ਸ਼੍ਰੀ ਦਸਮ ਗ੍ਰੰਥ

ਅੰਗ - 88


ਛਾਰ ਕਰੋ ਗਰੂਏ ਗਿਰ ਰਾਜਹਿ ਚੰਡਿ ਪਚਾਰਿ ਹਨੋ ਬਲੁ ਕੈ ਕੈ ॥

ਅਤੇ ਜਿਸ ਵਡੇ ਪਰਬਤ ਉਤੇ ਚੰਡੀ ਬੈਠੀ ਹੈ, (ਉਸ ਨੂੰ) ਮਿੱਟੀ ਕਰ ਦਿਉ ਅਤੇ ਬਲ ਪੂਰਵਕ ਚੰਡੀ ਨੂੰ ਲਲਕਾਰ ਕੇ ਮਾਰ ਦਿਉ।

ਕਾਨਨ ਮੈ ਨ੍ਰਿਪ ਕੀ ਸੁਨੀ ਬਾਤ ਰਿਸਾਤ ਚਲਿਓ ਚੜਿ ਉਪਰ ਗੈ ਕੈ ॥

ਕੰਨਾਂ ਨਾਲ ਰਾਜੇ (ਸੁੰਭ) ਦੀ ਗੱਲ ਸੁਣ ਕੇ (ਰਕਤ-ਬੀਜ) ਗੁੱਸੇ ਨਾਲ ਭਰਿਆ ਹਾਥੀ ਉਤੇ ਚੜ੍ਹ ਕੇ ਤੁਰ ਪਿਆ

ਮਾਨੋ ਪ੍ਰਤਛ ਹੋਇ ਅੰਤਿਕ ਦੰਤਿ ਕੋ ਲੈ ਕੈ ਚਲਿਓ ਰਨਿ ਹੇਤ ਜੁ ਛੈ ਕੈ ॥੧੨੬॥

ਮਾਨੋ ਜਮਰਾਜ ('ਅੰਤਕ') ਰੂਪ ਹਾਥੀ ਪ੍ਰਗਟ ਹੋ ਕੇ ਦੈਂਤ (ਰਕਤ-ਬੀਜ) ਨੂੰ ਨਸ਼ਟ ਕਰਨ ਲਈ ਰਣ-ਭੂਮੀ ਨੂੰ ਚਲਿਆ ਹੋਵੇ ॥੧੨੬॥

ਬੀਜ ਰਕਤ੍ਰ ਸੁ ਬੰਬ ਬਜਾਇ ਕੈ ਆਗੈ ਕੀਏ ਗਜ ਬਾਜ ਰਥਈਆ ॥

ਰਕਤ-ਬੀਜ ਨੇ ਨਗਾਰਾ ਵਜਾ ਕੇ ਹਾਥੀਆਂ, ਘੋੜਿਆਂ ਅਤੇ ਰਥਾਂ ਨੂੰ ਅਗੇ ਕੀਤਾ।

ਏਕ ਤੇ ਏਕ ਮਹਾ ਬਲਿ ਦਾਨਵ ਮੇਰ ਕੋ ਪਾਇਨ ਸਾਥ ਮਥਈਆ ॥

(ਉਹ) ਦੈਂਤ ਇਕ ਤੋਂ ਇਕ ਵੱਧ ਕੇ ਬਲਵਾਨ ਸਨ (ਜੋ) ਪੈਰਾਂ ਨਾਲ ਸੁਮੇਰ ਪਰਬਤ ਨੂੰ ਮਿਧ ਸਕਦੇ ਸਨ।

ਦੇਖਿ ਤਿਨੇ ਸੁਭ ਅੰਗ ਸੁ ਦੀਰਘ ਕਉਚ ਸਜੇ ਕਟਿ ਬਾਧਿ ਭਥਈਆ ॥

ਉਨ੍ਹਾਂ ਦੇ ਸੋਹਣੇ ਅਤੇ ਵਡੇ ਸ਼ਰੀਰਾਂ ਨੂੰ ਵੇਖੋ (ਜਿਨ੍ਹਾਂ ਉਤੇ) ਕਵਚ ਪਾਏ ਹੋਏ ਹਨ ਅਤੇ ਲਕ ਨਾਲ ਭੱਥੇ ਬੰਨ੍ਹੇ ਹੋਏ ਹਨ

ਲੀਨੇ ਕਮਾਨਨ ਬਾਨ ਕ੍ਰਿਪਾਨ ਸਮਾਨ ਕੈ ਸਾਥ ਲਏ ਜੋ ਸਥਈਆ ॥੧੨੭॥

(ਅਤੇ ਜਿਨ੍ਹਾਂ ਨੇ) ਕਮਾਨਾਂ, ਬਾਣ ਅਤੇ ਕ੍ਰਿਪਾਨਾਂ ਆਦਿ (ਜੰਗੀ) ਸਾਮਾਨ ਲਿਆ ਹੋਇਆ ਹੈ। (ਅਜਿਹੇ ਬਲਵਾਨ) ਸਾਥੀਆਂ ਨੂੰ (ਉਹ) ਨਾਲ ਲੈ ਕੇ ਜਾ ਰਿਹਾ ਹੈ ॥੧੨੭॥

ਦੋਹਰਾ ॥

ਦੋਹਰਾ:

ਰਕਤ ਬੀਜ ਦਲ ਸਾਜ ਕੈ ਉਤਰੇ ਤਟਿ ਗਿਰਿ ਰਾਜ ॥

ਰਕਤ-ਬੀਜ ਨੇ ਫ਼ੌਜ ਨੂੰ (ਹਰ ਪਖੋਂ) ਤਿਆਰ ਕਰ ਕੇ ਸੁਮੇਰ ਪਰਬਤ ਕੋਲ ਜਾ ਕੇ ਡੇਰਾ ਕੀਤਾ।

ਸ੍ਰਵਣਿ ਕੁਲਾਹਲ ਸੁਨਿ ਸਿਵਾ ਕਰਿਓ ਜੁਧ ਕੋ ਸਾਜ ॥੧੨੮॥

(ਦੂਜੇ ਪਾਸੇ) ਚੰਡੀ ਨੇ (ਦੈਂਤਾਂ ਦੀ ਆਮਦ ਦਾ) ਰੌਲਾ ਸੁਣ ਕੇ ਯੁੱਧ ਲਈ ਤਿਆਰੀ ਕੀਤੀ ॥੧੨੮॥

ਸੋਰਠਾ ॥

ਸੋਰਠਾ:

ਹੁਇ ਸਿੰਘਹਿ ਅਸਵਾਰ ਗਾਜ ਗਾਜ ਕੈ ਚੰਡਿਕਾ ॥

ਬਿਜਲੀ ਵਾਂਗ ਕੜਕਦੀ ਹੋਈ ਚੰਡੀ ਸ਼ੇਰ ਉਤੇ ਸਵਾਰ ਹੋ ਕੇ

ਚਲੀ ਪ੍ਰਬਲ ਅਸਿ ਧਾਰਿ ਰਕਤਿ ਬੀਜ ਕੇ ਬਧ ਨਮਿਤ ॥੧੨੯॥

ਅਤੇ ਤਲਵਾਰ ਧਾਰਨ ਕਰ ਕੇ ਰਕਤ-ਬੀਜ ਨੂੰ ਮਾਰਨ ਲਈ ਚਲ ਪਈ ॥੧੨੯॥

ਸ੍ਵੈਯਾ ॥

ਸ੍ਵੈਯਾ:

ਆਵਤ ਦੇਖ ਕੇ ਚੰਡਿ ਪ੍ਰਚੰਡ ਕੋ ਸ੍ਰੋਣਤਬਿੰਦ ਮਹਾ ਹਰਖਿਓ ਹੈ ॥

ਪ੍ਰਚੰਡ ਚੰਡੀ ਨੂੰ ਆਉਂਦਾ ਵੇਖ ਕੇ ਰਕਤ-ਬੀਜ ਬਹੁਤ ਪ੍ਰਸੰਨ ਹੋਇਆ

ਆਗੇ ਹ੍ਵੈ ਸਤ੍ਰੁ ਧਸੈ ਰਨ ਮਧਿ ਸੁ ਕ੍ਰੁਧ ਕੇ ਜੁਧਹਿ ਕੋ ਸਰਖਿਓ ਹੈ ॥

ਅਤੇ ਅਗੇ ਹੋ ਕੇ ਵੈਰੀ-ਦਲ ਵਿਚ ਧਸ ਗਿਆ। (ਫਿਰ) ਕ੍ਰੋਧ ਕਰ ਕੇ ਜੰਗ ਲਈ (ਹੋਰ) ਅਗੇ ਵਧਿਆ।

ਲੈ ਉਮਡਿਓ ਦਲੁ ਬਾਦਲੁ ਸੋ ਕਵਿ ਨੈ ਜਸੁ ਇਆ ਛਬਿ ਕੋ ਪਰਖਿਓ ਹੈ ॥

ਉਹ ਬਦਲਾਂ ਵਰਗੇ ਸੈਨਾ-ਦਲਾਂ ਨੂੰ ਲੈ ਕੇ ਚਲਿਆ। (ਉਸ ਦੀ) ਛਬ ਨੂੰ ਵੇਖ ਕੇ ਕਵੀ ਨੇ ਇੰਜ ਪਛਾਣਿਆ ਹੈ

ਤੀਰ ਚਲੈ ਇਮ ਬੀਰਨ ਕੇ ਬਹੁ ਮੇਘ ਮਨੋ ਬਲੁ ਕੈ ਬਰਖਿਓ ਹੈ ॥੧੩੦॥

ਕਿ ਸੂਰਮਿਆਂ ਦੇ ਤੀਰ ਇੰਜ ਚਲਦੇ ਹਨ ਮਾਨੋ ਬਦਲ ਬਹੁਤ ਜ਼ੋਰ ਲਾ ਕੇ ਵਰ੍ਹ ਰਹੇ ਹੋਣ ॥੧੩੦॥

ਬੀਰਨ ਕੇ ਕਰ ਤੇ ਛੁਟਿ ਤੀਰ ਸਰੀਰਨ ਚੀਰ ਕੇ ਪਾਰਿ ਪਰਾਨੇ ॥

ਯੋਧਿਆਂ ਦੇ ਹੱਥਾਂ ਵਿਚੋਂ ਛੁਟ ਕੇ ਤੀਰ (ਵੈਰੀਆਂ ਦੇ) ਸ਼ਰੀਰਾਂ ਵਿਚੋਂ ਪਾਰ ਹੋ ਜਾਂਦੇ ਹਨ।

ਤੋਰ ਸਰਾਸਨ ਫੋਰ ਕੈ ਕਉਚਨ ਮੀਨਨ ਕੇ ਰਿਪੁ ਜਿਉ ਥਹਰਾਨੇ ॥

ਕਮਾਨਾਂ ਨੂੰ ਤੋੜ ਕੇ, ਕਵਚਾਂ ਨੂੰ ਫੋੜ ਕੇ ਮੱਛੀਆਂ ਦੇ ਵੈਰੀ (ਦਧੀਰੇ ਪੰਛੀ ਵਾਂਗ ਤੀਰ ਸਿਰਾਂ ਉਤੇ) ਮੁੰਡਰਾ ਰਹੇ ਹਨ।

ਘਾਉ ਲਗੇ ਤਨ ਚੰਡਿ ਅਨੇਕ ਸੁ ਸ੍ਰਉਣ ਚਲਿਓ ਬਹਿ ਕੈ ਸਰਤਾਨੇ ॥

ਚੰਡੀ ਦੇ ਸ਼ਰੀਰ ਉਤੇ ਲਗੇ ਕਈ ਜ਼ਖ਼ਮਾਂ ਵਿਚੋਂ ਲਹੂ ਨਦੀਆਂ ਵਾਂਗ ਵਗ ਰਿਹਾ ਹੈ

ਮਾਨਹੁ ਫਾਰਿ ਪਹਾਰ ਹੂੰ ਕੋ ਸੁਤ ਤਛਕ ਕੇ ਨਿਕਸੇ ਕਰ ਬਾਨੇ ॥੧੩੧॥

ਮਾਨੋ ਪਰਬਤ ਨੂੰ ਫਾੜ ਕੇ ਸੱਪ (ਸੁਤ-ਤੱਛਕ) ਰੂਪ ਵਟਾ ਕੇ ਨਿਕਲੇ ਹੋਣ ॥੧੩੧॥

ਬੀਰਨ ਕੇ ਕਰ ਤੇ ਛੁਟਿ ਤੀਰ ਸੁ ਚੰਡਿਕਾ ਸਿੰਘਨ ਜਿਉ ਭਭਕਾਰੀ ॥

(ਜਦੋਂ) ਵੀਰ-ਯੋਧਿਆਂ ਦੇ ਹੱਥੋਂ ਤੀਰ ਛੁਟੇ ਤਾਂ ਚੰਡੀ ਨੇ ਸ਼ੇਰਨੀ ਵਾਂਗ ਭਬਕ ਮਾਰੀ

ਲੈ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਚਕ੍ਰ ਛੁਰੀ ਅਉ ਕਟਾਰੀ ॥

ਅਤੇ ਹੱਥਾਂ ਵਿਚ ਧਨੁਸ਼, ਬਾਣ, ਤਲਵਾਰ, ਗਦਾ, ਚਕਰ ਅਤੇ ਛੁਰੀ-ਕਟਾਰੀ (ਆਦਿ ਸ਼ਸਤ੍ਰ) ਧਾਰਨ ਕਰ ਲਏ।


Flag Counter