ਸ਼੍ਰੀ ਦਸਮ ਗ੍ਰੰਥ

ਅੰਗ - 1130


ਤਾ ਕਹ ਸੁਧਿ ਕਹੋ ਕਬ ਆਵੈ ॥੫॥

ਤਾਂ ਦਸੋ ਭਲਾ ਉਸ ਨੂੰ ਕਦ ਹੋਸ਼ ਆ ਸਕਦੀ ਸੀ ॥੫॥

ਅੜਿਲ ॥

ਅੜਿਲ:

ਸਾਹ ਕਰੀ ਚਿਤ ਮਾਝ ਸੁ ਚਿੰਤ ਬਿਚਾਰਿ ਕੈ ॥

ਸ਼ਾਹ ਨੇ ਮਨ ਵਿਚ ਵਿਚਾਰ ਪੂਰਵਕ ਸੋਚਿਆ ਕਿ (ਕੋਈ) ਚਰਿਤ੍ਰ ਕਰ ਕੇ

ਸਭ ਧਨ ਇਨ ਕੋ ਹਰੌ ਚਰਿਤ੍ਰ ਦਿਖਾਰਿ ਕੈ ॥

ਇਨ੍ਹਾਂ ਸਾਰਿਆਂ ਦਾ ਧਨ ਹਰ ਲੈਣਾ ਚਾਹੀਦਾ ਹੈ।

ਹਜਰਤਿ ਹੂੰ ਕੋ ਦਰਬੁ ਸਦਨ ਹਰਿ ਲ੍ਰਯਾਇਹੌ ॥

ਪਹਿਲਾਂ ਮੈਂ ਬਾਦਸ਼ਾਹ ਦੇ ਘਰੋਂ ਧਨ ਹਰ ਲਿਆਵਾਂਗਾ

ਹੋ ਸਭ ਸੋਫਿਨ ਕੋ ਮੂੰਡ ਮੂੰਡ ਕੈ ਖਾਇਹੌ ॥੬॥

ਅਤੇ ਫਿਰ ਮੈਂ ਸਭ ਸੋਫ਼ੀਆਂ ਨੂੰ ਮੁੰਨ ਮੁੰਨ ਕੇ ਖਾਵਾਂਗਾ ॥੬॥

ਹਜਰਤਿ ਜੂ ਕੋ ਪ੍ਰਥਮ ਖਜਾਨਾ ਸਭ ਲਯੋ ॥

(ਉਸ ਨੇ) ਸਭ ਤੋਂ ਪਹਿਲਾਂ ਬਾਦਸ਼ਾਹ ਦਾ ਸਾਰਾ ਖ਼ਜ਼ਾਨਾ ਲੈ ਲਿਆ।

ਪੁਨਿ ਸੋਫਿਨ ਕੋ ਦਰਬੁ ਧਰੋਹਰਿ ਧਰਤ ਭਯੋ ॥

ਫਿਰ ਸੋਫ਼ੀਆਂ ਦਾ ਧਨ (ਆਪਣੇ ਕੋਲ) ਅਮਾਨਤ ਰਖ ਲਿਆ।

ਬਹੁਰਿ ਅਤਿਥ ਕੋ ਭੇਸ ਤ੍ਰਿਯਹਿ ਪਹਿਰਾਇ ਕੈ ॥

ਫਿਰ ਆਪਣੀ ਇਸਤਰੀ ਨੂੰ ਜੋਗੀ ਦਾ ਭੇਸ ਧਾਰਨ ਕਰਵਾ ਕੇ

ਹੋ ਬਨੀ ਕਚਹਿਰੀ ਭੀਤਰ ਦਈ ਪਠਾਇ ਕੈ ॥੭॥

ਭਰੀ ਕਚਹਿਰੀ ਵਿਚ ਭੇਜ ਦਿੱਤਾ ॥੭॥

ਦੋਹਰਾ ॥

ਦੋਹਰਾ:

ਹਜਰਤਿ ਕੋ ਲੋਗਨ ਸਹਿਤ ਲੀਨੋ ਦਰਬੁ ਚੁਰਾਇ ॥

ਲੋਕਾਂ ਸਮੇਤ ਬਾਦਸ਼ਾਹ ਦਾ ਧਨ ਚੁਰਾ ਲਿਆ

ਭਰਿ ਥੈਲੀ ਠਿਕਰੀ ਧਰੀ ਮੁਹਰੈ ਕਰੀ ਬਨਾਇ ॥੮॥

ਅਤੇ ਠੀਕਰੀਆਂ ਦੀਆਂ ਥੌਲੀਆਂ ਭਰ ਕੇ ਉਤੇ ਚੰਗੀ ਤਰ੍ਹਾਂ ਨਾਲ ਮੋਹਰਾਂ ਲਗਾ ਦਿੱਤੀਆਂ ॥੮॥

ਅੜਿਲ ॥

ਅੜਿਲ:

ਮਾਨਿ ਸਾਹ ਬਹੁ ਭਾਗ ਅਫੀਮ ਚੜਾਇ ਕੈ ॥

ਮਾਨਿ ਸ਼ਾਹ ਬਹੁਤ ਭੰਗ ਅਤੇ ਅਫ਼ੀਮ ਚੜ੍ਹਾ ਕੇ

ਘੁਮਤ ਘੂਮਤ ਤਹਾ ਪਹੂੰਚ੍ਯੋ ਜਾਇ ਕੈ ॥

ਘੁੰਮਦਿਆਂ ਘੁੰਮਦਿਆਂ ਉਥੇ ਜਾ ਪਹੁੰਚਿਆ।

ਤਬ ਲੌ ਕਹਿਯੋ ਅਤਿਥ ਇਕ ਠਿਕਰੀ ਦੀਜਿਯੈ ॥

ਤਦ ਤਕ ਜੋਗੀ ਨੇ ਕਿਹਾ ਕਿ (ਮੈਨੂੰ) ਇਕ ਠੀਕਰੀ ਦਿਓ।

ਹੋ ਕਾਜੁ ਹਮਾਰੋ ਆਜੁ ਚੌਧਰੀ ਕੀਜਿਯੈ ॥੯॥

ਹੇ ਚੌਧਰੀ! ਅਜ ਮੇਰਾ ਇਹ ਕੰਮ ਕਰੋ ॥੯॥

ਦਯੋ ਏਕ ਘਟ ਫੋਰਿ ਬਹੁਤ ਠਿਕਰੀ ਭਈ ॥

ਉਸ ਨੇ ਇਕ ਘੜਾ ਭੰਨ ਦਿੱਤਾ ਅਤੇ ਬਹੁਤ ਸਾਰੀਆਂ ਠੀਕਰੀਆਂ ਬਣ ਗਈਆਂ।

ਤਿਨ ਤੇ ਏਕ ਉਠਾਇ ਅਤਿਥ ਕੈ ਕਰ ਦਈ ॥

ਉਨ੍ਹਾਂ ਵਿਚੋਂ ਇਕ ਚੁਕ ਕੇ ਜੋਗੀ ਨੂੰ ਦੇ ਦਿੱਤੀ।

ਲੈ ਕੇ ਜਬੈ ਅਤੀਤ ਨਿਰਖ ਤਾ ਕੋ ਲਯੋ ॥

ਜਦ ਜੋਗੀ ਨੇ ਉਸ ਨੂੰ ਲੈ ਕੇ ਵੇਖਿਆ

ਹੋ ਏਕ ਕਚਹਿਰੀ ਮਾਝ ਸ੍ਰਾਪ ਤਰੁਨੀ ਦਯੋ ॥੧੦॥

ਤਾਂ ਜੋਗੀ ਬਣੀ ਇਸਤਰੀ ਨੇ ਕਚਹਿਰੀ ਵਿਚ ਜਾ ਕੇ ਇਕ ਸਰਾਪ ਦਿੱਤਾ ॥੧੦॥

ਠੀਕ੍ਰਨ ਹੀ ਕੋ ਦਰਬੁ ਸਕਲ ਹ੍ਵੈ ਜਾਇ ਹੈ ॥

ਇਹ ਸਾਰੀ ਦੌਲਤ ਠੀਕਰੀਆਂ ਦੀ ਹੀ ਹੋ ਜਾਏਗੀ

ਹਜਰਤਿ ਲੋਗਨ ਸਹਿਤ ਨ ਕਛੁ ਧਨ ਪਾਇ ਹੈ ॥

ਅਤੇ ਬਾਦਸ਼ਾਹ ਵੀ ਲੋਕਾਂ ਸਮੇਤ ਕੁਝ ਵੀ ਧਨ ਪ੍ਰਾਪਤ ਨਹੀਂ ਕਰੇਗਾ।

ਕਾਜਿ ਕ੍ਰੋਰਿ ਕੁਟੁਵਾਰ ਖਜਾਨੋ ਤਬ ਲਹਿਯੋ ॥

ਤਦ ਕਾਜ਼ੀ ਅਤੇ ਕੋਤਵਾਲ ਨੇ ਕਰੋੜਾਂ ਦੇ ਖ਼ਜ਼ਾਨੇ ਨੂੰ ਵੇਖਿਆ

ਹੋ ਸਤਿ ਸ੍ਰਾਪ ਭਯੋ ਕਹਿਯੋ ਅਤਿਥ ਜੈਸੋ ਦਯੋ ॥੧੧॥

(ਤਦ) ਜਿਵੇਂ ਜੋਗੀ ਨੇ ਕਹਿ ਕੇ ਸਰਾਪ ਦਿੱਤਾ ਸੀ, ਉਹ ਸੱਚਾ ਹੋ ਗਿਆ ॥੧੧॥

ਸਭ ਸੋਫਿਨ ਕੋ ਮੂੰਡਿ ਮੂੰਡਿ ਅਮਲੀ ਗਯੋ ॥

ਉਹ ਅਮਲੀ ਸਾਰਿਆਂ ਸੋਫ਼ੀਆਂ ਦੇ ਸਿਰ ਮੁੰਨ ਕੇ ਲੈ ਗਿਆ (ਅਰਥਾਤ ਸੋਫ਼ੀਆਂ ਦਾ ਧਨ ਠਗ ਕੇ ਲੈ ਗਿਆ)।

ਮੁਹਰੇ ਲਈ ਨਿਕਾਰਿ ਠੀਕਰੀ ਦੈ ਭਯੋ ॥

ਮੋਹਰਾਂ ਕਢ ਲਈਆਂ ਅਤੇ ਠੀਕਰੀਆਂ ਭਰ ਦਿੱਤੀਆਂ।

ਆਜੁ ਲਗੇ ਓਹਿ ਦੇਸ ਅਤਿਥ ਕੋ ਮਾਨਿਯੈ ॥

ਅਜ ਤਕ ਉਸ ਦੇਸ ਵਿਚ ਜੋਗੀ ਦੀ ਮਾਨਤਾ ਪ੍ਰਚਲਿਤ ਹੈ।

ਹੋ ਮਸਲਾ ਇਹ ਮਸਹੂਰ ਜਗਤ ਮੈ ਜਾਨਿਯੈ ॥੧੨॥

ਇਹ ਮਸਲਾ ਜਗਤ ਵਿਚ ਪ੍ਰਸਿੱਧ ਸਮਝਣਾ ਚਾਹੀਦਾ ਹੈ ॥੧੨॥

ਦੋਹਰਾ ॥

ਦੋਹਰਾ:

ਵਾ ਕੇ ਖਾਨਾ ਨੈ ਲਿਖ੍ਯੋ ਹਜਰਤਿ ਜੂ ਕੋ ਬਨਾਇ ॥

ਉਸ (ਖ਼ਜ਼ਾਨੇ) ਦੇ ਖ਼ਾਦਮ ('ਖਾਨਾ') ਨੇ ਬਾਦਸ਼ਾਹ ਨੂੰ ਲਿਖਿਆ

ਸ੍ਰਾਪ ਦਯੋ ਇਕ ਅਤਿਥ ਨੈ ਸਭ ਧਨ ਗਯੋ ਗਵਾਇ ॥੧੩॥

ਕਿ ਇਕ ਜੋਗੀ ਦੇ ਸਰਾਪ ਨਾਲ ਸਾਰਾ ਧਨ ਨਸ਼ਟ ਹੋ ਗਿਆ ਹੈ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੬॥੪੩੦੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੬॥੪੩੦੨॥ ਚਲਦਾ॥

ਦੋਹਰਾ ॥

ਦੋਹਰਾ:

ਦੇਸ ਮਾਲਵਾ ਕੇ ਬਿਖੈ ਮਦਨ ਸੈਨ ਇਕ ਰਾਇ ॥

ਮਾਲਵਾ ਦੇਸ ਵਿਚ ਮਦਨ ਸੈਨ ਨਾਂ ਦਾ ਇਕ ਰਾਜਾ ਸੀ।

ਗੜ ਤਾ ਸੌ ਰਾਜਾ ਬਿਧਿਹਿ ਔਰ ਨ ਸਕਿਯੋ ਬਨਾਇ ॥੧॥

ਉਸ ਨੂੰ ਘੜ ਕੇ (ਭਾਵ ਬਣਾ ਕੇ) ਵਿਧਾਤਾ ਹੋਰ (ਕੋਈ ਉਸ ਵਰਗਾ) ਨਾ ਬਣਾ ਸਕਿਆ ॥੧॥

ਨਾਮ ਰਹੈ ਤਿਹ ਤਰੁਨਿ ਕੋ ਸ੍ਰੀ ਮਨਿਮਾਲ ਮਤੀਯ ॥

ਉਸ ਦੀ ਇਸਤਰੀ ਦਾ ਨਾਮ ਮਨਿਮਾਲ ਮਤੀ ਸੀ

ਮਨਸਾ ਬਾਚਾ ਕਰਮਨਾ ਬਸਿ ਕਰਿ ਰਾਖਿਯੋ ਪੀਯ ॥੨॥

(ਅਤੇ ਉਸ ਨੇ) ਮਨ, ਬਚਨ ਅਤੇ ਕਰਮ ਕਰ ਕੇ ਆਪਣੇ ਪ੍ਰੀਤਮ ਨੂੰ ਕਾਬੂ ਵਿਚ ਰਖਿਆ ਹੋਇਆ ਸੀ ॥੨॥

ਪੂਤ ਤਹਾ ਇਕ ਸਾਹੁ ਕੋ ਨਾਮੁ ਰਾਇ ਮਹਬੂਬ ॥

ਉਥੇ ਸ਼ਾਹ ਦਾ ਇਕ ਪੁੱਤਰ ਸੀ, ਜਿਸ ਦਾ ਨਾਮ ਮਹਿਬੂਬ ਰਾਇ ਸੀ।

ਰੂਪ ਸੀਲ ਸੁਚਿ ਬ੍ਰਤਨ ਮੈ ਗੜਿਯੋ ਬਿਧਾਤੈ ਖੂਬ ॥੩॥

(ਉਸ ਨੂੰ) ਵਿਧਾਤਾ ਨੇ ਰੂਪ, ਸ਼ੀਲ, ਬ੍ਰਤ ਅਤੇ ਪਵਿਤ੍ਰਤਾ ਵਿਚ ਬਹੁਤ ਚੰਗੀ ਤਰ੍ਹਾਂ ਨਾਲ ਬਣਾਇਆ ਸੀ ॥੩॥

ਚੌਪਈ ॥

ਚੌਪਈ:

ਅਮਿਤ ਤਰੁਨਿ ਕੋ ਰੂਪ ਬਿਰਾਜੈ ॥

ਉਸ ਨੌਜਵਾਨ ਦਾ ਅਪਾਰ ਰੂਪ ਸੀ,

ਜਿਹ ਮੁਖ ਨਿਰਖ ਚੰਦ੍ਰਮਾ ਲਾਜੈ ॥

ਜਿਸ ਦੇ ਮੁਖ ਨੂੰ ਵੇਖ ਕੇ ਚੰਦ੍ਰਮਾ ਵੀ ਲਜਿਤ ਹੁੰਦਾ ਸੀ।

ਸੁੰਦਰ ਸਮ ਤਾ ਕੀ ਕੋਊ ਨਾਹੀ ॥

ਉਸ ਵਰਗਾ ਕੋਈ ਸੁੰਦਰ ਨਹੀਂ ਸੀ।

ਰੂਪਵੰਤ ਪ੍ਰਗਟਿਯੋ ਜਗ ਮਾਹੀ ॥੪॥

ਉਹ ਜਗਤ ਵਿਚ (ਸਭ ਨਾਲੋਂ ਅਧਿਕ) ਰੂਪਵਾਨ ਪ੍ਰਗਟ ਹੋਇਆ ਸੀ ॥੪॥

ਜਬ ਰਾਨੀ ਵਹ ਕੁਅਰ ਨਿਹਾਰਿਯੋ ॥

ਜਦ ਰਾਣੀ ਨੇ ਉਸ ਕੁੰਵਰ ਨੂੰ ਵੇਖਿਆ

ਇਹੈ ਆਪਨੇ ਹ੍ਰਿਦੈ ਬਿਚਾਰਿਯੋ ॥

ਤਾਂ ਆਪਣੇ ਹਿਰਦੇ ਵਿਚ ਇਹ ਵਿਚਾਰ ਕੀਤਾ।


Flag Counter