ਜੋ ਤਲਵਾਰ ਦੀ ਸਾਹਮਣਿਓਂ ਧਾਰ ਸਹਿ ਕੇ ਜੂਝਦਾ ਸੀ,
ਉਸ ਦਾ ਪਲ ਵਿਚ ਉੱਧਾਰ ਹੋ ਜਾਂਦਾ ਸੀ।
ਉਹ ਇਸ ਸੰਸਾਰ ਵਿਚ ਬਿਲਖਦੇ ਨਹੀਂ,
ਸਗੋਂ ਬਿਮਾਨ ਵਿਚ ਚੜ੍ਹ ਕੇ ਸਵਰਗ ਨੂੰ ਜਾਂਦੇ ਸਨ ॥੩੪੫॥
ਜਿਤਨੇ ਭਜਦੇ ਹੋਏ ਸੋਫ਼ੀਆਂ ਉਤੇ ਪ੍ਰਹਾਰ ਕੀਤਾ ਗਿਆ,
ਉਨ੍ਹਾਂ ਸਾਰਿਆਂ ਨੂੰ ਵੱਡੇ ਨਰਕ ਵਿਚ ਸੁਟ ਦਿੱਤਾ ਗਿਆ।
ਜਿਨ੍ਹਾਂ ਨੇ ਸਾਹਮਣੇ ਹੋ ਕੇ ਪ੍ਰਾਣ ਨਿਛਾਵਰ ਕੀਤੇ,
ਉਨ੍ਹਾਂ ਪੁਰਸ਼ਾਂ ਨੂੰ ਅਨੇਕ ਤਰ੍ਹਾਂ ਦੀਆਂ ਅਪੱਛਰਾਵਾਂ ਨੇ ਵਰ ਲਿਆ ॥੩੪੬॥
ਕਿਤਨੇ ਬਜ੍ਰ ਅਤੇ ਬਾਣਾਂ ਨਾਲ ਵਿੰਨ੍ਹੇ ਗਏ ਸਨ
ਅਤੇ ਕਈ ਧਰਤੀ ਉਤੇ ਡਿਗੇ ਪਏ ਸਨ।
ਕਈ ਮਹਾ ਰਥੀ ਬਾਣਾਂ (ਦੇ ਭਥਿਆਂ) ਨੂੰ ਬੰਨ੍ਹੇ ਹੋਇਆਂ ਧਰਤੀ ਉਤੇ ਡਿਗੇ ਪਏ ਸਨ,
ਪਰ ਫਿਰ ਵੀ (ਉਨ੍ਹਾਂ ਨੇ) ਨਿਸ਼ਾਣਾ ਬੰਨ੍ਹਿਆ ਹੋਇਆ ਸੀ ॥੩੪੭॥
ਬਹੁਤ ਸੂਰਮਿਆਂ ਨੇ ਡਰਾਉਣਾ ਯੁੱਧ ਮਚਾਇਆ ਹੋਇਆ ਸੀ।
ਉਹ ਕਠੋਰ ਬੁੱਧੀ ਵਾਲੇ ਇਕ ਦੂਜੇ ਉਤੇ ਭਜ ਭਜ ਕੇ ਵਾਰ ਕਰ ਰਹੇ ਸਨ।
ਨਗਾਰੇ, ਢੋਲ ਅਤੇ ਦਮਾਮੇ ਵਜ ਰਹੇ ਸਨ
ਅਤੇ ਸਾਰੇ (ਸੂਰਮੇ) 'ਮਾਰੋ ਮਾਰੋ' ਪੁਕਾਰ ਰਹੇ ਸਨ ॥੩੪੮॥
ਵੰਗਾਰ ਵੰਗਾਰ ਕੇ ਹਥਿਆਰ ਚਲਾ ਰਹੇ ਸਨ
ਅਤੇ (ਸੂਰਮਿਆਂ ਦੇ ਸ਼ਰੀਰਾਂ ਉਤੇ) ਚੁਣ ਚੁਣ ਕੇ ਤੀਰ ਚਲਾ ਰਹੇ ਸਨ।
ਝੁਕ ਝੁਕ ਕੇ ਬਰਛੀਆਂ ਮਾਰ ਕੇ ਘਾਇਲ ਕਰ ਰਹੇ ਸਨ
ਅਤੇ ਬਹੁਤ ਚਾਓ ਨਾਲ ਦੋਹਾਂ ਬਾਂਹਵਾਂ ਨਾਲ ਲੜਨ ਵਾਲੇ ਸੂਰਮੇ ਮਾਰੇ ਜਾ ਰਹੇ ਸਨ ॥੩੪੯॥
ਕਿਤੇ ਹਾਥੀਆਂ ਦੀਆਂ ਸੁੰਢਾਂ ਪਈਆਂ ਸਨ।
ਕਿਤੇ ਘੋੜਿਆਂ, ਰਥਵਾਨਾਂ ਅਤੇ ਹਾਥੀਆਂ ਦੇ ਸਿਰ ਪਏ ਹੋਏ ਸਨ।
ਕਿਤੇ ਸੂਰਮਿਆਂ ਦੇ ਝੁੰਡਾਂ ਦੇ ਝੁੰਡ ਪਏ ਹੋਏ ਸਨ
ਤੀਰਾਂ, ਬੰਦੂਕਾਂ ਅਤੇ ਤੋਪਾਂ ਨਾਲ ਮਾਰੇ ਹੋਏ ॥੩੫੦॥
ਇਸ ਤਰ੍ਹਾਂ ਬਹੁਤ ਸਿਪਾਹੀ ਮਾਰੇ ਗਏ
ਅਤੇ ਭਾਂਤ ਭਾਂਤ ਨਾਲ ਵੈਰੀ ਦੀ ਸੈਨਾ ਨੂੰ ਗਾਹਿਆ ਗਿਆ।
ਉਧਰ ਸ਼ੇਰ ਉਤੇ ਸਵਾਰੀ ਕਰਨ ਵਾਲੀ (ਦੂਲਹ ਦੇਈ) ਕ੍ਰੋਧ ਵਿਚ ਆ ਗਈ
ਅਤੇ ਇਧਰ ਮਹਾ ਕਾਲ ('ਅਸਿਧੁਜ') ਤਲਵਾਰ ਲੈ ਕੇ ਪੈ ਗਿਆ ॥੩੫੧॥
ਕਿਤੇ ਯੁੱਧ-ਭੂਮੀ ਵਿਚ ਖੜਗਾਂ ਅਤੇ ਕਟਾਰਾਂ ਚਮਕ ਰਹੀਆਂ ਸਨ।
(ਇੰਜ ਲਗਦਾ ਸੀ) ਮਾਨੋ ਮੱਛਲੀਆਂ ਜਾਲ ਵਿਚ ਬੰਨ੍ਹੀਆਂ (ਭਾਵ ਫਸੀਆਂ) ਹੋਣ।
ਸ਼ੇਰ ਦੀ ਸਵਾਰੀ ਕਰਨ ਵਾਲੀ (ਦੂਲਹ ਦੇਈ) ਨੇ ਵੈਰੀਆਂ ਨੂੰ ਨਸ਼ਟ ਕਰ ਦਿੱਤਾ
ਅਤੇ ਦੈਂਤਾਂ ਨੂੰ ਤਿਲ ਤਿਲ ਦੇ ਬਰਾਬਰ ਟੁਕੜੇ ਟੁਕੜੇ ਕਰ ਦਿੱਤਾ ॥੩੫੨॥
ਕਿਤੇ (ਘੋੜਿਆਂ ਦੀਆਂ) ਝੁਲਾਂ ਕਟੀਆਂ ਪਈਆਂ ਸਨ
ਅਤੇ ਕਿਤੇ ਯੋਧੇ ਕਵਚਾਂ ਸਮੇਤ ਡਿਗੇ ਹੋਏ ਸ਼ੋਭਦੇ ਸਨ।
ਕਿਤੇ ਲਹੂ ਦੀਆਂ ਤਤੀਰੀਆਂ ਚਲ ਰਹੀਆਂ ਸਨ।
(ਇੰਜ ਲਗਦਾ ਸੀ) ਮਾਨੋ ਬਾਗ਼ ਵਿਚ ਫਵਾਰਾ ਚਲ ਰਿਹਾ ਹੋਵੇ ॥੩੫੩॥
ਕਿਤੇ ਚੁੜੇਲਾਂ ਲਹੂ ਪੀ ਰਹੀਆਂ ਸਨ।
ਕਿਤੇ ਗਿਰਝਾਂ ਜੀ ਭਰ ਕੇ ਮਾਸ ਖਾ ਰਹੀਆਂ ਸਨ।
ਕਿਤੇ ਕਾਉਣੀਆਂ ਕਾਂ ਕਾਂ ਕਰਦੀਆਂ ਹੋਈਆਂ ਫਿਰ ਰਹੀਆਂ ਸਨ।
ਕਿਤੇ ਪ੍ਰੇਤ ਅਤੇ ਪਿਸਾਚ ਮਦਮਸਤ ਹੋ ਕੇ ਡੋਲ ਰਹੇ ਸਨ ॥੩੫੪॥
(ਕਿਤੇ) ਪ੍ਰੇਤਾਂ ਦੀਆਂ ਇਸਤਰੀਆਂ ਹਸਦੀਆਂ ਫਿਰਦੀਆਂ ਸਨ
ਅਤੇ ਕਿਤੇ ਡਾਕਣੀਆਂ (ਚੁੜੇਲਾਂ) ਤਾੜੀਆਂ ਵਜਾ ਰਹੀਆਂ ਸਨ।
ਕਿਤੇ ਜੋਗਣਾਂ ਹਸਦੀਆਂ ਫਿਰ ਰਹੀਆਂ ਸਨ।
ਕਿਤੇ ਭੂਤਾਂ ਦੀਆਂ ਇਸਤਰੀਆਂ (ਭੂਤਨੀਆਂ) ਮਦਮਸਤ (ਘੁੰਮ ਰਹੀਆਂ ਸਨ) ॥੩੫੫॥
ਕਿਤੇ ਰਣ-ਖੇਤਰ ਵਿਚ ਡਾਕਣੀਆਂ ਡਕਾਰਦੀਆਂ ਫਿਰਦੀਆਂ ਸਨ
ਅਤੇ ਕਿਤੇ ਗਿਰਝਾਂ ਮਾਸ ਦਾ ਭੋਜਨ ਕਰ ਰਹੀਆਂ ਸਨ।
ਕਿਤੇ ਪ੍ਰੇਤ ਅਤੇ ਪਿਸਾਚ ਕਿਲਕਾਰੀਆਂ ਮਾਰ ਕੇ ਹਸ ਰਹੇ ਸਨ।
ਕਿਤੇ ਮਸਾਨ (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ ॥੩੫੬॥