ਸ਼੍ਰੀ ਦਸਮ ਗ੍ਰੰਥ

ਅੰਗ - 349


ਮਨਿ ਯੌ ਉਪਜੀ ਉਪਮਾ ਨਹਿ ਚੰਦ ਕੀ ਚਾਦਨੀ ਜੋਬਨ ਵਾਰਨ ਮੈ ॥੫੪੭॥

ਉਨ੍ਹਾਂ ਦੀ ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ (ਕਿ ਉਨ੍ਹਾਂ) ਜੋਬਨ ਵਾਲੀਆਂ (ਦੀ ਸ਼ੋਭਾ ਦੀ ਤੁਲਨਾ ਵਿਚ) ਚੰਦ੍ਰਮਾ ਦੀ ਚਾਂਦਨੀ ਵੀ ਨਹੀਂ ਹੈ ॥੫੪੭॥

ਚੰਦ੍ਰਭਗਾ ਬਾਚ ਰਾਧੇ ਪ੍ਰਤਿ ॥

ਚੰਦ੍ਰਭਗਾ ਨੇ ਰਾਧਾ ਨੂੰ ਕਿਹਾ:

ਸਵੈਯਾ ॥

ਸਵੈਯਾ:

ਬਤੀਯਾ ਫੁਨਿ ਚੰਦ੍ਰਭਗਾ ਮੁਖ ਤੇ ਇਹ ਭਾਤਿ ਕਹੀ ਬ੍ਰਿਖਭਾਨ ਸੁਤਾ ਸੋ ॥

ਫਿਰ ਚੰਦ੍ਰਭਗਾ ਨੇ (ਆਪਣੇ) ਮੁਖ ਤੋਂ ਰਾਧਾ ਨਾਲ ਇਸ ਤਰ੍ਹਾਂ ਗੱਲਾਂ ਕੀਤੀਆਂ। (ਹੇ ਰਾਧਾ!)

ਆਵਹੁ ਖੇਲ ਕਰੇ ਹਰਿ ਸੋ ਹਮ ਨਾਹਕ ਖੇਲ ਕਰੋ ਤੁਮ ਕਾ ਸੋ ॥

ਆਓ, ਅਸੀਂ (ਸਾਰੀਆਂ ਮਿਲ ਕੇ) ਕ੍ਰਿਸ਼ਨ ਨਾਲ ਖੇਡ ਖੇਡੀਏ, ਤੂੰ ਹੋਰ ਕਿਸ ਨਾਲ ਵਿਅਰਥ ਵਿਚ ਖੇਡ ਰਹੀ ਹੈਂ।

ਤਾ ਕੀ ਪ੍ਰਭਾ ਕਬਿ ਸ੍ਯਾਮ ਕਹੈ ਉਪਜੀ ਹੈ ਜੋਊ ਅਪਨੇ ਮਨੂਆ ਸੋ ॥

ਕਵੀ ਸ਼ਿਆਮ ਕਹਿੰਦੇ ਹਨ, ਉਸ ਦੀ ਜੋ ਸ਼ੋਭਾ (ਮੇਰੇ) ਆਪਣੇ ਮਨ ਵਿਚ ਪੈਦਾ ਹੋਈ ਹੈ।

ਗ੍ਵਾਰਿਨ ਜੋਤਿ ਤਰਈਯਨ ਕੀ ਛਪਗੀ ਦੁਤਿ ਰਾਧਿਕਾ ਚੰਦ੍ਰਕਲਾ ਸੋ ॥੫੪੮॥

ਰਾਧਾ ਰੂਪ ਚੰਦ੍ਰਮਾ ਦੀ ਚਾਂਦਨੀ ਦੇ ਸਾਹਮਣੇ ਗੋਪੀਆਂ ਰੂਪ ਤਾਰਿਆਂ ਦੀ ਚਮਕ ਛੁਪ ਗਈ ਹੈ ॥੫੪੮॥

ਰਾਧੇ ਬਾਚ ॥

ਰਾਧਾ ਨੇ ਕਿਹਾ:

ਸਵੈਯਾ ॥

ਸਵੈਯਾ:

ਸੁਨਿ ਚੰਦ੍ਰਭਗਾ ਕੀ ਸਭੈ ਬਤੀਯਾ ਬ੍ਰਿਖਭਾਨ ਸੁਤਾ ਤਬ ਐਸੇ ਕਹਿਯੋ ਹੈ ॥

ਚੰਦ੍ਰਭਗਾ ਦੀਆਂ ਸਾਰੀਆਂ ਗੱਲਾਂ ਸੁਣ ਕੇ ਤਦ ਰਾਧਾ ਨੇ ਇਸ ਤਰ੍ਹਾਂ ਕਿਹਾ, ਹੇ ਸਖੀ! ਸੁਣੋ,

ਯਾਹੀ ਕੇ ਹੇਤ ਸੁਨੋ ਸਜਨੀ ਹਮ ਲੋਕਨ ਕੋ ਉਪਹਾਸ ਸਹਿਯੋ ਹੈ ॥

ਇਸੇ (ਕ੍ਰਿਸ਼ਨ) ਦੇ ਪ੍ਰੇਮ ਕਰ ਕੇ ਅਸਾਂ ਲੋਕਾਂ ਦੇ ਮਖ਼ੌਲ ਸਹਾਰੇ ਹਨ।

ਸ੍ਰਉਨਨ ਮੈ ਸੁਨਿ ਰਾਸ ਕਥਾ ਤਬ ਹੀ ਮਨ ਮੈ ਹਮ ਧ੍ਯਾਨ ਗਹਿਯੋ ਹੈ ॥

(ਜਦੋਂ ਦੀ) ਰਾਸ ਦੀ ਕਥਾ ਕੰਨਾਂ ਨਾਲ ਸੁਣੀ ਹੈ, ਤਦੋਂ ਤੋਂ ਅਸੀਂ ਮਨ ਵਿਚ (ਇਸ ਦਾ) ਧਿਆਨ ਧਰਿਆ ਹੋਇਆ ਹੈ।

ਸ੍ਯਾਮ ਕਹੈ ਅਖੀਆ ਪਿਖ ਕੈ ਹਮਰੇ ਮਨ ਕੋ ਤਨ ਮੋਹਿ ਰਹਿਯੋ ਹੈ ॥੫੪੯॥

(ਕਵੀ) ਸ਼ਿਆਮ ਕਹਿੰਦੇ ਹਨ, ਸ਼ਿਆਮ ਨੂੰ ਅੱਖੀਆਂ ਨਾਲ ਵੇਖਦਿਆਂ ਹੀ ਸਾਡਾ ਮਨ ਅਤੇ ਤਨ ਮੋਹਿਆ ਗਿਆ ਹੈ ॥੫੪੯॥

ਤਬ ਚੰਦ੍ਰਭਗਾ ਇਹ ਭਾਤਿ ਕਹਿਯੋ ਸਜਨੀ ਹਮਰੀ ਬਤੀਆ ਸੁਨਿ ਲੀਜੈ ॥

ਚੰਦ੍ਰਭਗਾ ਨੇ ਇਸ ਤਰ੍ਹਾਂ ਕਿਹਾ, ਹੇ ਸਖੀ! ਮੇਰੀ ਗੱਲ (ਧਿਆਨ ਨਾਲ) ਸੁਣ ਲੈ।

ਦੇਖਹੁ ਸ੍ਯਾਮ ਬਿਰਾਜਤ ਹੈ ਜਿਹ ਕੇ ਮੁਖ ਕੇ ਪਿਖਏ ਫੁਨਿ ਜੀਜੈ ॥

ਵੇਖ, ਸ੍ਰੀ ਕ੍ਰਿਸ਼ਨ ਬਿਰਾਜਮਾਨ ਹਨ, ਜਿਸ ਦੇ ਮੁਖ ਨੂੰ ਵੇਖ ਕੇ ਫਿਰ ਜੀਵਨ ਮਿਲਦਾ ਹੈ।

ਜਾ ਕੇ ਕਰੇ ਮਿਤ ਹੋਇ ਖੁਸੀ ਸੁਨੀਐ ਉਠ ਕੈ ਸੋਊ ਕਾਜ ਕਰੀਜੈ ॥

(ਹੋਰ) ਸੁਣ, ਜਿਸ (ਕਾਰਜ) ਦੇ ਕਰਨ ਨਾਲ ਮਿਤਰ ਨੂੰ ਖ਼ੁਸ਼ੀ ਹੋਵੇ, ਉਹੀ ਕੰਮ ਉਠ ਕੇ (ਜਲਦੀ) ਕਰਨਾ ਚਾਹੀਦਾ ਹੈ।

ਤਾਹੀ ਤੇ ਰਾਧੇ ਕਹੋ ਤੁਮ ਸੋ ਅਬ ਚਾਰ ਭਈ ਤੁ ਬਿਚਾਰ ਨ ਕੀਜੈ ॥੫੫੦॥

ਹੇ ਰਾਧਾ! ਇਸ ਲਈ ਤਾਂ ਤੈਨੂੰ ਕਹਿੰਦੀ ਹਾਂ ਕਿ ਜੇ ਹੁਣ (ਅੱਖਾਂ) ਚਾਰ ਹੋ ਗਈਆਂ ਹਨ ਤਾਂ (ਫਿਰ) ਵਿਚਾਰ ਨਹੀਂ ਕਰਨਾ ਚਾਹੀਦਾ ॥੫੫੦॥

ਕਬਿਯੋ ਬਾਚ ॥

ਕਵੀ ਕਹਿੰਦੇ ਹਨ:

ਸਵੈਯਾ ॥

ਸਵੈਯਾ:

ਕਾਨ੍ਰਹ ਕੇ ਭੇਟਨ ਪਾਇ ਚਲੀ ਬਤੀਯਾ ਸੁਨਿ ਚੰਦ੍ਰਭਗਾ ਫੁਨਿ ਕੈਸੇ ॥

ਚੰਦ੍ਰਭਗਾ ਦੀਆਂ ਗੱਲਾਂ ਸੁਣ ਕੇ (ਰਾਧਾ) ਸ੍ਰੀ ਕ੍ਰਿਸ਼ਨ ਦੇ ਚਰਨ ਪਰਸਣ ਲਈ ਕਿਸ ਤਰ੍ਹਾਂ ਚਲੀ।

ਮਾਨਹੁ ਨਾਗ ਸੁਤਾ ਇਹ ਸੁੰਦਰਿ ਤਿਆਗਿ ਚਲੀ ਗ੍ਰਿਹਿ ਪਤ੍ਰ ਧਰੈ ਸੇ ॥

(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਇਹ ਸੁੰਦਰੀ ਨਾਗ-ਪੁੱਤਰੀ ਹੈ ਜੋ ਗਰੁੜ ('ਪਤ੍ਰ-ਧਰੈ') ਦੇ ਡਰ ਤੋਂ ਘਰ ਨੂੰ ਤਿਆਗ ਕੇ ਚਲੀ ਹੋਵੇ।

ਗ੍ਵਾਰਨਿ ਮੰਦਰਿ ਤੇ ਨਿਕਸੀ ਕਬਿ ਸ੍ਯਾਮ ਕਹੈ ਉਪਮਾ ਤਿਹ ਐਸੇ ॥

ਕਵੀ ਸ਼ਿਆਮ ਕਹਿੰਦੇ ਹਨ, ਘਰਾਂ ਤੋਂ ਨਿਕਲੀਆਂ ਗੋਪੀਆਂ ਦੀ ਉਪਮਾ ਇਸ ਤਰ੍ਹਾਂ ਕਹੀ ਜਾ ਸਕਦੀ ਹੈ,

ਮਾਨਹੁ ਸ੍ਯਾਮ ਘਨੈ ਤਜਿ ਕੈ ਪ੍ਰਗਟੀ ਹੈ ਸੋਊ ਬਿਜਲੀ ਦੁਤਿ ਜੈਸੇ ॥੫੫੧॥

ਮਾਨੋ ਕਾਲੇ ਬਦਲਾਂ ਨੂੰ ਤਿਆਗ ਕੇ ਬਿਜਲੀ ਦੀ ਚਮਕ ਪੈਦਾ ਹੋ ਗਈ ਹੋਵੇ ॥੫੫੧॥

ਰਾਸਹਿ ਕੀ ਰਚਨਾ ਭਗਵਾਨ ਕਹੈ ਕਬਿ ਸ੍ਯਾਮ ਬਚਿਤ੍ਰ ਕਰੀ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਰਾਸ-ਮੰਡਲ ਦੀ ਅਸਚਰਜ ਭਰੀ ਰਚਨਾ ਕੀਤੀ ਹੈ।

ਰਾਜਤ ਹੈ ਤਰਏ ਜਮੁਨਾ ਅਤਿ ਹੀ ਤਹ ਚਾਦਨੀ ਚੰਦ ਕਰੀ ਹੈ ॥

ਹੇਠਾਂ ਜਮਨਾ ਵਗਦੀ ਹੋਈ ਸ਼ੋਭਾ ਪਾ ਰਹੀ ਹੈ ਅਤੇ ਉਤੋਂ ਚੰਦ੍ਰਮਾ ਨੇ ਬਹੁਤ ਚਾਂਦਨੀ ਕੀਤੀ ਹੋਈ ਹੈ।

ਸੇਤ ਪਟੈ ਸੰਗ ਰਾਜਤ ਗ੍ਵਾਰਿਨ ਤਾ ਕੀ ਪ੍ਰਭਾ ਕਬਿ ਨੇ ਸੁ ਕਰੀ ਹੈ ॥

ਗੋਪੀਆਂ ਚਿੱਟੇ ਬਸਤ੍ਰਾਂ ਨਾਲ ਸ਼ੋਭਾ ਪਾ ਰਹੀਆਂ ਹਨ। ਉਨ੍ਹਾਂ ਦੀ ਪ੍ਰਭਾ ਦਾ ਵਰਣਨ ਕਵੀ ਨੇ ਇਸ ਤਰ੍ਹਾਂ ਕੀਤਾ ਹੈ,

ਮਾਨਹੁ ਰਾਸ ਬਗੀਚਨ ਮੈ ਇਹ ਫੂਲਨ ਕੀ ਫੁਲਵਾਰਿ ਜਰੀ ਹੈ ॥੫੫੨॥

ਮਾਨੋ ਰਾਸ-ਮੰਡਲ ਰੂਪ ਬਗ਼ੀਚੇ ਵਿਚ ਫੁਲਾਂ ਦੀ ਫੁਲਵਾੜੀ ਜੜੀ ਹੋਈ ਹੋਵੇ ॥੫੫੨॥

ਚੰਦ੍ਰਭਗਾ ਹੂੰ ਕੋ ਮਾਨਿ ਕਹਿਯੋ ਬ੍ਰਿਖਭਾਨ ਸੁਤਾ ਹਰਿ ਪਾਇਨ ਲਾਗੀ ॥

ਚੰਦ੍ਰਭਗਾ ਦਾ ਕਿਹਾ ਮੰਨ ਕੇ ਰਾਧਾ ਸ੍ਰੀ ਕ੍ਰਿਸ਼ਨ ਦੇ ਚਰਨੀ ਪੈ ਗਈ।

ਮੈਨ ਸੀ ਸੁੰਦਰ ਮੂਰਤਿ ਪੇਖਿ ਕੈ ਤਾਹੀ ਕੇ ਦੇਖਿਬੇ ਕੋ ਅਨੁਰਾਗੀ ॥

ਕਾਮਦੇਵ ਵਰਗੀ ਸੁੰਦਰ ਸ਼ਕਲ ਵੇਖ ਕੇ, ਉਸੇ ਨੂੰ ਵੇਖਣ ਦੇ ਪ੍ਰੇਮ ਵਿਚ ਮਗਨ ਹੋ ਗਈ।

ਸੋਵਤ ਥੀ ਜਨੁ ਲਾਜ ਕੀ ਨੀਦ ਮੈ ਲਾਜ ਕੀ ਨੀਦ ਤਜੀ ਅਬ ਜਾਗੀ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਲਾਜ ਦੀ ਨੀਂਦਰ ਵਿਚ ਸੁਤੀ ਹੋਈ ਹੁਣ ਲਾਜ ਦੀ ਨੀਂਦਰ ਨੂੰ ਛਡ ਕੇ ਜਾਗੀ ਹੋਵੇ।

ਜਾ ਕੋ ਮੁਨੀ ਨਹਿ ਅੰਤੁ ਲਹੈ ਇਹ ਤਾਹੀ ਸੋ ਖੇਲ ਕਰੈ ਬਡਭਾਗੀ ॥੫੫੩॥

ਜਿਸ ਦਾ ਮੁਨੀ ਜਨ ਵੀ ਅੰਤ ਨਹੀਂ ਪਾ ਸਕਦੇ, ਇਹ ਵਡਭਾਗਣ ਉਸ ਨਾਲ ਖੇਡ ਰਹੀ ਹੈ ॥੫੫੩॥

ਕਾਨ੍ਰਹ ਬਾਚ ਰਾਧਾ ਸੋ ॥

ਕ੍ਰਿਸ਼ਨ ਨੇ ਰਾਧਾ ਨੂੰ ਕਿਹਾ:

ਦੋਹਰਾ ॥

ਦੋਹਰਾ:

ਕ੍ਰਿਸਨ ਰਾਧਿਕਾ ਸੰਗ ਕਹਿਯੋ ਅਤਿ ਹੀ ਬਿਹਸਿ ਕੈ ਬਾਤ ॥

ਕ੍ਰਿਸ਼ਨ ਨੇ ਬਹੁਤ ਹਸ ਕੇ ਰਾਧਾ ਨੂੰ (ਇਹ) ਗੱਲ ਕਹੀ,

ਖੇਲਹੁ ਗਾਵਹੁ ਪ੍ਰੇਮ ਸੋ ਸੁਨਿ ਸਮ ਕੰਚਨ ਗਾਤ ॥੫੫੪॥

ਹੇ ਸੋਨੇ ਵਰਗੇ ਸ਼ਰੀਰ ਵਾਲੀਏ! ਸੁਣ, ਪ੍ਰੇਮ ਪੂਰਵਕ ਗਾਓ ਅਤੇ ਖੇਡੋ ॥੫੫੪॥

ਕ੍ਰਿਸਨ ਬਾਤ ਸੁਨਿ ਰਾਧਿਕਾ ਅਤਿ ਹੀ ਬਿਹਸਿ ਕੈ ਚੀਤ ॥

ਕ੍ਰਿਸ਼ਨ ਦੀ ਗੱਲ ਸੁਣ ਕੇ ਰਾਧਾ ਮਨ ਵਿਚ ਹਸ ਕੇ (ਬਹੁਤ ਪ੍ਰਸੰਨ ਹੋਈ)

ਰਾਸ ਬਿਖੈ ਗਾਵਨ ਲਗੀ ਗ੍ਵਾਰਿਨ ਸੋ ਮਿਲਿ ਗੀਤ ॥੫੫੫॥

ਅਤੇ ਗੋਪੀਆਂ ਨਾਲ ਮਿਲ ਕੇ ਰਾਸ ਵਿਚ ਗੀਤ ਗਾਉਣ ਲਗੀ ॥੫੫੫॥

ਸਵੈਯਾ ॥

ਸਵੈਯਾ:

ਚੰਦ੍ਰਭਗਾ ਅਰੁ ਚੰਦ੍ਰਮੁਖੀ ਮਿਲ ਕੈ ਬ੍ਰਿਖਭਾਨੁ ਸੁਤਾ ਸੰਗ ਗਾਵੈ ॥

ਚੰਦ੍ਰਭਗਾ ਅਤੇ ਚੰਦ੍ਰਮੁਖੀ (ਨਾਂ ਦੀਆਂ ਸਖੀਆਂ) ਰਾਧਾ ਨਾਲ ਮਿਲ ਕੇ ਗੀਤ ਗਾਉਣ ਲਗੀਆਂ।

ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ ਬਸਾਵੈ ॥

ਸੋਰਠ, ਸਾਰੰਗ, ਸ਼ੁੱਧ ਮਲ੍ਹਾਰ ਅਤੇ ਬਿਲਾਵਲ ਵਿਚ ਤਾਨ ਪੂਰਦੀਆਂ ਹਨ।

ਰੀਝ ਰਹੀ ਬ੍ਰਿਜ ਹੂੰ ਕੀ ਤ੍ਰੀਯਾ ਸੋਊ ਰੀਝ ਰਹੈ ਧੁਨਿ ਜੋ ਸੁਨਿ ਪਾਵੈ ॥

(ਇਹ ਗੀਤ ਸੁਣ ਕੇ) ਬ੍ਰਜ ਦੀਆਂ ਇਸਤਰੀਆਂ ਰੀਝ ਰਹੀਆਂ ਹਨ ਅਤੇ ਹੋਰ ਵੀ ਜੋ ਸੁਣਦਾ ਹੈ, ਉਹ ਵੀ ਪ੍ਰਸੰਨ ਹੋ ਰਿਹਾ ਹੈ।

ਸੋ ਸੁਨ ਕੈ ਇਨ ਪੈ ਹਿਤ ਕੈ ਬਨ ਤਿਆਗਿ ਮ੍ਰਿਗੀ ਮ੍ਰਿਗ ਅਉ ਚਲਿ ਆਵੈ ॥੫੫੬॥

ਉਸ (ਧੁਨ) ਨੂੰ ਪ੍ਰੇਮ ਪੂਰਵਕ ਸੁਣ ਕੇ ਬਨ ਦੇ ਹਿਰਨ, ਹਿਰਨੀਆਂ ਨੂੰ ਛਡ ਕੇ ਇਨ੍ਹਾਂ ਕੋਲ ਚਲੇ ਆ ਰਹੇ ਹਨ ॥੫੫੬॥

ਤਿਨ ਸੇਾਂਧੁਰ ਮਾਗ ਦਈ ਸਿਰ ਪੈ ਰਸ ਸੋ ਤਿਨ ਕੋ ਅਤਿ ਹੀ ਮਨੁ ਭੀਨੋ ॥

ਉਨ੍ਹਾਂ ਨੇ ਸਿਰ ਦੀ ਮਾਂਗ ਵਿਚ ਸੰਧੂਰ ਭਰਿਆ ਹੈ ਅਤੇ (ਪ੍ਰੇਮ) ਰਸ ਨਾਲ ਉਨ੍ਹਾਂ ਦਾ ਮਨ ਬਹੁਤ ਭਿਜ ਗਿਆ ਹੈ।

ਬੇਸਰ ਆਡ ਸੁ ਕੰਠਸਿਰੀ ਅਰੁ ਮੋਤਿਸਿਰੀ ਹੂੰ ਕੋ ਸਾਜ ਨਵੀਨੋ ॥

ਨੱਥ, ਬੁਲਾਕ, ਕੈਂਠਾ ਅਤੇ ਮੋਤੀਆਂ ਦਾ ਹਾਰ (ਅਦਿਕ ਗਹਿਣਿਆਂ ਨਾਲ) ਦਿਲਕਸ਼ ਸ਼ਿੰਗਾਰ ਕਰ ਲਿਆ ਹੈ।

ਭੂਖਨ ਅੰਗ ਸਭੈ ਸਜਿ ਸੁੰਦਰਿ ਆਖਨ ਭੀਤਰ ਕਾਜਰ ਦੀਨੋ ॥

ਸਾਰਿਆਂ ਅੰਗਾਂ ਉਤੇ ਸੁੰਦਰ ਗਹਿਣੇ ਸਜਾ ਕੇ ਅੱਖਾਂ ਵਿਚ ਸੁਰਮਾ ਪਾ ਲਿਆ ਹੈ।

ਤਾਹੀ ਸੁ ਤੇ ਕਬਿ ਸ੍ਯਾਮ ਕਹੈ ਭਗਵਾਨ ਕੋ ਚਿਤ ਚੁਰਾਇ ਕੈ ਲੀਨੋ ॥੫੫੭॥

ਕਵੀ ਸ਼ਿਆਮ ਕਹਿੰਦੇ ਹਨ, ਉਸੇ ਕਰ ਕੇ ਉਨ੍ਹਾਂ ਨੇ ਕ੍ਰਿਸ਼ਨ ਦਾ ਚਿਤ ਚੁਰਾ ਲਿਆ ਹੈ ॥੫੫੭॥

ਚੰਦ ਕੀ ਚਾਦਨੀ ਮੈ ਕਬਿ ਸ੍ਯਾਮ ਜਬੈ ਹਰਿ ਖੇਲਨਿ ਰਾਸ ਲਗਿਯੋ ਹੈ ॥

ਕਵੀ ਸ਼ਿਆਮ (ਕਹਿੰਦੇ ਹਨ) ਚੰਦ੍ਰਮਾ ਦੀ ਚਾਂਦਨੀ ਵਿਚ ਜਦੋਂ ਸ੍ਰੀ ਕ੍ਰਿਸ਼ਨ ਰਾਸ ਖੇਡਣ ਲਗ ਗਏ।

ਰਾਧੇ ਕੋ ਆਨਨ ਸੁੰਦਰ ਪੇਖਿ ਕੈ ਚਾਦ ਸੋ ਤਾਹੀ ਕੇ ਬੀਚ ਪਗਿਯੋ ਹੈ ॥

(ਤਾਂ) ਰਾਧਾ ਦੇ ਚੰਦ ਵਰਗੇ ਸੁੰਦਰ ਮੁਖੜੇ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਉਸੇ ਵਿਚ ਮਗਨ ਹੋ ਗਏ।


Flag Counter