਭਾਂਤ ਦੀ ਦੌਲਤ ਵੰਡੀ।
(ਸੈਨਿਕਾਂ ਨੇ) ਸ਼ਰੀਰਾਂ ਉਤੇ ਕਵਚ ਅਤੇ ਸ਼ਸਤ੍ਰ ਧਾਰਨ ਕਰ ਲਏ
ਅਤੇ ਉੜੀਸਾ ਸ਼ਹਿਰ ਵਲ ਤੁਰ ਪਏ ॥੧੦॥
ਉੜੀਸਾ ਦੇ ਰਾਜੇ ਨੇ (ਇਸ ਮੁਹਿਮ ਦਾ) ਭੇਦ ਸੁਣ ਕੇ ਆਪਣੀ ਸੈਨਾ ਇਕੱਠੀ ਕੀਤੀ
ਅਤੇ ਕਈ ਢੰਗਾਂ ਨਾਲ ਸੈਨਾ ਨੂੰ ਬੇਨਤੀ ਕੀਤੀ (ਅਰਥਾਤ ਯੁੱਧ ਲਈ ਪ੍ਰੇਰਿਤ ਕੀਤਾ)।
ਛਤ੍ਰੀਆਂ ਨੂੰ ਯੁੱਧ ਲਈ ਆਗਿਆ ਦਿੱਤੀ
ਅਤੇ ਆਪ ਵੀ ਯੁੱਧ ਲਈ ਮਨ ਬਣ ਲਿਆ ॥੧੧॥
ਦੋਹਰਾ:
ਤਰ੍ਹਾਂ ਤਰ੍ਹਾਂ ਦੇ ਮਾਰੂ ਵਾਜੇ ਵਜਣ ਲਗੇ ਅਤੇ ਯੋਧੇ ਰਣ-ਭੂਮੀ ਵਿਚ ਆ ਕੇ ਡਟ ਗਏ।
ਬਾਣਾਂ ਦੀ ਬੇਹਿਸਾਬੀ ਬਰਖਾ ਹੋਈ, (ਜਿਸ ਵਿਚ) ਪੌਣ ਵੀ ਉਲਝ ਕੇ ਰਹਿ ਗਈ ॥੧੨॥
ਭੁਜੰਗ ਛੰਦ:
ਮਹਾਬੀਰ ਅਤੇ ਸ਼ਕਤੀਸ਼ਾਲੀ ਯੋਧੇ ਤਲਵਾਰਾਂ ਨਾਲ ਵਢੇ ਜਾਣ ਲਗੇ।
ਚੰਗੀ ਤਰ੍ਹਾਂ ਸਜੇ ਹੋਏ ਸਭ ਸੂਰਮੇ ਨਿਸੰਗ ਹੋ ਕੇ (ਭਿੜ ਰਹੇ ਸਨ)।
ਉਹ ਹਠੀਲੇ ਸੂਰਮੇ ਸਾਹਮਣੇ ਹੋ ਕੇ ਯੁੱਧ ਵਿਚ ਲੜ ਰਹੇ ਸਨ
ਅਤੇ (ਉਹ) ਹਠੀਲੇ ਅਤੇ ਆਕੜਖਾਨ ਹਟਾਇਆਂ ਹਟਦੇ ਨਹੀਂ ਸਨ ॥੧੩॥
ਦੋਹਰਾ:
ਹਨਵੰਤ ਸਿੰਘ ਨੂੰ ਬਹੁਤ ਅਧਿਕ ਸੈਨਾ ਦੇ ਕੇ ਅਗੇ ਕੀਤਾ ਗਿਆ ਹੈ
ਅਤੇ ਚਿਤ੍ਰ ਸਿੰਘ ਹੱਥ ਵਿਚ ਬਰਛਾ ਲੈ ਕੇ ਪਿਛੇ ਰਿਹਾ ਹੈ ॥੧੪॥
ਸਵੈਯਾ:
ਹਿਮਾਲੇ ਵਰਗੇ (ਸ਼ਰੀਰਾਂ ਵਾਲੇ) ਹਜ਼ਾਰਾਂ (ਸੈਨਿਕ) ਅਤੇ ਹਠੀਲੇ ਸੂਰਮੇ ਲਲਕਾਰਦੇ ਹੋਏ ਅਗੇ ਵਧੇ ਹਨ।
ਹਿੰਮਤ ਬੰਨ੍ਹ ਕੇ ਅਸਤਾਚਲ ਤਕ ('ਹਿਰੌਲਹਿ ਲੌ') ਹੱਥ ਵਿਚ ਹਥਿਆਰ ਲੈ ਕੇ ਵੰਗਾਰਦੇ ਹੋਏ ਨੇੜੇ ਢੁਕੇ ਹਨ।
ਹਲਚਲ (ਅਥਵਾ ਰੌਲੇ ਰੱਪੇ) ਨੂੰ ਵੇਖ ਕੇ ਸੁਮੇਰ ਪਰਬਤ ਹਿਲ ਗਿਆ ਹੈ ਅਤੇ ਸ਼ਿਵ ਅਤੇ ਵਿਸ਼ਣੂ ਦੇ ਲੋਕ ਵੇਖ ਕੇ (ਘਬਰਾ) ਰਹੇ ਹਨ।
(ਉਹ) ਹਾਰ ਖਾ ਕੇ ਡਿਗ ਗਏ ਹਨ ਅਤੇ (ਇਧਰ) ਬਿਨਾ ਹਾਰੇ ਹੀ ਖੜੋਤੇ ਰਹਿ ਗਏ ਹਨ ਅਤੇ ਅਜੇ ਹਨਵੰਤ ਨੇ ਹਾਸੀ ਵਜੋਂ ਹੀ ਹੱਥ ਲਗਾਏ ਹਨ ॥੧੫॥
ਜਿਥੇ ਵੱਡੇ ਵੱਡੇ ਜਵਾਨ ਸਰਦਾਰ, ਕ੍ਰੋਧ ਨਾਲ ਕਵਚ ਅਤੇ ਕ੍ਰਿਪਾਨਾਂ ਕਸ ਕੇ ਖੜੋਤੇ ਹੋਏ ਹਨ,
(ਉਹ) ਹਠ ਪੂਰਵਕ ਉਥੇ ਆ ਪਏ ਹਨ। (ਉਥੇ) ਸਰਦਾਰਾਂ ਨੂੰ ਤਾੜ ਕੇ ਅਪੱਛਰਵਾਂ ਮਿਲ ਰਹੀਆਂ ਹਨ।
(ਉਹ) ਉਦੋਂ ਤਕ ਯੁੱਧ-ਭੂਮੀ ਵਿਚ ਖ਼ੂਬ ਲੜੇ ਹਨ ਜਦ ਤਕ ਕਿ ਲੋਹੇ (ਸ਼ਸਤ੍ਰ) ਦੀ ਧਾਰ ਵਿਚ ਲਪੇਟੇ ਨਹੀਂ ਗਏ।
ਵੈਰੀ ਦੀ ਸੈਨਾ ਨਦੀ ਦੇ ਸਮਾਨ ਹੈ ਅਤੇ ਛਤ੍ਰੀ ਪੁੱਤਰ ਉਸ ਵਿਚ (ਮੌਜ ਨਾਲ) ਤਰ ਰਹੇ ਹਨ ॥੧੬॥
ਦੋਹਰਾ:
ਉੜੀਸਾ ਦੇ ਰਾਜੇ ਨੂੰ ਮਾਰ ਕੇ ਉਸ ਦੀ ਧੀ ਨੂੰ ਜਿਤ ਲਿਆ।
ਰਾਜੇ ਨੇ ਸ਼ਾਸਤ੍ਰ ਦੀ ਰੀਤ ਅਨੁਸਾਰ ਵਿਆਹ ਕਰ ਲਿਆ ਅਤੇ ਮਨ ਵਿਚ ਸੁਖ ਪਾਇਆ ॥੧੭॥
ਉੜੀਸਾ ਦੇ ਰਾਜੇ ਦੀ ਪਿਆਰੀ (ਧੀ) ਜਿਸ ਦਾ ਨਾਮ ਚਿਤ੍ਰਮਤੀ ਸੀ,
ਅੱਠੇ ਪਹਿਰ ਹਨਿਵੰਤ ਸਿੰਘ ਨੂੰ ਯਾਦ ਕਰਦੀ ਰਹਿੰਦੀ ਸੀ ॥੧੮॥
ਉਸ (ਹਨਿਵੰਤ ਸਿੰਘ) ਨੂੰ ਪੜ੍ਹਨ ਲਈ ਰਾਜੇ ਨੇ ਬ੍ਰਾਹਮਣ ਦੇ ਘਰ ਭੇਜਿਆ।
ਇਕ ਮਹੀਨੇ ਤਕ (ਰਾਣੀ ਦੇ) ਕਹੇ ਤੇ ਬ੍ਰਾਹਮਣ (ਰਾਜ ਕੁਮਾਰ ਨਾਲ) ਨਾ ਬੋਲਿਆ ॥੧੯॥
ਚੌਪਈ:
ਰਾਜੇ ਨੇ ਆਪਣੇ ਪੁੱਤਰ ਨੂੰ ਕੋਲ ਬੁਲਾਇਆ।
ਬ੍ਰਾਹਮਣ ਉਸ ਨੂੰ ਨਾਲ ਲੈ ਆਇਆ।
ਰਾਜੇ ਨੇ (ਜੋ) ਗੁਣ ਪੜ੍ਹਿਆ ਹੈ, (ਉਸ ਨੂੰ) ਪੜ੍ਹਨ ਲਈ ਕਿਹਾ।
ਪੁੱਤਰ (ਰਾਜੇ ਦਾ) ਬਚਨ ਸੁਣ ਕੇ ਚੁਪ ਹੀ ਰਿਹਾ ॥੨੦॥
ਦੋਹਰਾ:
ਉਸ ਨੂੰ ਲੈ ਕੇ ਰਾਜਾ ਆਪਣੇ ਘਰ ਵਲ ਚਲਾ ਗਿਆ।
ਉਥੇ ਹਜ਼ਾਰ ਸਖੀਆਂ ਨਾਲ ਪਰੀ ਵਰਗੀ ਸੁੰਦਰੀ ਖੜੋਤੀ ਸੀ ॥੨੧॥
ਰਾਜੇ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਪੁੱਤਰ ਮੁਖ ਤੋਂ ਬੋਲਦਾ ਨਹੀਂ ਹੈ।
(ਤਦ) ਚਿਤ੍ਰਮਤੀ ਉਸ ਨੂੰ ਆਪਣੇ ਮਹੱਲ ਵਿਚ ਲੈ ਗਈ ॥੨੨॥