(ਉਸ ਦੀ) ਸਾਰੀ ਸੈਨਾ ਭਜ ਗਈ ਹੈ ਅਤੇ (ਪਰਤ ਕੇ) ਅੱਖਾਂ ਨਾਲ ਵੇਖਦੀ ਨਹੀਂ ਹੈ।
ਇਕ ਸੂਰਮੇ ਦੇ ਜਿਤੇ ਜਾਣ ਨਾਲ ਅਨੇਕਾਂ ਹੀ ਭਜ ਗਏ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਲਾਸ ਦੇ ਪੁਰਾਣੇ ਪੱਤਰਾਂ ਨੂੰ ਪੌਣ ਨੇ ਨਸ਼ਟ ਕਰ ਦਿੱਤਾ ਹੋਵੇ ॥੩੦੫॥
'ਲੋਭ' (ਸੂਰਮੇ) ਨੇ ਕ੍ਰੋਧ ਕਰ ਕੇ ਰਣ-ਭੂਮੀ ਵਿਚ ਘੋੜੇ ਨੂੰ ਨਚਾਇਆ ਹੈ।
ਜੋ ਸੂਰਮਾ ਭਜ ਗਿਆ ਹੈ, ਉਹੀ ਬਚਿਆ ਹੈ, ਜੋ ਅੜਿਆ ਹੈ, ਉਸ ਨੂੰ ਝਟਕਾ ਦਿੱਤਾ ਗਿਆ ਹੈ।
('ਲੋਭ') ਸੂਰਮੇ ਨੂੰ (ਰਣ-ਭੂਮੀ ਵਿਚ) ਫਿਰਦਾ ਵੇਖ ਕੇ 'ਅਨਾਲੋਭ' ਧਾਵਾ ਕਰ ਕੇ ਆ ਪਿਆ ਹੈ।
ਇਸ ਤਰ੍ਹਾਂ ਤੀਰ ਚਲੇ ਹਨ ਕਿ ਸਾਰੇ ਆਕਾਸ਼ ਉਤੇ ਛਾ ਗਏ ਹਨ ॥੩੦੬॥
ਦਸ ਤੀਰ ਲੈ ਕੇ 'ਧੀਰਜ' (ਨਾਂ ਦੇ) ਸੂਰਮੇ ਉਤੇ ਚਲਾਏ ਹਨ।
ਸਠ ਤੀਰ ਲੈ ਕੇ 'ਸੰਜਮ' ਨੂੰ ਤਕ ਕੇ ਮਾਰੇ ਹਨ।
ਨੌਂ ਤੀਰ ਲੈ ਕੇ 'ਨੇਮ' ਦੇ ਅੰਗਾਂ ਨੂੰ ਵਿੰਨ੍ਹ ਸੁਟਿਆ ਹੈ।
ਵੀਹ ਤੀਰਾਂ ਨਾਲ ਬਲੀ 'ਬਿਗ੍ਯਾਨ' ਨੂੰ ਵਿੰਨ੍ਹ ਦਿੱਤਾ ਹੈ ॥੩੦੭॥
ਪੰਝੀ ਤੀਰ 'ਪਵਿਤ੍ਰਤਾ' ਨੂੰ ਮਾਰੇ ਹਨ।
ਅਸੀ ਬਾਣ 'ਅਰਚਾ' ਦੇ ਸ਼ਰੀਰ ਵਿਚ ਝਾੜੇ ਹਨ।
ਪਚਾਸੀ ਤੀਰਾਂ ਨਾਲ 'ਪੂਜਾ' ਨੂੰ ਵਿੰਨ੍ਹ ਸੁਟਿਆ ਹੈ।
ਬਹੁਤ ਵੱਡਾ ਸੋਟਾ ਲੈ ਕੇ 'ਲਜਾ' (ਦਾ ਸਿਰ) ਪਾੜ ਦਿੱਤਾ ਹੈ ॥੩੦੮॥
ਬਿਆਸੀ ਬਾਣ ਬਲਵਾਨ ਯੋਧੇ 'ਬਿਦ੍ਯਾ' ਨੂੰ ਮਾਰੇ ਹਨ।
'ਤਪਸ੍ਯਾ' ਨੂੰ ਤਕ ਕੇ ਤੇਤੀ (ਬਾਣੁ) ਸੁਟੇ ਹਨ।
ਕਈਆਂ ਬਾਣਾਂ ਨਾਲ 'ਕੀਰਤਨ' (ਸੂਰਮੇ) ਦੇ ਸ਼ਰੀਰ ਨੂੰ ਛੇਦਿਆ ਹੈ
ਅਤੇ 'ਅਲੋਭ' ਆਦਿ ਯੋਧਿਆਂ ਨੂੰ ਚੰਗੀ ਤਰ੍ਹਾਂ ਨਾਲ ਘਾਇਲ ਕੀਤਾ ਹੈ ॥੩੦੯॥
'ਨਿਰਹੰਕਾਰ' ਨੂੰ ਅਸੀ ਬਾਣਾਂ ਨਾਲ ਵਿੰਨ੍ਹਿਆ ਹੈ।
ਪਰਮ ਤੱਤ ਆਦਿ (ਯੋਧਿਆਂ ਦੀ) ਵਖੀ ਨੂੰ ਚੰਗੀ ਤਰ੍ਹਾਂ ਨਾਲ ਪਾੜਿਆ ਹੈ।
ਕਈ ਬਾਣ 'ਕਰੁਣਾ' ਦੇ ਸ਼ਰੀਰ ਉਤੇ ਝਾੜੇ ਹਨ।
'ਸਿਖਿਆ' ਦੇ ਸ਼ਰੀਰ ਵਿਚ ਸੌ ਕੁ ਤੀਰ ਮਾਰੇ ਹਨ ॥੩੧੦॥
ਦੋਹਰਾ:
ਤਦੋਂ ਗਿਆਨ ਦਾ ਬਾਣ ਹੱਥ ਵਿਚ ਲੈ ਕੇ 'ਦਾਨ' (ਨਾਂ ਦਾ ਯੋਧਾ) ਆ ਪਹੁੰਚਿਆ।
ਉਸ ਨੂੰ ਜਵਾਨ ਜਾਣ ਕੇ 'ਧਿਆਨ' ਮੰਤ੍ਰ ਨਾਲ ਮਾਰ ਦਿੱਤਾ ॥੩੧੧॥
ਭੁਜੰਗ ਪ੍ਰਯਾਤ ਛੰਦ:
ਯੁੱਧ ਵਿਚ 'ਦਾਨ' (ਨਾਂ ਵਾਲਾ) ਮਹਾਨ ਯੋਧਾ ਉਛਲਿਆ ਹੈ,
(ਜੋ) ਸਾਰੇ ਸ਼ਸਤ੍ਰਾਂ (ਦੇ ਪ੍ਰਯੋਗ ਨੂੰ) ਜਾਣਨ ਵਾਲਾ ਅਤੇ ਅਸਤ੍ਰ (ਵਿਦਿਆ) ਦਾ ਖ਼ਜ਼ਾਨਾ ਹੈ।
ਦਸ ਬਾਣਾਂ ਨਾਲ 'ਲੋਭ' ਦੀ ਵੱਖੀ ਨੂੰ ਪਾੜ ਦਿੱਤਾ ਹੈ।
ਸੱਤ ਤੀਰਾਂ ਨਾਲ ਕ੍ਰੋਧ ਦੀ ਦੇਹੀ ਨੂੰ ਤਾੜਿਆ ਹੈ ॥੩੧੨॥
'ਅਨੰਨ੍ਯਾਸ' ਸੂਰਮੇ ਨੂੰ ਨੌਂ ਬਾਣਾਂ ਨਾਲ ਵਿੰਨ੍ਹਿਆ ਹੈ।
'ਅਨਾਬਰਤ' (ਨਾਂ ਵਾਲੇ) ਧੀਰਜਵਾਨ (ਯੋਧੇ) ਨੂੰ ਤਿੰਨ ਤੀਰਾਂ ਨਾਲ ਚੀਰਿਆ ਹੈ।
'ਸਤਸੰਗ' (ਨਾਂ ਵਾਲੇ ਯੋਧੇ) ਨੇ ਕ੍ਰੋਧ (ਨਾਂ ਵਾਲੇ ਯੋਧੇ) ਨੂੰ ਮਾਰਿਆ ਹੈ (ਜਿਸ ਕਰ ਕੇ ਉਹ) ਘਾਇਲ ਹੋ ਗਿਆ ਹੈ।
'ਬ੍ਰਹਮ ਗਿਆਨ' ਦੇ ਤਾੜਨ ਨਾਲ 'ਧਰਮ' (ਨਾਂ ਵਾਲੇ ਯੋਧੇ) ਨੂੰ ਧੀਰਜ ਹੋ ਗਿਆ ਹੈ ॥੩੧੩॥
ਕਿਤਨੇ ਹੀ ਬਾਣ 'ਕੁਲ-ਹਤ੍ਰਤਾ' (ਨੂੰ ਵੇਖ ਕੇ) ਚਲਾਏ ਹਨ।
ਕਿਤਨੇ ਹੀ ਬਾਣ ਲੈ ਕੇ 'ਬੈਰ' (ਸੂਰਮੇ) ਨੂੰ ਮਾਰੇ ਹਨ।
ਕਿਤਨੇ ਹੀ ਘਾਓ 'ਆਲਸ' (ਨਾਂ ਦੇ ਯੋਧੇ) ਦੇ ਸ਼ਰੀਰ ਉਤੇ ਲਗਾਏ ਹਨ।
'ਨਰਕ' ਆਦਿ ਤੋਂ ਲੈ ਕੇ ਸਾਰੇ ਸੂਰਮੇ ਭਜ ਗਏ ਹਨ ॥੩੧੪॥
ਇਕ ਹੀ ਬਾਣ ਨਾਲ 'ਨਿਸੀਲ' (ਨਾਂ ਦੇ ਯੋਧੇ) ਦੇ ਸ਼ਰੀਰ ਨੂੰ ਕਟ ਦਿੱਤਾ ਹੈ।
ਦੂਜੇ (ਬਾਣ) ਨਾਲ 'ਕੁਸਤਤਾ' (ਨਾਂ ਦੇ ਸੂਰਮੇ) ਦੇ ਰਥਵਾਨ ਨੂੰ ਚੰਗੀ ਤਰ੍ਹਾਂ ਘਾਇਲ ਕੀਤਾ ਹੈ।
(ਤੀਜੇ ਬਾਣ ਨਾਲ) 'ਗੁਮਾਨ' ਆਦਿ ਦੇ ਚਾਰ ਘੋੜੇ ਮਾਰ ਦਿੱਤੇ ਹਨ।
(ਅਤੇ ਚੌਥੇ ਬਾਣ ਨਾਲ) 'ਅਨਰਥ' ਆਦਿ ਦੇ ਬਾਂਕੇ ਯੋਧਿਆਂ ਨੂੰ ਖ਼ਤਮ ਕਰ ਦਿੱਤਾ ਹੈ ॥੩੧੫॥
ਤ੍ਰੇਹ, ਭੁਖ, ਆਲਸ ਆਦਿ (ਸੂਰਮੇ ਯੁੱਧ-ਭੂਮੀ ਵਿਚੋਂ) ਭਜ ਗਏ।
'ਦੇਵ' ਨੂੰ ਹਠੀ (ਯੋਧਾ) ਜਾਣ ਕੇ ਕ੍ਰੋਧੀ 'ਲੋਭ' ਭਜ ਗਿਆ ਹੈ।
'ਨੇਮ' ਨਾਮ (ਵਾਲਾ ਯੋਧਾ ਤਪਿਆ ਹੈ, (ਉਸ ਨੇ) 'ਅਨੇਮ' (ਨਾਮ ਵਾਲੇ ਯੋਧੇ) ਨੂੰ ਨਸ਼ਟ ਕਰ ਦਿੱਤਾ ਹੈ।
'ਅਲੋਭੀ' ਅਤੇ 'ਉਦਾਸੀ' (ਨਾਂ ਵਾਲੇ ਯੋਧਿਆਂ) ਨੇ 'ਜੋਗ' ਅਸਤ੍ਰ ਧਾਰਨ ਕੀਤਾ ਹੈ ॥੩੧੬॥
(ਉਸ ਨੇ) 'ਕਾਪਟ', 'ਖਾਪਟ' ਅਤੇ 'ਸੋਕ ਪਾਲ' (ਨਾਂ ਵਾਲੇ ਯੋਧਿਆਂ ਨੂੰ) ਮਾਰ ਦਿੱਤਾ ਹੈ।