ਸ਼੍ਰੀ ਦਸਮ ਗ੍ਰੰਥ

ਅੰਗ - 1159


ਦੋਹਰਾ ॥

ਦੋਹਰਾ:

ਸਾਹ ਸੁਤਾ ਅਤਿ ਪਤਿਬ੍ਰਤਾ ਅਧਿਕ ਚਤੁਰ ਮਤਿਵਾਨ ॥

ਸ਼ਾਹ ਦੀ ਪੁੱਤਰੀ ਬਹੁਤ ਪਤਿਬ੍ਰਤਾ, ਚਤੁਰ ਅਤੇ ਬੁੱਧੀਮਾਨ ਸੀ।

ਚਾਰਹੁ ਪਠਿਯੋ ਸੰਦੇਸ ਲਿਖਿ ਚਿਤ ਚਰਿਤ੍ਰ ਇਕ ਆਨ ॥੭॥

ਉਸ ਨੇ ਮਨ ਵਿਚ ਇਕ ਚਰਿਤ੍ਰ ਵਿਚਾਰ ਕੇ ਚੌਹਾਂ ਨੂੰ ਸੰਦੇਸ਼ ਲਿਖ ਕੇ ਭੇਜ ਦਿੱਤਾ ॥੭॥

ਚੌਪਈ ॥

ਚੌਪਈ:

ਜੁਦੋ ਜੁਦੋ ਲਿਖਿ ਚਹੂੰਨ ਪਠਾਯੋ ॥

ਚੌਹਾਂ ਨੂੰ ਵੱਖਰਾ ਵੱਖਰਾ ਲਿਖ ਭੇਜਿਆ

ਕਿਸ ਕੋ ਭੇਦ ਨ ਕਿਸੂ ਜਤਾਯੋ ॥

ਅਤੇ ਕਿਸੇ ਦਾ ਭੇਦ ਕਿਸੇ ਹੋਰ ਨੂੰ ਨਾ ਦਸਿਆ।

ਸਖੀ ਭਏ ਇਹ ਭਾਤਿ ਸਿਖਾਇਸਿ ॥

(ਉਸ ਨੇ) ਸਖੀ ਨੂੰ ਇਸ ਤਰ੍ਹਾਂ ਸਿਖਾ ਦਿੱਤਾ

ਰਾਜ ਕੁਮਾਰਨ ਬੋਲਿ ਪਠਾਇਸਿ ॥੮॥

ਅਤੇ ਰਾਜ ਕੁਮਾਰਾਂ ਨੂੰ ਬੁਲਵਾ ਲਿਆ ॥੮॥

ਸਾਹੁ ਸੁਤਾ ਬਾਚ ਸਖੀ ਸੋ ॥

ਸ਼ਾਹ ਦੀ ਪੁੱਤਰੀ ਨੇ ਸਖੀ ਨੂੰ ਕਿਹਾ:

ਦੋਹਰਾ ॥

ਦੋਹਰਾ:

ਜਿਮਿ ਜਿਮਿ ਨ੍ਰਿਪ ਸੁਤ ਆਇ ਹੈ ਉਤਮ ਭੇਖ ਸੁ ਧਾਰਿ ॥

ਜਿਵੇਂ ਜਿਵੇਂ ਰਾਜੇ ਦੇ ਪੁੱਤਰ ਉਤਮ ਢੰਗ ਨਾਲ ਸਜ-ਸੰਵਰ ਕੇ ਆਣਗੇ,

ਤਿਮਿ ਤਿਮਿ ਪਗਨ ਖਰਾਕ ਤੈ ਕਿਜਿਯੋ ਮੇਰੇ ਦ੍ਵਾਰ ॥੯॥

ਤਿਵੇਂ ਤਿਵੇਂ ਮੇਰੇ ਦੁਆਰ ਤੇ ਪੈਰ ਨਾਲ ਖੜਾਕ ਕਰ ਦੇਣਾ ॥੯॥

ਪ੍ਰਥਮ ਪੁਤ੍ਰ ਜਬ ਨ੍ਰਿਪਤਿ ਕੋ ਆਯੋ ਭੇਖ ਸੁ ਧਾਰਿ ॥

ਜਦੋਂ ਰਾਜੇ ਦਾ ਪਹਿਲਾ ਪੁੱਤਰ ਸਜ-ਧਜ ਕੇ ਆ ਗਿਆ

ਪਾਇਨ ਕੋ ਖਟਕੋ ਕਿਯੋ ਆਨਿ ਸਖੀ ਤਿਹ ਦ੍ਵਾਰ ॥੧੦॥

ਤਾਂ ਸਖੀ ਨੇ ਆ ਕੇ ਉਸ ਦੇ ਦੁਆਰ ਉਤੇ ਪੈਰ ਦਾ ਖੜਾਕ ਕੀਤਾ ॥੧੦॥

ਚੌਪਈ ॥

ਚੌਪਈ:

ਹਾ ਹਾ ਪਦ ਤਬ ਤਰੁਨਿ ਉਚਾਰੋ ॥

ਤਦ ਕੁਮਾਰੀ ਨੇ 'ਹਾਇ ਹਾਇ' ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ

ਹਾਥਨ ਕੌ ਛਤਿਯਾ ਪਰ ਮਾਰੋ ॥

ਅਤੇ ਹੱਥਾਂ ਨੂੰ ਛਾਤੀ ਉਤੇ ਮਾਰਨ ਲਗੀ।

ਕੋਊ ਆਹਿ ਦ੍ਵਾਰ ਮੁਹਿ ਠਾਢਾ ॥

ਕੋਈ ਮੇਰੇ ਦੁਆਰ ਉਤੇ ਆ ਖੜੋਤਾ ਹੈ,

ਤਾ ਤੇ ਅਧਿਕ ਤ੍ਰਾਸ ਮੁਹਿ ਬਾਢਾ ॥੧੧॥

ਇਸ ਲਈ ਮੈਨੂੰ ਬਹੁਤ ਡਰ ਲਗ ਰਿਹਾ ਹੈ ॥੧੧॥

ਨ੍ਰਿਪ ਸੁਤ ਕਹਿਯੋ ਜਤਨ ਇਕ ਕਰੋ ॥

(ਤਦ) ਰਾਜੇ ਦੇ ਪੁੱਤਰ ਨੂੰ ਕਿਹਾ ਕਿ ਇਕ ਯਤਨ ਕਰੋ।

ਚਾਰਿ ਸੰਦੂਕ ਹੈਂ ਇਕ ਮੈ ਪਰੋ ॥

ਚਾਰ ਸੰਦੂਕਾਂ ਵਿਚੋਂ ਇਕ ਵਿਚ ਵੜ ਜਾਓ।

ਏਕ ਸੰਦੂਕ ਮਾਝ ਰਹਿਯੋ ਦੁਰਿ ॥

(ਤੂੰ) ਇਕ ਸੰਦੂਕ ਵਿਚ ਲੁਕਿਆ ਰਹਿ।

ਜੈ ਹੈ ਲੋਕ ਬਿਲੋਕ ਬਿਮੁਖ ਘਰ ॥੧੨॥

ਲੋਕੀਂ ਵੇਖ ਕੇ ਨਿਰਾਸ ਹੋ ਕੇ ਘਰ ਨੂੰ ਪਰਤ ਜਾਣਗੇ ॥੧੨॥

ਇਮਿ ਸੰਦੂਕ ਭੀਤਰ ਤਿਹ ਡਾਰੋ ॥

ਇਸ ਤਰ੍ਹਾਂ ਉਸ ਨੂੰ ਸੰਦੂਕ ਵਿਚ ਪਾ ਦਿੱਤਾ

ਦੁਤਿਯ ਨ੍ਰਿਪਤਿ ਕੋ ਪੁਤ੍ਰ ਹਕਾਰੋ ॥

ਅਤੇ ਰਾਜੇ ਦੇ ਦੂਜੇ ਪੁੱਤਰ ਨੂੰ ਬੁਲਾ ਲਿਆ।

ਪਗ ਖਟਕੋ ਸਹਚਰਿ ਤਬ ਕੀਨੋ ॥

(ਜਦ ਉਹ ਘਰ ਆ ਗਿਆ) ਤਦ ਸਖੀ ਨੇ ਪੈਰ ਦਾ ਖੜਾਕ ਕੀਤਾ

ਦੁਤਿਯ ਸੰਦੂਕ ਡਾਰਿ ਤਿਹ ਦੀਨੋ ॥੧੩॥

ਅਤੇ ਉਸ ਨੂੰ ਦੂਜੇ ਸੰਦੂਕ ਵਿਚ ਬੰਦ ਕਰ ਦਿੱਤਾ ॥੧੩॥

ਦੋਹਰਾ ॥

ਦੋਹਰਾ:

ਇਹ ਛਲ ਨ੍ਰਿਪ ਕੇ ਚਾਰਿ ਸੁਤ ਚਹੂੰ ਸੰਦੂਕਨ ਡਾਰਿ ॥

ਇਸ ਛਲ ਨਾਲ ਰਾਜੇ ਦੇ ਚਾਰੇ ਪੁੱਤਰ ਚੌਹਾਂ ਸੰਦੂਕਾਂ ਵਿਚ ਪਾ ਦਿੱਤੇ

ਤਿਨ ਪਿਤੁ ਗ੍ਰਿਹ ਪਯਾਨੋ ਕਿਯੋ ਉਤਿਮ ਭੇਖ ਸੁ ਧਾਰਿ ॥੧੪॥

ਅਤੇ ਉਤਮ ਭੇਸ ਬਣਾ ਕੇ ਉਨ੍ਹਾਂ ਦੇ ਪਿਓ (ਰਾਜੇ) ਦੇ ਘਰ ਵਲ ਤੁਰ ਪਈ ॥੧੪॥

ਚੌਪਈ ॥

ਚੌਪਈ:

ਚਾਰਿ ਸੰਦੂਕ ਸੰਗ ਲੀਨੇ ਕਰ ॥

ਉਸ ਨੇ ਚਾਰੇ ਸੰਦੂਕ ਨਾਲ ਲੈ ਲਏ

ਪਹੁਚਤ ਭਈ ਨ੍ਰਿਪਤਿ ਕੈ ਦਰ ਪਰ ॥

ਅਤੇ ਰਾਜੇ ਦੇ ਦੁਆਰ ਉਤੇ ਜਾ ਪਹੁੰਚੀ।

ਜਬ ਰਾਜਾ ਕੋ ਰੂਪ ਨਿਹਾਰਿਯੋ ॥

ਜਦ ਰਾਜੇ ਦਾ ਰੂਪ ਵੇਖਿਆ

ਤਾ ਪਰ ਵਾਰ ਨਦੀ ਤਿਨ ਡਾਰਿਯੋ ॥੧੫॥

(ਤਾਂ) ਉਸ ਉਪਰੋਂ ਚਾਰੇ ਸੰਦੂਕ ਵਾਰ ਕੇ ਨਦੀ ਵਿਚ ਸੁਟ ਦਿੱਤੇ ॥੧੫॥

ਦੋਹਰਾ ॥

ਦੋਹਰਾ:

ਵਾਰਿ ਸੰਦੂਕ ਨ੍ਰਿਪਾਲ ਪਰ ਦਏ ਨਦੀ ਮੈ ਡਾਰਿ ॥

ਰਾਜੇ ਉਤੋਂ ਸੰਦੂਕ ਵਾਰ ਕੇ ਨਦੀ ਵਿਚ ਸੁਟ ਦਿੱਤੇ।

ਸਭ ਛਤ੍ਰਿਨ ਛਿਨ ਮੋ ਛਲਾ ਕੋਊ ਨ ਸਕਾ ਬਿਚਾਰ ॥੧੬॥

ਸਾਰਿਆਂ ਛਤ੍ਰੀਆਂ ਨੂੰ ਛਿਣ ਭਰ ਵਿਚ ਛਲ ਲਿਆ ਅਤੇ ਕੋਈ ਵੀ (ਇਸ ਛਲ ਨੂੰ) ਨਾ ਵਿਚਾਰ ਸਕਿਆ ॥੧੬॥

ਚੌਪਈ ॥

ਚੌਪਈ:

ਧੰਨ੍ਯ ਧੰਨ੍ਯ ਸਭ ਲੋਕ ਬਖਾਨੈ ॥

ਸਾਰੇ ਲੋਕ ਧੰਨ ਧੰਨ ਕਹਿਣ ਲਗੇ,

ਭੇਦ ਅਭੇਦ ਨ ਮੂਰਖ ਜਾਨੈ ॥

ਪਰ ਮੂਰਖਾਂ ਨੇ ਭੇਦ ਅਭੇਦ ਨਾ ਸਮਝਿਆ।

ਭੂਪ ਭਗਤਿ ਤਿਹ ਅਧਿਕ ਬਿਚਾਰਿਯੋ ॥

ਰਾਜੇ ਨੇ ਉਸ ਨੂੰ ਆਪਣਾ ਪਰਮ ਭਗਤ ਸਮਝਿਆ

ਨ੍ਰਿਪ ਪਰ ਦਰਬੁ ਇਤੋ ਜਿਨ ਵਾਰਿਯੋ ॥੧੭॥

(ਕਿਉਂਕਿ) ਉਸ ਨੇ ਰਾਜੇ ਉਤੋਂ ਇੰਨਾਂ ਧਨ ਵਾਰ ਦਿੱਤਾ ਸੀ ॥੧੭॥

ਤਬ ਰਾਜੇ ਇਹ ਭਾਤਿ ਉਚਾਰਿਯੋ ॥

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ

ਸਾਹ ਸੁਤਾ ਜੇਤੋ ਧਨ ਵਾਰਿਯੋ ॥

ਕਿ ਸ਼ਾਹ ਦੀ ਪੁੱਤਰੀ ਨੇ ਜਿਤਨਾ ਧਨ ਵਾਰਿਆ ਹੈ,

ਛੋਰਿ ਭੰਡਾਰ ਤਿਤੋ ਤਿਹ ਦੀਜੈ ॥

ਖ਼ਜ਼ਾਨਾ ਖੋਲ੍ਹ ਕੇ ਉਤਨਾ ਧਨ ਉਸ ਨੂੰ ਦੇ ਦਿਓ।

ਮੰਤ੍ਰਨ ਕਹਾ ਬਿਲੰਬ ਨ ਕੀਜੈ ॥੧੮॥

(ਰਾਜੇ ਨੇ) ਮੰਤ੍ਰੀਆਂ ਨੂੰ ਕਿਹਾ ਕਿ ਦੇਰ ਨਾ ਕਰੋ ॥੧੮॥

ਚਾਰਿ ਸੰਦੂਕ ਅਸਰਫੀ ਦੀਨੀ ॥

(ਉਸ ਨੂੰ) ਚਾਰ ਸੰਦੂਕ ਅਸ਼ਰਫ਼ੀਆਂ ਦੇ (ਭਰ ਕੇ) ਦਿੱਤੇ।


Flag Counter