ਸ਼੍ਰੀ ਦਸਮ ਗ੍ਰੰਥ

ਅੰਗ - 946


ਜੈਸੇ ਬੂੰਦ ਕੀ ਮੇਘ ਜ੍ਯੋਂ ਹੋਤ ਨਦੀ ਮੈ ਲੀਨ ॥੧੪॥

ਜਿਵੇਂ ਮੇਘ ਦੀ ਬੂੰਦ ਨਦੀ ਵਿਚ ਲੀਨ ਹੋ ਜਾਂਦੀ ਹੈ ॥੧੪॥

ਪ੍ਰੀਤਿ ਲਾਲ ਕੀ ਉਰ ਬਸੀ ਬਿਸਰੀ ਸਕਲ ਸਿਯਾਨ ॥

ਪ੍ਰੀਤਮ ਦੀ ਪ੍ਰੀਤ ਮਨ ਵਿਚ ਵਸ ਗਈ ਅਤੇ ਸਾਰੀ ਸਿਆਣਪ ਵਿਸਰ ਗਈ।

ਗਿਰੀ ਮੂਰਛਨਾ ਹ੍ਵੈ ਧਰਨਿ ਬਿਧੀ ਬਿਰਹ ਕੇ ਬਾਨ ॥੧੫॥

ਬਿਰਹੋਂ ਦੇ ਬਾਣ ਦੀ ਵਿੰਨ੍ਹੀ ਹੋਈ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ ॥੧੫॥

ਸੋਰਠਾ ॥

ਸੋਰਠਾ:

ਰਕਤ ਨ ਰਹਿਯੋ ਸਰੀਰ ਲੋਕ ਲਾਜ ਬਿਸਰੀ ਸਕਲ ॥

(ਉਸ ਦੇ) ਸ਼ਰੀਰ ਵਿਚ ਲਹੂ ਨਾ ਰਿਹਾ ਅਤੇ ਸਾਰੀ ਲੋਕ-ਲਾਜ ਭੁਲ ਗਈ।

ਅਬਲਾ ਭਈ ਅਧੀਰ ਅਮਿਤ ਰੂਪ ਪਿਯ ਕੋ ਨਿਰਖਿ ॥੧੬॥

(ਉਹ) ਇਸਤਰੀ ਪ੍ਰੀਤਮ ਦਾ ਅਪਾਰ ਸੁੰਦਰ ਰੂਪ ਵੇਖ ਕੇ ਅਧੀਰ ਹੋ ਗਈ ॥੧੬॥

ਚੌਪਈ ॥

ਚੌਪਈ:

ਜਾ ਦਿਨ ਮੀਤ ਪਿਯਾਰੋ ਪੈਯੈ ॥

ਜਿਸ ਦਿਨ (ਮੈਂ) ਪਿਆਰੇ ਮਿਤਰ ਨੂੰ ਪ੍ਰਾਪਤ ਕਰਾਂਗੀ,

ਤੌਨ ਘਰੀ ਉਪਰ ਬਲਿ ਜੈਯੈ ॥

ਉਸ ਘੜੀ ਉਤੇ (ਮੈਂ) ਕੁਰਬਾਨ ਜਾਵਾਂਗੀ।

ਬਿਰਹੁ ਬਧੀ ਚੇਰੀ ਤਿਹ ਭਈ ॥

ਬਿਰਹੋਂ ਦੀ ਵਿੰਨ੍ਹੀ ਹੋਈ ਉਸ ਦੀ ਦਾਸੀ ਬਣ ਗਈ

ਬਿਸਰਿ ਲਾਜ ਲੋਗਨ ਕੀ ਗਈ ॥੧੭॥

ਅਤੇ ਲੋਕ-ਲਾਜ ਵਿਸਰ ਗਈ ॥੧੭॥

ਦੋਹਰਾ ॥

ਦੋਹਰਾ:

ਨਿਰਖਿ ਬੂਬਨਾ ਬਸਿ ਭਈ ਪਰੀ ਬਿਰਹ ਕੀ ਫਾਸ ॥

ਬੂਬਨਾ (ਉਸ ਨੂੰ) ਵੇਖ ਕੇ ਵਸ ਵਿਚ ਹੋ ਗਈ ਅਤੇ ਬਿਰਹੋਂ ਦੀ ਫਾਹੀ ਵਿਚ ਫਸ ਗਈ।

ਭੂਖਿ ਪ੍ਯਾਸ ਭਾਜੀ ਸਕਲ ਬਿਨੁ ਦਾਮਨੁ ਕੀ ਦਾਸ ॥੧੮॥

(ਉਸ ਦੀ) ਸਾਰੀ ਭੁਖ ਤ੍ਰੇਹ ਖ਼ਤਮ ਹੋ ਗਈ ਅਤੇ ਬਿਨਾ ਦੰਮਾਂ ਦੇ ਗ਼ੁਲਾਮ ਬਣ ਗਈ ॥੧੮॥

ਬਤਿਸ ਅਭਰਨ ਤ੍ਰਿਯ ਕਰੈ ਸੋਰਹ ਸਜਤ ਸਿੰਗਾਰ ॥

(ਉਸ) ਇਸਤਰੀ ਨੇ ੩੨ ਪ੍ਰਕਾਰ ਦੇ ਗਹਿਣੇ ਪਾਏ ਅਤੇ ਸੋਲ੍ਹਾਂ ਤਰ੍ਹਾਂ ਦੇ ਸ਼ਿੰਗਾਰ ਕੀਤੇ।

ਨਾਕ ਛਿਦਾਵਤ ਆਪਨੋ ਪਿਯ ਕੇ ਹੇਤੁ ਪਿਯਾਰ ॥੧੯॥

ਪ੍ਰੀਤਮ ਦੇ ਪ੍ਰੇਮ ਲਈ ਉਸ ਨੇ ਆਪਣਾ ਨਕ ਵੀ ਵਿੰਨ੍ਹਵਾ ਲਿਆ ॥੧੯॥

ਤੀਯ ਪਿਯਾ ਕੇ ਚਿਤ ਮੈ ਐਸੋ ਲਾਗਿਯੋ ਨੇਹ ॥

ਪ੍ਰੀਤਮ ਅਤੇ ਪ੍ਰੀਤਮਾ ਦੇ ਚਿਤ ਵਿਚ ਅਜਿਹਾ ਨੇਹੋਂ ਲਗਿਆ

ਭੂਖ ਲਾਜ ਤਨ ਕੀ ਗਈ ਦੁਹੁਅਨ ਬਿਸਰਿਯੋ ਗ੍ਰੇਹ ॥੨੦॥

ਕਿ ਦੋਹਾਂ ਨੂੰ ਘਰ ਬਾਰ ਭੁਲ ਗਿਆ ਅਤੇ ਭੁਖ ਤੇ ਸ਼ਰੀਰ ਦੀ ਲਾਜ ਵੀ ਖ਼ਤਮ ਹੋ ਗਈ ॥੨੦॥

ਸਵੈਯਾ ॥

ਸਵੈਯਾ:

ਬੀਨ ਸਕੈ ਬਿਗਸੈ ਨਹਿ ਕਾਹੂ ਸੌ ਲੋਕ ਕੀ ਲਾਜ ਬਿਦਾ ਕਰਿ ਰਾਖੇ ॥

ਨ ਉਹ ਵੇਖ ਸਕਦੀ ਹੈ, ਨਾ ਹਸ ਕੇ ਕਿਸੇ ਨਾਲ (ਗੱਲ ਕਰ) ਸਕਦੀ ਹੈ ਅਤੇ ਲੋਕਲਾਜ ਨੂੰ ਵਿਦਾ ਕਰ ਦਿੱਤਾ ਹੈ।

ਬੀਰੀ ਚਬਾਤ ਨ ਬੈਠਿ ਸਕੈ ਬਿਲ ਮੈ ਨਹਿ ਬਾਲ ਹਹਾ ਕਰਿ ਭਾਖੈ ॥

ਉਹ ਇਸਤਰੀ ਪਾਨ ਦਾ ਬੀੜਾ ਨਹੀਂ ਚਬਾ ਸਕਦੀ ਅਤੇ ਘਰ ਵਿਚ ਬੈਠ ਨਹੀਂ ਸਕਦੀ, ਬਸ 'ਹਾ-ਹਾ' ਉਚਾਰਦੀ ਹੈ।

ਇੰਦ੍ਰ ਕੋ ਰਾਜ ਸਮਾਜਨ ਸੋ ਸੁਖ ਛਾਡਿ ਛਿਨੇਕ ਬਿਖੈ ਦੁਖ ਗਾਖੈ ॥

ਇੰਦਰ ਦੇ ਰਾਜ-ਸਮਾਜ ਵਰਗਾ ਸੁਖ ਛਡ ਕੇ ਛਿਣ ਭਰ ਵਿਚ ਦੁਖ ਨੂੰ ਸਹਾਰ ਸਕਦੀ ਹੈ।

ਤੀਰ ਲਗੋ ਤਰਵਾਰਿ ਲਗੋ ਨ ਲਗੋ ਜਿਨਿ ਕਾਹੂ ਸੌ ਕਾਹੂ ਕੀ ਆਖੈਂ ॥੨੧॥

ਤੀਰ ਲਗ ਜਾਏ ਜਾਂ ਤਲਵਾਰ ਲਗ ਜਾਏ, ਪਰ ਕਿਸੇ ਦੀ ਕਿਸੇ ਨਾਲ ਅੱਖ ਨਾ ਲਗੇ ॥੨੧॥

ਦੋਹਰਾ ॥

ਦੋਹਰਾ:

ਹੇਰਿ ਬੂਬਨਾ ਕੌ ਧਰਨਿ ਲੋਟਤ ਮਾਤ ਅਧੀਰ ॥

ਬੂਬਨਾ ਨੂੰ ਜਦੋਂ ਮਾਂ ਨੇ ਬਿਹਬਲ ਹੋਇਆ ਧਰਤੀ ਉਤੇ ਪਲਸੇਟੇ ਮਾਰਦੇ ਵੇਖਿਆ

ਚਤੁਰਿ ਹੁਤੀ ਚੀਨਤ ਭਈ ਪਿਯ ਬਿਰਹ ਕੀ ਪੀਰਿ ॥੨੨॥

ਤਾਂ ਉਹ ਸੂਝਵਾਨ ਇਸਤਰੀ ਸਮਝ ਗਈ ਕਿ ਇਸ ਨੂੰ ਬਿਰਹੋਂ ਦੀ ਪੀੜ ਨੇ (ਦੁਖੀ ਕੀਤਾ ਹੈ) ॥੨੨॥

ਚੌਪਈ ॥

ਚੌਪਈ:

ਯਾ ਕੀ ਲਗਨਿ ਕਿਸੂ ਸੋ ਲਾਗੀ ॥

ਇਸ ਦੀ ਕਿਸੇ ਨਾਲ ਲਗਨ ਲਗ ਗਈ ਹੈ।

ਤਾ ਤੇ ਭੂਖਿ ਪ੍ਯਾਸ ਸਭ ਭਾਗੀ ॥

ਇਸ ਲਈ ਸਾਰੀ ਭੁਖ ਤ੍ਰੇਹ ਖ਼ਤਮ ਹੋ ਗਈ ਹੈ।

ਤਾ ਤੇ ਬੇਗਿ ਉਪਾਯਹਿ ਕਰਿਯੈ ॥

ਇਸ ਵਾਸਤੇ ਜਲਦੀ ਕੋਈ ਉਪਾ ਕੀਤਾ ਜਾਏ

ਜਾ ਤੇ ਸਗਰੋ ਸੋਕ ਨਿਵਰਿਯੈ ॥੨੩॥

ਤਾਂ ਜੋ (ਇਸ ਦਾ) ਸਾਰਾ ਦੁਖ ਦੂਰ ਹੋ ਜਾਏ ॥੨੩॥

ਹ੍ਰਿਦੈ ਮੰਤ੍ਰ ਇਹ ਭਾਤਿ ਬਿਚਾਰਿਯੋ ॥

ਉਸ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ

ਨਿਜ ਪਤਿ ਸੋ ਇਹ ਭਾਤਿ ਉਚਾਰਿਯੋ ॥

ਅਤੇ ਆਪਣੇ ਪਤੀ ਨੂੰ ਇੰਜ ਕਿਹਾ

ਸੁਤਾ ਤਰੁਨਿ ਤੁਮਰੇ ਗ੍ਰਿਹ ਭਈ ॥

ਕਿ ਤੇਰੇ ਘਰ ਲੜਕੀ ਜੁਆਨ ਹੋ ਗਈ ਹੈ।

ਤਾ ਕੀ ਕਰਨ ਸਗਾਈ ਲਈ ॥੨੪॥

ਇਸ ਦੀ ਮੰਗਣੀ ਕਰ ਲੈਣੀ ਚਾਹੀਦੀ ਹੈ ॥੨੪॥

ਯਾ ਕੋ ਅਧਿਕ ਸੁਯੰਬਰ ਕੈਹੈ ॥

ਇਸ ਦਾ (ਅਸੀਂ) ਵੱਡਾ ਸੁਅੰਬਰ ਕਰੀਏ

ਬਡੇ ਬਡੇ ਰਾਜਾਨ ਬੁਲੈਹੈ ॥

ਅਤੇ ਵੱਡੇ ਵੱਡੇ ਰਾਜਿਆਂ ਨੂੰ ਬੁਲਾ ਲਈਏ।

ਦੁਹਿਤਾ ਦ੍ਰਿਸਟਿ ਸਭਨ ਪਰ ਕਰਿ ਹੈ ॥

(ਤੁਹਾਡੀ) ਪੁੱਤਰੀ ਸਾਰਿਆਂ ਨੂੰ ਵੇਖ ਲਏਗੀ

ਜੋ ਚਿਤ ਰੁਚੇ ਤਿਸੀ ਕਹ ਬਰਿ ਹੈ ॥੨੫॥

ਅਤੇ ਜੋ ਚਿਤ ਨੂੰ ਚੰਗਾ ਲਗੇਗਾ, ਉਸ ਨੂੰ ਵਰ ਲਵੇਗੀ ॥੨੫॥

ਭਯੋ ਪ੍ਰਾਤ ਯਹ ਬ੍ਯੋਤ ਬਨਾਯੋ ॥

ਸਵੇਰ ਹੋਣ ਤੇ (ਉਸ ਨੇ) ਇਹ ਯੋਜਨਾ ਬਣਾਈ

ਪੁਰ ਬਾਸਿਨ ਸਭਹੀਨ ਬੁਲਾਯੋ ॥

ਅਤੇ ਸਾਰੇ ਨਗਰ ਵਾਸੀਆਂ ਨੂੰ ਬੁਲਾ ਲਿਆ।

ਦੇਸ ਦੇਸ ਬਹੁ ਦੂਤ ਪਠਾਏ ॥

ਦੇਸ ਦੇਸਾਂਤਰਾਂ ਨੂੰ ਬਹੁਤ ਦੂਤ ਭੇਜੇ

ਨਰਪਤਿ ਸਭ ਠੌਰਨ ਤੇ ਆਏ ॥੨੬॥

ਅਤੇ ਸਾਰਿਆਂ ਦੇਸਾਂ ਦੇ ਰਾਜੇ ਆ ਗਏ ॥੨੬॥

ਦੋਹਰਾ ॥ ਤੌਨ ਬਾਗ ਮੈ ਬੂਬਨਾ ਨਿਤ ਪ੍ਰਤਿ ਕਰਤ ਪਯਾਨ ॥

ਦੋਹਰਾ: ਉਸ ਬਾਗ਼ ਵਿਚ ਬੂਬਨਾ ਰੋਜ਼ ਜਾਂਦੀ ਸੀ

ਭੇਟਤ ਸਾਹ ਜਲਾਲ ਕੋ ਰੈਨਿ ਬਸੈ ਗ੍ਰਿਹ ਆਨਿ ॥੨੭॥

ਅਤੇ ਸ਼ਾਹ ਜਲਾਲ ਨੂੰ ਮਿਲ ਕੇ ਰਾਤ ਨੂੰ ਘਰ ਪਰਤ ਆਉਂਦੀ ਸੀ ॥੨੭॥

ਚੌਪਈ ॥

ਚੌਪਈ:

ਐਸੀ ਪ੍ਰੀਤਿ ਦੁਹੂੰ ਮੈ ਭਈ ॥

ਦੋਹਾਂ ਵਿਚ ਅਜਿਹਾ ਪ੍ਰੇਮ ਹੋ ਗਿਆ

ਦੁਹੂੰਅਨ ਬਿਸਰਿ ਸਕਲ ਸੁਧਿ ਗਈ ॥

ਕਿ ਦੋਹਾਂ ਨੂੰ ਸਭ ਸੁੱਧ ਬੁੱਧ ਭੁਲ ਗਈ।

ਕਮਲ ਨਾਭ ਕੀ ਛਬਿ ਪਹਿਚਨਿਯਤ ॥

ਉਹ ਕਮਲ-ਨਾਭ (ਵਿਸ਼ਣੂ) ਵਾਂਗ ਸੁੰਦਰ ਲਗਦੇ ਸਨ।

ਟੂਕ ਦੁ ਪ੍ਰੀਤਿ ਤਾਰ ਇਕ ਜਨਿਯਤ ॥੨੮॥

(ਉਨ੍ਹਾਂ ਦੇ) ਦੋ ਸ਼ਰੀਰ ਜ਼ਰੂਰ ਸਨ ਪਰ ਉਨ੍ਹਾਂ ਵਿਚ ਪ੍ਰੇਮ ਦੀ ਤਾਰ ਇਕ ਹੀ ਸਮਝੀ ਜਾਂਦੀ ਸੀ ॥੨੮॥

ਦੋਹਰਾ ॥

ਦੋਹਰਾ:

ਭਯੋ ਪ੍ਰਾਤ ਪਿਤ ਬੂਬਨਾ ਰਾਜਾ ਲਏ ਬੁਲਾਇ ॥

ਸਵੇਰ ਹੋਣ ਤੇ ਬੂਬਨਾ ਦੇ ਪਿਤਾ ਨੇ (ਸਾਰੇ) ਰਾਜੇ ਬੁਲਾ ਲਏ

ਆਗ੍ਯਾ ਦੁਹਿਤਾ ਕੋ ਦਈ ਰੁਚੈ ਬਰੋ ਤਿਹ ਜਾਇ ॥੨੯॥

ਅਤੇ ਪੁੱਤਰੀ ਨੂੰ ਆਗਿਆ ਦਿੱਤੀ ਕਿ ਜਾ ਕੇ ਮਨ ਪਸੰਦ ਅਨੁਸਾਰ ਵਰ ਚੁਣ ਲਵੋ ॥੨੯॥

ਚੌਪਈ ॥

ਚੌਪਈ:

ਯਹੈ ਸਕੇਤ ਤਹਾ ਬਦਿ ਆਈ ॥

(ਉਹ ਪਹਿਲਾਂ ਹੀ) ਇਹ ਸੰਕੇਤ ਉਸ ਨੂੰ ਦਸ ਆਈ।

ਸਾਹਿ ਜਲਾਲਹਿ ਲਯੋ ਬੁਲਾਈ ॥

(ਫਿਰ) ਸ਼ਾਹ ਜਲਾਲ ਨੂੰ ਉਥੇ ਬੁਲਾ ਲਿਆ।

ਜਬ ਹੌ ਦ੍ਰਿਸਟਿ ਤਵੂ ਪਰ ਕਰਿਹੌ ॥

ਕਿ ਜਦ ਮੈਂ ਤੇਰੇ ਵਲ ਨਜ਼ਰ ਕਰਾਂਗੀ

ਫੂਲਨ ਕੀ ਮਾਲਾ ਉਰ ਡਰਿ ਹੌ ॥੩੦॥

ਤਾਂ ਫੁਲਾਂ ਦੀ ਮਾਲਾ (ਤੇਰੇ) ਗਲ ਵਿਚ ਪਾ ਦਿਆਂਗੀ ॥੩੦॥

ਚੜਿ ਬਿਵਾਨ ਦੇਖਨ ਨ੍ਰਿਪ ਗਈ ॥

ਉਹ ਸੁਖਪਾਲ ('ਬਿਵਾਨ') ਵਿਚ ਚੜ੍ਹ ਕੇ ਰਾਜਿਆਂ ਨੂੰ ਵੇਖਣ ਗਈ

ਦ੍ਰਿਸਟਿ ਕਰਤ ਸਭਹਿਨ ਪਰ ਭਈ ॥

ਅਤੇ ਸਾਰਿਆਂ ਉਤੇ ਨਜ਼ਰ ਮਾਰੀ।

ਜਬ ਤਿਹ ਸਾਹ ਜਲਾਲ ਨਿਹਾਰਿਯੋ ॥

ਜਦ ਉਸ ਨੇ ਸ਼ਾਹ ਜਲਾਲ ਨੂੰ ਵੇਖਿਆ

ਫੂਲ ਹਾਰ ਤਾ ਕੇ ਉਰ ਡਾਰਿਯੋ ॥੩੧॥

ਤਾਂ ਫੁਲਾਂ ਦੀ ਮਾਲਾ ਉਸ ਦੇ ਗਲ ਵਿਚ ਪਾ ਦਿੱਤੀ ॥੩੧॥

ਭਾਤਿ ਭਾਤਿ ਤਬ ਬਾਜਨ ਬਾਜੇ ॥

ਤਦ ਭਾਂਤ ਭਾਂਤ ਦੇ ਵਾਜੇ ਵਜਣ ਲਗੇ।

ਜਨਿਯਤ ਸਾਹਿ ਜਲੂ ਕੇ ਗਾਜੇ ॥

(ਇੰਜ ਪ੍ਰਤੀਤ ਹੁੰਦਾ ਹੈ ਮਾਨੋ) ਸ਼ਾਹ ਜਲੂ ਦੀ ਜੈ ਜੈ ਕਾਰ ਹੋ ਰਹੀ ਹੋਵੇ।

ਸਭ ਨ੍ਰਿਪ ਬਕ੍ਰ ਫੂਕ ਹ੍ਵੈ ਗਏ ॥

ਸਾਰਿਆਂ ਰਾਜਿਆਂ ਦੇ ਮੂੰਹ ਫਿਕੇ ਪੈ ਗਏ,

ਜਾਨਕ ਲੂਟਿ ਬਿਧਾ ਤਹਿ ਲਏ ॥੩੨॥

ਮਾਨੋ ਉਹ ਪਰਮੇਸ਼੍ਵਰ ਨੇ ਲੁਟ ਲਏ ਹੋਣ ॥੩੨॥

ਦੋਹਰਾ ॥

ਦੋਹਰਾ:

ਫੂਕ ਬਕਤ੍ਰ ਭੇ ਸਭ ਨ੍ਰਿਪਤਿ ਗਏ ਆਪਨੇ ਗ੍ਰੇਹ ॥

ਸਾਰਿਆਂ ਰਾਜਿਆਂ ਦੇ ਮੂੰਹ ਫਿਕੇ ਪੈ ਗਏ ਅਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ।

ਜਲੂ ਬੂਬਨਾ ਕੋ ਤਬੈ ਅਧਿਕ ਬਢਤ ਭਯੋ ਨੇਹ ॥੩੩॥

ਤਦ ਬੂਬਨਾ ਅਤੇ ਜਲੂ ਦਾ ਪ੍ਰੇਮ ਹੋਰ ਅਧਿਕ ਵੱਧ ਗਿਆ ॥੩੩॥

ਚੌਪਈ ॥

ਚੌਪਈ:

ਇਹ ਛਲ ਸੋ ਅਬਲਾ ਕਰਿ ਆਈ ॥

ਇਹ ਛਲ ਉਹ ਇਸਤਰੀ ਕਰ ਕੇ ਆ ਗਈ,