ਸ਼੍ਰੀ ਦਸਮ ਗ੍ਰੰਥ

ਅੰਗ - 437


ਛਲਬਲ ਸਿੰਘ ਜਿਹ ਨਾਮ ਮਹਾਬੀਰ ਬਲ ਬੀਰ ਕੋ ॥

ਜਿਸ ਬਲਵਾਨ ਮਹਾਵੀਰ ਦਾ ਨਾਂ ਛਲਬਲ ਸਿੰਘ ਹੈ,

ਲਏ ਖੜਗ ਕਰਿ ਚਾਮ ਖੜਗ ਸਿੰਘ ਪਰ ਸੋ ਚਲਿਓ ॥੧੩੯੯॥

ਉਹ ਹੱਥ ਵਿਚ ਤਲਵਾਰ ਅਤੇ ਢਾਲ ਲੈ ਕੇ ਖੜਗ ਸਿੰਘ (ਨਾਲ ਜੂਝਣ ਲਈ) ਨਿਤਰਿਆ ਹੈ ॥੧੩੯੯॥

ਚੌਪਈ ॥

ਚੌਪਈ:

ਜਬ ਹੀ ਪਾਚ ਬੀਰ ਮਿਲਿ ਧਾਏ ॥

ਜਦੋਂ (ਉਨ੍ਹਾਂ) ਪੰਜ ਵੀਰਾਂ ਨੇ ਮਿਲ ਕੇ ਧਾਵਾ ਕੀਤਾ

ਖੜਗ ਸਿੰਘ ਕੇ ਊਪਰ ਆਏ ॥

ਅਤੇ ਖੜਗ ਸਿੰਘ ਦੇ ਉਪਰ ਚੜ੍ਹ ਆਏ,

ਖੜਗ ਸਿੰਘ ਤਬ ਸਸਤ੍ਰ ਸੰਭਾਰੇ ॥

ਤਦੋਂ ਖੜਗ ਸਿੰਘ ਨੇ ਸ਼ਸਤ੍ਰ ਸੰਭਾਲੇ

ਸਬ ਹੀ ਪ੍ਰਾਨ ਬਿਨਾ ਕਰਿ ਡਾਰੇ ॥੧੪੦੦॥

ਅਤੇ ਸਾਰਿਆਂ (ਰਾਜਿਆਂ) ਨੂੰ ਪ੍ਰਾਣਾਂ ਤੋਂ ਸਖਣਾ ਕਰ ਦਿੱਤਾ ॥੧੪੦੦॥

ਦੋਹਰਾ ॥

ਦੋਹਰਾ:

ਦੁਆਦਸ ਜੋਧੇ ਕ੍ਰਿਸਨ ਕੇ ਅਤਿ ਬਲਬੰਡ ਅਖੰਡ ॥

ਸ੍ਰੀ ਕ੍ਰਿਸ਼ਨ ਦੇ ਬਾਰ੍ਹਾਂ ਹੋਰ ਯੋਧੇ ਜੋ ਸੂਰਵੀਰ ਅਤੇ ਅਖੰਡ ਤੇਜ ਵਾਲੇ ਸਨ

ਜੀਤ ਲਯੋ ਹੈ ਜਗਤ ਜਿਨ ਬਲ ਕਰਿ ਭੁਜਾ ਪ੍ਰਚੰਡ ॥੧੪੦੧॥

ਅਤੇ ਜਿਨ੍ਹਾਂ ਨੇ (ਆਪਣੀਆਂ) ਭੁਜਾਵਾਂ ਦੇ ਪ੍ਰਚੰਡ ਬਲ ਨਾਲ ਜਗਤ ਨੂੰ ਜਿਤਿਆ ਹੋਇਆ ਸੀ ॥੧੪੦੧॥

ਸਵੈਯਾ ॥

ਸਵੈਯਾ:

ਬਾਲਮ ਸਿੰਘ ਮਹਾਮਤਿ ਸਿੰਘ ਜਗਾਜਤ ਸਿੰਘ ਲਏ ਅਸਿ ਧਾਯੋ ॥

(ਉਨ੍ਹਾਂ ਵਿਚੋਂ) ਬਾਲਮ ਸਿੰਘ, ਮਹਾਮਤਿ ਸਿੰਘ ਅਤੇ ਜਗਾਜਤ ਸਿੰਘ ਤਲਵਾਰਾਂ ਲੈ ਕੇ ਵਧੇ ਹਨ।

ਸਿੰਘ ਧਨੇਸ ਕ੍ਰਿਪਾਵਤ ਸਿੰਘ ਸੁ ਜੋਬਨ ਸਿੰਘ ਮਹਾ ਬਰ ਪਾਯੋ ॥

ਧਨੇਸ ਸਿੰਘ, ਕ੍ਰਿਪਾਵਤ ਸਿੰਘ ਅਤੇ ਜੋਬਨ ਸਿੰਘ ਨੇ ਬਹੁਤ ਬਲ ਪ੍ਰਾਪਤ ਕੀਤਾ ਹੈ।

ਜੀਵਨ ਸਿੰਘ ਚਲਿਯੋ ਜਗ ਸਿੰਘ ਸਦਾ ਸਿੰਘ ਲੈ ਜਸ ਸਿੰਘ ਰਿਸਾਯੋ ॥

ਜੀਵਨ ਸਿੰਘ, ਜਗ ਸਿੰਘ, ਸਦਾ ਸਿੰਘ ਅਤੇ ਜਸ ਸਿੰਘ ਕ੍ਰੋਧਵਾਨ ਹੋਏ ਹਨ।

ਬੀਰਮ ਸਿੰਘ ਲਏ ਸਕਤੀ ਕਰ ਮੈ ਖੜਗੇਸ ਸੋ ਜੁਧੁ ਮਚਾਯੋ ॥੧੪੦੨॥

ਬੀਰਮ ਸਿੰਘ ਨੇ ਹੱਥ ਵਿਚ ਬਰਛੀ ਲੈ ਕੇ ਖੜਗ ਸਿੰਘ ਨਾਲ ਯੁੱਧ ਮਚਾਇਆ ਹੋਇਆ ਹੈ ॥੧੪੦੨॥

ਦੋਹਰਾ ॥

ਦੋਹਰਾ:

ਮੋਹਨ ਸਿੰਘ ਜਿਹਿ ਨਾਮ ਭਟ ਸੋਊ ਭਯੋ ਤਿਨ ਸੰਗਿ ॥

ਜਿਸ ਸੂਰਮੇ ਦਾ ਨਾਂ ਮੋਹਨ ਸਿੰਘ ਹੈ, ਉਹ ਵੀ ਉਨ੍ਹਾਂ ਨਾਲ ਹੈ।

ਸਸਤ੍ਰ ਧਾਰਿ ਕਰ ਮੈ ਲੀਏ ਸਾਜਿਯੋ ਕਵਚ ਨਿਖੰਗ ॥੧੪੦੩॥

(ਉਸ ਨੇ) ਸ਼ਸਤ੍ਰ ਹੱਥ ਵਿਚ ਧਾਰਨ ਕਰ ਕੇ ਕਵਚ ਦੇ ਨਾਲ ਭੱਥਾ ਸਜਾਇਆ ਹੋਇਆ ਹੈ ॥੧੪੦੩॥

ਸਵੈਯਾ ॥

ਸਵੈਯਾ:

ਖੜਗੇਸ ਬਲੀ ਕਹੁ ਰਾਮ ਭਨੈ ਸਭ ਭੂਪਨ ਬਾਨ ਪ੍ਰਹਾਰ ਕਰਿਓ ਹੈ ॥

(ਕਵੀ) ਰਾਮ ਕਹਿੰਦੇ ਹਨ, ਬਲਵਾਨ ਖੜਗ ਸਿੰਘ ਉਤੇ ਸਾਰਿਆਂ ਰਾਜਿਆਂ ਨੇ ਤੀਰਾਂ ਦਾ ਪ੍ਰਹਾਰ ਕੀਤਾ ਹੈ।

ਠਾਢੋ ਰਹਿਓ ਦ੍ਰਿੜ ਭੂ ਪਰ ਮੇਰੁ ਸੋ ਆਹਵ ਤੇ ਨਹੀ ਨੈਕੁ ਡਰਿਓ ਹੈ ॥

(ਪਰ ਖੜਗ ਸਿੰਘ) ਧਰਤੀ ਉਤੇ ਸੁਮੇਰ ਪਰਬਤ ਵਾਂਗ ਦ੍ਰਿੜ੍ਹਤਾ ਪੂਰਵਕ ਖੜੋਤਾ ਹੋਇਆ ਹੈ ਅਤੇ ਯੁੱਧ ਤੋਂ ਰਤਾ ਜਿੰਨਾ ਵੀ ਨਹੀਂ ਡਰਿਆ ਹੈ।

ਕੋਪ ਸਿਉ ਓਪ ਬਢੀ ਤਿਹ ਆਨਨ ਤਾ ਛਬਿ ਕੋ ਕਬਿ ਭਾਉ ਧਰਿਓ ਹੈ ॥

ਕ੍ਰੋਧ ਕਰ ਕੇ ਉਸ ਦੇ ਮੁਖ ਦੀ ਸ਼ੋਭਾ ਹੋਰ ਵੀ ਵਧ ਗਈ ਹੈ, ਉਸ ਦੀ ਛਬੀ ਨੂੰ (ਵੇਖ ਕੇ) ਕਵੀ ਨੇ (ਮਨ ਵਿਚ ਇਹ) ਭਾਵ ਧਰਿਆ ਹੈ

ਰੋਸਿ ਕੀ ਆਗ ਪ੍ਰਚੰਡ ਭਈ ਸਰ ਪੁੰਜ ਛੁਟੇ ਮਾਨੋ ਘੀਉ ਪਰਿਓ ਹੈ ॥੧੪੦੪॥

ਕਿ ਕ੍ਰੋਧ ਦੀ ਅੱਗ ਪ੍ਰਚੰਡ ਹੋ ਗਈ ਹੈ ਅਤੇ ਤੀਰਾਂ ਦੇ ਸਮੂਹ ਛੁਟੇ ਹੋਏ (ਇੰਜ ਪ੍ਰਤੀਤ ਹੁੰਦੇ ਹਨ) ਮਾਨੋ (ਬਲਦੀ ਅੱਗ ਉਤੇ) ਘਿਉ ਪਿਆ ਹੋਵੇ ॥੧੪੦੪॥

ਜੋ ਦਲ ਹੋ ਹਰਿ ਬੀਰਨਿ ਕੇ ਸੰਗ ਸੋ ਤੋ ਕਛੂ ਅਰਿ ਮਾਰਿ ਲਯੋ ਹੈ ॥

ਸ੍ਰੀ ਕ੍ਰਿਸ਼ਨ ਦੇ ਵੀਰ-ਯੋਧਿਆਂ ਨਾਲ ਜੋ ਸੈਨਾ ਸੀ, ਉਸ ਵਿਚੋਂ ਕੁਝ ਕੁ ਵੈਰੀ ਨੇ ਮਾਰ ਲਈ ਹੈ।

ਫੇਰਿ ਅਯੋਧਨ ਮੈ ਰੁਪ ਕੈ ਅਸਿ ਲੈ ਜੀਯ ਮੈ ਪੁਨਿ ਕੋਪੁ ਭਯੋ ਹੈ ॥

ਫਿਰ (ਖੜਗ ਸਿੰਘ) ਯੁੱਧ-ਭੂਮੀ ਵਿਚ ਡਟ ਕੇ, (ਹੱਥ ਵਿਚ) ਤਲਵਾਰ ਲੈ ਕੇ ਕ੍ਰੋਧਵਾਨ ਹੋ ਗਿਆ ਹੈ।

ਮਾਰਿ ਬਿਦਾਰ ਦਯੋ ਘਟ ਗਯੋ ਦਲ ਸੋ ਕਬਿ ਕੇ ਮਨ ਭਾਉ ਨਯੋ ਹੈ ॥

(ਉਸ ਨੇ ਕ੍ਰੋਧਵਾਨ ਹੋ ਕੇ ਸੈਨਾ) ਮਾਰ ਕੇ ਨਸ਼ਟ ਕਰ ਦਿੱਤੀ ਹੈ, ਫਲਸਰੂਪ ਸੈਨਾ ਘਟ ਗਈ ਹੈ। (ਇਸ ਸਥਿਤੀ ਨੂੰ ਵੇਖ ਕੇ) ਕਵੀ ਦੇ ਮਨ ਵਿਚ ਨਵਾਂ ਵਿਚਾਰ ਪੈਦਾ ਹੋਇਆ ਹੈ,

ਮਾਨਹੁ ਸੂਰ ਪ੍ਰਲੈ ਕੋ ਚੜਿਯੋ ਜਲੁ ਸਾਗਰ ਕੋ ਸਬ ਸੂਕਿ ਗਯੋ ਹੈ ॥੧੪੦੫॥

ਮਾਨੋ ਪਰਲੋ ਸਮੇਂ ਦੇ ਸੂਰਜ ਦੇ ਚੜ੍ਹਨ ਨਾਲ (ਰਣਭੂਮੀ ਰੂਪ) ਸਮੁੰਦਰ ਦਾ ਜਲ ਸੁਕ ਗਿਆ ਹੋਵੇ ॥੧੪੦੫॥

ਪ੍ਰਥਮੇ ਤਿਨ ਕੀ ਭੁਜ ਕਾਟਿ ਦਈ ਫਿਰ ਕੈ ਤਿਨ ਕੇ ਸਿਰ ਕਾਟਿ ਦਏ ॥

ਪਹਿਲਾਂ ਉਨ੍ਹਾਂ ਦੀਆਂ ਭੁਜਾਵਾਂ ਕਟੀਆਂ ਹਨ ਅਤੇ ਫਿਰ ਉਨ੍ਹਾਂ ਦੇ ਸਿਰ ਕਟ ਦਿੱਤੇ ਹਨ।

ਰਥ ਬਾਜਨ ਸੂਤ ਸਮੇਤ ਸਬੈ ਕਬਿ ਸ੍ਯਾਮ ਕਹੈ ਰਨ ਬੀਚ ਛਏ ॥

ਕਵੀ ਸ਼ਿਆਮ ਕਹਿੰਦੇ ਹਨ, ਘੋੜਿਆਂ ਸਮੇਤ ਰਥ ਅਤੇ ਰਥਵਾਨ ਸਾਰੇ ਯੁੱਧ ਵਿਚ ਨਸ਼ਟ ਹੋ ਗਏ ਹਨ।

ਜਿਨ ਕੀ ਸੁਖ ਕੇ ਸੰਗ ਆਯੁ ਕਟੀ ਤਿਨ ਕੀ ਲੁਥ ਜੰਬੁਕ ਗੀਧ ਖਏ ॥

ਜਿਨ੍ਹਾਂ ਦੀ ਸੁਖ ਨਾਲ ਉਮਰ ਖ਼ਤਮ ਹੋ ਗਈ ਹੈ, ਉਨ੍ਹਾਂ ਦੀਆਂ ਲੋਥਾਂ ਨੂੰ ਗਿਰਝਾਂ ਅਤੇ ਗਿਦੜ ਖਾ ਰਹੇ ਹਨ।

ਜਿਨ ਸਤ੍ਰ ਘਨੇ ਰਨ ਮਾਝਿ ਹਨੇ ਸੋਊ ਸੰਘਰ ਮੈ ਬਿਨੁ ਪ੍ਰਾਨ ਭਏ ॥੧੪੦੬॥

ਜਿਨ੍ਹਾਂ ਨੇ ਰਣ-ਭੂਮੀ ਵਿਚ ਬਹੁਤ ਸਾਰੇ ਵੈਰੀ ਮਾਰੇ ਸਨ, ਉਹ ਵੀ ਯੁੱਧ ਵਿਚ ਬਿਨਾ ਪ੍ਰਾਣਾਂ ਦੇ ਹੋ ਗਏ ਹਨ ॥੧੪੦੬॥

ਦ੍ਵਾਦਸ ਭੂਪਨ ਕੋ ਹਨਿ ਕੈ ਕਬਿ ਸ੍ਯਾਮ ਕਹੈ ਰਨ ਮੈ ਨ੍ਰਿਪ ਛਾਜਿਯੋ ॥

ਕਵੀ ਸ਼ਿਆਮ ਕਹਿੰਦੇ ਹਨ, ਬਾਰ੍ਹਾਂ ਰਾਜਿਆਂ ਨੂੰ ਮਾਰ ਕੇ ਰਾਜਾ (ਖੜਗ ਸਿੰਘ) ਯੁੱਧ-ਖੇਤਰ ਵਿਚ ਇਸ ਤਰ੍ਹਾਂ ਸ਼ੋਭਾਇਮਾਨ ਹੋ ਰਿਹਾ ਹੈ

ਮਾਨਹੁ ਦੂਰ ਘਨੋ ਤਮੁ ਕੈ ਦਿਨ ਆਧਿਕ ਮੈ ਦਿਵਰਾਜ ਬਿਰਾਜਿਯੋ ॥

ਮਾਨੋ ਅੰਧਕਾਰ ਨੂੰ ਦੂਰ ਕਰ ਕੇ ਚੰਗੇ ਦਿਨ ਚੜ੍ਹੇ ਵਿਚ ਸੂਰਜ ਬਿਰਾਜਮਾਨ ਹੋ ਰਿਹਾ ਹੋਵੇ।

ਗਾਜਤ ਹੈ ਖੜਗੇਸ ਬਲੀ ਧੁਨਿ ਜਾ ਸੁਨਿ ਕੈ ਘਨ ਸਾਵਨ ਲਾਜਿਯੋ ॥

ਖੜਗ ਸਿੰਘ ਯੋਧਾ (ਯੁੱਧਭੂਮੀ) ਵਿਚ ਗਜਦਾ ਹੈ, ਜਿਸ ਦੀ ਧੁਨ ਨੂੰ ਸੁਣ ਕੇ ਸਾਵਣ ਦੇ ਕਾਲੇ ਬਦਲ ਸ਼ਰਮਿੰਦੇ ਹੁੰਦੇ ਹਨ।

ਕਾਲ ਪ੍ਰਲੈ ਜਿਉ ਕਿਰਾਰਨ ਤੇ ਬਢਿ ਮਾਨਹੁ ਨੀਰਧ ਕੋਪ ਕੈ ਗਾਜਿਯੋ ॥੧੪੦੭॥

(ਜਾਂ) ਜਿਵੇਂ ਪਰਲੋ ਦੇ ਸਮੇਂ ਸਮੁੰਦਰ ਕੰਢਿਆਂ ਤੋਂ ਉਛਲ ਕੇ ਮਾਨੋ ਗਜਦਾ ਹੋਵੇ ॥੧੪੦੭॥

ਅਉਰ ਕਿਤੀ ਜਦੁਬੀਰ ਚਮੂੰ ਨ੍ਰਿਪ ਇਉ ਪੁਰਖਤਿ ਦਿਖਾਇ ਭਜਾਈ ॥

ਸ੍ਰੀ ਕ੍ਰਿਸ਼ਨ ਦੀ ਹੋਰ ਕਿਤਨੀ ਹੀ ਸੈਨਾ ਨੂੰ ਰਾਜਾ (ਖੜਗ ਸਿੰਘ) ਨੇ (ਆਪਣਾ) ਬਲ ਵਿਖਾ ਕੇ ਭਜਾ ਦਿੱਤਾ ਹੈ।

ਅਉਰ ਜਿਤੇ ਭਟ ਆਇ ਭਿਰੇ ਤਿਨ ਪ੍ਰਾਨਨ ਕੀ ਸਬ ਆਸ ਚੁਕਾਈ ॥

ਹੋਰ ਜਿਤਨੇ ਸੂਰਮੇ ਆ ਕੇ ਲੜੇ ਹਨ ਉਨ੍ਹਾਂ ਨੇ ਜੀਣ ਦੀ ਆਸ ਦੂਰ ਕਰ ਦਿੱਤੀ ਹੈ।

ਲੈ ਕਰ ਮੈ ਅਸਿ ਸ੍ਯਾਮ ਭਨੇ ਜਿਨ ਧਾਇ ਕੈ ਆਇ ਕੈ ਕੀਨੀ ਲਰਾਈ ॥

(ਕਵੀ) ਸ਼ਿਆਮ ਕਹਿੰਦੇ ਹਨ, ਜਿਨ੍ਹਾਂ ਨੇ ਹੱਥ ਵਿਚ ਤਲਵਾਰ ਲੈ ਕੇ ਅਤੇ ਦੌੜ ਕੇ ਲੜਾਈ ਕੀਤੀ ਹੈ,

ਅੰਤ ਕੋ ਅੰਤ ਕੇ ਧਾਮਿ ਗਏ ਤਿਨ ਨਾਹਕ ਆਪਨੀ ਦੇਹ ਗਵਾਈ ॥੧੪੦੮॥

(ਉਹ) ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ਅਤੇ ਵਿਅਰਥ ਵਿਚ ਆਪਣੀ ਦੇਹ ਨਸ਼ਟ ਕਰਾ ਲਈ ਹੈ ॥੧੪੦੮॥

ਬਹੁਰੋ ਰਨ ਮੈ ਰਿਸ ਕੈ ਦਸ ਸੈ ਗਜ ਐਤ ਤੁਰੰਗ ਚਮੂੰ ਹਨਿ ਡਾਰੀ ॥

ਫਿਰ ਯੁੱਧ-ਖੇਤਰ ਵਿਚ ਕ੍ਰੋਧਵਾਨ ਹੋ ਕੇ (ਰਾਜਾ ਖੜਗ ਸਿੰਘ ਨੇ) ਦਸ ਸੌ ਹਾਥੀ ਅਤੇ ਦਸ ਹਜ਼ਾਰ ('ਐਤ') ਘੋੜਸਵਾਰ ਸੈਨਾ ਮਾਰ ਦਿੱਤੀ ਹੈ।

ਦੁਇ ਸਤਿ ਸਿਯੰਦਨ ਕਾਟਿ ਦਏ ਬਹੁ ਬੀਰ ਹਨੇ ਬਲੁ ਕੈ ਅਸਿ ਧਾਰੀ ॥

ਦੋ ਸੌ ਰਥ ਤੋੜ ਦਿੱਤੇ ਹਨ ਅਤੇ ਬਹੁਤ ਸਾਰੇ ਸੂਰਵੀਰਾਂ ਨੂੰ ਜ਼ੋਰ ਨਾਲ ਤਲਵਾਰ ਦੀ ਧਾਰ ਨਾਲ (ਪਾਰ ਬੁਲਾਇਆ ਹੈ)।

ਬੀਸ ਹਜ਼ਾਰ ਪਦਾਤ ਹਨੇ ਦ੍ਰੁਮ ਸੇ ਗਿਰ ਹੈ ਰਨ ਭੂਮਿ ਮੰਝਾਰੀ ॥

ਵੀਹ ਹਜ਼ਾਰ ਪੈਦਲ ਸੈਨਿਕ ਮਾਰ ਦਿੱਤੇ ਹਨ ਜੋ ਰਣ-ਭੂਮੀ ਵਿਚ ਬ੍ਰਿਛਾਂ ਵਾਂਗ ਡਿਗੇ ਪਏ ਹਨ।

ਮਾਨੋ ਹਨੂੰ ਰਿਸਿ ਰਾਵਨ ਬਾਗ ਕੀ ਮੂਲ ਹੂੰ ਤੇ ਜਰ ਮੇਖ ਉਚਾਰੀ ॥੧੪੦੯॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਨੂਮਾਨ ਨੇ ਕ੍ਰੋਧ ਕਰ ਕੇ ਰਾਵਣ ਦੇ ਬਾਗ ਦੀ ਜੜ੍ਹ ਪੁਟ ਦਿੱਤੀ ਹੋਵੇ ॥੧੪੦੯॥

ਰਾਛਸ ਅਭ ਹੁਤੋ ਹਰਿ ਕੀ ਦਿਸਿ ਸੋ ਬਲੁ ਕੈ ਨ੍ਰਿਪ ਊਪਰ ਧਾਯੋ ॥

ਸ੍ਰੀ ਕ੍ਰਿਸ਼ਨ ਦੀ ਸੈਨਾ ਵਿਚ 'ਅਭ੍ਰ' (ਨਾਂ ਦਾ ਇਕ) ਰਾਖਸ਼ ਸੀ। ਉਸ ਨੇ ਬਲ ਪੂਰਵਕ ਰਾਜਾ (ਖੜਗ ਸਿੰਘ) ਉਪਰ ਹਮਲਾ ਕਰ ਦਿੱਤਾ ਹੈ।

ਸਸਤ੍ਰ ਸੰਭਾਰਿ ਸਬੈ ਅਪੁਨੇ ਚਪਲਾ ਸਮ ਲੈ ਅਸਿ ਕੋਪ ਬਢਾਯੋ ॥

(ਉਸ ਨੇ) ਆਪਣੇ ਸਾਰੇ ਸ਼ਸਤ੍ਰਾਂ ਨੂੰ ਸੰਭਾਲ ਕੇ ਅਤੇ ਬਿਜਲੀ ਵਾਂਗ (ਚਮਕਦੀ ਹੋਈ) ਤਲਵਾਰ ਨੂੰ ਲੈ ਕੇ (ਆਪਣੇ) ਕ੍ਰੋਧ ਨੂੰ ਵਧਾਇਆ ਹੋਇਆ ਹੈ।

ਗਾਜਤ ਹੀ ਬਰਖਿਯੋ ਬਰਖਾ ਸਰ ਸ੍ਯਾਮ ਕਬੀਸਰ ਯੋ ਗੁਨ ਗਾਯੋ ॥

ਕਵੀ ਸ਼ਿਆਮ ਨੇ (ਉਸ ਦੇ) ਇਸ ਤਰ੍ਹਾਂ ਗੁਣ ਗਾਏ ਹਨ (ਕਿ ਉਸ ਨੇ) ਗਜਦਿਆਂ ਹੀ ਤੀਰਾਂ ਦੀ ਬਰਖਾ ਲਗਾ ਦਿੱਤੀ ਹੈ,

ਮਾਨਹੁ ਗੋਪਨ ਕੇ ਗਨ ਪੈ ਅਤਿ ਕੋਪ ਕੀਏ ਮਘਵਾ ਚਢਿ ਆਯੋ ॥੧੪੧੦॥

ਮਾਨੋ ਗਵਾਲਿਆਂ ਦੀ ਟੋਲੀ ਉਤੇ ਬਹੁਤ ਕ੍ਰੋਧ ਕਰ ਕੇ ਇੰਦਰ ਚੜ੍ਹ ਆਇਆ ਹੋਵੇ ॥੧੪੧੦॥

ਦੈਤ ਚਮੂੰ ਘਨ ਜਿਉ ਉਮਡੀ ਮਨ ਮੈ ਨ ਕਛੂ ਨ੍ਰਿਪ ਹੂੰ ਡਰੁ ਕੀਨੋ ॥

ਦੈਂਤ ਸੈਨਾ ਬਦਲ ਵਾਂਗ ਉਮਡੀ ਹੈ, ਪਰ ਰਾਜਾ (ਖੜਗ ਸਿੰਘ) ਨੇ ਮਨ ਵਿਚ ਰਤਾ ਜਿੰਨਾ ਵੀ ਡਰ ਨਹੀਂ ਮੰਨਿਆ ਹੈ।


Flag Counter