ਸ਼੍ਰੀ ਦਸਮ ਗ੍ਰੰਥ

ਅੰਗ - 717


ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ ॥੪॥

ਰੋਟੀ ਰੋਜ਼ੀ ਦੀ ਭਾਲ ਵਿਚ ਲਗਿਆ ਮਿਸ਼ਰ ਜੀ ਰੋ ਪਿਆ (ਕਿਉਂਕਿ ਉਸ ਨੂੰ ਦਾਨ-ਦਛਣਾ ਨਾ ਮਿਲ ਸਕੀ) ॥੪॥

ੴ ਵਾਹਿਗੁਰੂ ਜੀ ਕੀ ਫਤਹ ॥

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ

ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖ੍ਯਤੇ ॥

ਹੁਣ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਦੇ ਹਾਂ

ਪਾਤਿਸਾਹੀ ੧੦ ॥

ਪਾਤਸ਼ਾਹੀ ੧੦

ਦੋਹਰਾ ॥

ਦੋਹਰਾ:

ਸਾਗ ਸਰੋਹੀ ਸੈਫ ਅਸਿ ਤੀਰ ਤੁਪਕ ਤਰਵਾਰਿ ॥

ਸਾਂਗ, ਸਰੋਹੀ (ਸਿਰੋਹੀ ਨਗਰ ਵਿਚ ਬਣੀ ਤਲਵਾਰ) ਸੈਫ (ਸਿਧੀ ਦੋਧਾਰੀ ਤਲਵਾਰ) ਅਸਿ (ਖ਼ਮਦਾਰ ਤਲਵਾਰ) ਤੀਰ, ਤੁਪਕ (ਬੰਦੂਕ) ਅਤੇ ਤਲਵਾਰ (ਆਦਿ ਜੋ ਸ਼ਸਤ੍ਰ ਹਨ)

ਸਤ੍ਰਾਤਕਿ ਕਵਚਾਤਿ ਕਰ ਕਰੀਐ ਰਛ ਹਮਾਰਿ ॥੧॥

ਇਹ ਵੈਰੀ ਦਾ ਅੰਤ ਕਰਨ ਵਾਲੇ ਅਤੇ ਕਵਚਾਂ ਨੂੰ ਤੋੜਨ ਵਾਲੇ ਹਨ (ਅਤੇ ਇਹੀ) ਮੇਰੀ ਰਖਿਆ ਕਰਦੇ ਹਨ ॥੧॥

ਅਸਿ ਕ੍ਰਿਪਾਨ ਧਾਰਾਧਰੀ ਸੈਫ ਸੂਲ ਜਮਦਾਢ ॥

ਤਲਵਾਰ, ਕ੍ਰਿਪਾਨ, ਧਾਰਾਧਰੀ (ਤਿਖੀ ਧਾਰ ਵਾਲੀ ਤਲਵਾਰ) ਸੈਫ, ਸੂਲ (ਨੇਜ਼ਾ) ਜਮਦਾੜ੍ਹ (ਇਕ ਕਟਾਰ ਜਿਸ ਦੀ ਸ਼ਕਲ ਜਮ ਦੀ ਦਾੜ੍ਹ ਵਰਗੀ ਹੁੰਦੀ ਹੈ)

ਕਵਚਾਤਕਿ ਸਤ੍ਰਾਤ ਕਰ ਤੇਗ ਤੀਰ ਧਰਬਾਢ ॥੨॥

ਤੇਗ, ਤੀਰ, ਧਰਬਾਢ (ਵਢਣ ਲਈ ਤੇਜ਼ ਧਾਰ ਵਾਲੀ ਤਲਵਾਰ) 'ਆਦਿਕ ਸ਼ਸਤ੍ਰ' ਕਵਚਾਂ ਨੂੰ ਭੰਨਣ ਵਾਲੇ ਅਤੇ ਵੈਰੀ ਨੂੰ ਖ਼ਤਮ ਕਰਨ ਵਾਲੇ ਹਨ ॥੨॥

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥

ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ) ਤੀਰ,

ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸੈਫ, ਸਰੋਹੀ ਅਤੇ ਸੈਹਥੀ (ਬਰਛੀ) (ਆਦਿਕ) ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ ॥੩॥

ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ ॥

(ਹੇ ਪਰਮ ਸੱਤਾ!) ਤੂੰ ਹੀ ਤੀਰ ਹੈਂ, ਤੂੰ ਹੀ ਬਰਛੀ ਹੈ, ਤੂੰ ਹੀ ਛਵੀ ਅਤੇ ਤਲਵਾਰ ਹੈਂ।

ਨਾਮ ਤਿਹਾਰੋ ਜੋ ਜਪੈ ਭਏ ਸਿੰਧੁ ਭਵ ਪਾਰ ॥੪॥

ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) ਭਵਸਾਗਰ ਤੋਂ ਪਾਰ ਹੋ ਜਾਂਦਾ ਹੈ ॥੪॥

ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥

ਤੂੰ ਹੀ ਕਾਲ ਹੈਂ, ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ ਅਤੇ ਤੀਰ ਹੈਂ।

ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥

ਤੂੰ ਹੀ ਜਿਤ ਦੀ ਨਿਸ਼ਾਨੀ ਹੈਂ ਅਤੇ ਅਜ ਤੂੰ ਹੀ ਜਗਤ ਵਿਚ ਪਰਮ ਸ੍ਰੇਸ਼ਠ ਸੂਰਮਾ ਹੈਂ ॥੫॥

ਤੁਹੀ ਸੂਲ ਸੈਥੀ ਤਬਰ ਤੂ ਨਿਖੰਗ ਅਰੁ ਬਾਨ ॥

ਤੂੰ ਹੀ ਨੇਜ਼ਾ ਹੈਂ, (ਤੂੰ ਹੀ) ਬਰਛੀ ਅਤੇ ਛਵੀ ਹੈਂ, ਤੂੰ ਹੀ ਭੱਥਾ ਅਤੇ ਬਾਣ ਹੈਂ।

ਤੁਹੀ ਕਟਾਰੀ ਸੇਲ ਸਭ ਤੁਮ ਹੀ ਕਰਦ ਕ੍ਰਿਪਾਨ ॥੬॥

ਤੂੰ ਹੀ ਕਟਾਰੀ, ਸੇਲ (ਬਰਛਾ) ਆਦਿਕ ਸਭ (ਸ਼ਸਤ੍ਰ ਹੈਂ) ਅਤੇ ਤੂੰ ਹੀ ਕਰਦ ਅਤੇ ਕ੍ਰਿਪਾਨ ਹੈਂ ॥੬॥

ਸਸਤ੍ਰ ਅਸਤ੍ਰ ਤੁਮ ਹੀ ਸਿਪਰ ਤੁਮ ਹੀ ਕਵਚ ਨਿਖੰਗ ॥

ਤੂੰ ਹੀ ਸ਼ਸਤ੍ਰ ਅਤੇ ਅਸਤ੍ਰ ਹੈਂ, ਤੂੰ ਹੀ ਸਿਪਰ (ਢਾਲ) ਕਵਚ ਅਤੇ ਭੱਥਾ ਹੈਂ।

ਕਵਚਾਤਕਿ ਤੁਮ ਹੀ ਬਨੇ ਤੁਮ ਬ੍ਯਾਪਕ ਸਰਬੰਗ ॥੭॥

ਤੂੰ ਹੀ ਕਵਚਾਂ ਨੂੰ ਤੋੜਨ ਵਾਲਾ ਬਣਿਆ ਹੋਇਆ ਹੈਂ ਅਤੇ ਤੂੰ ਹੀ ਸਾਰਿਆਂ ਰੂਪਾਂ ਵਿਚ ਵਿਆਪਕ ਹੈਂ ॥੭॥

ਸ੍ਰੀ ਤੁਹੀ ਸਭ ਕਾਰਨ ਤੁਹੀ ਤੂ ਬਿਦ੍ਯਾ ਕੋ ਸਾਰ ॥

ਤੂੰ ਹੀ ਮਾਇਆ ਹੈਂ, ਸਭ ਦਾ ਕਾਰਨ ਰੂਪ ਤੂੰ ਹੀ ਹੈਂ, ਤੂੰ ਹੀ ਵਿਦਿਆ ਦਾ ਸਾਰ ਹੈਂ।

ਤੁਮ ਸਭ ਕੋ ਉਪਰਾਜਹੀ ਤੁਮ ਹੀ ਲੇਹੁ ਉਬਾਰ ॥੮॥

ਤੂੰ ਸਭ ਨੂੰ ਉਤਪੰਨ ਕਰਨ ਵਾਲਾ ਹੈ ਅਤੇ ਤੂੰ ਹੀ (ਸਾਰਿਆਂ ਨੂੰ) ਉਬਾਰਦਾ ਹੈਂ (ਰਖਿਆ ਕਰਦਾ ਹੈਂ) ॥੮॥

ਤੁਮ ਹੀ ਦਿਨ ਰਜਨੀ ਤੁਹੀ ਤੁਮ ਹੀ ਜੀਅਨ ਉਪਾਇ ॥

ਤੂੰ ਹੀ ਦਿਨ ਹੈਂ, ਤੂੰ ਹੀ ਰਾਤ ਹੈਂ, ਤੂੰ ਹੀ ਜੀਵਾਂ ਨੂੰ ਪੈਦਾ ਕੀਤਾ ਹੈ।

ਕਉਤਕ ਹੇਰਨ ਕੇ ਨਮਿਤ ਤਿਨ ਮੌ ਬਾਦ ਬਢਾਇ ॥੯॥

ਕੌਤਕ ਵੇਖਣ ਲਈ (ਤੂੰ ਹੀ) ਉਨ੍ਹਾਂ (ਜੀਵਾਂ) ਵਿਚ ਵਿਵਾਦ (ਝਗੜਾ) ਵਧਾਇਆ ਹੈ ॥੯॥

ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰਿ ॥

ਤਲਵਾਰ, ਕ੍ਰਿਪਾਨ, ਖੰਡਾ, ਖੜਗ, ਸੈਫ, ਤੇਗ ਅਤੇ ਤਲਵਾਰ (ਆਦਿ ਜਿਸ ਦੇ ਇਹ ਨਾਂ ਹਨ)

ਰਛ ਕਰੋ ਹਮਰੀ ਸਦਾ ਕਵਚਾਤਕਿ ਕਰਵਾਰਿ ॥੧੦॥

ਕਵਚਾਂ ਨੂੰ ਭੰਨਣ ਵਾਲੀ (ਉਹ) ਕਰਵਾਰ ਸਦਾ ਸਾਡੀ ਰਖਿਆ ਕਰੇ ॥੧੦॥

ਤੁਹੀ ਕਟਾਰੀ ਦਾੜ ਜਮ ਤੂ ਬਿਛੂਓ ਅਰੁ ਬਾਨ ॥

ਤੂੰ ਹੀ ਕਟਾਰੀ ਹੈਂ, ਤੂੰ ਹੀ ਜਮਦਾੜ੍ਹ, ਬਿਛੂਆ ਅਤੇ ਬਾਣ ਹੈਂ।

ਤੋ ਪਤਿ ਪਦ ਜੇ ਲੀਜੀਐ ਰਛ ਦਾਸ ਮੁਹਿ ਜਾਨੁ ॥੧੧॥

ਹੇ ਸੁਆਮੀ! ਜੇ (ਮੈਂ) ਤੁਹਾਡੇ ਪੈਰ ਪਕੜੇ ਹਨ, ਤਾਂ ਦਾਸ ਜਾਣ ਕੇ (ਮੇਰੀ) ਰਖਿਆ ਕਰੋ ॥੧੧॥

ਬਾਕ ਬਜ੍ਰ ਬਿਛੂਓ ਤੁਹੀ ਤੁਹੀ ਤਬਰ ਤਰਵਾਰਿ ॥

ਤੂੰ ਹੀ ਬਾਂਕ (ਬਾਘਨਖਾ) ਬਜ੍ਰ (ਗਦਾ) ਅਤੇ ਬਿਛੂਆ ਹੈਂ, ਤੂੰ ਹੀ ਤਬਰ ਅਤੇ ਤਲਵਾਰ ਹੈ।

ਤੁਹੀ ਕਟਾਰੀ ਸੈਹਥੀ ਕਰੀਐ ਰਛ ਹਮਾਰਿ ॥੧੨॥

ਤੂੰ ਹੀ ਕਟਾਰ, ਸੈਹਥੀ ਹੈਂ, (ਤੁਸੀਂ) ਮੇਰੀ ਰਖਿਆ ਕਰੋ ॥੧੨॥

ਤੁਮੀ ਗੁਰਜ ਤੁਮ ਹੀ ਗਦਾ ਤੁਮ ਹੀ ਤੀਰ ਤੁਫੰਗ ॥

ਤੂੰ ਹੀ ਗੁਰਜ ਹੈਂ, ਤੂੰ ਹੀ ਗਦਾ ਹੈਂ ਅਤੇ ਤੂੰ ਹੀ ਤੀਰ ਅਤੇ ਤੁਫੰਗ (ਬੰਦੂਕ) ਹੈਂ।

ਦਾਸ ਜਾਨਿ ਮੋਰੀ ਸਦਾ ਰਛ ਕਰੋ ਸਰਬੰਗ ॥੧੩॥

(ਮੈਨੂੰ ਆਪਣਾ) ਦਾਸ ਜਾਣ ਕੇ ਸਦਾ ਸਭ ਤਰ੍ਹਾਂ ਨਾਲ ਮੇਰੀ ਰਖਿਆ ਕਰੋ ॥੧੩॥

ਛੁਰੀ ਕਲਮ ਰਿਪੁ ਕਰਦ ਭਨਿ ਖੰਜਰ ਬੁਗਦਾ ਨਾਇ ॥

ਛੁਰੀ, ਕਲਮ-ਰਿਪੁ, (ਕਲਮ ਦਾ ਵੈਰੀ ਚਾਕੂ) ਕਰਦ, ਖੰਜਰ, ਬੁਗਦਾ (ਛੁਰਾ ਜਾਂ ਟੋਕਾ) ਆਦਿਕ ਨਾਂਵਾਂ ਵਾਲੇ (ਸ਼ਸਤ੍ਰ) ਕਹੇ ਜਾਂਦੇ ਹਨ।

ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ ॥੧੪॥

ਹੇ ਸਾਰੇ ਜਗਤ ਨੂੰ ਪ੍ਰਾਪਤ ਹੋਣ ਯੋਗ ('ਅਰਧ') ਰਿਜ਼ਕ (ਰੋਜ਼ੀ)! ਮੈਨੂੰ ਤੁਸੀਂ ਬਚਾ ਲਵੋ ॥੧੪॥

ਪ੍ਰਿਥਮ ਉਪਾਵਹੁ ਜਗਤ ਤੁਮ ਤੁਮ ਹੀ ਪੰਥ ਬਨਾਇ ॥

ਪਹਿਲਾਂ ਤੁਸੀਂ ਜਗਤ ਨੂੰ ਪੈਦਾ ਕਰਦੇ ਹੋ, (ਫਿਰ) ਤੁਸੀਂ ਹੀ (ਵਖਰੇ ਵਖਰੇ) ਪੰਥ (ਧਰਮ-ਮਾਰਗ-ਸੰਪ੍ਰਦਾਇ) ਬਣਾਉਂਦੇ ਹੋ।

ਆਪ ਤੁਹੀ ਝਗਰਾ ਕਰੋ ਤੁਮ ਹੀ ਕਰੋ ਸਹਾਇ ॥੧੫॥

ਤੁਸੀਂ ਆਪ ਹੀ (ਉਨ੍ਹਾਂ ਵਿਚ) ਝਗੜਾ ਖੜਾ ਕਰਦੇ ਹੋ ਅਤੇ ਫਿਰ ਤੁਸੀਂ ਹੀ (ਵਿਵਾਦ ਖ਼ਤਮ ਕਰਨ ਲਈ) ਸਹਾਇਤਾ ਕਰਦੇ ਹੋ ॥੧੫॥

ਮਛ ਕਛ ਬਾਰਾਹ ਤੁਮ ਤੁਮ ਬਾਵਨ ਅਵਤਾਰ ॥

ਤੁਸੀਂ ਹੀ ਮੱਛ, ਕੱਛ, ਬਾਰਾਹ (ਅਵਤਾਰ ਹੋ ਅਤੇ) ਤੁਸੀਂ ਹੀ ਬਾਵਨ ਅਵਤਾਰ ਹੋ।

ਨਾਰਸਿੰਘ ਬਊਧਾ ਤੁਹੀ ਤੁਹੀ ਜਗਤ ਕੋ ਸਾਰ ॥੧੬॥

ਤੂੰ ਹੀ ਨਰ ਸਿੰਘ ਅਤੇ ਬੋਧ (ਅਵਤਾਰ ਹੈਂ ਅਤੇ) ਤੂੰ ਹੀ ਜਗਤ ਦਾ ਸਾਰ-ਤੱਤ ਹੈਂ ॥੧੬॥

ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸਨੁ ਕੋ ਰੂਪ ॥

ਤੂੰ ਹੀ ਰਾਮ ਹੈਂ, ਤੂੰ ਹੀ ਕ੍ਰਿਸ਼ਨ ਹੈਂ ਅਤੇ ਤੂੰ ਹੀ ਵਿਸ਼ਣੂ ਦਾ ਰੂਪ ਹੈਂ।

ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ ॥੧੭॥

ਤੂੰ ਹੀ ਸਾਰੇ ਜਗਤ ਦੀ ਪ੍ਰਜਾ ਹੈਂ ਅਤੇ ਤੂੰ ਆਪ ਹੀ ਰਾਜਾ ਹੈਂ ॥੧੭॥

ਤੁਹੀ ਬਿਪ੍ਰ ਛਤ੍ਰੀ ਤੁਹੀ ਤੁਹੀ ਰੰਕ ਅਰੁ ਰਾਉ ॥

ਤੂੰ ਹੀ ਬ੍ਰਾਹਮਣ ਹੈਂ, ਅਤੇ ਤੂੰ ਹੀ ਛਤ੍ਰੀ ਹੈਂ ਅਤੇ ਤੂੰ ਆਪ ਹੀ ਕੰਗਾਲ ਤੇ ਆਪ ਹੀ ਰਾਜਾ ਹੈਂ।

ਸਾਮ ਦਾਮ ਅਰੁ ਡੰਡ ਤੂੰ ਤੁਮ ਹੀ ਭੇਦ ਉਪਾਉ ॥੧੮॥

ਤੂੰ ਹੀ ਸਾਮ, ਦਾਮ ਅਤੇ ਦੰਡ ਹੈਂ ਅਤੇ ਤੂੰ ਹੀ ਭੇਦ ਹੈਂ (ਅਤੇ ਇਨ੍ਹਾਂ ਸਾਰਿਆਂ ਦਾ) ਉਪਾ ਹੈਂ ॥੧੮॥

ਸੀਸ ਤੁਹੀ ਕਾਯਾ ਤੁਹੀ ਤੈ ਪ੍ਰਾਨੀ ਕੇ ਪ੍ਰਾਨ ॥

ਤੂੰ ਹੀ ਸਿਰ ਹੈਂ, ਤੂੰ ਹੀ ਕਾਇਆ (ਸ਼ਰੀਰ) ਹੈਂ, ਤੂੰ ਹੀ ਪ੍ਰਾਣੀ ਦਾ ਪ੍ਰਾਣ ਹੈਂ।

ਤੈ ਬਿਦ੍ਯਾ ਜੁਗ ਬਕਤ੍ਰ ਹੁਇ ਕਰੇ ਬੇਦ ਬਖ੍ਯਾਨ ॥੧੯॥

ਤੂੰ ਹੀ ਵਿਦਿਆ ਹੈਂ (ਅਤੇ ਚਾਰ) ਯੁਗਾਂ (ਦੀ ਗਿਣਤੀ ਜਿੰਨੇ) ਮੁਖਾਂ ਵਾਲਾ ਬ੍ਰਹਮਾ ਹੋ ਕੇ ਵੇਦਾਂ ਦਾ ਵਿਖਿਆਨ ਕੀਤਾ ਹੈ ॥੧੯॥

ਬਿਸਿਖ ਬਾਨ ਧਨੁਖਾਗ੍ਰ ਭਨ ਸਰ ਕੈਬਰ ਜਿਹ ਨਾਮ ॥

ਬਿਸਿਖ (ਤੀਰ) ਬਾਣ, ਧਨੁਖਾਗ੍ਰ (ਇਕ ਵਿਸ਼ੇਸ਼ ਤੀਰ ਜੋ ਧਨੁਸ਼ ਦੇ ਅੱਗੇ ਲਗਾਇਆ ਜਾਂਦਾ ਹੈ) ਸਰ, ਕੈਬਰ, (ਵਿਸ਼ੇਸ਼ ਬਾਣ)