ਸ਼੍ਰੀ ਦਸਮ ਗ੍ਰੰਥ

ਅੰਗ - 727


ਘਨਜ ਸਬਦ ਕੋ ਉਚਰਿ ਕੈ ਧੁਨਿ ਪਦ ਬਹੁਰਿ ਬਖਾਨ ॥

'ਘਨਜ' ਸ਼ਬਦ ਨੂੰ (ਪਹਿਲਾਂ) ਕਹਿ ਕੇ, ਫਿਰ 'ਧੁਨਿ' ਸ਼ਬਦ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ।

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੫॥

ਚਤੁਰ ਲੋਗੋ! ਮਨ ਵਿਚ ਵਿਚਾਰ ਕਰ ਲਵੋ। (ਇਥੇ ਧੁਨਿ ਤੋਂ ਬਾਦ 'ਅਰਿ' ਸ਼ਬਦ ਲਗਣਾ ਚਾਹੀਦਾ ਹੈ) ॥੨੦੫॥

ਮਤਸ ਸਬਦ ਪ੍ਰਿਥਮੈ ਉਚਰਿ ਅਛ ਸਬਦ ਪੁਨਿ ਦੇਹੁ ॥

ਪਹਿਲਾਂ 'ਮਤਸ' (ਮੱਛੀ) ਸ਼ਬਦ ਉਚਾਰ ਕੇ ਫਿਰ 'ਅਛ' (ਅੱਖ) ਪਦ ਜੋੜੋ।

ਅਰਿ ਪਦ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੨੦੬॥

ਫਿਰ 'ਅਰਿ' ਪਦ ਨੂੰ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੨੦੬॥

ਪ੍ਰਿਥਮ ਮੀਨ ਕੋ ਨਾਮ ਲੈ ਚਖੁ ਰਿਪੁ ਬਹੁਰਿ ਬਖਾਨ ॥

ਪਹਿਲਾਂ 'ਮੀਨ' ਦੇ ਨਾਮ ਲਵੋ, ਫਿਰ 'ਚਖੁ ਰਿਪੁ' ਸ਼ਬਦ ਕਹੋ।

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੨੦੭॥

(ਇਹ) ਸਾਰੇ ਨਾਮ ਬਾਣ ਦੇ ਹਨ; ਹਿਰਦੇ ਵਿਚ ਚਤਰੋ! ਵਿਚਾਰ ਲਵੋ ॥੨੦੭॥

ਮਕਰ ਸਬਦ ਪ੍ਰਿਥਮੈ ਉਚਰਿ ਚਖੁ ਰਿਪੁ ਬਹੁਰ ਬਖਾਨ ॥

ਪਹਿਲਾਂ 'ਮਕਰ' ਸ਼ਬਦ ਕਹੋ, ਫਿਰ 'ਚਖੁ ਰਿਪੁ ਪਦ' ਸਦਾ ਕਥਨ ਕਰੋ।

ਸਬੈ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੮॥

ਇਹ ਸਾਰੇ ਨਾਮ ਬਾਣ ਦੇ ਹਨ। ਵਿਚਾਰਵਾਨੋ! ਵਿਚਾਰ ਕਰ ਲਵੋ ॥੨੦੮॥

ਝਖ ਪਦ ਪ੍ਰਿਥਮ ਬਖਾਨਿ ਕੈ ਚਖੁ ਰਿਪੁ ਬਹੁਰਿ ਬਖਾਨ ॥

ਪਹਿਲਾਂ 'ਝਖ' ਪਦ ਕਹਿ ਕੇ ਫਿਰ 'ਚਖੁ ਰਿਪੁ' (ਸ਼ਬਦ) ਕਥਨ ਕਰੋ।

ਸਭੇ ਨਾਮ ਸ੍ਰੀ ਬਾਨ ਕੇ ਲੀਜੈ ਚਤੁਰ ਪਛਾਨ ॥੨੦੯॥

ਹੇ ਚਤੁਰ ਪੁਰਸ਼ੋ! (ਇਨ੍ਹਾਂ) ਸਾਰਿਆਂ ਨੂੰ ਬਾਣ ਦੇ ਨਾਮ ਸਮਝ ਲਵੋ ॥੨੦੯॥

ਸਫਰੀ ਨੇਤ੍ਰ ਬਖਾਨਿ ਕੈ ਅਰਿ ਪਦ ਬਹੁਰਿ ਉਚਾਰ ॥

(ਪਹਿਲਾਂ) 'ਸਫਰੀ ਨੇਤ੍ਰ' ਕਹਿ ਕੇ ਫਿਰ 'ਅਰਿ' ਪਦ ਦਾ ਉਚਾਰਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਸੁ ਕਵਿ ਸੁ ਧਾਰ ॥੨੧੦॥

ਇਹ ਸਾਰੇ ਨਾਮ ਬਾਣ ਦੇ ਹਨ। ਕਵੀਓ! ਸਮਝ ਲਵੋ ॥੨੧੦॥

ਮਛਰੀ ਚਛੁ ਬਖਾਨਿ ਕੈ ਅਰਿ ਪਦ ਬਹੁਰ ਉਚਾਰ ॥

(ਪਹਿਲਾਂ) 'ਮਛਰੀ ਚਛੁ' ਕਹਿ ਕੇ ਫਿਰ 'ਅਰਿ' ਪਦ ਨੂੰ ਜੋੜੋ।

ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਸੁਧਾਰ ॥੨੧੧॥

(ਇਹ) ਸਾਰੇ ਨਾਮ ਬਾਣ ਦੇ ਹਨ, ਵਿਦਵਾਨ ਲੋਕ ਸਮਝ ਲੈਣ ॥੨੧੧॥

ਜਲਚਰ ਪ੍ਰਿਥਮ ਬਖਾਨਿ ਕੈ ਚਖੁ ਪਦ ਬਹੁਰਿ ਬਖਾਨ ॥

ਪਹਿਲਾਂ 'ਜਲਚਰ' ਕਹਿ ਕੇ, ਬਾਦ ਵਿਚ 'ਚਖੁ' ਪਦ ਦਾ ਕਥਨ ਕਰੋ।

ਅਰਿ ਕਹਿ ਸਭ ਹੀ ਬਾਨ ਕੇ ਲੀਜੋ ਨਾਮ ਪਛਾਨ ॥੨੧੨॥

(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੨॥

ਬਕਤ੍ਰਾਗਜ ਪਦ ਉਚਰਿ ਕੈ ਮੀਨ ਸਬਦ ਅਰਿ ਦੇਹੁ ॥

(ਪਹਿਲਾਂ) 'ਬਕਤ੍ਰਾਗਜ' (ਮੂੰਹ ਦੇ ਅਗੇ ਰਹਿਣ ਵਾਲਾ, ਨੇਤ੍ਰ) ਪਦ ਕਹਿ ਕੇ ਫਿਰ 'ਮੀਨ' ਅਤੇ 'ਅਰਿ' ਪਦ ਜੋੜੋ।

ਨਾਮ ਸਿਲੀਮੁਖ ਕੇ ਸਭੈ ਚੀਨ ਚਤੁਰ ਚਿਤਿ ਲੇਹੁ ॥੨੧੩॥

(ਇਹ) ਸਾਰੇ ਨਾਮ ਸਿਲੀਮੁਖ (ਬਾਣ) ਦੇ ਹਨ, (ਇਨ੍ਹਾਂ ਨੂੰ) ਮਨ ਵਿਚ ਪਛਾਣ ਲਵੋ ॥੨੧੩॥

ਪ੍ਰਿਥਮ ਨਾਮ ਲੈ ਮੀਨ ਕੇ ਕੇਤੁ ਸਬਦ ਪੁਨਿ ਦੇਹੁ ॥

ਪਹਿਲਾਂ 'ਮੀਨ' ਦੇ ਨਾਮ ਲੈ ਕੇ ਫਿਰ 'ਕੇਤੁ' ਸ਼ਬਦ ਜੋੜ ਦਿਓ।

ਚਖੁ ਕਹਿ ਅਰਿ ਕਹਿ ਬਾਨ ਕੇ ਨਾਮ ਚੀਨ ਚਿਤਿ ਲੇਹੁ ॥੨੧੪॥

(ਫਿਰ) 'ਚਖੁ' ਅਤੇ 'ਅਰਿ' ਕਹਿ ਦਿਓ। (ਇਨ੍ਹਾਂ ਨੂੰ) ਚਿਤ ਵਿਚ ਬਾਣ ਦੇ ਨਾਮ ਸਮਝ ਲਵੋ ॥੨੧੪॥

ਸੰਬਰਾਰਿ ਪਦ ਪ੍ਰਿਥਮ ਕਹਿ ਚਖੁ ਧੁਜ ਪਦ ਪੁਨਿ ਦੇਹੁ ॥

ਪਹਿਲਾਂ 'ਸੰਬਰਾਰਿ' ਪਦ ਕਥਨ ਕਰੋ, ਫਿਰ 'ਧੁਜ' ਅਤੇ 'ਚਖੁ' ਸ਼ਬਦਾਂ ਦਾ ਉਚਾਰਨ ਕਰੋ।

ਅਰਿ ਕਹਿ ਸਭ ਹੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੧੫॥

(ਫਿਰ) 'ਅਰਿ' ਪਦ ਕਹਿ ਦਿਓ। (ਇਨ੍ਹਾਂ ਨੂੰ) ਬਾਣ ਦਾ ਨਾਮ ਵਿਚਾਰ ਲਵੋ ॥੨੧੫॥

ਪ੍ਰਿਥਮ ਪਿਨਾਕੀ ਪਦ ਉਚਰਿ ਅਰਿ ਧੁਜ ਨੇਤ੍ਰ ਉਚਾਰਿ ॥

ਪਹਿਲਾਂ 'ਪਿਨਾਕੀ' ਪਦ ਦਾ ਉਚਾਰਨ ਕਰੋ, (ਫਿਰ) 'ਅਰਿ' 'ਧੁਜ' ਅਤੇ 'ਨੇਤ੍ਰ' ਪਦਾਂ ਨੂੰ ਜੋੜੋ।

ਅਰਿ ਕਹਿ ਸਭ ਹੀ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੧੬॥

(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੬॥

ਮਹਾਰੁਦ੍ਰ ਅਰਿਧੁਜ ਉਚਰਿ ਪੁਨਿ ਪਦ ਨੇਤ੍ਰ ਬਖਾਨ ॥

ਪਹਿਲਾਂ 'ਮਹਾਰੁਦ੍ਰ ਅਰਿਧੁਜ' ਪਦ ਕਥਨ ਕਰ ਕੇ, ਫਿਰ 'ਨੇਤ੍ਰ' ਪਦ ਦਾ ਬਖਾਨ ਕਰੋ।

ਅਰਿ ਕਹਿ ਸਭ ਸ੍ਰੀ ਬਾਨ ਕੇ ਨਾਮ ਹ੍ਰਿਦੈ ਪਹਿਚਾਨ ॥੨੧੭॥

(ਇਸ ਪਿਛੋ) 'ਅਰਿ' ਸ਼ਬਦ ਜੋੜੋ। (ਇਨ੍ਹਾਂ ਨੂੰ) ਹਿਰਦੇ ਵਿਚ ਬਾਣ ਦੇ ਨਾਮ ਵਜੋਂ ਪਛਾਣ ਲਵੋ ॥੨੧੭॥

ਤ੍ਰਿਪੁਰਾਤਕ ਅਰਿ ਕੇਤੁ ਕਹਿ ਚਖੁ ਅਰਿ ਬਹੁਰਿ ਉਚਾਰ ॥

ਪਹਿਲਾਂ 'ਤ੍ਰਿਪੁਰਾਂਤਕ ਅਰਿ ਕੇਤੁ' ਕਹਿ ਕੇ ਫਿਰ 'ਚਖੁ ਅਰਿ' ਪਦ ਜੋੜੋ।

ਨਾਮ ਸਕਲ ਏ ਬਾਨ ਕੇ ਲੀਜਹੁ ਸੁਕਬਿ ਸੁ ਧਾਰ ॥੨੧੮॥

(ਇਹ) ਸਾਰੇ ਨਾਮ ਬਾਣ ਦੇ ਹਨ। ਕਵੀਜਨ ਸੁਧਾਰ ਲੈਣ ॥੨੧੮॥

ਕਾਰਤਕੇਅ ਪਿਤੁ ਪ੍ਰਿਥਮ ਕਹਿ ਅਰਿ ਧੁਜ ਨੇਤ੍ਰ ਬਖਾਨਿ ॥

ਪਹਿਲਾਂ 'ਕਾਰਤਕੇਅ ਪਿਤੁ' ਕਹਿ ਕੇ ਫਿਰ 'ਅਰਿ ਧੁਜ ਨੇਤ੍ਰ' ਕਹੋ।

ਅਰਿ ਪਦ ਬਹੁਰਿ ਬਖਾਨੀਐ ਨਾਮ ਬਾਨ ਪਹਿਚਾਨ ॥੨੧੯॥

ਫਿਰ 'ਅਰਿ' ਪਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣੋ ॥੨੧੯॥

ਬਿਰਲ ਬੈਰਿ ਕਰਿ ਬਾਰਹਾ ਬਹੁਲਾਤਕ ਬਲਵਾਨ ॥

ਬਿਰਲ ਬੈਰਿ ਕਰਿ (ਵੈਰੀਆਂ ਨੂੰ ਵਿਰਲਾ ਕਰਨ ਵਾਲਾ) ਬਾਰਹਾ, ਬਹੁਲਾਂਤਕ, ਬਲਵਾਨ,

ਬਰਣਾਤਕ ਬਲਹਾ ਬਿਸਿਖ ਬੀਰ ਪਤਨ ਬਰ ਬਾਨ ॥੨੨੦॥

ਬਰਣਾਂਤਕ, ਬਲਹਾ, ਬਿਸਿਖ, ਬੀਰ ਪਤਨ (ਇਹ ਨਾਮ) ਬਾਣ ਦੇ ਹਨ ॥੨੨੦॥

ਪ੍ਰਿਥਮ ਸਲਲਿ ਕੌ ਨਾਮ ਲੈ ਧਰ ਅਰਿ ਬਹੁਰਿ ਬਖਾਨਿ ॥

ਪਹਿਲਾਂ 'ਸਲਲਿ' ਦਾ ਨਾਮ ਲੈ ਕੇ, ਫਿਰ 'ਧਰ' ਅਤੇ 'ਅਰਿ' ਪਦ ਕਥਨ ਕਰੋ।

ਕੇਤੁ ਚਛੁ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੨੧॥

ਫਿਰ 'ਕੇਤੁ ਚਛੁ ਅਰਿ' ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੧॥

ਕਾਰਤਕੇਅ ਪਦ ਪ੍ਰਿਥਮ ਕਹਿ ਪਿਤੁ ਅਰਿ ਕੇਤੁ ਉਚਾਰਿ ॥

ਪਹਿਲਾਂ 'ਕਾਰਤਕੇਅ' ਸ਼ਬਦ ਕਹਿ ਕੇ, ਫਿਰ 'ਪਿਤੁ', 'ਅਰਿ' ਅਤੇ 'ਕੇਤੁ' ਦਾ ਉਚਾਰਨ ਕਰ ਲਵੋ।

ਚਖੁ ਅਰਿ ਕਹਿ ਸਭ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੨੨॥

(ਫਿਰ) 'ਚਖੁ ਅਰਿ' ਕਹਿ ਦਿਓ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੨॥

ਪ੍ਰਿਥਮ ਪਿਨਾਕੀ ਪਾਨਿ ਕਹਿ ਰਿਪੁ ਧੁਜ ਚਖੁ ਅਰਿ ਦੇਹੁ ॥

ਪਹਿਲਾਂ 'ਪਿਨਾਕੀ' ਅਤੇ 'ਪਾਨਿ' ਕਹਿ ਕੇ 'ਰਿਪੁ ਧੁਜ ਚਖੁ ਅਰਿ' ਪਦ ਜੋੜੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੩॥

(ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਲਵੋ ॥੨੨੩॥

ਪਸੁ ਪਤਿ ਸੁਰਿਧਰ ਅਰਿ ਉਚਰਿ ਧੁਜ ਚਖੁ ਸਤ੍ਰੁ ਬਖਾਨ ॥

(ਪਹਿਲਾਂ) 'ਪਸੁ ਪਤਿ' ਅਤੇ 'ਸੁਰਿਧਰ' ਕਹਿ ਕੇ, ਫਿਰ 'ਅਰਿ' ਅਤੇ 'ਧੁਜ ਚਖੁ ਸਤ੍ਰੁ' ਕਥਨ ਕਹੋ।

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੨੪॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਸਮਝ ਲੈਣ ॥੨੨੪॥

ਪਾਰਬਤੀਸ ਅਰਿ ਕੇਤੁ ਚਖੁ ਕਹਿ ਰਿਪੁ ਪੁਨਿ ਪਦ ਦੇਹੁ ॥

'ਪਾਰਬਤੀਸ ਅਰਿ ਕੇਤੁ ਚਖੁ' ਕਹਿ ਕੇ ਫਿਰ 'ਰਿਪੁ' ਪਦ ਜੋੜ ਲਵੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੫॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤਰੋ! ਮਨ ਵਿਚ ਸਮਝ ਲਵੋ ॥੨੨੫॥

ਸਸਤ੍ਰ ਸਾਗ ਸਾਮੁਹਿ ਚਲਤ ਸਤ੍ਰੁ ਮਾਨ ਕੋ ਖਾਪ ॥

(ਜੋ) ਸਸਤ੍ਰ ਸਾਂਗ ਦੇ ਸਾਹਮਣੇ ਚਲਦਾ ਹੈ ਅਤੇ ਵੈਰੀ ਦੇ ਮਾਣ ਨੂੰ ਨਸ਼ਟ ਕਰਦਾ ਹੈ,

ਸਕਲ ਸ੍ਰਿਸਟ ਜੀਤੀ ਤਿਸੈ ਜਪੀਅਤੁ ਤਾ ਕੋ ਜਾਪੁ ॥੨੨੬॥

ਜਿਸ ਨੇ ਸਾਰੀ ਸ੍ਰਿਸਟੀ ਜਿਤ ਲਈ ਹੈ, ਹਰ ਥਾਂ ਤੇ ਉਸ ਦਾ ਜਾਪ ਹੋ ਰਿਹਾ ਹੈ (ਜਸ ਗਾਇਆ ਜਾ ਰਿਹਾ ਹੈ) ॥੨੨੬॥

ਸਕਲ ਸੰਭੁ ਕੇ ਨਾਮ ਲੈ ਅਰਿ ਧੁਜ ਨੇਤ੍ਰ ਬਖਾਨਿ ॥

'ਸੰਭੁ' (ਸ਼ਿਵ) ਦੇ ਸਾਰੇ ਨਾਮ ਲੈ ਕੇ, ਫਿਰ 'ਅਰਿ ਧੁਜ ਨੇਤ੍ਰ' ਕਥਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਤ ਅਪ੍ਰਮਾਨ ॥੨੨੭॥

(ਇਹ) ਸਾਰੇ ਬੇਅੰਤ ਨਾਂ ਬਾਣ ਦੇ ਬਣਦੇ ਜਾਣਗੇ ॥੨੨੭॥

ਪ੍ਰਿਥਮ ਨਾਮ ਲੈ ਸਤ੍ਰੁ ਕੋ ਅਰਦਨ ਬਹੁਰਿ ਉਚਾਰ ॥

ਪਹਿਲਾਂ 'ਸਤ੍ਰੁ' ਦੇ ਨਾਮ ਲੈ ਕੇ ਫਿਰ 'ਅਰਦਨ' ਪਦ ਜੋੜੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਪਾਰ ॥੨੨੮॥

(ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ ਬਣਦੇ ਜਾਣਗੇ ॥੨੨੮॥


Flag Counter