ਸ਼੍ਰੀ ਦਸਮ ਗ੍ਰੰਥ

ਅੰਗ - 400


ਅਤਿ ਹੀ ਦੁਖ ਪਯੋ ਹਮ ਕੋ ਇਹ ਠਉਰ ਬਿਨਾ ਤੁਮਰੇ ਨ ਸਹਾਇਕ ਕੁਐ ॥

ਸਾਨੂੰ ਇਸ ਸਥਾਨ ਉਤੇ ਬਹੁਤ ਦੁਖ ਹੋ ਰਿਹਾ ਹੈ, ਤੁਹਾਡੇ ਬਿਨਾ (ਸਾਡਾ) ਕੋਈ ਸਹਾਇਕ ਨਹੀਂ ਹੈ।

ਗਜ ਕੋ ਜਿਮ ਸੰਕਟ ਸੀਘ੍ਰ ਕਟਿਯੋ ਤਿਮ ਮੋ ਦੁਖ ਕੋ ਕਟੀਐ ਹਰਿ ਐ ॥

ਜਿਵੇਂ ਹਾਥੀ ਦੇ ਸੰਕਟ ਨੂੰ ਤੁਰਤ ਕਟਿਆ ਸੀ, ਉਸੇ ਤਰ੍ਹਾਂ ਹੇ ਕ੍ਰਿਸ਼ਨ! ਆ ਕੇ ਮੇਰੇ ਦੁਖ ਕਟੋ।

ਤਿਹ ਤੇ ਸੁਨਿ ਲੈ ਸੁ ਕਹਿਯੋ ਹਮਰੋ ਕਬਿ ਸ੍ਯਾਮ ਕਹੈ ਹਿਤ ਸੋ ਚਿਤ ਦੈ ॥੧੦੨੪॥

ਕਵੀ ਸ਼ਿਆਮ ਕਹਿੰਦੇ ਹਨ, ਇਸ ਲਈ ਸਾਡੀ ਕਹੀ ਹੋਈ ਪ੍ਰਾਰਥਨਾ ਨੂੰ ਹਿਤ ਨਾਲ ਚਿਤ ਦੇ ਕੇ ਸੁਣ ਲਵੋ ॥੧੦੨੪॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਅਕ੍ਰੂਰ ਫੁਫੀ ਕੁੰਤੀ ਪਾਸ ਭੇਜਾ ਸਮਾਪਤਮ ਸਤੁ ਸੁਭਮ ਸਤ ॥

ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਅਕਰੂਰ ਨੂੰ ਫੁਫੀ ਕੁੰਤੀ ਪਾਸ ਭੇਜਣ ਦਾ ਪ੍ਰਸੰਗ ਸਮਾਪਤ, ਸਭ ਸ਼ੁਭ ਹੈ।

ਅਥ ਉਗ੍ਰਸੈਨ ਕੋ ਰਾਜ ਦੀਬੋ ਕਥਨੰ ॥

ਹੁਣ ਉਗ੍ਰਸੈਨ ਨੂੰ ਰਾਜ ਦੇਣ ਦਾ ਕਥਨ

ਦੋਹਰਾ ॥

ਦੋਹਰਾ:

ਸ੍ਰੀ ਮਨ ਮੋਹਨ ਜਗਤ ਗੁਰ ਨੰਦ ਨੰਦਨ ਬ੍ਰਿਜ ਮੂਰਿ ॥

ਮਨ ਨੂੰ ਮੋਹਣ ਵਾਲਾ, ਜਗਤ ਦਾ ਗੁਰੂ, ਨੰਦ ਦਾ ਪੁੱਤਰ ਅਤੇ ਬ੍ਰਜ ਦਾ ਮੂਲ ਧੁਰਾ,

ਗੋਪੀ ਜਨ ਬਲਭ ਸਦਾ ਪ੍ਰੇਮ ਖਾਨ ਭਰਪੂਰਿ ॥੧੦੨੫॥

(ਜੋ) ਗੋਪੀਆਂ ਅਤੇ ਲੋਕਾਂ ਦਾ ਪਿਆਰਾ ਹੈ, (ਉਹ) ਸਦਾ ਪ੍ਰੇਮ ਦੀ ਭਰਪੂਰ ਖਾਣ ਹੈ ॥੧੦੨੫॥

ਛਪੈ ਛੰਦ ॥

ਛਪੈ ਛੰਦ:

ਪ੍ਰਿਥਮ ਪੂਤਨਾ ਹਨੀ ਬਹੁਰਿ ਸਕਟਾਸੁਰ ਖੰਡਿਯੋ ॥

ਪਹਿਲਾਂ ਪੂਤਨਾ ਮਾਰੀ, ਫਿਰ ਸ਼ਕਟਾਸੁਰ ਦਾ ਨਾਸ਼ ਕੀਤਾ।

ਤ੍ਰਿਣਾਵਰਤ ਲੈ ਉਡਿਯੋ ਤਾਹਿ ਨਭਿ ਮਾਹਿ ਬਿਹੰਡਿਯੋ ॥

ਤ੍ਰਿਣਾਵਰਤ ਲੈ ਉਡਿਆ ਸੀ, ਉਸ ਨੂੰ ਆਕਾਸ਼ ਵਿਚ ਟੁਕੜੇ ਟੁਕੜੇ ਕਰ ਦਿੱਤਾ।

ਕਾਲੀ ਦੀਓ ਨਿਕਾਰਿ ਚੋਚ ਗਹਿ ਚੀਰਿ ਬਕਾਸੁਰ ॥

ਕਾਲੀ (ਨਾਗ) ਨੂੰ (ਤਾਲਾਬ ਵਿਚੋਂ) ਕਢ ਦਿੱਤਾ ਅਤੇ ਬਕਾਸੁਰ ਨੂੰ ਚੁੰਜੋਂ ਪਕੜ ਕੇ ਚੀਰ ਦਿੱਤਾ।

ਨਾਗ ਰੂਪ ਮਗ ਰੋਕਿ ਰਹਿਯੋ ਤਬ ਹਤਿਓ ਅਘਾਸੁਰ ॥

ਕੇਸੀ, ਬੱਛ ਅਤੇ ਧੇਨਕ (ਨਾਂ ਦੇ ਦੈਂਤਾਂ) ਨੂੰ ਮਾਰ ਦਿੱਤਾ ਸੀ

ਕੇਸੀ ਸੁ ਬਛ ਧੇਨੁਕ ਹਨ੍ਯੋ ਰੰਗ ਭੂਮਿ ਗਜ ਡਾਰਿਯੋ ॥

ਅਤੇ ਰੰਗ-ਭੂਮੀ ਵਿਚ ਹਾਥੀ (ਕਵਲੀਆਪੀੜ) ਨੂੰ ਮਾਰ ਮੁਕਾਇਆ ਸੀ।

ਚੰਡੂਰ ਮੁਸਟ ਕੇ ਪ੍ਰਾਨ ਹਰਿ ਕੰਸ ਕੇਸ ਗਹਿ ਮਾਰਿਯੋ ॥੧੦੨੬॥

ਚੰਡੂਰ ਅਤੇ ਮੁਸਟ (ਨਾਂ ਵਾਲੇ ਪਹਿਲਵਾਨਾਂ) ਦਾ ਵਿਨਾਸ਼ ਕੀਤਾ ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ ਸੀ ॥੧੦੨੬॥

ਸੋਰਠਾ ॥

ਸੋਰਠਾ:

ਅਮਰ ਲੋਕ ਤੇ ਫੂਲ ਬਰਖੇ ਨੰਦ ਕਿਸੋਰ ਪੈ ॥

ਨੰਦ ਦੇ ਪੁੱਤਰ ਉਤੇ ਅਮਰ-ਲੋਕ ਤੋਂ ਫੁਲ ਵਰ੍ਹਨ ਲਗੇ।

ਮਿਟਿਯੋ ਸਕਲ ਬ੍ਰਿਜ ਸੂਲ ਕਮਲ ਨੈਨ ਕੇ ਹੇਤ ਤੇ ॥੧੦੨੭॥

ਕਮਲ ਵਰਗੇ ਨੈਣਾਂ ਦੇ ਹਿਤ ਕਰ ਕੇ ਬ੍ਰਜ ਦਾ ਸਾਰਾ ਸੰਤਾਪ ਮਿਟ ਗਿਆ ॥੧੦੨੭॥

ਦੋਹਰਾ ॥

ਦੋਹਰਾ:

ਦੁਸਟ ਅਰਿਸਟ ਨਿਵਾਰ ਕੈ ਲੀਨੋ ਸਕਲ ਸਮਾਜ ॥

ਦੁਸਟਾਂ ਅਤੇ ਵੈਰੀਆਂ ਨੂੰ ਦੂਰ ਕਰ ਕੇ ਸਾਰਾ ਰਾਜ ਸਮਾਜ (ਅਧਿਕਾਰ ਵਿਚ) ਕਰ ਲਿਆ।

ਮਥੁਰਾ ਮੰਡਲ ਕੋ ਦਯੋ ਉਗ੍ਰਸੈਨ ਕੋ ਰਾਜ ॥੧੦੨੮॥

(ਫਿਰ) ਮਥੁਰਾ ਮੰਡਲ ਦਾ ਰਾਜ ਉਗ੍ਰਸੈਨ ਨੂੰ ਦੇ ਦਿੱਤਾ ॥੧੦੨੮॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਰਾਜਾ ਉਗ੍ਰਸੈਨ ਕਉ ਮਥਰਾ ਕੋ ਰਾਜ ਦੀਬੋ ॥

ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਰਾਜਾ ਉਗ੍ਰਸੈਨ ਨੂੰ ਮਥੁਰਾ ਦਾ ਰਾਜ ਦੇਣ ਦਾ ਪ੍ਰਸੰਗ ਸਮਾਪਤ।

ਅਥ ਜੁਧ ਪ੍ਰਬੰਧ ॥

ਹੁਣ ਯੁੱਧ ਪ੍ਰਬੰਧ:

ਜਰਾਸੰਧਿ ਜੁਧ ਕਥਨੰ ॥

ਜਰਾਸੰਧ ਦੇ ਯੁੱਧ ਦਾ ਕਥਨ:

ਸਵੈਯਾ ॥

ਸਵੈਯਾ:

ਇਤ ਰਾਜ ਦਯੋ ਨ੍ਰਿਪ ਕਉ ਜਬ ਹੀ ਉਤ ਕੰਸ ਬਧੂ ਪਿਤ ਪਾਸ ਗਈ ॥

ਇਧਰ ਜਦੋਂ ਹੀ ਰਾਜਾ (ਉਗ੍ਰਸੈਨ) ਨੂੰ (ਮਥੁਰਾ ਦਾ) ਰਾਜ ਦਿੱਤਾ, ਉਧਰ ਕੰਸ ਦੀ ਪਤਨੀ (ਆਪਣੇ) ਪਿਤਾ (ਕੰਸ) ਕੋਲ ਚਲੀ ਗਈ।

ਅਤਿ ਦੀਨ ਸੁ ਛੀਨ ਮਲੀਨ ਮਹਾ ਮਨ ਕੇ ਦੁਖ ਸੋ ਸੋਈ ਰੋਤ ਭਈ ॥

ਉਹ ਬਹੁਤ ਆਜਿਜ਼, ਕਮਜ਼ੋਰ, ਮਲੀਨ ਵੇਸ ਵਿਚ (ਪਿਤਾ ਕੋਲ) ਆਪਣੇ ਵੱਡੇ ਦੁਖ ਨੂੰ ਰੋਣ ਲਗੀ।

ਪਤਿ ਭਈਯਨ ਕੇ ਬਧਬੇ ਕੀ ਬ੍ਰਿਥਾ ਜੁ ਹੁਤੀ ਮਨ ਮੈ ਸੋਈ ਭਾਖ ਦਈ ॥

ਪਤੀ ਅਤੇ ਭਰਾਵਾਂ ਨੂੰ ਮਾਰਨ ਦਾ ਜੋ ਬ੍ਰਿੱਤਾਂਤ ਮਨ ਵਿਚ ਸੀ, ਉਹ ਕਹਿ ਦਿੱਤਾ।

ਸੁਨਿ ਕੈ ਮੁਖ ਤੇ ਤਿਹ ਸੰਧਿ ਜਰਾ ਅਤਿ ਕੋਪ ਕੈ ਆਖ ਸਰੋਜ ਤਈ ॥੧੦੨੯॥

ਉਸ ਦੇ ਮੁਖ ਤੋਂ (ਸਾਰਾ ਬ੍ਰਿੱਤਾਂਤ) ਸੁਣ ਕੇ ਜਰਾਸੰਧ ਦੀਆਂ ਕਮਲ ਵਰਗੀਆਂ ਅੱਖਾਂ, ਕ੍ਰੋਧ ਕਰ ਕੇ ਤਪ ਗਈਆਂ (ਅਰਥਾਤ ਲਾਲ ਹੋ ਗਈਆਂ) ॥੧੦੨੯॥

ਜਰਾਸੰਧਿਓ ਬਾਚ ॥

ਜਰਾਸੰਧ ਨੇ ਕਿਹਾ:

ਦੋਹਰਾ ॥

ਦੋਹਰਾ:

ਹਰਿ ਹਲਧਰਹਿ ਸੰਘਾਰ ਹੋ ਦੁਹਿਤਾ ਪ੍ਰਤਿ ਕਹਿ ਬੈਨ ॥

(ਜਰਾਸੰਧ ਨੇ) ਧੀ ਨੂੰ ਬਚਨ ਕਿਹਾ (ਕਿ ਮੈਂ) ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੂੰ (ਜ਼ਰੂਰ) ਮਾਰਾਂਗਾ।

ਰਾਜਧਾਨੀ ਤੇ ਨਿਸਰਿਯੋ ਮੰਤ੍ਰਿ ਬੁਲਾਏ ਸੈਨ ॥੧੦੩੦॥

(ਇਤਨਾ ਕਹਿਣ ਤੋਂ ਬਾਦ) ਰਾਜਧਾਨੀ ਤੋਂ ਬਾਹਰ ਨਿਕਲਿਆ ਅਤੇ ਮੰਤਰੀ ਅਤੇ ਸੈਨਾ ਨੂੰ ਬੁਲਾ ਲਿਆ ॥੧੦੩੦॥

ਚੌਪਈ ॥

ਚੌਪਈ:

ਦੇਸ ਦੇਸ ਪਰਧਾਨ ਪਠਾਏ ॥

ਦੇਸ਼ ਦੇਸ਼ ਨੂੰ ਮੁੱਖ ਪ੍ਰਤਿਨਿਧ ਭੇਜ ਦਿੱਤੇ।

ਨਰਪਤਿ ਸਬ ਦੇਸਨ ਤੇ ਲ੍ਯਾਏ ॥

(ਉਹ) ਸਾਰਿਆਂ ਦੇਸ਼ਾਂ ਤੋਂ ਰਾਜਿਆਂ (ਨੂੰ ਨਾਲ) ਲੈ ਆਏ।

ਆਇ ਨ੍ਰਿਪਤਿ ਕੋ ਕੀਨ ਜੁਹਾਰੂ ॥

(ਉਨ੍ਹਾਂ ਨੇ) ਆ ਕੇ ਰਾਜੇ ਨੂੰ ਪ੍ਰਨਾਮ ਕੀਤਾ

ਦਯੋ ਬਹੁਤੁ ਧਨੁ ਤਿਨ ਉਪਹਾਰੂ ॥੧੦੩੧॥

ਅਤੇ ਉਸ ਨੂੰ ਭੇਟ ਵਜੋਂ ਬਹੁਤ ਧਨ ਦਿੱਤਾ ॥੧੦੩੧॥

ਜਰਾਸੰਧਿ ਬਹੁ ਸੁਭਟ ਬੁਲਾਏ ॥

ਜਰਾਸੰਧ ਨੇ ਬਹੁਤ ਸੂਰਮੇ ਬੁਲਾ ਲਏ।

ਭਾਤਿ ਭਾਤਿ ਕੇ ਸਸਤ੍ਰ ਬੰਧਾਏ ॥

(ਉਨ੍ਹਾਂ ਨੂੰ) ਭਾਂਤ ਭਾਂਤ ਦੇ ਸ਼ਸਤ੍ਰ ਬੰਨ੍ਹਵਾ ਦਿੱਤੇ।

ਗਜ ਬਾਜਨ ਪਰ ਪਾਖਰ ਡਾਰੀ ॥

ਹਾਥੀਆਂ ਅਤੇ ਘੋੜਿਆਂ ਉਤੇ ਜ਼ੀਨਾਂ (ਅਥਵਾ ਥੜੇ) ਪਾ ਦਿੱਤੀਆਂ।

ਸਿਰ ਪਰ ਕੰਚਨ ਸਿਰੀ ਸਵਾਰੀ ॥੧੦੩੨॥

ਸਿਰ ਉਤੇ ਸੋਨੇ ਦੀਆਂ ਕਲਗੀਆਂ ਸਜਾ ਦਿੱਤੀਆਂ ॥੧੦੩੨॥

ਪਾਇਕ ਰਥ ਬਹੁਤੇ ਜੁਰਿ ਆਏ ॥

ਪੈਦਲ ਅਤੇ ਰਥਾਂ ਵਾਲੇ (ਸੂਰਮੇ) ਬਹੁਤ ਜੁੜ ਕੇ ਆ ਗਏ।

ਭੂਪਤਿ ਆਗੇ ਸੀਸ ਨਿਵਾਏ ॥

(ਉਨ੍ਹਾਂ ਨੇ ਆ ਕੇ) ਰਾਜੇ ਅਗੇ ਸਿਰ ਨਿਵਾਇਆ।

ਅਪਨੀ ਅਪਨੀ ਮਿਸਲ ਸਭ ਗਏ ॥

ਆਪਣੇ ਆਪਣੇ ਦਲ ਵਿਚ ਸਾਰੇ ਚਲੇ ਗਏ।

ਪਾਤਿ ਜੋਰ ਕਰਿ ਠਾਢੇ ਭਏ ॥੧੦੩੩॥

ਪੰਕਤੀਆਂ ਬੰਨ੍ਹ ਕੇ ਖੜੇ ਹੋ ਗਏ ॥੧੦੩੩॥

ਸੋਰਠਾ ॥

ਸੋਰਠਾ:

ਯਹਿ ਸੈਨਾ ਚਤੁਰੰਗ ਜਰਾਸੰਧਿ ਨ੍ਰਿਪ ਕੀ ਬਨੀ ॥

ਰਾਜਾ ਜਰਾਸੰਧ ਦੀ ਇਸ ਤਰ੍ਹਾਂ ਚਤੁਰੰਗਨੀ ਸੈਨਾ ਬਣ ਗਈ।