ਸ਼੍ਰੀ ਦਸਮ ਗ੍ਰੰਥ

ਅੰਗ - 192


ਬਚਨ ਸੁਨਤ ਸੁਰਪੁਰਿ ਥਰਹਰਾ ॥੪॥

(ਯੱਗ ਦੀ) ਗੱਲ ਸੁਣ ਕੇ ਦੇਵਪੁਰੀ ਕੰਬ ਗਈ ॥੪॥

ਬਿਸਨੁ ਬੋਲ ਕਰਿ ਕਰੋ ਬਿਚਾਰਾ ॥

ਵਿਸ਼ਣੂ ਨੇ (ਸਾਰਿਆਂ ਦੇਵਤਿਆਂ ਨੂੰ) ਬੁਲਾ ਕੇ ਵਿਚਾਰ ਕਰਨ ਲਈ ਕਿਹਾ।

ਅਬ ਕਛੁ ਕਰੋ ਮੰਤ੍ਰ ਅਸੁਰਾਰਾ ॥

(ਅਗੋਂ ਦੇਵਤਿਆਂ ਨੇ ਕਿਹਾ) "ਹੇ ਦੈਂਤਾਂ ਨੂੰ ਨਾਸ਼ ਕਰਨ ਵਾਲੇ!

ਬਿਸਨੁ ਨਵੀਨ ਕਹਿਯੋ ਬਪੁ ਧਰਿਹੋ ॥

(ਤੁਸੀਂ ਹੀ) ਕੁਝ ਉਪਾ ਕਰੋ। (ਅੰਤ ਨੂੰ) ਵਿਸ਼ਣੂ ਨੇ ਕਿਹਾ, "ਮੈਂ ਹੁਣ ਨਵਾਂ ਸ਼ਰੀਰ ਧਾਰਨ ਕਰਾਂਗਾ

ਜਗ ਬਿਘਨ ਅਸੁਰਨ ਕੋ ਕਰਿਹੋ ॥੫॥

ਅਤੇ ਦੈਂਤਾਂ ਦੇ ਯੱਗ ਵਿਚ ਵਿਘਨ ਪਾਵਾਂਗਾ ॥੫॥

ਬਿਸਨੁ ਅਧਿਕ ਕੀਨੋ ਇਸਨਾਨਾ ॥

ਵਿਸ਼ਣੂ ਨੇ ਬਹੁਤ (ਤੀਰਥਾਂ ਦੇ) ਇਸ਼ਨਾਨ ਕੀਤੇ

ਦੀਨੇ ਅਮਿਤ ਦਿਜਨ ਕਹੁ ਦਾਨਾ ॥

ਅਤੇ ਬੇਸ਼ੁਮਾਰ ਬ੍ਰਾਹਮਣਾਂ ਨੂੰ ਦਾਨ ਦਿੱਤੇ।

ਮਨ ਮੋ ਕਵਲਾ ਸ੍ਰਿਜੋ ਗ੍ਯਾਨਾ ॥

ਫਿਰ ਗਿਆਨਵਾਨ ਵਿਸ਼ਣੂ ਨੇ ਮਨ ਵਿਚ ਗਿਆਨ ਨੂੰ ਵਿਕਸਿਤ ਕੀਤਾ

ਕਾਲ ਪੁਰਖ ਕੋ ਧਰ੍ਯੋ ਧ੍ਯਾਨਾ ॥੬॥

ਅਤੇ 'ਕਾਲ-ਪੁਰਖ' ਦਾ ਧਿਆਨ ਧਰਿਆ ॥੬॥

ਕਾਲ ਪੁਰਖ ਤਬ ਭਏ ਦਇਆਲਾ ॥

ਤਦ 'ਕਾਲ-ਪੁਰਖ' ਦਿਆਲੂ ਹੋਏ

ਦਾਸ ਜਾਨ ਕਹ ਬਚਨ ਰਿਸਾਲਾ ॥

ਅਤੇ ਵਿਸ਼ਣੁ ਨੂੰ (ਆਪਣਾ) ਦਾਸ ਜਾਣ ਕੇ ਮਿਠੇ ਬਚਨ ਕਹੇ,

ਧਰੁ ਅਰਹੰਤ ਦੇਵ ਕੋ ਰੂਪਾ ॥

"(ਹੇ ਵਿਸ਼ਣੂ!) ਤੂੰ ਜਾ ਕੇ ਅਰਹੰਤ ਦੇਵ ਦਾ ਰੂਪ ਧਾਰਨ ਕਰ

ਨਾਸ ਕਰੋ ਅਸੁਰਨ ਕੇ ਭੂਪਾ ॥੭॥

ਅਤੇ ਜਾ ਕੇ ਦੈਂਤਾਂ ਦੇ ਰਾਜੇ ਦਾ ਨਾਸ਼ ਕਰ ॥੭॥

ਬਿਸਨੁ ਦੇਵ ਆਗਿਆ ਜਬ ਪਾਈ ॥

ਵਿਸ਼ਣੂ ਨੂੰ ਜਦੋਂ ਆਗਿਆ ਮਿਲੀ,

ਕਾਲ ਪੁਰਖ ਕੀ ਕਰੀ ਬਡਾਈ ॥

(ਤਾਂ ਉਸੇ ਨੇ) 'ਕਾਲ-ਪੁਰਖ' ਦੀ ਵਡਿਆਈ ਕੀਤੀ।

ਭੂ ਅਰਹੰਤ ਦੇਵ ਬਨਿ ਆਯੋ ॥

(ਫਿਰ) ਅਰਹੰਤ ਦੇਵ ਬਣ ਕੇ ਧਰਤੀ ਤੇ ਆਇਆ

ਆਨਿ ਅਉਰ ਹੀ ਪੰਥ ਚਲਾਯੋ ॥੮॥

ਅਤੇ ਆ ਕੇ ਹੋਰ ਵੀ ਪੰਥ ਚਲਾ ਦਿੱਤਾ ॥੮॥

ਜਬ ਅਸੁਰਨ ਕੋ ਭਯੋ ਗੁਰੁ ਆਈ ॥

ਜਦੋਂ (ਵਿਸ਼ਣੂ ਆ ਕੇ) ਦੈਂਤਾਂ ਦਾ ਗੁਰੂ (ਅਰਹੰਤ ਦੇਵ) ਬਣ ਗਿਆ,

ਬਹੁਤ ਭਾਤਿ ਨਿਜ ਮਤਹਿ ਚਲਾਈ ॥

ਤਾਂ (ਉਸ ਨੇ) ਬਹੁਤ ਤਰ੍ਹਾਂ ਨਾਲ ਆਪਣੇ ਮੱਤ ਨੂੰ ਚਲਾਇਆ।

ਸ੍ਰਾਵਗ ਮਤ ਉਪਰਾਜਨ ਕੀਆ ॥

(ਉਸ ਨੇ) ਸਰੇਵੜਿਆ ਦਾ ਮੱਤ ਪੈਦਾ ਕੀਤਾ

ਸੰਤ ਸਬੂਹਨ ਕੋ ਸੁਖ ਦੀਆ ॥੯॥

ਅਤੇ ਸਾਰੇ ਸੰਤਾਂ ਨੂੰ ਸੁਖ ਪ੍ਰਦਾਨ ਕੀਤਾ ॥੯॥

ਸਬਹੂੰ ਹਾਥਿ ਮੋਚਨਾ ਦੀਏ ॥

ਸਾਰਿਆਂ ਦੇ ਹੱਥਾਂ ਵਿਚ (ਵਾਲ ਪੁੱਟਣ ਵਾਲੇ) ਮੋਚਨੇ ਫੜਾ ਦਿੱਤੇ

ਸਿਖਾ ਹੀਣ ਦਾਨਵ ਬਹੁ ਕੀਏ ॥

ਅਤੇ ਬਹੁਤੇ ਦੈਂਤਾਂ ਨੂੰ ਸਿਰ ਤੋਂ ਚੋਟੀ-ਹੀਨ ਕਰ ਦਿੱਤਾ।

ਸਿਖਾ ਹੀਣ ਕੋਈ ਮੰਤ੍ਰ ਨ ਫੁਰੈ ॥

ਚੋਟੀ ਤੋਂ ਹੀਣਿਆਂ ਨੂੰ ਕੋਈ ਮੰਤਰ ਫੁਰਦਾ ਨਹੀਂ

ਜੋ ਕੋਈ ਜਪੈ ਉਲਟ ਤਿਹ ਪਰੈ ॥੧੦॥

ਅਤੇ ਜੇ ਕੋਈ (ਮੰਤਰ) ਜਪਦਾ ਹੈ ਤਾਂ ਉਸ ਦਾ (ਪ੍ਰਭਾਵ) ਉਲਟਾ ਪੈਂਦਾ ਹੈ ॥੧੦॥

ਬਹੁਰਿ ਜਗ ਕੋ ਕਰਬ ਮਿਟਾਯੋ ॥

ਫਿਰ ਉਸ ਨੇ ਯੱਗ ਕਰਨ ਤੋਂ ਰੋਕ ਦਿੱਤਾ ਅਤੇ

ਜੀਅ ਹਿੰਸਾ ਤੇ ਸਬਹੂੰ ਹਟਾਯੋ ॥

ਜੀਵ ਮਾਰਨ ਤੋਂ ਸਭਨਾਂ ਨੂੰ ਹਟਾ ਦਿੱਤਾ।

ਬਿਨੁ ਹਿੰਸਾ ਕੀਅ ਜਗ ਨ ਹੋਈ ॥

ਜੀਵ ਮਾਰੇ ਬਿਨਾ ਯੱਗ ਨਹੀਂ ਹੋ ਸਕਦਾ,

ਤਾ ਤੇ ਜਗ ਕਰੇ ਨ ਕੋਈ ॥੧੧॥

ਇਸ ਕਰ ਕੇ ਕੋਈ ਯੱਗ ਨਹੀਂ ਕਰਦਾ ॥੧੧॥

ਯਾ ਤੇ ਭਯੋ ਜਗਨ ਕੋ ਨਾਸਾ ॥

ਇਸ ਕਰ ਕੇ ਯੱਗਾਂ ਦਾ ਨਾਸ਼ ਹੋ ਗਿਆ।

ਜੋ ਜੀਯ ਹਨੈ ਹੋਇ ਉਪਹਾਸਾ ॥

ਜੇ (ਕੋਈ) ਜੀਵ ਨੂੰ ਮਾਰਦਾ ਹੈ (ਉਸ ਦੀ ਜਗਤ ਵਿਚ) ਨਿੰਦਿਆ ਹੁੰਦੀ ਹੈ।

ਜੀਅ ਮਰੇ ਬਿਨੁ ਜਗ ਨ ਹੋਈ ॥

ਜੀਵ ਮਾਰੇ ਬਿਨਾ ਯੱਗ ਨਹੀਂ ਹੁੰਦਾ

ਜਗ ਕਰੈ ਪਾਵੈ ਨਹੀ ਕੋਈ ॥੧੨॥

ਅਤੇ (ਜੇ ਕੋਈ ਜੀਵ ਨੂੰ ਮਾਰੇ ਬਿਨਾ) ਯੱਗ ਕਰਦਾ ਹੈ, ਉਸ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ ॥੧੨॥

ਇਹ ਬਿਧਿ ਦੀਯੋ ਸਭਨ ਉਪਦੇਸਾ ॥

ਇਸ ਤਰ੍ਹਾਂ ਦਾ ਸਭਨਾਂ ਨੂੰ ਉਪਦੇਸ਼ ਦਿੱਤਾ

ਜਗ ਸਕੈ ਕੋ ਕਰ ਨ ਨਰੇਸਾ ॥

(ਤਾਂ ਜੋ) ਕੋਈ ਰਾਜਾ ਯੱਗ ਨਾ ਕਰ ਸਕੇ।

ਅਪੰਥ ਪੰਥ ਸਭ ਲੋਗਨ ਲਾਯਾ ॥

ਸਭ ਨੂੰ ਗਲਤ ਮਾਰਗ ਉਤੇ ਪਾ ਦਿੱਤਾ

ਧਰਮ ਕਰਮ ਕੋਊ ਕਰਨ ਨ ਪਾਯਾ ॥੧੩॥

(ਜਿਸ ਦੇ ਫਲਸਰੂਪ) ਕੋਈ ਵੀ ਧਰਮ ਕਰਮ ਨਾ ਕਰ ਸਕਿਆ ॥੧੩॥

ਦੋਹਰਾ ॥

ਦੋਹਰਾ:

ਅੰਨਿ ਅੰਨਿ ਤੇ ਹੋਤੁ ਜਿਯੋ ਘਾਸਿ ਘਾਸਿ ਤੇ ਹੋਇ ॥

ਜਿਵੇਂ ਅੰਨ ਤੋਂ ਅੰਨ ਪੈਦਾ ਹੁੰਦਾ ਹੈ ਅਤੇ ਘਾਹ ਤੋਂ ਘਾਹ ਪੈਦਾ ਹੁੰਦਾ ਹੈ,

ਤੈਸੇ ਮਨੁਛ ਮਨੁਛ ਤੇ ਅਵਰੁ ਨ ਕਰਤਾ ਕੋਇ ॥੧੪॥

ਤਿਵੇਂ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ। ਇਨ੍ਹਾਂ ਦਾ ਹੋਰ ਕੋਈ ਕਰਤਾ ਨਹੀਂ ॥੧੪॥

ਚੌਪਈ ॥

ਚੌਪਈ:

ਐਸ ਗਿਆਨ ਸਬਹੂਨ ਦ੍ਰਿੜਾਯੋ ॥

ਇਹੋ ਜਿਹਾ ਗਿਆਨ ਸਭਨਾਂ ਨੂੰ (ਅਰਹੰਤ ਨੇ) ਦ੍ਰਿੜ੍ਹ ਕਰ ਦਿੱਤਾ

ਧਰਮ ਕਰਮ ਕੋਊ ਕਰਨ ਨ ਪਾਯੋ ॥

ਅਤੇ ਧਰਮ ਕਰਮ ਕੋਈ ਵੀ ਨਾ ਕਰ ਸਕਿਆ।

ਇਹ ਬ੍ਰਿਤ ਬੀਚ ਸਭੋ ਚਿਤ ਦੀਨਾ ॥

ਇਸੇ ਬਿਰਤੀ ਵਿਚ ਸਭਨਾਂ ਨੇ ਚਿੱਤ ਲਗਾ ਲਿਆ।

ਅਸੁਰ ਬੰਸ ਤਾ ਤੇ ਭਯੋ ਛੀਨਾ ॥੧੫॥

(ਫਲਸਰੂਪ) ਦੈਂਤਾਂ ਦੀ ਕੁਲ ਬਲਹੀਨ ਹੋ ਗਈ ॥੧੫॥

ਨ੍ਰਹਾਵਨ ਦੈਤ ਨ ਪਾਵੈ ਕੋਈ ॥

ਕੋਈ ਵੀ ਦੈਂਤ ਇਸ਼ਨਾਨ ਨਹੀਂ ਕਰਦਾ;

ਬਿਨੁ ਇਸਨਾਨ ਪਵਿਤ੍ਰ ਨ ਹੋਈ ॥

ਇਸ਼ਨਾਨ ਤੋਂ ਬਿਨਾ (ਕੋਈ) ਪਵਿਤਰ ਨਹੀਂ ਹੋ ਸਕਦਾ;

ਬਿਨੁ ਪਵਿਤ੍ਰ ਕੋਈ ਫੁਰੇ ਨ ਮੰਤ੍ਰਾ ॥

ਪਵਿਤਰ ਹੋਏ ਬਿਨਾ ਕੋਈ ਮੰਤਰ ਨਹੀਂ ਫੁਰਦਾ;


Flag Counter