ਅਤੇ (ਲੱਛਮਣ ਦੇ) ਮੱਥੇ ਵਿੱਚ ਮਾਰਿਆ ਹੈ
ਅਤੇ (ਉਹ) ਤੁਰੰਤ
(ਰਣ-ਭੂਮੀ ਵਿੱਚ) ਡਿੱਗ ਪਿਆ ॥੭੭੦॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਲੱਛਮਣ-ਬਧਹਿ ਅਧਿਆਇ ਦੀ ਸਮਾਪਤੀ।
ਹੁਣ ਭਰਤ ਦੇ ਯੁੱਧ ਦਾ ਕਥਨ
ਅੜੂਹਾ ਛੰਦ
ਸੈਨਾ ਡਰ ਕੇ ਭੱਜ ਗਈ-
ਲੱਛਮਣ ਨੂੰ ਰਣ-ਭੂਮੀ ਵਿੱਚ ਭੇਟਾ ਚੜ੍ਹਾ ਕੇ।
ਜਿੱਥੇ ਰਾਮ ਚੰਦਰ ਖੜੇ ਸਨ,
ਕਾਇਰ ਸੂਰਮੇ ਭੱਜ ਕੇ ਉਥੇ ਚਲੇ ਗਏ ॥੭੭੧॥
ਜਦ ਜਾ ਕੇ ਉਨ੍ਹਾਂ ਨੂੰ ਲੱਛਮਣ ਦੇ ਜੂਝਣ ਦੀ) ਗੱਲ ਕਹੀ
ਤਦ ਉਨ੍ਹਾਂ ਨੂੰ ਬਹੁਤ ਤਰ੍ਹਾਂ ਨਾਲ ਸ਼ੋਕ ਦਿੱਤਾ।
(ਉਨ੍ਹਾਂ ਦੇ) ਬਚਨ ਸੁਣ ਕੇ ਸ੍ਰੀ ਰਾਮ (ਇਉਂ) ਚੁੱਪ ਕਰ ਰਹੇ
ਮਾਨੋ ਪੱਥਰ ਦੀ ਮੂਰਤੀ ਖੜੋਤੀ ਹੋਵੇ ॥੭੭੨॥
(ਸ੍ਰੀ ਰਾਮ ਨੇ) ਫਿਰ ਬੈਠ ਕੇ ਵਿਚਾਰ ਕੀਤਾ ਅਤੇ ਕਿਹਾ-
ਹੇ ਭਰਤ! ਤੁਸੀਂ ਜਾਓ,
ਪਰ ਉਨ੍ਹਾਂ ਦੋਹਾਂ ਮੁਨੀ ਬਾਲਕਾਂ ਨੂੰ ਮਾਰਨਾ ਨਹੀਂ,
ਫੜ ਲਿਆਓ ਅਤੇ ਮੈਨੂੰ ਵਿਖਾਓ ॥੭੭੩॥
ਸੈਨਾ ਨੂੰ ਸਜਾ ਕੇ ਭਰਤ ਉਧਰ ਨੂੰ ਚਲਿਆ
ਜਿੱਧਰ ਬਾਲਕ ਸੂਰਮਿਆਂ ਨੇ ਰਣ ਮੰਡਿਆ ਹੋਇਆ ਸੀ।
(ਉਹ) ਬਹੁਤ ਤਰ੍ਹਾਂ ਨਾਲ ਸੂਰਮਿਆਂ ਨੂੰ ਮਾਰਦੇ ਸਨ
ਅਤੇ ਤੀਰਾਂ ਦੇ ਝੁੰਡਾਂ ਦੇ ਝੁੰਡ ਚਲਾ ਰਹੇ ਸਨ ॥੭੭੪॥
(ਭਰਤ) ਸੁਗ੍ਰੀਵ, ਵਿਭੀਸ਼ਣ,
ਹਨੂਮਾਨ, ਅੰਗਦ ਅਤੇ ਜਾਮਵੰਤ ਆਦਿ ਸੈਨਾਪਤੀਆਂ ਵਾਲੀ
ਬਹੁਤ ਤਰ੍ਹਾਂ ਦੀ ਸੈਨਾ ਜੋੜ ਕੇ
ਉਨ੍ਹਾਂ ਦਾ ਸਾਹਮਣਾ ਕਰਨ ਲਈ ਚੜ੍ਹ ਪਿਆ ॥੭੭੫॥
ਰਣ-ਭੂਮੀ ਵਿੱਚ ਜਦੋਂ ਭਰਤ ਗਿਆ
ਤਦ ਉਸ ਨੇ ਦੋ ਮੁਨੀ ਬਾਲਕਾਂ ਨੂੰ ਵੇਖਿਆ,
???
ਦੇਵਤੇ ਅਤੇ ਦੈਂਤ ਮੋਹਿਤ ਹੋ ਰਹੇ ਸਨ (ਜਿਨ੍ਹਾਂ ਦੇ ਰੂਪ ਨੂੰ ਵੇਖ ਕੇ) ॥੭੭੬॥
ਭਰਤ ਨੇ ਲਵ ਨੂੰ ਕਿਹਾ-
ਅਕੜਾ ਛੰਦ
ਹੇ ਮੁਨੀ ਬਾਲਕੋ! ਗਰਬ ਛੱਡ ਦਿਓ
ਸਭ ਮੈਨੂੰ ਆ ਕੇ ਮਿਲੋ,
(ਮੈਂ ਤੁਹਾਨੂੰ) ਰਾਮ ਚੰਦਰ ਪਾਸ ਲੈ ਜਾਵਾਂਗਾ,
ਉਹ ਤੁਹਾਨੂੰ ਸੁੰਦਰ ਬਸਤ੍ਰ ਦੇਣਗੇ ॥੭੭੭॥
(ਭਰਤ ਦੇ ਕਥਨ) ਸੁਣਦਿਆਂ ਹੀ ਬਾਲਕ ਗਰਬ ਨਾਲ ਭਰ ਗਏ
ਅਤੇ ਕ੍ਰੋਧ ਕਰਕੇ ਕਮਾਨਾਂ ਖਿੱਚ ਲਈਆਂ।
ਬਹੁਤ ਤਰ੍ਹਾਂ ਨਾਲ ਤੀਰ ਛੱਡ ਦਿੱਤੇ,
ਮਾਨੋ ਸਾਵਣ ਦੇ ਬੱਦਲ ਵਿੱਚੋਂ ਗੜੇ (ਡਿੱਗ ਰਹੇ ਹੋਣ) ॥੭੭੮॥
(ਜਿਨ੍ਹਾਂ ਦੇ) ਸਰੀਰ ਵਿੱਚ ਬਾਣ ਲੱਗੇ
(ਉਹ) ਸੂਰਮੇ ਮੂਧੇ ਮੂੰਹ ਡਿੱਗ ਪਏ।
ਕਿਤੇ ਸੂਰਮਿਆਂ ਦੇ, ਅੰਗ ਵੱਢੇ ਪਏ ਹਨ,
ਕਿਤੇ ਚੌਰ, ਸ਼ਸਤ੍ਰ ਅਤੇ ਕਵਚ (ਡਿੱਗ ਪਏ ਹਨ) ॥੭੭੯॥
ਕਿਤੇ ਸੁੰਦਰ ਚਿੱਤਰ ਵਾਲੀਆਂ ਕਮਾਨਾਂ (ਡਿੱਗੀਆਂ ਪਈਆਂ ਹਨ),
ਕਿਤੇ ਯੋਧਿਆਂ ਦੇ ਅੰਗਾਂ ਵਿੱਚ ਬਾਣ (ਲੱਗੇ ਹੋਏ ਹਨ),
ਕਿਤੇ ਅੰਗਾਂ ਦੇ ਫਟਾਂ ਵਿੱਚੋਂ ਭਕ-ਭਕ ਕਰਕੇ (ਲਹੂ ਨਿਕਲ ਰਿਹਾ ਹੈ)
ਅਤੇ ਕਿਤੇ ਲਹੂ ਦੀ ਨਦੀ ਉਛਲ ਰਹੀ ਹੈ ॥੭੮੦॥