ਸ਼੍ਰੀ ਦਸਮ ਗ੍ਰੰਥ

ਅੰਗ - 857


ਸੁਨਿ ਬਾਲਾ ਮੈ ਬੈਨ ਤਿਹਾਰੋ ॥

ਹੇ ਇਸਤਰੀ! ਮੈਂ ਤੇਰੇ ਬੋਲ ਸੁਣੇ ਹਨ।

ਅਬ ਪੌਰਖ ਤੈ ਦੇਖੁ ਹਮਾਰੋ ॥

ਹੁਣ ਤੂੰ ਸਾਡੀ ਸ਼ਕਤੀ ਨੂੰ ਵੇਖ।

ਅਧਿਕ ਬੀਰਜ ਜਾ ਮੈ ਜਿਯ ਧਰਿ ਹੈ ॥

ਜਿਸ ਦੇ ਜੀਅ (ਭਾਵ ਸ਼ਰੀਰ) ਵਿਚ ਜ਼ਿਆਦਾ ਬਲ ਹੋਵੇ,

ਤਾਹੀ ਕਹ ਅਪਨੋ ਪਤਿ ਕਰਿ ਹੈ ॥੧੧॥

ਉਸੇ ਨੂੰ ਆਪਣਾ ਪਤੀ ਮੰਨ ਲੈ ॥੧੧॥

ਠਗ ਬਚ ਭਾਖਿ ਨਗਰ ਮਹਿ ਗਯੋ ॥

ਠਗ ਬਚਨ ਬੋਲ ਕੇ ਨਗਰ ਵਿਚ ਚਲਾ ਗਿਆ

ਇਸਥਿਤ ਏਕ ਹਾਟ ਪਰ ਭਯੋ ॥

ਅਤੇ ਇਕ ਦੁਕਾਨ ਵਿਚ ਜਾ ਕੇ ਬੈਠ ਗਿਆ।

ਮੁਹਰੈ ਸਕਲ ਦ੍ਰਿਸਟਿ ਤਹ ਧਰੀ ॥

ਉਸ ਨੇ (ਦੁਕਾਨ ਵਿਚਲੀਆਂ) ਸਾਰੀਆਂ ਮੋਹਰਾਂ ਨੂੰ ਵੇਖਿਆ

ਸਾਹੁ ਭਏ ਇਹ ਭਾਤਿ ਉਚਰੀ ॥੧੨॥

ਅਤੇ ਸ਼ਾਹੂਕਾਰ ਨੂੰ ਇਸ ਤਰ੍ਹਾਂ ਕਹਿਣ ਲਗਾ ॥੧੨॥

ਦੋਹਰਾ ॥

ਦੋਹਰਾ:

ਐਸ ਭਾਤਿ ਉਚਰਤ ਭਯਾ ਹ੍ਵੈ ਢੀਲੋ ਸਰਬੰਗ ॥

ਹਰ ਪ੍ਰਕਾਰ ਦੀ ਸ਼ਾਲੀਨਤਾ ਸਹਿਤ ਇਸ ਤਰ੍ਹਾਂ ਕਹਿਣ ਲਗਾ

ਮੁਹਰਨ ਕੋ ਸੌਦਾ ਕਰੌ ਸਾਹੁ ਤਿਹਾਰੇ ਸੰਗ ॥੧੩॥

ਕਿ ਹੇ ਸ਼ਾਹੂਕਾਰ! ਮੈਂ ਤੁਹਾਡੇ ਨਾਲ ਮੋਹਰਾਂ ਦਾ ਸੌਦਾ ਕਰਨਾ ਚਾਹੁੰਦਾ ਹਾਂ ॥੧੩॥

ਮਦਨ ਰਾਇ ਠਗ ਇਮ ਕਹੀ ਮਨ ਮੈ ਮੰਤ੍ਰ ਬਿਚਾਰਿ ॥

ਮਦਨ ਰਾਇ ਠਗ ਨੇ ਮਨ ਵਿਚ ਵਿਚਾਰ ਕੇ ਇਸ ਤਰ੍ਹਾਂ ਕਿਹਾ

ਲੈ ਮੁਹਰੈ ਰੁਪਯਾ ਦੇਵੌ ਤੁਮ ਕਹ ਸਾਹ ਸੁਧਾਰਿ ॥੧੪॥

ਕਿ ਹੇ ਸ਼ਾਹੂਕਾਰ! (ਮੈਂ) ਤੁਹਾਨੂੰ ਮੋਹਰਾਂ ਲੈ ਕੇ ਰੁਪਏ ਦਿੰਦਾ ਹਾਂ ॥੧੪॥

ਚੌਪਈ ॥

ਚੌਪਈ:

ਯੌ ਜਬ ਸਾਹ ਬੈਨਿ ਸੁਨ ਪਾਯੋ ॥

ਜਦ ਸ਼ਾਹੂਕਾਰ ਨੇ ਇਸ ਤਰ੍ਹਾਂ ਗੱਲ ਸੁਣੀ

ਕਾਢਿ ਅਸਰਫੀ ਧਨੀ ਕਹਾਯੋ ॥

ਤਾਂ ਅਸ਼ਰਫੀਆਂ ਕਢ ਕੇ ਆਪਣੇ ਧਨੀ ਹੋਣ ਨੂੰ ਜਣਾਇਆ।

ਠਗ ਕੀ ਦ੍ਰਿਸਟਿ ਜਬੈ ਤੇ ਪਰੀ ॥

ਜਦੋਂ ਠਗ ਦੀ ਦ੍ਰਿਸ਼ਟੀ ਉਨ੍ਹਾਂ ਉਤੇ ਪਈ।

ਸਭ ਸਨ ਕੀ ਮਨ ਭੀਤਰਿ ਧਰੀ ॥੧੫॥

ਤਾਂ ਸਾਰੀਆਂ ਦੇ ਸੰਨ ਮਨ ਵਿਚ ਰਖ ਲਏ ॥੧੫॥

ਮੁਹਿਰੈ ਡਾਰਿ ਗੁਥਰਿਯਹਿ ਲਈ ॥

ਮੋਹਰਾਂ ਨੂੰ ਗੁੱਥੀ ਵਿਚ ਪਾ ਲਿਆ

ਅਧਿਕ ਮਾਰਿ ਬਨਿਯਾ ਕਹ ਦਈ ॥

ਅਤੇ ਬਨੀਏ ਦੀ ਬਹੁਤ ਮਾਰ ਕੁਟਾਈ ਕੀਤੀ।

ਊਚੇ ਸੋਰ ਕਰਾ ਪੁਰ ਮਾਹੀ ॥

(ਠਗ ਨੇ) ਨਗਰ ਵਿਚ ਬਹੁਤ ਰੌਲਾ ਪਾਇਆ

ਮੈ ਮੁਹਰਨ ਕਹ ਬੇਚਤ ਨਾਹੀ ॥੧੬॥

ਕਿ ਮੈਂ ਮੋਹਰਾਂ ਨਹੀਂ ਵੇਚਣੀਆਂ ਹਨ ॥੧੬॥

ਸੋਰ ਸੁਨਤ ਪੁਰ ਜਨ ਸਭ ਧਾਏ ॥

ਸ਼ੋਰ ਸੁਣ ਕੇ ਸਾਰੇ ਨਗਰ ਵਾਸੀ

ਵਾ ਬਨਿਯਾ ਠਗ ਕੇ ਢਿਗ ਆਏ ॥

ਉਸ ਬਨੀਏ ਅਤੇ ਠਗ ਕੋਲ ਆ ਗਏ।

ਮੁਸਟ ਜੁਧ ਨਿਰਖਤ ਅਨੁਰਾਗੇ ॥

ਮੁਕਿਆਂ ਦਾ ਯੁੱਧ ਵੇਖ ਕੇ

ਤਿਹ ਦੁਹੂੰਅਨ ਕਹ ਪੂਛਨ ਲਾਗੇ ॥੧੭॥

ਪ੍ਰੇਮ ਪੂਰਵਕ ਦੋਹਾਂ ਨੂੰ ਪੁਛਣ ਲਗੇ ॥੧੭॥

ਤੁਮ ਕ੍ਯੋ ਜੁਧ ਕਰਤ ਹੋ ਭਾਈ ॥

ਹੇ ਭਰਾਵੋ! ਤੁਸੀਂ ਕਿਉਂ ਲੜ ਰਹੇ ਹੋ।

ਹਮੈ ਕਹਹੁ ਸਭ ਬ੍ਰਿਥਾ ਸੁਨਾਈ ॥

(ਤੁਸੀਂ) ਸਾਨੂੰ ਆਪਣੀ ਸਾਰੀ ਗੱਲ ਦਸੋ।

ਦੁਹੂੰਅਨ ਕਹ ਅਬ ਹੀ ਗਹਿ ਲੈਹੈ ॥

(ਤੁਹਾਨੂੰ) ਦੋਹਾਂ ਨੂੰ ਫੜ ਕੇ

ਲੈ ਕਾਜੀ ਪੈ ਨ੍ਯਾਇ ਚੁਕੈਹੈ ॥੧੮॥

ਹੁਣ ਕਾਜ਼ੀ ਪਾਸ ਲੈ ਜਾ ਕੇ ਇਨਸਾਫ਼ ਕਰਾਉਂਦੇ ਹਾਂ ॥੧੮॥

ਸੁਨਤ ਬਚਨ ਉਦਿਤ ਠਗ ਭਯੋ ॥

ਗੱਲ ਸੁਣਦਿਆਂ ਹੀ ਠਗ ਤਿਆਰ ਹੋ ਗਿਆ

ਤਾ ਕਹ ਲੈ ਕਾਜੀ ਪਹ ਗਯੋ ॥

ਅਤੇ ਉਸ (ਬਨੀਏ) ਨੂੰ ਲੈ ਕੇ ਕਾਜ਼ੀ ਪਾਸ ਗਿਆ।

ਅਧਿਕ ਦੁਖਿਤ ਹ੍ਵੈ ਦੀਨ ਪੁਕਾਰੋ ॥

ਅਤਿ ਅਧਿਕ ਦੁਖੀ ਅਤੇ ਨਿਮਰਤਾਵਾਨ ਹੋ ਕੇ ਕਹਿਣ ਲਗਾ।

ਕਰਿ ਕਾਜੀ ਤੈ ਨ੍ਯਾਇ ਹਮਾਰੋ ॥੧੯॥

ਹੇ ਕਾਜ਼ੀ! ਤੁਸੀਂ ਸਾਡਾ ਇਨਸਾਫ਼ ਕਰੋ ॥੧੯॥

ਦੋਹਰਾ ॥

ਦੋਹਰਾ:

ਤਬ ਲਗਿ ਬਨਿਯਾ ਹ੍ਵੈ ਦੁਖੀ ਇਮਿ ਕਾਜੀ ਸੋ ਬੈਨ ॥

ਉਦੋਂ ਤਕ ਬਨੀਆ ਵੀ ਦੁਖੀ ਹੋ ਕੇ ਕਾਜ਼ੀ ਨੂੰ ਇਸ ਤਰ੍ਹਾਂ ਕਹਿਣ ਲਗਾ

ਹਮਰੌ ਕਰੌ ਨਿਯਾਇ ਤੁਮ ਕਹਿਯੋ ਸ੍ਰਵਤ ਜਲ ਨੈਨ ॥੨੦॥

ਅਤੇ ਅੱਖਾਂ ਵਿਚੋਂ ਹੰਝੂ ਕੇਰਦਾ ਹੋਇਆ ਬੋਲਿਆ ਕਿ ਤੁਸੀਂ ਸਾਡਾ ਨਿਆਂ ਕਰ ਦਿਓ ॥੨੦॥

ਚੌਪਈ ॥

ਚੌਪਈ:

ਸੁਨੁ ਕਾਜੀ ਜੂ ਬਚਨ ਹਮਾਰੇ ॥

ਹੇ ਕਾਜੀ ਜੀ! ਸਾਡੀ ਗੱਲ ਸੁਣੋ।

ਕਲਾਮੁਲਾ ਕੀ ਆਨਿ ਤਿਹਾਰੇ ॥

ਤੁਹਾਨੂੰ 'ਕਲਾਮੁਲਾ' (ਖ਼ੁਦਾ ਦੇ ਕਲਾਮ, ਭਾਵ ਕੁਰਾਨ) ਦੀ ਕਸਮ।

ਖੁਦਾਇ ਸੁਨੌਗੇ ਦਾਦ ਹਮਾਰੋ ॥

ਖ਼ੁਦਾ ਸਾਡੀ ਫ਼ਰਿਆਦ ਸੁਣੇਗਾ।

ਹ੍ਵੈਹੌ ਦਾਵਨਗੀਰ ਤੁਹਾਰੋ ॥੨੧॥

ਅਸੀਂ ਤੁਹਾਡਾ ਲੜ ਫੜਿਆ ਹੈ ॥੨੧॥

ਦੋਹਰਾ ॥

ਦੋਹਰਾ:

ਅਧਿਕ ਦੀਨ ਹ੍ਵੈ ਠਗ ਕਹਿਯੋ ਸੁਨੁ ਕਾਜਿਨ ਕੇ ਰਾਇ ॥

ਬਹੁਤ ਨਿਮਾਣਾ ਹੋ ਕੇ ਠਗ ਨੇ ਕਿਹਾ, ਹੇ ਕਾਜ਼ੀਆਂ ਦੇ ਸ਼ਿਰੋਮਣੀ!

ਹਮ ਪੁਕਾਰ ਤੁਮ ਪੈ ਕਰੀ ਹਮਰੋ ਕਰੋ ਨ੍ਯਾਇ ॥੨੨॥

ਅਸੀਂ ਤੁਹਾਡੇ ਕੋਲ ਪੁਕਾਰ ਕੀਤੀ ਹੈ, ਸਾਡਾ ਨਿਆਂ ਕਰੋ ॥੨੨॥

ਚੌਪਈ ॥

ਚੌਪਈ:

ਤਬ ਕਾਜੀ ਜਿਯ ਨ੍ਯਾਇ ਬਿਚਾਰਿਯੋ ॥

ਤਦ ਕਾਜ਼ੀ ਨੇ ਮਨ ਵਿਚ ਨਿਆਂ (ਕਰਨ ਬਾਰੇ) ਸੋਚਿਆ

ਪ੍ਰਗਟ ਸਭਾ ਮੈ ਦੁਹੂੰ ਉਚਾਰਿਯੋ ॥

(ਅਤੇ ਫਿਰ) ਸਭਾ ਵਿਚ ਦੋਹਾਂ ਨੂੰ ਸਾਫ਼ ਕਿਹਾ


Flag Counter