ਸ਼੍ਰੀ ਦਸਮ ਗ੍ਰੰਥ

ਅੰਗ - 1077


ਹੋ ਧ੍ਰਿਗ ਧ੍ਰਿਗ ਤਾ ਕੌ ਸਭ ਹੀ ਲੋਕ ਬਖਾਨਈ ॥੪॥

ਤਾਂ ਉਸ ਨੂੰ ਸਾਰੇ ਲੋਕ ਧਿੱਕਾਰਦੇ ਹਨ ॥੪॥

ਸੰਗ ਦਾਸੀ ਕੈ ਦਾਸ ਕਹਿਯੋ ਮੁਸਕਾਇ ਕੈ ॥

ਦਾਸੀ ਨੂੰ ਦਾਸ ਨੇ ਹਸ ਕੇ ਕਿਹਾ

ਸੰਗ ਹਮਾਰੇ ਚਲੋ ਪ੍ਰੀਤਿ ਉਪਜਾਇ ਕੈ ॥

ਕਿ ਪ੍ਰੇਮ ਵਿਕਸਿਤ ਕਰ ਕੇ ਮੇਰੇ ਨਾਲ ਚਲ।

ਕਾਮ ਕੇਲ ਕਰਿ ਜੀਹੈਂ ਕਛੂ ਨ ਲੀਜਿਯੈ ॥

ਸਾਨੂੰ ਕੁਝ ਨਹੀਂ ਚਾਹੀਦਾ, ਬਸ ਕਾਮ-ਕ੍ਰੀੜਾ ਕਰ ਕੇ ਜੀਵਾਂਗੇ।

ਹੋ ਗਾਨ ਕਲਾ ਜੂ ਬਚਨ ਹਮਾਰੋ ਕੀਜਿਯੈ ॥੫॥

ਹੇ ਗਾਨ ਕਲਾ! ਮੇਰੀ ਗੱਲ ਮੰਨ ਲੈ ॥੫॥

ਉਠ ਦਾਸੀ ਸੰਗ ਚਲੀ ਪ੍ਰੀਤਿ ਉਪਜਾਇ ਕੈ ॥

ਪ੍ਰੇਮ ਵਸ ਹੋਈ ਦਾਸੀ (ਉਸ ਨਾਲ) ਉਠ ਕੇ ਚਲ ਪਈ

ਨ੍ਰਿਪ ਕੀ ਓਰ ਨਿਹਾਰਿ ਨ ਰਹੀ ਲਜਾਇ ਕੈ ॥

ਅਤੇ ਲਜਾ ਦੀ ਮਾਰੀ ਨੇ ਰਾਜੇ ਵਲ ਵੇਖਿਆ ਤਕ ਨਹੀਂ।

ਜੋ ਦਾਸੀ ਸੌ ਪ੍ਰੇਮ ਪੁਰਖ ਉਪਜਾਵਈ ॥

ਜੋ ਮਰਦ ਦਾਸੀ ਨਾਲ ਪ੍ਰੇਮ ਲਗਾਉਂਦਾ ਹੈ,

ਹੋ ਅੰਤ ਸ੍ਵਾਨ ਕੀ ਮ੍ਰਿਤੁ ਮਰੈ ਪਛੁਤਾਵਈ ॥੬॥

ਉਹ ਅੰਤ ਵਿਚ ਪਛਤਾਉਂਦਾ ਹੋਇਆ ਕੁੱਤੇ ਦੀ ਮੌਤ ਮਰਦਾ ਹੈ ॥੬॥

ਚਾਰਿ ਪਹਰ ਮੈ ਚਾਰਿ ਕੋਸ ਮਾਰਗ ਚਲਿਯੋ ॥

(ਉਨ੍ਹਾਂ ਨੇ) ਚਾਰ ਪਹਿਰਾਂ ਵਿਚ ਚਾਰ ਕੋਹ ਪੈਂਡਾ ਮਾਰ ਲਿਆ।

ਜੋ ਕੰਦ੍ਰਪ ਕੋ ਦ੍ਰਪ ਹੁਤੋ ਸਭੁ ਹੀ ਦਲਿਯੋ ॥

ਕਾਮ ਦਾ ਜੋ ਘਮੰਡ ਸੀ, (ਉਸ) ਸਾਰੇ ਨੂੰ ਦਲ ਦਿੱਤਾ।

ਚਹੂੰ ਓਰ ਭ੍ਰਮਿ ਭ੍ਰਮਿ ਤੇ ਹੀ ਪੁਰ ਆਵਹੀ ॥

ਚੌਹਾਂ ਪਾਸੇ ਘੁੰਮ ਘੁੰਮ ਕੇ (ਆਪਣੇ) ਨਗਰ ਨੂੰ ਹੀ ਪਰਤ ਆਏ।

ਹੋ ਗਾਨ ਕਲਾ ਤਿਲ ਚੁਗਨ ਨ ਪੈਡੋ ਪਾਵਹੀ ॥੭॥

ਗਾਨ ਕਲਾ ਅਤੇ ਤਿਲ ਚੁਗਨ ਰਸਤਾ ਨਾ ਲਭ ਸਕੇ ॥੭॥

ਅਧਿਕ ਸ੍ਰਮਿਤ ਤੇ ਭਏ ਹਾਰਿ ਗਿਰਿ ਕੈ ਪਰੈ ॥

ਬਹੁਤ ਥਕ ਜਾਣ ਕਰ ਕੇ ਉਹ ਹਾਰ ਕੇ ਡਿਗ ਪਏ,

ਜਨੁਕ ਘਾਵ ਬਿਨੁ ਕੀਏ ਆਪ ਹੀ ਤੇ ਮਰੈ ॥

ਮਾਨੋ ਬਿਨਾ ਜ਼ਖ਼ਮ ਖਾਇਆਂ ਆਪ ਹੀ ਮਰ ਗਏ ਹੋਣ।

ਅਧਿਕ ਛੁਧਾ ਜਬ ਲਗੀ ਦੁਹੁਨਿ ਕੌ ਆਇ ਕੈ ॥

ਜਦ ਦੋਹਾਂ ਨੂੰ ਬਹੁਤ ਭੁਖ ਆਣ ਲਗੀ

ਹੋ ਤਬ ਦਾਸੀ ਸੌ ਦਾਸ ਕਹਿਯੋ ਦੁਖ ਪਾਇ ਕੈ ॥੮॥

ਤਾਂ ਦਾਸੀ ਨੂੰ ਦਾਸ ਨੇ ਦੁਖੀ ਹੋ ਕੇ ਕਿਹਾ ॥੮॥

ਗਾਨ ਕਲਾ ਤੁਮ ਪਰੋ ਸੁ ਬੁਰਿ ਅਪੁਨੀ ਕਰੋ ॥

ਹੇ ਗਾਨ ਕਲਾ! ਤੂੰ ਆਪਣੀ ਯੋਨੀ ਪਰੇ ਕਰ

ਖਰਿ ਕੋ ਟੁਕਰਾ ਹਾਥ ਹਮਾਰੇ ਪੈ ਧਰੋ ॥

ਅਤੇ (ਖਾਣ ਲਈ) ਖਲ੍ਹੀ ਦਾ ਟੁਕੜਾ ਮੇਰੇ ਹੱਥ ਉਤੇ ਰਖ।

ਦਾਸ ਜਬੇ ਖੈਬੈ ਕੌ ਕਛੂ ਨ ਪਾਇਯੋ ॥

ਜਦ ਦਾਸ ਨੂੰ ਖਾਣ ਲਈ ਕੁਝ ਹਾਸਲ ਨਾ ਹੋਇਆ

ਹੋ ਅਧਿਕ ਕੋਪ ਤਬ ਚਿਤ ਕੇ ਬਿਖੈ ਬਢਾਇਯੋ ॥੯॥

ਤਾਂ ਉਹ ਚਿਤ ਵਿਚ ਬਹੁਤ ਗੁੱਸੇ ਹੋਇਆ ॥੯॥

ਮਾਰ ਕੂਟਿ ਦਾਸੀ ਕੋ ਦਯੋ ਬਹਾਇ ਕੈ ॥

(ਉਸ ਨੇ) ਮਾਰ ਕੁਟ ਕੇ ਦਾਸੀ ਨੂੰ (ਨਦੀ ਵਿਚ) ਵਹਾ ਦਿੱਤਾ

ਆਪਨ ਗਯੋ ਫਲ ਚੁਗਨ ਮਹਾ ਬਨ ਜਾਇ ਕੈ ॥

ਅਤੇ ਆਪ ਵੱਡੇ ਬਨ ਵਿਚ ਫਲ ਚੁਗਣ ਲਈ ਚਲਾ ਗਿਆ।

ਬੇਰ ਭਖਤ ਤਾ ਕੌ ਹਰਿ ਜਛ ਨਿਹਾਰਿਯੋ ॥

ਉਸ ਨੂੰ ਬੇਰ ਖਾਂਦਿਆਂ ਸ਼ੇਰ ('ਹਰਿਜਛ') ਨੇ ਵੇਖਿਆ

ਹੋ ਤਿਲ ਚੁਗਨਾ ਕੋ ਪਕਰ ਭਛ ਕਰਿ ਡਾਰਿਯੋ ॥੧੦॥

ਅਤੇ ਤਿਲ ਚੁਗਨਾ ਨੂੰ ਪਕੜ ਕੇ ਖਾ ਲਿਆ ॥੧੦॥

ਬਹਤ ਬਹਤ ਦਾਸੀ ਸਰਿਤਾ ਮਹਿ ਤਹਿ ਗਈ ॥

ਦਾਸੀ ਨਦੀ ਵਿਚ ਰੁੜ੍ਹਦੀ ਰੁੜ੍ਹਦੀ ਉਥੇ ਜਾ ਪਹੁੰਚੀ

ਜਹਾ ਆਇ ਸ੍ਵਾਰੀ ਨ੍ਰਿਪ ਕੀ ਨਿਕਸਤ ਭਈ ॥

ਜਿਥੇ ਰਾਜੇ ਦੀ ਸਵਾਰੀ ਨਿਕਲ ਰਹੀ ਸੀ।

ਨਿਰਖਿ ਪ੍ਰਿਯਾ ਰਾਜਾ ਤਿਹ ਲਿਯੋ ਨਿਕਾਰਿ ਕੈ ॥

ਪ੍ਰਿਯਾ ਨੂੰ ਵੇਖ ਕੇ ਰਾਜੇ ਨੇ ਉਸ ਨੂੰ ਕਢਵਾ ਲਿਆ।

ਹੋ ਭੇਦ ਅਭੇਦ ਨ ਮੂਰਖ ਸਕਿਯੋ ਬਿਚਾਰਿ ਕੈ ॥੧੧॥

ਉਹ ਮੂਰਖ ਕੁਝ ਭੇਦ ਅਭੇਦ ਨਾ ਸਮਝ ਸਕਿਆ ॥੧੧॥

ਚੌਪਈ ॥

ਚੌਪਈ:

ਦਾਸੀ ਕਾਢ ਨਦੀ ਤੇ ਲਿਯੋ ॥

ਦਾਸੀ ਨੂੰ ਨਦੀ ਵਿਚੋਂ ਰਾਜੇ (ਨੇ ਕਢਵਾ) ਲਿਆ

ਬੈਠ ਤੀਰ ਐਸੇ ਬਚ ਕਿਯੋ ॥

ਅਤੇ ਕੰਢੇ ਉਤੇ ਬੈਠ ਕੇ ਇਸ ਤਰ੍ਹਾਂ ਗੱਲ ਕੀਤੀ।

ਕਿਹ ਨਿਮਿਤ ਕੈ ਹ੍ਯਾਂ ਤੈ ਆਈ ॥

(ਰਾਜੇ ਨੇ ਪੁਛਿਆ) ਤੂੰ ਕਿਸ ਲਈ ਇਥੇ ਆਈ ਹੈਂ।

ਸੋ ਕਹਿਯੈ ਮੁਹਿ ਪ੍ਰਗਟ ਜਤਾਈ ॥੧੨॥

ਇਹ (ਸਾਰੀ ਵਿਥਿਆ) ਮੈਨੂੰ ਸਪਸ਼ਟ ਰੂਪ ਵਿਚ ਦਸ ॥੧੨॥

ਜਬ ਤੁਮ ਅਖੇਟਕਹਿ ਸਿਧਾਏ ॥

(ਦਾਸੀ ਨੇ ਕਿਹਾ, ਹੇ ਰਾਜਨ!) ਜਦ ਤੁਸੀਂ ਸ਼ਿਕਾਰ ਖੇਡਣ ਗਏ ਸੌ

ਬਹੁ ਚਿਰ ਭਯੋ ਗ੍ਰਿਹ ਕੌ ਨਹਿ ਆਏ ॥

ਅਤੇ ਬਹੁਤ ਸਮੇਂ ਲਈ ਘਰ ਨਹੀਂ ਪਰਤੇ ਸੌ।

ਤੁਮ ਬਿਨੁ ਮੈ ਅਤਿਹਿ ਅਕੁਲਾਈ ॥

ਤਾਂ ਤੁਹਾਡੇ ਬਿਨਾ ਮੈਂ ਬਹੁਤ ਵਿਆਕੁਲ ਹੋ ਗਈ ਸਾਂ।

ਤਾ ਤੇ ਬਨ ਗਹਿਰੇ ਮੋ ਆਈ ॥੧੩॥

ਇਸ ਲਈ ਸੰਘਣੇ ਬਨ ਵਿਚ ਆ ਗਈ ॥੧੩॥

ਜਬ ਮੈ ਅਧਿਕ ਤ੍ਰਿਖਾਤੁਰ ਭਈ ॥

ਜਦ ਮੈਂ ਪਿਆਸ ਨਾਲ ਬੇਹਾਲ ਹੋ ਗਈ

ਪਾਨਿ ਪਿਵਨ ਸਰਿਤਾ ਢਿਗ ਗਈ ॥

ਤਾਂ ਪਾਣੀ ਪੀਣ ਲਈ ਨਦੀ ਦੇ ਕੰਢੇ ਗਈ।

ਫਿਸਲਿਯੋ ਪਾਵ ਨਦੀ ਮੌ ਪਰੀ ॥

ਪੈਰ ਫਿਸਲ ਗਿਆ (ਅਤੇ ਮੈਂ) ਨਦੀ ਵਿਚ ਡਿਗ ਪਈ।

ਅਧਿਕ ਕ੍ਰਿਪਾ ਕਰ ਤੁਮਹਿ ਨਿਕਰੀ ॥੧੪॥

ਤੁਸੀਂ ਬਹੁਤ ਕ੍ਰਿਪਾ ਕਰ ਕੇ ਨਦੀ ਵਿਚੋਂ ਕਢਵਾਇਆ ॥੧੪॥

ਦੋਹਰਾ ॥

ਦੋਹਰਾ:

ਨੀਚ ਸੰਗ ਕੀਜੈ ਨਹੀ ਸੁਨਹੋ ਮੀਤ ਕੁਮਾਰ ॥

ਹੇ ਮਿਤਰ ਰਾਜ ਕੁਮਾਰ! ਸੁਣੋ, ਨੀਚ ਦਾ ਕਦੇ ਵੀ ਸੰਗ ਨਹੀਂ ਕਰਨਾ ਚਾਹੀਦਾ।

ਭੇਡ ਪੂਛਿ ਭਾਦੌ ਨਦੀ ਕੋ ਗਹਿ ਉਤਰਿਯੋ ਪਾਰ ॥੧੫॥

(ਕਿਉਂਕਿ) ਭੇਡ ਦੀ ਪੂਛ ਪਕੜ ਕੇ ਭਾਦੋਂ ਵਿਚ (ਹੜੀ ਹੋਈ) ਨਦੀ ਨੂੰ ਕੀ ਕੋਈ ਪਾਰ ਕਰ ਸਕਦਾ ਹੈ? ॥੧੫॥

ਪਾਨੀ ਉਦਰ ਤਾ ਕੌ ਭਰਿਯੋ ਦਾਸ ਨਦੀ ਗਯੋ ਡਾਰਿ ॥

ਦਾਸ (ਉਸ ਦਾਸੀ ਨੂੰ) ਨਦੀ ਵਿਚ ਸੁਟ ਗਿਆ ਅਤੇ ਉਸ ਦਾ ਪੇਟ ਪਾਣੀ ਨਾਲ ਭਰ ਗਿਆ।

ਬਿਨੁ ਪ੍ਰਾਨਨ ਅਬਲਾ ਭਈ ਸਕਿਯੋ ਨ ਨ੍ਰਿਪ ਬੀਚਾਰਿ ॥੧੬॥

(ਜਿਸ ਕਰ ਕੇ) ਇਸਤਰੀ ਮਰ ਗਈ, ਪਰ ਰਾਜਾ ਇਸ ਨੂੰ ਵਿਚਾਰ ਨਾ ਸਕਿਆ ॥੧੬॥

ਫਲ ਭਛਤ ਜਛਨ ਗਹਿਯੋ ਦਾਸ ਨਾਸ ਕੋ ਕੀਨ ॥

ਫਲ ਖਾਂਦੇ ਦਾਸ ਨੂੰ ਸ਼ੇਰ ('ਜਛਨ') ਨੇ ਪਕੜ ਕੇ ਨਸ਼ਟ ਕਰ ਦਿੱਤਾ।


Flag Counter