ਸ਼੍ਰੀ ਦਸਮ ਗ੍ਰੰਥ

ਅੰਗ - 529


ਛਬਿ ਪਾਵਤ ਭਯੋ ਕਬਿ ਸ੍ਯਾਮ ਭਨੈ ਸੋਊ ਯੌ ਇਨ ਸੂਰਨ ਕੇ ਗਨ ਮੈ ॥

ਕਵੀ ਸ਼ਿਆਮ ਕਹਿੰਦੇ ਹਨ, ਉਹ ਇਨ੍ਹਾਂ ਸੂਰਮਿਆ ਦੇ ਝੁੰਡ ਵਿਚ ਇੰਜ ਸ਼ੋਭਾ ਪਾ ਰਿਹਾ ਸੀ

ਜਿਮ ਸੂਰਜ ਸੋਭਤ ਦਿਵਤਨ ਮੈ ਇਹ ਸੋ ਛਬਿ ਪਾਵਤ ਭਯੋ ਰਨ ਮੈ ॥੨੨੯੧॥

ਜਿਵੇਂ ਸੂਰਜ ਦੇਵਤਿਆਂ ਵਿਚ ਸ਼ੋਭਦਾ ਹੈ, ਇਹ ਉਸੇ ਤਰ੍ਹਾਂ ਹੀ ਸ਼ੋਭਾ ਰਣ-ਭੂਮੀ ਵਿਚ ਪਾ ਰਿਹਾ ਸੀ ॥੨੨੯੧॥

ਜੰਗ ਭਯੋ ਜਿਹ ਠਉਰ ਨਿਸੰਗ ਸੁ ਛੂਟਤ ਭੇ ਦੁਹੂ ਓਰ ਤੇ ਭਾਲੇ ॥

ਜਿਥੇ ਨਿਸੰਗ ਹੋ ਕੇ ਯੁੱਧ ਹੋ ਰਿਹਾ ਸੀ, ਉਥੇ ਦੋਹਾਂ ਪਾਸਿਆਂ ਤੋਂ ਭਾਲੇ ਚਲ ਰਹੇ ਸਨ।

ਘਾਇਲ ਲਾਗ ਭਜੇ ਭਟ ਯੌ ਮਨੋ ਖਾਇ ਚਲੇ ਗ੍ਰਿਹ ਕੇ ਸੁ ਨਿਵਾਲੇ ॥

ਘਾਓ ਲਗਣ ਨਾਲ ਸੂਰਮੇ ਇਸ ਤਰ੍ਹਾਂ ਭਜੀ ਜਾਂਦੇ ਸਨ, ਮਾਨੋ ਘਰ ਤੋਂ ਨਿਵਾਲੇ (ਗਰਾਹੀਆਂ) ਖਾ ਕੇ ਚਲੇ ਗਏ ਹੋਣ।

ਬੀਰ ਫਿਰੈ ਅਤਿ ਘੂਮਤਿ ਹੀ ਸੁ ਮਨੋ ਅਤਿ ਪੀ ਮਦਰਾ ਮਤਵਾਲੇ ॥

ਸੂਰਮੇ ਬਹੁਤ ਘੁੰਮਦੇ ਫਿਰਦੇ ਸਨ, ਮਾਨੋ ਬਹੁਤੀ ਸ਼ਰਾਬ ਪੀ ਕੇ ਮਤਵਾਲੇ ਹੋ ਗਏ ਹੋਣ।

ਬਾਸਨ ਤੇ ਧਨੁ ਅਉਰ ਨਿਖੰਗ ਫਿਰੈ ਰਨ ਬੀਚ ਖਤੰਗ ਪਿਆਲੇ ॥੨੨੯੨॥

ਧਨੁਸ਼ ਅਤੇ ਬਾਣ (ਸ਼ਰਾਬ ਦੇ) ਬਰਤਨ ਹਨ ਅਤੇ ਰਣ-ਭੂਮੀ ਵਿਚ ਚਲ ਰਹੇ ਤੀਰ, (ਸ਼ਰਾਬ ਦੇ) ਪਿਆਲੇ ਹਨ ॥੨੨੯੨॥

ਸਾਬ ਸਰਾਸਨ ਲੈ ਕਰ ਮੈ ਬਹੁ ਬੀਰ ਹਨੇ ਤਿਹ ਠਉਰ ਕਰਾਰੇ ॥

ਸਾਂਬ ਨੇ ਹੱਥ ਵਿਚ ਧਨੁਸ਼ ਲੈ ਕੇ ਉਸ ਥਾਂ ਤੇ ਬਹੁਤ ਤਕੜੇ ਸੂਰਮੇ ਮਾਰ ਦਿੱਤੇ।

ਏਕਨ ਕੇ ਬਿਬ ਪਾਗ ਕਟੇ ਅਰੁ ਏਕਨ ਕੇ ਸਿਰ ਹੀ ਕਟਿ ਡਾਰੇ ॥

ਇਕਨਾਂ ਦੇ ਦੋਵੇਂ ਪੈਰ ਕਟੇ ਗਏ ਅਤੇ ਇਕਨਾਂ ਦੇ ਸਿਰ ਹੀ ਕਟ ਦਿੱਤੇ।

ਅਉਰ ਨਿਹਾਰਿ ਭਜੇ ਭਟ ਯੌ ਉਪਮਾ ਤਿਨ ਕੀ ਕਬਿ ਸ੍ਯਾਮ ਉਚਾਰੇ ॥

ਹੋਰ ਭਜੇ ਜਾਂਦੇ ਜੋ ਸੂਰਮੇ ਦਿਸ ਰਹੇ ਹਨ, ਉਨ੍ਹਾਂ ਦੀ ਉਪਮਾ ਕਵੀ ਸ਼ਿਆਮ ਇਸ ਤਰ੍ਹਾਂ ਉਚਾਰਦੇ ਹਨ,

ਸਾਧ ਕੀ ਸੰਗਤਿ ਪਾਇ ਮਨੋ ਜਨ ਪੁੰਨਿ ਕੇ ਅਗ੍ਰਜ ਪਾਪ ਪਧਾਰੇ ॥੨੨੯੩॥

ਮਾਨੋ ਸਾਧੂ ਦੀ ਸੰਗਤ ਪ੍ਰਾਪਤ ਕਰਨ ਦੇ ਪੁੰਨ ਅਗੇ ਪਾਪ ਭਜੀ ਜਾਂਦੇ ਹੋਣ ॥੨੨੯੩॥

ਏਕਨ ਕੀ ਦਈ ਕਾਟ ਭੁਜਾ ਅਰੁ ਏਕਨ ਕੈ ਕਰ ਹੀ ਕਟਿ ਡਾਰੇ ॥

ਇਕਨਾਂ ਦੀਆਂ ਭੁਜਾਵਾਂ ਕਟ ਦਿੱਤੀਆਂ ਹਨ ਅਤੇ ਇਕਨਾਂ ਦੇ ਹੱਥ ਹੀ ਵਢ ਸੁਟੇ ਹਨ।

ਏਕ ਕਟੈ ਅਧ ਬੀਚਹੁ ਤੇ ਰਥ ਕਾਟਿ ਰਥੀ ਬਿਰਥੀ ਕਰਿ ਮਾਰੇ ॥

ਇਕਨਾਂ ਨੂੰ ਅੱਧ ਵਿਚੋਂ ਕਟ ਦਿੱਤਾ ਹੈ ਅਤੇ ਰਥਾਂ ਨੂੰ ਕਟ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਕੇ ਮਾਰ ਦਿੱਤਾ ਹੈ।

ਸੀਸ ਕਟੇ ਭਟ ਠਾਢੇ ਰਹੇ ਇਕ ਸ੍ਰੋਣ ਉਠਿਓ ਛਬਿ ਸ੍ਯਾਮ ਉਚਾਰੇ ॥

ਇਕਨਾਂ ਦੇ ਸਿਰ ਕਟੇ ਗਏ ਹਨ, (ਪਰ ਉਹ) ਸੂਰਮੇ (ਫਿਰ ਵੀ) ਖੜੋਤੇ ਹੋਏ ਹਨ। (ਉਨ੍ਹਾਂ ਦਾ) ਲਹੂ ਨਿਕਲ ਰਿਹਾ ਹੈ, ਉਸ ਦ੍ਰਿਸ਼ ਨੂੰ (ਕਵੀ) ਸ਼ਿਆਮ ਇਸ ਤਰ੍ਹਾਂ ਬਿਆਨ ਕਰਦੇ ਹਨ,

ਬੀਰਨ ਕੋ ਮਨੋ ਬਾਗ ਬਿਖੈ ਜਨੁ ਫੂਟੇ ਹੈ ਸੁ ਅਨੇਕ ਫੁਹਾਰੇ ॥੨੨੯੪॥

ਮਾਨੋ ਸ਼ੂਰਵੀਰਾਂ ਦੇ ਬਾਗ਼ ਵਿਚ ਅਨੇਕ ਫ਼ਵਾਰੇ ਚਲ ਰਹੇ ਹੋਣ ॥੨੨੯੪॥

ਸ੍ਰੀ ਜਦੁਬੀਰ ਕੇ ਪੁਤ੍ਰ ਜਬੈ ਬਹੁ ਬੀਰ ਹਨੇ ਰਨ ਮੈ ਚਹਿ ਕੈ ॥

ਜਦੋਂ ਸ੍ਰੀ ਕ੍ਰਿਸ਼ਨ ਦੇ ਪੁੱਤਰ ਨੇ ਰਣ-ਭੂਮੀ ਵਿਚ ਮਨ ਦੀ ਚਾਹਨਾ ਅਨੁਸਾਰ ਬਹੁਤ ਸਾਰੇ ਯੋਧੇ ਮਾਰ ਦਿੱਤੇ।

ਇਕ ਭਾਜ ਗਏ ਨ ਮੁਰੇ ਬਹੁਰੋ ਇਕ ਘਾਇਲ ਆਇ ਪਰੇ ਸਹਿਕੈ ॥

(ਕਈ) ਇਕ ਭਜ ਗਏ ਅਤੇ ਫਿਰ ਨਾ ਮੁੜੇ; (ਕਈ) ਇਕ ਘਾਇਲ ਹੋ ਕੇ ਸਹਿਕਦੇ ਪਏ ਹਨ।

ਬਹੁ ਹੁਇ ਕੈ ਨਿਰਾਯੁਧ ਹ੍ਵੈ ਇਹ ਕੈ ਹਮ ਰਾਖਹੁ ਪਾਇ ਪਰੇ ਕਹਿ ਕੈ ॥

ਬਹੁਤੇ ਹਥਿਆਰਾਂ ਤੋਂ ਬਿਨਾ ਹੋ ਕੇ, ਇਹ ਕਹਿ ਕੇ ਪੈਰੀਂ ਪੈ ਗਏ ਹਨ ਕਿ 'ਸਾਨੂੰ ਰਖ ਲੌ'।

ਇਕ ਠਾਢੇ ਭਏ ਘਿਘਿਯਾਤ ਬਲੀ ਤ੍ਰਿਨ ਕੋ ਦੁਹੂ ਦਾਤਨ ਮੈ ਗਹਿ ਕੈ ॥੨੨੯੫॥

(ਕਈ) ਇਕ ਦੰਦਾਂ ਵਿਚ ਘਾਹ ਲੈ ਕੇ ਤਰਲੇ ਕਰਦੇ ਹੋਏ ਖੜੋਤੇ ਹਨ ॥੨੨੯੫॥

ਜੁਧੁ ਕੀਯੋ ਸੁਤ ਕਾਨ੍ਰਹ ਇਤੋ ਨਹਿ ਹੁਇ ਹੈ ਕਬੈ ਕਿਨ ਹੂ ਨਹੀ ਕੀਨੋ ॥

ਸ੍ਰੀ ਕ੍ਰਿਸ਼ਨ ਦੇ ਪੁੱਤਰ ਨੇ ਇਤਨਾ (ਤਕੜਾ) ਯੁੱਧ ਕੀਤਾ ਜਿਤਨਾ ਅਜੇ ਤਕ ਨਾ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਕਦੀ ਕੀਤਾ ਹੈ।

ਦ੍ਵੈ ਘਟਿ ਆਠ ਰਥੀ ਬਲਵੰਤ ਤਿਨੋ ਹੂ ਤੇ ਏਕ ਬਲੀ ਨਹੀ ਹੀਨੋ ॥

ਜੋ ਛੇ ਮਹਾਨ ਯੋਧੇ (ਉਸ ਨਾਲ ਲੜਨ ਲਈ ਆਏ ਸਨ) ਉਨ੍ਹਾਂ ਵਿਚੋਂ ਇਕ ਵੀ ਬਲ ਵਿਚ ਘਟ ਨਹੀਂ ਹੈ।

ਸੋ ਮਿਲਿ ਕੈ ਕਰਿ ਕੋਪ ਪਰੇ ਸੁਤ ਕਾਨ੍ਰਹ ਕੇ ਊਪਰ ਜਾਨ ਨ ਦੀਨੋ ॥

ਉਹ (ਸਾਰੇ) ਮਿਲ ਕੇ ਅਤੇ ਕ੍ਰੋਧ ਕਰ ਕੇ ਕ੍ਰਿਸ਼ਨ ਦੇ ਪੁੱਤਰ ਉਪਰ ਆ ਪਏ ਅਤੇ ਜਾਣ ਨਾ ਦਿੱਤਾ।

ਰੋਸ ਬਢਾਇ ਮਚਾਇ ਕੈ ਮਾਰਿ ਹੰਕਾਰ ਕੈ ਕੇਸਨ ਤੇ ਗਹਿ ਲੀਨੋ ॥੨੨੯੬॥

ਕ੍ਰੋਧ ਨੂੰ ਵਧਾ ਕੇ ਅਤੇ ਯੁੱਧ ਮਚਾ ਕੇ ਲਲਕਾਰਦੇ ਹੋਇਆਂ ਨੇ (ਸਾਂਬ ਨੂੰ) ਕੇਸਾਂ ਤੋਂ ਪਕੜ ਲਿਆ ॥੨੨੯੬॥

ਤੋਟਕ ॥

ਤੋਟਕ:

ਇਨ ਬੀਰਨ ਕੀ ਜਬ ਜੀਤ ਭਈ ਦੁਹਿਤਾ ਤਬ ਭੂਪ ਕੀ ਛੀਨ ਲਈ ॥

ਇਨ੍ਹਾਂ (ਛੇ) ਯੁੱਧ-ਵੀਰਾਂ ਦੀ ਜਦ ਜਿਤ ਹੋਈ, ਤਦ (ਇਨ੍ਹਾਂ ਨੇ) ਰਾਜੇ ਦੀ ਪੁੱਤਰੀ ਖੋਹ ਲਈ।

ਸੋਊ ਛੀਨ ਕੈ ਮੰਦਿਰ ਆਨਿ ਧਰੀ ਦੁਬਿਧਾ ਮਨ ਕੀ ਸਭ ਦੂਰਿ ਕਰੀ ॥੨੨੯੭॥

ਉਸ ਨੂੰ ਖੋਹ ਕੇ ਮਹੱਲ ਵਿਚ ਆਣ ਟਿਕਾਈ ਅਤੇ ਮਨ ਦੀ ਸਾਰੀ ਦੁਬਿਧਾ ਦੂਰ ਕਰ ਦਿੱਤੀ ॥੨੨੯੭॥

ਚੌਪਈ ॥

ਚੌਪਈ:

ਇਤੈ ਦ੍ਰਜੋਧਨ ਹਰਖ ਜਨਾਯੋ ॥

ਇਧਰ ਦੁਰਯੋਧਨ ਨੇ ਖ਼ੁਸ਼ੀ ਪ੍ਰਗਟ ਕੀਤੀ।

ਉਤ ਹਲਧਰ ਹਰਿ ਜੂ ਸੁਨਿ ਪਾਯੋ ॥

ਉਧਰ ਬਲਰਾਮ ਅਤੇ ਕ੍ਰਿਸ਼ਨ ਜੀ ਨੇ (ਸਾਰੀ ਖ਼ਬਰ) ਸੁਣ ਲਈ।

ਸੁਨਿ ਬਸੁਦੇਵ ਕ੍ਰੋਧ ਅਤਿ ਭਰਿ ਕੈ ॥

(ਇਹ ਗੱਲ) ਸੁਣ ਕੇ ਬਸੁਦੇਵ ਬਹੁਤ ਕ੍ਰੋਧਵਾਨ ਹੋਇਆ।

ਸ੍ਯਾਮ ਭਨੈ ਮੂਛਹਿ ਰਹਿਓ ਧਰਿ ਕੈ ॥੨੨੯੮॥

(ਕਵੀ) ਸ਼ਿਆਮ ਕਹਿੰਦੇ ਹਨ, ਮੁੱਛਾਂ (ਉਤੇ ਹੱਥ) ਧਰ ਕੇ ਬਹਿ ਗਿਆ (ਅਰਥਾਤ ਮੁੱਛਾਂ ਨੂੰ ਤਾਉ ਦੇਣ ਲਗ ਗਿਆ) ॥੨੨੯੮॥

ਬਸੁਦੇਵ ਬਾਚ ॥

ਬਸੁਦੇਵ ਨੇ ਕਿਹਾ:

ਚੌਪਈ ॥

ਚੌਪਈ:

ਤਿਹ ਸੁਧਿ ਕਉ ਕੋਊ ਦੂਤ ਪਠਇਯੈ ॥

ਉਸ (ਸਾਂਬ) ਦੀ ਖ਼ਬਰ-ਸਾਰ ਲੈਣ ਲਈ ਕਿਸੇ ਦੂਤ ਨੂੰ ਭੇਜੋ

ਪੌਤ੍ਰ ਸੋਧ ਕੌ ਬੇਗਿ ਮੰਗਇਯੈ ॥

ਅਤੇ (ਮੈਨੂੰ) ਪੋਤਰੇ ਦੀ ਖ਼ਬਰ ਜਲਦੀ ਮੰਗਵਾ ਦਿਓ।

ਮੁਸਲੀਧਰ ਤਿਹ ਠਉਰ ਪਠਾਯੋ ॥

ਬਲਰਾਮ ਨੂੰ ਉਸ ਥਾਂ ਵਲ ਭੇਜ ਦਿੱਤਾ।

ਚਲਿ ਹਲਧਰ ਤਿਹ ਪੁਰ ਮੈ ਆਯੋ ॥੨੨੯੯॥

ਬਲਰਾਮ ਚਲ ਕੇ ਉਸ ਨਗਰ ਵਿਚ ਆ ਗਿਆ ॥੨੨੯੯॥

ਸਵੈਯਾ ॥

ਸਵੈਯਾ:

ਆਇਸ ਪਾਇ ਪਿਤਾ ਕੋ ਜਬੈ ਚਲਿ ਕੈ ਬਲਿਭਦ੍ਰ ਗਜਾਪੁਰ ਆਯੋ ॥

ਪਿਤਾ ਦੀ ਆਗਿਆ ਪ੍ਰਾਪਤ ਕਰਦਿਆਂ ਹੀ ਬਲਰਾਮ ਚਲ ਕੇ ਗਜਾਪੁਰ ਆ ਗਿਆ

ਆਇਸ ਐਸੇ ਦਯੋ ਹਮਰੇ ਨ੍ਰਿਪ ਛੋਰਿ ਇਨੈ ਸੁਤ ਅੰਧ ਸੁਨਾਯੋ ॥

(ਅਤੇ ਇਸ ਤਰ੍ਹਾਂ ਕਿਹਾ) ਸਾਡੇ ਰਾਜੇ ਨੇ ਇਸ ਤਰ੍ਹਾਂ ਆਗਿਆ ਦਿੱਤੀ ਹੈ 'ਹੇ ਅੰਨ੍ਹੇ ਦੇ ਪੁੱਤਰ (ਦੁਰਯੋਧਨ)! ਇਸ ਨੂੰ ਛਡ ਦੇ', ਇਸ ਤਰ੍ਹਾਂ (ਕਹਿ ਕੇ) ਸੁਣਾਇਆ।

ਸੋ ਸੁਨਿ ਬਾਤ ਰਿਸਾਇ ਗਯੋ ਗ੍ਰਿਹ ਤੇ ਅਪਨੇ ਇਹ ਓਜ ਜਨਾਯੋ ॥

ਇਹ ਗੱਲ ਸੁਣ ਕੇ ਰਾਜਾ (ਦੁਰਯੋਧਨ) ਗੁੱਸੇ ਨਾਲ ਭਰ ਗਿਆ (ਅਤੇ ਕਹਿਣ ਲਗਾ ਕਿ) (ਬਸੁਦੇਵ) ਨੇ ਆਪਣੇ ਘਰ ਬੈਠ ਕੇ ਇਹ ਤੇਜ ਜਣਾਇਆ ਹੈ।

ਐਂਚ ਲਯੋ ਪੁਰ ਤ੍ਰਾਸ ਭਰਿਯੋ ਸੋਊ ਲੈ ਦੁਹਿਤਾ ਇਹ ਪੂਜਨ ਆਯੋ ॥੨੩੦੦॥

(ਬਲਰਾਮ ਨੇ ਹਲ ਨਾਲ) ਸਾਰਾ ਨਗਰ ਖਿਚ ਲਿਆ, (ਜਿਸ ਕਰਕੇ) ਉਹ ਬਹੁਤ ਭੈਭੀਤ ਹੋ ਗਿਆ ਅਤੇ (ਪੁੱਤਰੀ) ਲੈ ਕੇ ਪੂਜਣ ਲਈ ਆਇਆ (ਅਰਥਾਤ ਲੜਕੀ ਪੇਸ਼ ਕਰਨ ਆਇਆ) ॥੨੩੦੦॥

ਸਾਬ ਸੋ ਬ੍ਯਾਹ ਸੁਤਾ ਕੋ ਕੀਯੋ ਦੁਰਜੋਧਨ ਚਿਤਿ ਘਨੋ ਸੁਖ ਪਾਯੋ ॥

ਸਾਂਬ ਨਾਲ (ਉਸ ਨੇ ਰਾਜ) ਕੰਨਿਆਂ ਦਾ ਵਿਆਹ ਕਰ ਦਿੱਤਾ ਅਤੇ ਦੁਰਯੋਧਨ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਦਾਨ ਦਯੋ ਜਿਹ ਅੰਤ ਕਛੂ ਨਹਿ ਬਿਪ੍ਰਨ ਕੋ ਕਹਿ ਸ੍ਯਾਮ ਸੁਨਾਯੋ ॥

(ਕਵੀ) ਸ਼ਿਆਮ (ਕਹਿ ਕੇ) ਸੁਣਾਉਂਦੇ ਹਨ, (ਉਸ ਨੇ) ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ।

ਭ੍ਰਾਤ ਕੇ ਪੁਤ੍ਰ ਕੋ ਸੰਗਿ ਹਲਾਯੁਧ ਲੈ ਕਰਿ ਦੁਆਰਵਤੀ ਕੋ ਸਿਧਾਯੋ ॥

ਭਰਾ ਦੇ ਪੁੱਤਰ ਨੂੰ ਨਾਲ ਲੈ ਕੇ ਬਲਰਾਮ ਦੁਆਰਿਕਾ ਨੂੰ ਚਲ ਪਿਆ।

ਸ੍ਯਾਮ ਚਰਿਤ੍ਰ ਉਤੈ ਪਿਖਬੇ ਕਹੁ ਸ੍ਯਾਮ ਭਨੈ ਚਲਿ ਨਾਰਦ ਆਯੋ ॥੨੩੦੧॥

(ਕਵੀ) ਸ਼ਿਆਮ ਕਹਿੰਦੇ ਹਨ, ਉਧਰ (ਦੁਆਰਿਕਾ ਵਿਚ) ਸ਼ਿਆਮ ਦੇ ਚਰਿਤ੍ਰਾਂ ਨੂੰ ਵੇਖਣ ਲਈ ਨਾਰਦ ਚਲ ਕੇ ਆ ਗਿਆ ॥੨੩੦੧॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦ੍ਰੁਜੋਧਨ ਕੀ ਬੇਟੀ ਸਾਬ ਕੋ ਬ੍ਯਾਹ ਲਿਆਵਤ ਭਏ ਧਿਆਇ ਸਮਾਪਤਮ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਦੁਰਯੋਧਨ ਦੀ ਬੇਟੀ ਸਾਂਬ ਨੂੰ ਵਿਆਹ ਲਿਆਉਣ ਦੇ ਪ੍ਰਸੰਗ ਦੀ ਸਮਾਪਤੀ।

ਨਾਰਦ ਕੋ ਆਇਬੋ ਕਥਨੰ ॥

ਨਾਰਦ ਦੇ ਆਗਮਨ ਦਾ ਕਥਨ

ਦੋਹਰਾ ॥

ਦੋਹਰਾ:


Flag Counter