ਸ਼੍ਰੀ ਦਸਮ ਗ੍ਰੰਥ

ਅੰਗ - 309


ਰੂਪ ਉਹੀ ਪਟ ਕੇ ਰੰਗ ਹੈ ਵਹ ਰੰਗ ਵਹੈ ਸਬ ਹੀ ਬਛਰਾ ਕੋ ॥

(ਗਵਾਲ ਬਾਲਕਾਂ ਦਾ) ਉਹੀ ਰੂਪ ਹੈ ਅਤੇ ਉਹੀ ਕਪੜਿਆਂ ਦਾ ਰੰਗ ਹੈ ਅਤੇ ਉਹੀ ਸਾਰਿਆਂ ਵੱਛਿਆਂ ਦਾ ਰੰਗ ਹੈ।

ਸਾਝਿ ਪਰੀ ਸੋ ਗਏ ਹਰਿ ਜੀ ਗ੍ਰਹਿ ਕੋਈ ਲਖੈ ਇਤਨੋ ਬਲ ਕਾ ਕੋ ॥

ਸੰਧਿਆ ਪੈਣ ਤੇ ਸ੍ਰੀ ਕ੍ਰਿਸ਼ਨ ਉਨ੍ਹਾਂ (ਬਾਲਕਾਂ ਅਤੇ ਵੱਛਿਆਂ ਨੂੰ ਲੈ ਕੇ) ਘਰ ਪਰਤੇ। (ਪਰ) ਕਿਸ ਵਿਚ ਇਤਨਾ ਬਲ ਹੈ ਕਿ (ਉਹ ਵਾਸਤਵਿਕ ਭੇਦ) ਸਮਝ ਸਕੇ।

ਮਾਤ ਪਿਤਾ ਸੁ ਲਖੇ ਨ ਲਖੇ ਇਕ ਆਦਿ ਕੋ ਨਾਮੁ ਮਨੀ ਮਨ ਜਾ ਕੋ ॥

ਮਾਤਾ ਪਿਤਾ ਨੇ ਵੀ ਉਨ੍ਹਾਂ ਨੂੰ ਨਹੀਂ ਪਛਾਣਿਆ, ਬਸ ਕੇਵਲ ਇਕ ਨੇ ਪਛਾਣਿਆ ਹੈ ਜਿਸ ਦਾ ਨਾਮ ਮੁੱਢ ਤੋਂ ਮਨ ਨੂੰ (ਪ੍ਰਕਾਸ਼ਿਤ ਕਰਨ ਵਾਲੀ) ਮਣੀ ਹੈ।

ਬਾਤ ਇਹੀ ਸਮਝੀ ਮਨ ਮੈ ਇਹ ਹੈ ਅਬ ਖੇਲ ਸਮਾਪਤਿ ਵਾ ਕੋ ॥੧੭੯॥

(ਸਾਰਿਆਂ ਨੇ) ਇਹੀ ਗੱਲ ਮਨ ਵਿਚ ਸਮਝੀ (ਕਿ ਇਹੀ ਸਾਡੇ ਬਾਲਕ ਅਤੇ ਵੱਛੇ ਹਨ) ਹੁਣ ਉਨ੍ਹਾਂ ਦੀ ਖੇਡ ਸਮਾਪਤ ਹੋਈ ਹੈ ॥੧੭੯॥

ਚੂਮ ਲਯੋ ਜਸੁਦਾ ਸੁਤ ਕੋ ਸਿਰ ਕਾਨ੍ਰਹ ਬਜਾਇ ਉਠੇ ਮੁਰਲੀ ਤੋ ॥

ਜਸੋਧਾ ਨੇ ਪੁੱਤਰ (ਕ੍ਰਿਸ਼ਨ) ਦਾ ਸਿਰ ਚੁੰਮ ਲਿਆ ਅਤੇ ਉਹ ਮੁਰਲੀ ਵਜਾਉਣ ਲਗ ਪਏ।

ਬਾਲ ਲਖੇ ਅਪੁਨੋ ਨ ਕਿਨੀ ਜਨ ਗੋ ਦਵਰੀ ਤਿਹ ਸੋ ਹਿਤ ਕੀਤੋ ॥

ਕਿਸੇ ਨੇ ਵੀ ਆਪਣੇ ਬਾਲਕ ਨਾ ਪਛਾਣੇ ਅਤੇ ਗਊਆਂ ਨੇ ਵੀ ਦੌੜ ਕੇ ਵੱਛਿਆਂ ਨਾਲ ਪੂਰਾ ਹਿਤ ਕੀਤਾ।

ਹੋਤ ਕੁਲਾਹਲ ਪੈ ਬ੍ਰਿਜ ਮੈ ਨਹਿ ਹੋਤ ਇਤੇ ਸੁ ਕਹੂੰ ਕਿਮ ਬੀਤੋ ॥

ਸਾਰੀ ਬ੍ਰਜ-ਭੂਮੀ ਵਿਚ ਆਨੰਦ ਮੰਗਲ ਹੋ ਰਿਹਾ ਹੈ। ਉਨ੍ਹਾਂ (ਗੁਫਾ ਵਾਲਿਆਂ) ਨਾਲ ਕੀ ਬੀਤਿਆ, ਕੋਈ ਨਹੀਂ ਜਾਣਦਾ।

ਗਾਵਤ ਗੀਤ ਸਨੇ ਹਰਿ ਗ੍ਵਾਰਨ ਲੇਹ ਬਲਾਇ ਬਧੁ ਬ੍ਰਿਜ ਕੀਤੋ ॥੧੮੦॥

ਗਵਾਲ ਬਾਲਕਾਂ ਸਮੇਤ ਸ੍ਰੀ ਕ੍ਰਿਸ਼ਨ ਗੀਤ ਗਾਉਂਦੇ ਹਨ ਅਤੇ ਬ੍ਰਜ-ਭੂਮੀ ਦੀਆਂ ਇਸਤਰੀਆਂ ਉਨ੍ਹਾਂ ਤੋਂ ਵਾਰਨੇ ਜਾਂਦੀਆਂ ਹਨ ॥੧੮੦॥

ਪ੍ਰਾਤ ਭਏ ਹਰਿ ਜੀ ਉਠ ਕੈ ਬਨ ਬੀਚ ਗਏ ਸੰਗ ਲੈ ਕਰ ਬਛੇ ॥

ਸਵੇਰ ਹੋਣ ਤੇ ਸ੍ਰੀ ਕ੍ਰਿਸ਼ਨ ਉਠੇ ਅਤੇ ਵੱਛਿਆਂ ਨੂੰ ਨਾਲ ਲੈ ਕੇ ਬਨ ਵਿਚ ਗਏ।

ਗਾਵਤ ਗੀਤ ਫਿਰਾਵਤ ਹੈ ਛਟਕਾ ਗਹਿ ਗਵਾਰ ਸਭੈ ਕਰਿ ਹਛੇ ॥

(ਬਾਲਕ) ਚੰਗੀ ਤਰ੍ਹਾਂ ਨਾਲ ਗੀਤ ਗਾਉਂਦੇ ਹਨ ਅਤੇ ਛਮਕਾਂ ਨੂੰ (ਧਰਤੀ ਉਤੇ) ਮਾਰਦੇ ਹੋਏ (ਵੱਛਿਆਂ ਨੂੰ ਚਰਾਉਂਦੇ) ਫਿਰਦੇ ਹਨ।

ਖੇਲਤ ਖੇਲਤ ਨੰਦ ਕੋ ਨੰਦ ਸੁ ਆਪ ਹੀ ਤੇ ਗਿਰਿ ਕੋ ਉਠਿ ਗਛੇ ॥

ਖੇਡਦਿਆਂ ਖੇਡਦਿਆਂ ਸ੍ਰੀ ਕ੍ਰਿਸ਼ਨ ਆਪ ਹੀ ਪਰਬਤ ਵਲ ਉਠ ਕੇ ਚਲੇ ਗਏ।

ਕੋਊ ਕਹੈ ਇਹ ਖੇਦ ਗਹੈ ਹਮ ਕੋਊ ਕਹੈ ਇਹ ਨਾਹਨਿ ਨਛੇ ॥੧੮੧॥

ਕੋਈ ਕਹਿੰਦਾ ਕਿ ਸ੍ਰੀ ਕ੍ਰਿਸ਼ਨ ਸਾਡੇ ਨਾਲ ਨਾਰਾਜ਼ ਹੈ ਅਤੇ ਕੋਈ ਕਹਿੰਦਾ ਇਹ ਸੁਅਸਥ ਨਹੀਂ ਹੈ ॥੧੮੧॥

ਹੋਇ ਇਕਤ੍ਰ ਸਨੈ ਹਰਿ ਗ੍ਵਾਰਨ ਲੈ ਅਪੁਨੇ ਸੰਗਿ ਪੈ ਸਭ ਗਾਈ ॥

ਕ੍ਰਿਸ਼ਨ ਗਵਾਲ ਬਾਲਕਾਂ ਸਹਿਤ ਇਕੱਠੇ ਹੋਏ ਅਤੇ ਆਪਣੇ ਨਾਲ ਸਾਰੀਆਂ ਗਊਆਂ ਲੈ ਲਈਆਂ।

ਦੇਖਿ ਤਿਨੈ ਗਿਰਿ ਕੇ ਸਿਰ ਤੇ ਮਨ ਮੋਹਿ ਬਢਾਇ ਸਭੈ ਉਠਿ ਧਾਈ ॥

ਉਨ੍ਹਾਂ ਨੂੰ ਪਹਾੜ ਦੀ ਚੋਟੀ ਉਤੇ ਵੇਖ ਕੇ ਅਤੇ ਮਨ ਵਿਚ ਮੋਹ ਨੂੰ ਵਧਾ ਕੇ ਸਾਰੇ ਉਠ ਕੇ ਭਜ ਪਏ।

ਗੋਪ ਗਏ ਤਿਨ ਪੈ ਚਲ ਕੈ ਜਬ ਜਾਤ ਪਿਖੀ ਤਿਨ ਨੈਨਨ ਮਾਈ ॥

ਗੋਪ ਵੀ ਉਨ੍ਹਾਂ ਕੋਲ ਚਲ ਕੇ ਪਹੁੰਚ ਗਏ, ਜਦੋਂ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗਊ-ਮਾਤਾਵਾਂ ਨੂੰ ਜਾਂਦਿਆਂ ਵੇਖਿਆ।

ਰੋਹ ਭਰੇ ਸੁ ਖਰੇ ਨ ਟਰੇ ਸੁਤ ਨੰਦਹਿ ਕੇ ਕਹੁ ਬਾਤ ਸੁਨਾਈ ॥੧੮੨॥

ਉਹ ਗੁੱਸੇ ਨਾਲ ਭਰੇ ਉਥੇ ਨਾ ਖੜੋਤੇ ਅਤੇ ਚਲੇ ਗਏ ਅਤੇ ਨੰਦ ਦੇ ਪੁੱਤਰ (ਸ੍ਰੀ ਕ੍ਰਿਸ਼ਨ) ਨੂੰ ਕਹਿ ਕੇ ਗੱਲ ਸੁਣਾਈ ॥੧੮੨॥

ਨੰਦ ਬਾਚ ਕਾਨ੍ਰਹ ਪ੍ਰਤਿ ॥

ਨੰਦ ਨੇ ਕ੍ਰਿਸ਼ਨ ਨੂੰ ਕਿਹਾ:

ਸਵੈਯਾ ॥

ਸਵੈਯਾ:

ਕਿਉ ਸੁਤ ਗਊਅਨ ਲਿਆਇ ਇਹਾ ਇਹ ਤੈ ਹਮਰੋ ਸਭ ਹੀ ਦਧਿ ਖੋਯੋ ॥

(ਹੇ ਪੁੱਤਰ!) ਤੁਸੀਂ ਗਊਆਂ ਦੇ ਵੱਛੇ ਇਥੇ ਕਿਉਂ ਲਿਆਉਂਦੇ ਹਨ। ਇਸ ਤਰ੍ਹਾਂ ਨਾਲ ਸਾਡਾ ਸਾਰਾ ਦੁੱਧ ਜ਼ਾਇਆ ਕਰ ਦਿੱਤਾ ਹੈ।

ਚੂੰਘ ਗਏ ਬਛਰਾ ਇਨ ਕੇ ਇਹ ਤੇ ਹਮਰੇ ਮਨ ਮੈ ਭ੍ਰਮ ਹੋਯੋ ॥

ਇਨ੍ਹਾਂ (ਗਊਆਂ) ਨੂੰ ਵੱਛਿਆਂ ਨੇ ਚੁੰਘ ਲਿਆ ਹੈ, ਇਸ ਤਰ੍ਹਾਂ ਸਾਡੇ ਮਨ ਵਿਚ ਭਰਮ ਹੋ ਗਿਆ ਹੈ।

ਕਾਨ੍ਰਹ ਫਰੇਬ ਕਰਿਯੋ ਤਿਨ ਸੋ ਮਨ ਮੋਹ ਮਹਾ ਤਿਨ ਕੇ ਜੁ ਕਰੋਯੋ ॥

ਉਨ੍ਹਾਂ ਦੇ ਮਨ ਵਿਚ ਜੋ ਮਹਾ ਮੋਹ ਪਸਾਰ ਦਿੱਤਾ ਹੈ, (ਉਹ ਅਸਲੋਂ) ਕ੍ਰਿਸ਼ਨ ਨੇ ਉਨ੍ਹਾਂ ਨਾਲ ਫ਼ਰੇਬ ਕੀਤਾ ਹੈ।

ਬਾਰਿ ਭਯੋ ਤਤ ਕ੍ਰੋਧ ਮਨੋ ਤਿਹ ਮੈ ਜਲ ਸੀਤਲ ਮੋਹ ਸਮੋਯੋ ॥੧੮੩॥

ਉਨ੍ਹਾਂ ਦੇ ਮਨ ਦਾ ਕ੍ਰੋਧ ਮਾਨੋ ਅੱਗ ਦਾ ਭਾਂਬੜ ਹੋਵੇ ਅਤੇ ਮੋਹ ਠੰਡੇ ਜਲ ਵਾਂਗ ਹੋਵੇ ॥੧੮੩॥

ਮੋਹਿ ਬਢਿਯੋ ਤਿਨ ਕੇ ਮਨ ਮੈ ਨਹਿ ਛੋਡਿ ਸਕੈ ਅਪਨੇ ਸੁਤ ਕੋਊ ॥

ਉਨ੍ਹਾਂ ਦੇ ਮਨ ਵਿਚ ਮੋਹ ਵਧਿਆ ਹੋਇਆ ਸੀ (ਫਲਸਰੂਪ ਕੋਈ ਵੀ ਗਊ) ਆਪਣੇ ਵੱਛੇ ਨੂੰ ਨਹੀਂ ਛਡ ਸਕਦੀ ਸੀ

ਗਊਅਨ ਛੋਡਿ ਸਕੈ ਬਛਰੇ ਇਤਨੋ ਮਨ ਮੋਹ ਕਰੈ ਤਬ ਸੋਊ ॥

ਅਤੇ ਚੂੰਕਿ ਗਊਆਂ ਵੱਛੇ ਛਡ ਨਹੀਂ ਸਕਦੀਆਂ ਸਨ, ਇਸ ਲਈ ਉਹ ਆਪਣੇ ਮਨ ਵਿਚ ਇਤਨਾ ਮੋਹ ਕਰਦੀਆਂ ਸਨ।

ਪੈ ਗਰੂਏ ਗ੍ਰਿਹਿ ਗੇ ਸੰਗਿ ਲੈ ਤਿਨ ਚਉਕਿ ਹਲੀ ਇਹਿ ਬਾਤ ਲਖੋਊ ॥

(ਸ੍ਰੀ ਕ੍ਰਿਸ਼ਨ ਜਿਤ ਕਰ ਕੇ) ਭਾਰੂ ਹੋ ਗਏ ਅਤੇ ਉਨ੍ਹਾਂ (ਬਾਲਕਾਂ ਅਤੇ ਗਊਆਂ ਤੇ ਵੱਛਿਆਂ) ਨੂੰ ਲੈ ਕੇ ਘਰ ਨੂੰ ਚਲੇ ਗਏ। ਇਸ ਗੱਲ ਨੂੰ ਸਮਝ ਕੇ ਬਲਭਦਰ ਚੌਂਕ ਪਿਆ

ਦੇਵ ਡਰੀ ਮਮਤਾ ਇਨ ਪੈ ਕਿ ਚਰਿਤ੍ਰ ਕਿਧੋ ਹਰਿ ਕੋ ਇਹ ਹੋਊ ॥੧੮੪॥

ਕਿ ਕੀ ਪਰਮਾਤਮਾ ਨੇ (ਗਊਆਂ ਉਤੇ) ਮਮਤਾ ਆਰੋਪਿਤ ਕੀਤੀ ਹੈ ਜਾਂ ਕ੍ਰਿਸ਼ਨ ਦਾ ਹੀ ਕੀਤਾ ਹੋਇਆ ਕੋਈ ਚਰਿਤ੍ਰ ਹੈ ॥੧੮੪॥

ਸਾਲ ਬਿਤੀਤ ਭਇਓ ਜਬ ਹੀ ਹਰਿ ਜੀ ਬਨ ਬੀਚ ਗਏ ਦਿਨ ਕਉਨੈ ॥

ਜਦੋਂ ਸਾਲ ਬੀਤ ਗਿਆ ਤਾਂ ਕਿਸੇ ਦਿਨ ਸ੍ਰੀ ਕ੍ਰਿਸ਼ਨ ਬਨ ਵਿਚ ਗਏ।

ਦੇਖਨ ਕਉਤਕ ਕੌ ਚਤੁਰਾਨਨ ਸੀਘ੍ਰ ਭਯੋ ਤਿਹ ਕੋ ਉਠਿ ਗਉਨੈ ॥

(ਸ੍ਰੀ ਕ੍ਰਿਸ਼ਨ ਦੇ) ਕੌਤਕ ਨੂੰ ਵੇਖਣ ਲਈ ਬ੍ਰਹਮਾ ਉਧਰ ਨੂੰ ਉਠ ਕੇ ਚਲਿਆ ਗਿਆ।

ਗ੍ਵਾਰ ਵਹੈ ਬਛੁਰੇ ਸੰਗਿ ਹੈ ਵਹ ਚਕ੍ਰਿਤ ਜਾਇ ਗਇਓ ਹੁਇ ਤਉਨੈ ॥

ਉਸ ਸਥਾਨ ਤੇ ਜਾ ਕੇ (ਉਹ ਵੇਖ ਕੇ) ਹੈਰਾਨ ਹੁੰਦਾ ਹੈ ਕਿ ਉਹੀ ਗਵਾਲ ਬਾਲਕ ਅਤੇ ਉਹੀ ਵੱਛੇ ਹਨ।

ਦੇਖਿ ਤਿਨੈ ਡਰ ਕੈ ਪਰਿ ਪਾਇਨ ਆਇ ਕੈ ਆਨੰਦ ਦੁੰਦਭਿ ਛਉਨੈ ॥੧੮੫॥

(ਉਨ੍ਹਾਂ ਬਾਲਕਾਂ ਅਤੇ ਵੱਛਿਆਂ ਨੂੰ) ਵੇਖ ਕੇ ਉਹ ਡਰ ਗਿਆ ਅਤੇ ਆਨੰਦ ਦਾ ਨਗਾਰਾ ਵਜਾਉਂਦਾ ਹੋਇਆ ਬਸੁਦੇਵ ਦੇ ਪੁੱਤਰ (ਕਾਨ੍ਹ) ਦੇ ਪੈਰਾਂ ਉਤੇ ਡਿਗ ਪਿਆ ॥੧੮੫॥

ਬ੍ਰਹਮਾ ਬਾਚ ਕਾਨ੍ਰਹ ਜੂ ਪ੍ਰਤਿ ॥

ਬ੍ਰਹਮਾ ਨੇ ਕਾਨ੍ਹ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਹੇ ਕਰੁਣਾ ਨਿਧਿ ਹੇ ਜਗ ਕੇ ਪਤਿ ਅਚੁਤ ਹੇ ਬਿਨਤੀ ਸੁਨ ਲੀਜੈ ॥

ਹੇ ਕਰੁਣਾ ਨਿਧਾਨ! ਹੇ ਜਗਤ ਦੇ ਸੁਆਮੀ! ਹੇ ਅਚੁਤ! (ਮੇਰੀ) ਬੇਨਤੀ ਸੁਣੋ।

ਚੂਕ ਭਈ ਹਮ ਤੇ ਤੁਮਰੀ ਤਿਹ ਤੇ ਅਪਰਾਧ ਛਿਮਾਪਨ ਕੀਜੈ ॥

ਸਾਡੇ ਕੋਲੋਂ ਤੁਹਾਡੇ ਪ੍ਰਤਿ ਭੁਲ ਹੋ ਗਈ ਹੈ, ਇਸ ਲਈ (ਸਾਡਾ) ਅਪਰਾਧ ਖਿਮਾ ਕਰ ਦਿਓ।

ਕਾਨ੍ਰਹ ਕਹੀ ਇਹ ਬਾਤ ਛਿਮੀ ਹਮ ਨ ਬਿਖ ਅੰਮ੍ਰਿਤ ਛਾਡਿ ਕੈ ਪੀਜੈ ॥

ਸ੍ਰੀ ਕ੍ਰਿਸ਼ਨ ਨੇ ਕਿਹਾ, ਇਹ ਗੱਲ ਮਾਫ ਕਰ ਦਿੱਤੀ, ਅਸੀਂ ਅੰਮ੍ਰਿਤ ਛਡ ਕੇ ਵਿਸ਼ ਨਹੀਂ ਪੀਂਦੇ।

ਲਿਆਉ ਕਹਿਓਨ ਲਿਆਇ ਹੋਂ ਜਾਹ ਸਿਤਾਬ ਅਈਯੋ ਨਹੀ ਢੀਲ ਕਰੀਜੈ ॥੧੮੬॥

(ਫਿਰ ਸ੍ਰੀ ਕ੍ਰਿਸ਼ਨ ਨੇ) ਕਿਹਾ, (ਵੱਛਿਆਂ ਅਤੇ ਬਾਲਕਾਂ ਨੂੰ) 'ਲਿਆਉ' (ਉਸ ਨੇ ਅਗੋਂ ਕਿਹਾ) ਲਿਆਉਂਦਾ ਹਾਂ। (ਕ੍ਰਿਸ਼ਨ ਨੇ ਫਿਰ ਕਿਹਾ) "ਜਲਦੀ ਜਾਉ, ਛੇਤੀ ਮੁੜਿਉ, ਢਿਲ ਨਹੀਂ ਕਰਨੀ" ॥੧੮੬॥

ਲੈ ਬਛਰੈ ਬ੍ਰਹਮਾ ਤਬ ਹੀ ਛਿਨ ਮੈ ਚਲ ਕੈ ਹਰਿ ਜੀ ਪਹਿ ਆਯੋ ॥

ਬ੍ਰਹਮਾ ਵੱਛੇ ਲੈ ਕੇ ਉਸੇ ਵੇਲੇ ਛਿਣ ਭਰ ਵਿਚ ਸ੍ਰੀ ਕ੍ਰਿਸ਼ਨ ਕੋਲ ਆ ਗਿਆ।

ਕਾਨ੍ਰਹ ਮਿਲੇ ਜਬ ਹੀ ਸਭ ਗ੍ਵਾਰ ਤਬੈ ਮਨ ਮੈ ਤਿਨ ਹੰਰ ਸੁਖ ਪਾਯੋ ॥

ਜਦੋਂ ਗਵਾਲ ਬਾਲਕ ਸ੍ਰੀ ਕ੍ਰਿਸ਼ਨ ਨੂੰ ਮਿਲੇ ਤਾਂ ਉਨ੍ਹਾਂ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਲੋਪ ਭਯੋ ਸੰਗਿ ਕੇ ਬਛਰੇ ਤਬ ਭੇਦ ਕਿਨੀ ਲਖਿ ਜਾਨ ਨ ਪਾਯੋ ॥

ਤਦੋਂ ਨਾਲ ਵਾਲੇ ਵੱਛੇ ਲੋਪ ਹੋ ਗਏ, ਇਸ ਭੇਦ ਨੂੰ ਕੋਈ ਵੀ ਜਾਣ ਨਾ ਸਕਿਆ।

ਬਾਲ ਬੁਝੀ ਨ ਕਿਨੀ ਉਠਿ ਬੋਲਿ ਸੁ ਲਿਆਉ ਵਹੈ ਹਮ ਜੋ ਮਿਲਿ ਖਾਯੋ ॥੧੮੭॥

ਕਿਸੇ ਗਵਾਲ ਬਾਲਕ ਨੇ ਵੀ (ਇਹ ਗੱਲ) ਨਾ ਸਮਝੀ, ਸਗੋਂ ਉਠ ਕੇ ਕਹਿਣ ਲਗੇ ਕਿ ਜੋ ਅਸੀਂ ਮਿਲ ਕੇ ਖਾਣਾ ਸੀ, (ਉਹ ਸਾਡਾ ਹਿੱਸਾ) ਲਿਆ ਕੇ ਦਿਉ ॥੧੮੭॥

ਹੋਇ ਇਕਤ੍ਰ ਕਿਧੋ ਬ੍ਰਿਜ ਬਾਲਕ ਅੰਨ ਅਚਿਯੋ ਸਭਨੋ ਜੁ ਪੁਰਾਨੋ ॥

ਬ੍ਰਜ-ਭੂਮੀ ਦੇ ਬਾਲਕਾਂ ਨੇ ਮਿਲ ਕੇ ਉਹੀ (ਸਾਲ ਭਰ) ਪੁਰਾਣਾ ਅੰਨ ਗ੍ਰਹਿਣ ਕੀਤਾ।

ਕਾਨ੍ਰਹ ਕਹੀ ਹਮ ਨਾਗ ਹਨ੍ਯੋ ਹਰਿ ਕੋ ਇਹ ਖੇਲ ਕਿਨੀ ਨਹਿ ਜਾਨੋ ॥

ਕਾਨ੍ਹ ਨੇ ਕਿਹਾ ਕਿ ਮੈਂ (ਅਘਾਸੁਰ ਨਾਂ ਦਾ) ਸੱਪ ਮਾਰਿਆ ਸੀ, ਪਰ ਕ੍ਰਿਸ਼ਨ ਦਾ ਇਹ ਖੇਲ ਕਿਸੇ ਨੇ ਨਹੀਂ ਸਮਝਿਆ।

ਹੋਇ ਪ੍ਰਸੰਨ ਮਹਾ ਮਨ ਮੈ ਗਰੜਾਧੁਜ ਕੋ ਕਰਿ ਰਛਕ ਮਾਨੋ ॥

ਸਾਰਿਆਂ ਨੇ ਮਨ ਵਿਚ ਅਤਿ ਪ੍ਰਸੰਨ ਹੋ ਕੇ ਸ੍ਰੀ ਕ੍ਰਿਸ਼ਨ ('ਗਰੁੜ ਧੁਜ') ਨੂੰ ਆਪਣਾ ਰਖਿਅਕ ਮੰਨ ਲਿਆ।

ਦਾਨ ਦਯੋ ਹਮ ਕੋ ਜੀਅ ਕੋ ਇਹ ਮਾਤ ਪਿਤਾ ਪਹਿ ਜਾਇ ਬਖਾਨੋ ॥੧੮੮॥

(ਅਸੀਂ) ਇਹ ਗੱਲ ਮਾਤਾ ਪਿਤਾ ਨੂੰ ਜਾ ਕੇ ਦਸਾਂਗੇ ਕਿ ਇਨ੍ਹਾਂ ਨੇ ਸਾਨੂੰ ਜੀਵਨ-ਦਾਨ ਦਿੱਤਾ ਹੈ ॥੧੮੮॥

ਇਤਿ ਬ੍ਰਹਮਾ ਬਛਰੇ ਆਨ ਪਾਇ ਪਰਾ ॥

ਇਥੇ ਬ੍ਰਹਮਾ ਦਾ ਵੱਛੇ ਲਿਆ ਕੇ ਪੈਰੀਂ ਪੈਣ ਦਾ ਪ੍ਰਸੰਗ ਸਮਾਪਤ।

ਅਥ ਧੇਨਕ ਦੈਤ ਬਧ ਕਥਨੰ ॥

ਹੁਣ ਧੇਨਕ ਦੈਂਤ ਦੇ ਬੱਧ ਦਾ ਕਥਨ:

ਸਵੈਯਾ ॥

ਸਵੈਯਾ:

ਬਾਰਹ ਸਾਲ ਬਿਤੀਤ ਭਏ ਤੁ ਲਗੇ ਤਬ ਕਾਨ੍ਰਹ ਚਰਾਵਨ ਗਾਈ ॥

ਜਦ ਬਾਰ੍ਹਾਂ ਵਰ੍ਹੇ ਬੀਤ ਗਏ ਤਦ ਸ੍ਰੀ ਕ੍ਰਿਸ਼ਨ ਗਊਆਂ ਚਰਾਉਣ ਲਗੇ।


Flag Counter