ਸ਼੍ਰੀ ਦਸਮ ਗ੍ਰੰਥ

ਅੰਗ - 639


ਜਹ ਤਹ ਬਜੰਤ੍ਰ ਬਾਜੇ ਅਨੇਕ ॥

ਜਿਥੇ ਕਿਥੇ ਅਨੇਕ ਤਰ੍ਹਾਂ ਦੇ ਵਾਜੇ ਵਜ ਰਹੇ ਹਨ,

ਪ੍ਰਗਟਿਆ ਜਾਣੁ ਬਪੁ ਧਰਿ ਬਿਬੇਕ ॥

ਮਾਨੋ ਵਿਵੇਕ ਨੂੰ ਧਾਰਨ ਵਾਲਾ ਸ਼ਰੀਰ ਪ੍ਰਗਟ ਹੋਇਆ ਹੈ।

ਸੋਭਾ ਅਪਾਰ ਬਰਨੀ ਨ ਜਾਇ ॥

(ਉਸ ਦੀ) ਅਪਾਰ ਸ਼ੋਭਾ ਹੈ (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਉਪਜਿਆ ਆਨ ਸੰਨ੍ਯਾਸ ਰਾਇ ॥੪੮॥

(ਇਸ ਤਰ੍ਹਾਂ) ਆ ਕੇ ਸੰਨਿਆਸ ਰਾਜ ਪੈਦਾ ਹੋਇਆ ਹੈ ॥੪੮॥

ਜਨਮੰਤ ਲਾਗਿ ਉਠ ਜੋਗ ਕਰਮ ॥

ਜੰਮਦਿਆਂ ਹੀ ਯੋਗ ਕਰਮ ਵਿਚ ਲਗ ਗਿਆ ਹੈ।

ਹਤਿ ਕੀਓ ਪਾਪ ਪਰਚੁਰਿਓ ਧਰਮ ॥

ਪਾਪਾਂ ਨੂੰ ਨਸ਼ਟ ਕਰ ਕੇ ਧਰਮ ਦਾ ਪ੍ਰਚਾਰ ਕੀਤਾ ਹੈ।

ਰਾਜਾਧਿਰਾਜ ਬਡ ਲਾਗ ਚਰਨ ॥

ਵੱਡੇ ਵੱਡੇ ਰਾਜੇ ਮਹਾਰਾਜੇ ਚਰਨੀਂ ਆ ਲਗੇ ਹਨ

ਸੰਨਿਆਸ ਜੋਗ ਉਠਿ ਲਾਗ ਕਰਨ ॥੪੯॥

ਅਤੇ ਉਠ ਕੇ ਸੰਨਿਆਸ ਯੋਗ ਕਰਨ ਵਿਚ ਲੀਨ ਹੋ ਗਏ ਹਨ ॥੪੯॥

ਅਤਿਭੁਤਿ ਅਨੂਪ ਲਖਿ ਦਤ ਰਾਇ ॥

ਦੱਤ ਰਾਜ ਅਦਭੁਤ ਅਤੇ ਅਨੁਪਮ (ਰੂਪ ਵਾਲਾ) ਦਿਖਦਾ ਹੈ।

ਉਠਿ ਲਗੇ ਪਾਇ ਨ੍ਰਿਪ ਸਰਬ ਆਇ ॥

ਸਾਰੇ ਰਾਜੇ ਉਠ ਕੇ (ਉਸ ਦੀ) ਚਰਨੀਂ ਆ ਲਗੇ ਹਨ।

ਅਵਿਲੋਕਿ ਦਤ ਮਹਿਮਾ ਮਹਾਨ ॥

ਮਹਾਨ ਮਹਿਮਾ ਵਾਲੇ ਦੱਤ ਨੂੰ ਵੇਖਦੇ ਹਨ

ਦਸ ਚਾਰ ਚਾਰ ਬਿਦਿਆ ਨਿਧਾਨ ॥੫੦॥

ਜੋ ਅਠਾਰ੍ਹਾਂ ਵਿਦਿਆਵਾਂ ਦਾ ਗਿਆਤਾ ਹੈ ॥੫੦॥

ਸੋਭੰਤ ਸੀਸ ਜਤ ਕੀ ਜਟਾਨ ॥

(ਉਸ ਦੇ) ਸਿਰ ਉਤੇ ਜਤ ਦੀਆਂ ਜਟਾਵਾਂ ਸ਼ੋਭਦੀਆਂ ਹਨ

ਨਖ ਨੇਮ ਕੇ ਸੁ ਬਢਏ ਮਹਾਨ ॥

ਅਤੇ ਹੱਥ ਵਿਚ ਨਿਯਮ ਦੇ ਨੌਂਹ ਵਧਾਏ ਹੋਏ ਹਨ।

ਬਿਭ੍ਰਮ ਬਿਭੂਤ ਉਜਲ ਸੋ ਸੋਹ ॥

ਭਰਮਾਂ ਤੋਂ ਰਹਿਤ ਹੋਣ ਦੀ ਅਵਸਥਾ ਹੀ (ਉਸ ਦੇ ਸ਼ਰੀਰ ਉਤੇ) ਉਜਲੀ ਵਿਭੂਤੀ ਸ਼ੋਭ ਰਹੀ ਹੈ।

ਦਿਜ ਚਰਜ ਤੁਲਿ ਮ੍ਰਿਗ ਚਰਮ ਅਰੋਹ ॥੫੧॥

ਬ੍ਰਾਹਮਣ ਕਰਮ ਹੀ ਮ੍ਰਿਗਛਾਲਾ ਉਪਰ ਬੈਠਣਾ ਹੈ ॥੫੧॥

ਮੁਖ ਸਿਤ ਬਿਭੂਤ ਲੰਗੋਟ ਬੰਦ ॥

ਮੁਖ ਦੀ ਉਜਲੀ ਵਿਭੂਤੀ ਮਾਨੋ ਲੰਗੋਟ ਬੰਦ ਹੈ।

ਸੰਨ੍ਯਾਸ ਚਰਜ ਤਜਿ ਛੰਦ ਬੰਦ ॥

ਛਲ ਕਪਟ ਦਾ ਤਿਆਗ ਹੀ ਸੰਨਿਆਸ ਕਰਮ ਹੈ।

ਆਸੁਨਕ ਸੁੰਨਿ ਅਨਵ੍ਰਯਕਤ ਅੰਗ ॥

ਸੁੰਨ ਸਮਾਧੀ ਹੀ (ਉਸ ਦਾ) ਆਸਨ ਹੈ ਅਤੇ ਮੋਹ ਤੋਂ ਵਿਰਕਤੀ ਹੀ (ਯੋਗ ਦੇ) ਅੰਗ ਹਨ।

ਆਛਿਜ ਤੇਜ ਮਹਿਮਾ ਸੁਰੰਗ ॥੫੨॥

ਨਾ ਛਿਜਣ ਵਾਲਾ ਤੇਜ ਹੀ (ਉਸ ਦੀ) ਸੁੰਦਰ ਮਹਿਮਾ ਹੈ ॥੫੨॥

ਇਕ ਆਸ ਚਿਤ ਤਜਿ ਸਰਬ ਆਸ ॥

(ਉਸ ਨੇ) ਚਿਤ ਵਿਚ ਇਕੋ (ਸੰਨਿਆਸ ਯੋਗ ਦੀ) ਆਸ ਰਖ ਕੇ ਬਾਕੀ ਸਾਰੀਆਂ ਆਸਾਂ ਛਡ ਦਿੱਤੀਆਂ ਹਨ।

ਅਨਭੂਤ ਗਾਤ ਨਿਸ ਦਿਨ ਉਦਾਸ ॥

(ਉਸ ਦਾ) ਅਦਭੁਤ ਸ਼ਰੀਰ ਸਦਾ ਉਦਾਸ (ਨਿਰਲਿਪਤ) ਰਹਿੰਦਾ ਹੈ।

ਮੁਨਿ ਚਰਜ ਲੀਨ ਤਜਿ ਸਰਬ ਕਾਮ ॥

ਸਾਰੀਆਂ ਕਾਮਨਾਵਾਂ ਦਾ ਤਿਆਗ ਹੀ (ਉਸ ਦਾ) ਮੁਨੀ ਕਰਮ ਹੈ।

ਆਰਕਤਿ ਨੇਤ੍ਰ ਜਨੁ ਧਰਮ ਧਾਮ ॥੫੩॥

(ਉਸ ਦੇ) ਲਾਲੀ ਰਹਿਤ (ਆਰਕਤ) ਨੈਣ ਮਾਨੋ ਧਰਮ ਦਾ ਘਰ ਹਨ ॥੫੩॥

ਅਬਿਕਾਰ ਚਿਤ ਅਣਡੋਲ ਅੰਗ ॥

(ਉਸ ਦਾ) ਵਿਕਾਰਾਂ ਤੋਂ ਰਹਿਤ ਚਿਤ ਹੀ ਮਾਨੋ ਸ਼ਰੀਰ ਦੇ ਅੰਗਾਂ ਨੂੰ ਅਡੋਲ ਰਖਣਾ ਹੈ।

ਜੁਤ ਧਿਆਨ ਨੇਤ੍ਰ ਮਹਿਮਾ ਅਭੰਗ ॥

ਨਾ ਨਸ਼ਟ ਹੋਣ ਵਾਲੀ ਮਹਿਮਾ ਵਾਲੇ ਧਿਆਨ ਯੁਕਤ ਨੇਤਰ ਹਨ।

ਧਰਿ ਏਕ ਆਸ ਅਉਦਾਸ ਚਿਤ ॥

ਇਕ ਆਸ ਧਰ ਕੇ ਚਿਤ ਨੂੰ ਉਦਾਸ (ਨਿਰਲਿਪਤ) ਰਖਿਆ ਹੋਇਆ ਹੈ।

ਸੰਨਿਯਾਸ ਦੇਵ ਪਰਮੰ ਪਵਿਤ ॥੫੪॥

(ਉਹ) ਪਰਮ ਪਵਿਤ੍ਰ ਸੰਨਿਆਸ ਦੇਵ ਹੈ ॥੫੪॥

ਅਵਧੂਤ ਗਾਤ ਮਹਿਮਾ ਅਪਾਰ ॥

(ਉਸ ਦਾ) ਸ਼ਰੀਰ ਪਾਪ ਰਹਿਤ ਹੈ ਅਤੇ ਅਪਾਰ ਮਹਿਮਾ ਵਾਲਾ ਹੈ।

ਸ੍ਰੁਤਿ ਗਿਆਨ ਸਿੰਧੁ ਬਿਦਿਆ ਉਦਾਰ ॥

ਵੇਦ-ਗਿਆਨ ਅਤੇ ਵਿਦਿਆਵਾਂ ਦਾ ਉਦਾਰ ਸਮੁੰਦਰ ਹੈ।

ਮੁਨਿ ਮਨਿ ਪ੍ਰਬੀਨ ਗੁਨਿ ਗਨ ਮਹਾਨ ॥

(ਉਹ) ਮੁਨੀ ਪ੍ਰਬੀਨ ਮਨ ਵਾਲਾ ਹੈ ਅਤੇ ਮਹਾਨ ਗੁਣਾਂ ਵਾਲਾ ਹੈ।

ਜਨੁ ਭਯੋ ਪਰਮ ਗਿਆਨੀ ਮਹਾਨ ॥੫੫॥

ਮਾਨੋ ਬੜਾ ਵੱਡਾ ਗਿਆਨੀ ਪੈਦਾ ਹੋਇਆ ਹੈ ॥੫੫॥

ਕਬਹੂੰ ਨ ਪਾਪ ਜਿਹ ਛੁਹਾ ਅੰਗ ॥

ਜਿਸ ਦੇ ਸ਼ਰੀਰ ਨੂੰ ਕਦੇ ਪਾਪ ਨੇ ਛੋਹਿਆ ਨਹੀਂ ਹੈ।

ਗੁਨਿ ਗਨ ਸੰਪੰਨ ਸੁੰਦਰ ਸੁਰੰਗ ॥

(ਉਹ) ਸਾਰਿਆਂ ਗੁਣਾਂ ਨਾਲ ਸੰਪੰਨ ਹੈ ਅਤੇ ਸੁੰਦਰ ਸ਼ਰੀਰ ਵਾਲਾ ਹੈ।

ਲੰਗੋਟਬੰਦ ਅਵਧੂਤ ਗਾਤ ॥

(ਉਹ) ਲੰਗੋਟ ਧਾਰੀ ਪਵਿਤ੍ਰ ਸ਼ਰੀਰ ਵਾਲਾ ਹੈ।

ਚਕਿ ਰਹੀ ਚਿਤ ਅਵਲੋਕਿ ਮਾਤ ॥੫੬॥

ਮਾਤਾ (ਉਸ ਨੂੰ) ਵੇਖ ਕੇ ਚਕ੍ਰਿਤ ਹੋ ਰਹੀ ਹੈ ॥੫੬॥

ਸੰਨਿਯਾਸ ਦੇਵ ਅਨਭੂਤ ਅੰਗ ॥

ਸੰਨਿਆਸ ਦੇਵ ਦਾ ਅਦਭੁਤ ਸ਼ਰੀਰ ਹੈ

ਲਾਜੰਤ ਦੇਖਿ ਜਿਹ ਦੁਤਿ ਅਨੰਗ ॥

ਜਿਸ ਦੀ ਚਮਕ ਨੂੰ ਵੇਖ ਕੇ ਕਾਮਦੇਵ ਵੀ ਲਜਿਤ ਹੁੰਦਾ ਹੈ।

ਮੁਨਿ ਦਤ ਦੇਵ ਸੰਨ੍ਯਾਸ ਰਾਜ ॥

ਮੁਨੀ ਦੱਤ ਦੇਵ ਸੰਨਿਆਸ ਦਾ ਰਾਜਾ ਹੈ

ਜਿਹ ਸਧੇ ਸਰਬ ਸੰਨ੍ਯਾਸ ਸਾਜ ॥੫੭॥

ਜਿਸ ਨੇ ਸੰਨਿਆਸ ਦੇ ਸਾਰੇ ਸਾਜ ਸਾਧੇ ਹੋਏ ਹਨ ॥੫੭॥

ਪਰਮੰ ਪਵਿਤ੍ਰ ਜਾ ਕੇ ਸਰੀਰ ॥

ਜਿਸ ਦਾ ਸ਼ਰੀਰ ਪਰਮ ਪਵਿਤ੍ਰ ਹੈ,

ਕਬਹੂੰ ਨ ਕਾਮ ਕਿਨੋ ਅਧੀਰ ॥

ਉਸ ਨੂੰ ਕਾਮਨਾਵਾਂ ਨੇ ਕਦੇ ਆਧਾਰ ਨਹੀਂ ਬਣਾਇਆ।

ਜਟ ਜੋਗ ਜਾਸੁ ਸੋਭੰਤ ਸੀਸ ॥

ਜਿਸ ਦੇ ਸਿਰ ਉਤੇ ਯੋਗ ਦੀਆਂ ਜਟਾਵਾਂ ਸ਼ੋਭਦੀਆਂ ਹਨ।

ਅਸ ਧਰਾ ਰੂਪ ਸੰਨਿਯਾਸ ਈਸ ॥੫੮॥

ਇਸ ਤਰ੍ਹਾਂ ਦਾ ਰੂਪ ਸੰਨਿਆਸ ਦੇ ਰਾਜੇ ਨੇ ਧਾਰਨ ਕੀਤਾ ਹੋਇਆ ਹੈ ॥੫੮॥

ਆਭਾ ਅਪਾਰ ਕਥਿ ਸਕੈ ਕਉਨ ॥

(ਉਸ ਦੀ) ਆਭਾ ਅਪਾਰ ਹੈ, (ਉਸ ਆਭਾ ਦਾ) ਕੌਣ ਕਥਨ ਕਰ ਸਕਦਾ ਹੈ,

ਸੁਨਿ ਰਹੈ ਜਛ ਗੰਧ੍ਰਬ ਮਉਨ ॥

(ਜਿਸ ਨੂੰ) ਸੁਣ ਕੇ ਯਕਸ਼ ਅਤੇ ਗੰਧ੍ਰਬ ਮੌਨ ਹੋ ਰਹੇ ਹਨ।

ਚਕਿ ਰਹਿਓ ਬ੍ਰਹਮ ਆਭਾ ਬਿਚਾਰਿ ॥

(ਉਸ ਦੀ) ਆਭਾ ਨੂੰ ਵਿਚਾਰ ਕੇ ਬ੍ਰਹਮਾ ਹੈਰਾਨ ਹੋ ਰਿਹਾ ਹੈ।

ਲਾਜਯੋ ਅਨੰਗ ਆਭਾ ਨਿਹਾਰਿ ॥੫੯॥

ਆਭਾ ਨੂੰ ਵੇਖ ਕੇ ਕਾਮਦੇਵ ਸ਼ਰਮਸਾਰ ਹੋ ਰਿਹਾ ਹੈ ॥੫੯॥


Flag Counter