ਸ਼੍ਰੀ ਦਸਮ ਗ੍ਰੰਥ

ਅੰਗ - 903


ਹਾਥ ਉਚਾਇ ਹਨੀ ਛਤਿਯਾ ਮੁਸਕਾਇ ਲਜਾਇ ਸਖੀ ਚਹੂੰ ਘਾਤੈ ॥

ਹੱਥਾਂ ਨੂੰ ਉੱਚਾ ਕਰ ਕੇ ਛਾਤੀ ਉਤੇ ਹਸਦੇ ਹੋਏ ਮਾਰਿਆ ਅਤੇ ਰਾਧਾ ਚੌਹਾਂ ਪਾਸੇ ਵੇਖ ਕੇ ਲਜਾ ਗਈ।

ਨੈਨਨ ਸੌ ਕਹਿਯੋ ਏ ਜਦੁਨਾਥ ਸੁ ਭੌਹਨ ਸੌ ਕਹਿਯੋ ਜਾਹੁ ਇਹਾ ਤੈ ॥੬॥

(ਰਾਧਾ ਨੇ) ਨੈਣਾਂ ਦੇ ਇਸ਼ਾਰੇ ਨਾਲ ਕਿਹਾ, ਹੇ ਕ੍ਰਿਸ਼ਨ! ਅਤੇ ਕ੍ਰਿਸ਼ਨ ਨੇ ਭੌਆਂ ਦੇ ਇਸ਼ਾਰੇ ਨਾਲ ਕਹਿ ਦਿੱਤਾ ਕਿ ਇਥੋਂ ਚਲੀ ਜਾ ॥੬॥

ਦੋਹਰਾ ॥

ਦੋਹਰਾ:

ਨੈਨਨ ਸੋ ਹਰਿ ਰਾਇ ਕਹਿ ਭੌਹਨ ਉਤਰ ਦੀਨ ॥

ਨੈਣਾਂ ਦੇ ਇਸ਼ਾਰੇ ਨਾਲ ਹੀ ਕ੍ਰਿਸ਼ਨ ਨੂੰ ਕਿਹਾ ਅਤੇ ਭੌਆਂ ਦੇ ਸੰਕੇਤ ਨਾਲ (ਉਸ ਨੇ) ਉੱਤਰ ਦੇ ਦਿੱਤਾ।

ਭੇਦ ਨ ਪਾਯੋ ਕੌਨਹੂੰ ਕ੍ਰਿਸਨ ਬਿਦਾ ਕਰ ਦੀਨ ॥੭॥

ਬਿਨਾ ਕਿਸੇ ਦੁਆਰਾ ਭੇਦ ਨੂੰ ਸਮਝਣ ਦੇ ਕ੍ਰਿਸ਼ਨ ਨੇ ਉਸ ਨੂੰ ਵਿਦਾ ਕਰ ਦਿੱਤਾ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੦॥੧੩੪੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੦॥੧੩੪੪॥ ਚਲਦਾ॥

ਦੋਹਰਾ ॥

ਦੋਹਰਾ:

ਨਗਰ ਸਿਰੋਮਨਿ ਕੋ ਹੁਤੋ ਸਿੰਘ ਸਿਰੋਮਨਿ ਭੂਪ ॥

ਸਿਰੋਮਨੀ ਨਗਰ ਦਾ ਸਿਰੋਮਨੀ ਸਿੰਘ ਨਾਂ ਦਾ ਰਾਜਾ ਹੁੰਦਾ ਸੀ।

ਅਮਿਤ ਦਰਬੁ ਘਰ ਮੈ ਧਰੇ ਸੁੰਦਰ ਕਾਮ ਸਰੂਪ ॥੧॥

ਉਸ ਦੇ ਘਰ ਬੇਹਿਸਾਬ ਧਨ ਸੀ ਅਤੇ ਉਹ ਕਾਮ ਦੇਵ ਵਰਗਾ ਸੁੰਦਰ ਸੀ ॥੧॥

ਚੌਪਈ ॥

ਚੌਪਈ:

ਦ੍ਰਿਗ ਧੰਨ੍ਰਯਾ ਤਾ ਕੀ ਬਰ ਨਾਰੀ ॥

ਉਸ ਦੀ ਦ੍ਰਿਗ ਧੰਨ੍ਯਾ ਨਾਂ ਦੀ ਸ੍ਰੇਸ਼ਠ ਇਸਤਰੀ ਸੀ।

ਨ੍ਰਿਪ ਕੋ ਰਹੈ ਲਾਜ ਤੇ ਪ੍ਯਾਰੀ ॥

(ਉਹ) ਲਜੀਲੀ ਰਾਜੇ ਨੂੰ ਬਹੁਤ ਪਿਆਰੀ ਸੀ।

ਏਕ ਦਿਵਸ ਰਾਜ ਘਰ ਆਯੋ ॥

ਇਕ ਦਿਨ ਰਾਜਾ ਘਰ ਆਇਆ

ਰੰਗ ਨਾਥ ਜੋਗਿਯਹਿ ਬੁਲਾਯੋ ॥੨॥

ਅਤੇ ਰੰਗ ਨਾਥ ਜੋਗੀ ਨੂੰ ਬੁਲਾਇਆ ॥੨॥

ਦੋਹਰਾ ॥

ਦੋਹਰਾ:

ਬ੍ਰਹਮ ਬਾਦ ਤਾ ਸੌ ਕਿਯੋ ਰਾਜੈ ਨਿਕਟਿ ਬੁਲਾਇ ॥

ਰਾਜੇ ਨੇ ਉਸ ਨੂੰ ਕੋਲ ਬੁਲਾ ਕੇ ਬ੍ਰਹਮ-ਵਾਦ (ਅਧਿਆਤਮਿਕ ਚਰਚਾ) ਕੀਤਾ।

ਜੁ ਕਛੁ ਕਥਾ ਤਿਨ ਸੌ ਭਈ ਸੋ ਮੈ ਕਹਤ ਬਨਾਇ ॥੩॥

ਉਨ੍ਹਾਂ ਦੀ ਜੋ ਗੱਲ ਹੋਈ, ਉਹ ਮੈਂ ਕਹਿ ਕੇ ਸੁਣਾਂਦਾ ਹਾਂ ॥੩॥

ਏਕ ਨਾਥ ਸਭ ਜਗਤ ਮੈ ਬ੍ਯਾਪਿ ਰਹਿਯੋ ਸਭ ਦੇਸ ॥

ਇਕ ਪਰਮਾਤਮਾ ਹੀ ਸਾਰੇ ਜਗਤ ਦੇ ਸਾਰਿਆਂ ਦੇਸਾਂ ਵਿਚ ਵਿਆਪ ਰਿਹਾ ਹੈ।

ਸਭ ਜੋਨਿਨ ਮੈ ਰਵਿ ਰਹਿਯੋ ਊਚ ਨੀਚ ਕੇ ਭੇਸ ॥੪॥

(ਉਹੀ) ਸਾਰੀਆਂ ਜੂਨਾਂ ਵਿਚ ਉੱਚੇ ਨੀਵੇਂ ਭੇਸ ਵਿਚ ਵਸ ਰਿਹਾ ਹੈ ॥੪॥

ਚੌਪਈ ॥

ਚੌਪਈ:

ਸਰਬ ਬ੍ਯਾਪੀ ਸ੍ਰੀਪਤਿ ਜਾਨਹੁ ॥

ਪਰਮਾਤਮਾ ਨੂੰ ਸਰਬ ਵਿਆਪਕ ਸਮਝੋ,

ਸਭ ਹੀ ਕੋ ਪੋਖਕ ਕਰਿ ਮਾਨਹੁ ॥

ਸਾਰਿਆਂ ਦਾ ਪੋਸ਼ਕ ਕਰ ਕੇ ਮੰਨੋ।

ਸਰਬ ਦਯਾਲ ਮੇਘ ਜਿਮਿ ਢਰਈ ॥

(ਉਹੀ) ਸਾਰਿਆਂ ਉਤੇ ਬਦਲ ਵਾਂਗ ਦਇਆ (ਦੀ ਬਰਖਾ) ਕਰਦਾ ਹੈ

ਸਭ ਕਾਹੂ ਕਰ ਕਿਰਪਾ ਕਰਈ ॥੫॥

ਅਤੇ ਸਾਰਿਆਂ ਉਤੇ ਕ੍ਰਿਪਾ ਕਰਦਾ ਹੈ ॥੫॥

ਦੋਹਰਾ ॥

ਦੋਹਰਾ:

ਸਭ ਕਾਹੂ ਕੋ ਪੋਖਈ ਸਭ ਕਾਹੂ ਕੌ ਦੇਇ ॥

(ਉਹ) ਸਭ ਦਾ ਪੋਸ਼ਣ ਕਰਦਾ ਹੈ ਅਤੇ ਸਭ ਕਿਸੇ ਨੂੰ ਦਿੰਦਾ ਹੈ।

ਜੋ ਤਾ ਤੇ ਮੁਖ ਫੇਰਈ ਮਾਗਿ ਮੀਚ ਕਹ ਲੇਇ ॥੬॥

ਜੋ ਉਸ ਤੋਂ ਮੁਖ ਫੇਰਦਾ ਹੈ, ਸਮਝ ਲਵੋ (ਕਿ ਉਸ ਨੇ) ਮੌਤ ਮੰਗ ਲਈ ਹੈ ॥੬॥

ਚੌਪਈ ॥

ਚੌਪਈ:

ਏਕਨ ਸੋਖੈ ਏਕਨ ਭਰੈ ॥

(ਉਹ) ਇਕਨਾਂ ਨੂੰ ਸੁਕਾਉਂਦਾ ਹੈ (ਅਰਥਾਤ ਨਸ਼ਟ ਕਰਦਾ ਹੈ) ਅਤੇ ਇਕਨਾਂ ਦਾ ਪੋਸ਼ਣ ਕਰਦਾ ਹੈ।

ਏਕਨ ਮਾਰੈ ਇਕਨਿ ਉਬਰੈ ॥

ਇਕਨਾਂ ਨੂੰ ਮਾਰਦਾ ਹੈ ਅਤੇ ਇਕਨਾਂ ਨੂੰ ਉਬਾਰਦਾ ਹੈ।

ਏਕਨ ਘਟਵੈ ਏਕ ਬਢਾਵੈ ॥

ਇਕਨਾਂ ਨੂੰ ਘਟਾਉਂਦਾ ਹੈ ਅਤੇ ਇਕਨਾਂ ਨੂੰ ਵਧਾਉਂਦਾ ਹੈ।

ਦੀਨ ਦਯਾਲ ਯੌ ਚਰਿਤ ਦਿਖਾਵੈ ॥੭॥

ਇਸ ਤਰ੍ਹਾਂ ਦੀਨ ਦਿਆਲ ਚਰਿਤ੍ਰ ਵਖਾਉਂਦਾ ਹੈ ॥੭॥

ਰੂਪ ਰੇਖ ਜਾ ਕੇ ਕਛੁ ਨਾਹੀ ॥

ਉਸ ਦੀ ਕੋਈ ਰੂਪ-ਰੇਖਾ ਨਹੀਂ ਹੈ।

ਭੇਖ ਅਭੇਖ ਸਭ ਕੇ ਘਟ ਮਾਹੀ ॥

(ਉਹ) ਸਪਸ਼ਟ ਜਾਂ ਅਸਪਸ਼ਟ ਸਭ ਦੇ ਸ਼ਰੀਰ ਵਿਚ ਮੌਜੂਦ ਹੈ।

ਜਾ ਪਰ ਕ੍ਰਿਪਾ ਚਛੁ ਕਰਿ ਹੇਰੈ ॥

ਜਿਸ ਨੂੰ (ਉਹ) ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ,

ਤਾ ਕੀ ਕੌਨ ਛਾਹ ਕੌ ਛੇਰੈ ॥੮॥

ਉਸ ਦੇ ਪਰਛਾਵੇਂ ਨੂੰ ਵੀ ਕੌਣ ਛੇੜ ਸਕਦਾ ਹੈ ॥੮॥

ਜਛ ਭੁਜੰਗ ਅਕਾਸ ਬਨਾਯੋ ॥

ਉਸ ਨੇ ਯਕਸ਼, ਸੱਪ ਅਤੇ ਆਕਾਸ਼ ਬਣਾਏ ਹਨ

ਦੇਵ ਅਦੇਵ ਥਪਿ ਬਾਦਿ ਰਚਾਯੋ ॥

ਅਤੇ ਦੇਵਤੇ ਤੇ ਦੈਂਤ ਸਿਰਜ ਕੇ (ਉਨ੍ਹਾਂ ਵਿਚ) ਝਗੜਾ ਰਚਾ ਦਿੱਤਾ ਹੈ।

ਭੂਮਿ ਬਾਰਿ ਪੰਚ ਤਤੁ ਪ੍ਰਕਾਸਾ ॥

(ਉਸ ਨੇ) ਭੂਮੀ, ਜਲ ਆਦਿ ਪੰਜ ਤੱਤ ਪੈਦਾ ਕੀਤੇ ਹਨ

ਆਪਹਿ ਦੇਖਤ ਬੈਠ ਤਮਾਸਾ ॥੯॥

ਅਤੇ ਆਪ ਬੈਠ ਕੇ ਤਮਾਸ਼ਾ ਵੇਖ ਰਿਹਾ ਹੈ ॥੯॥

ਦੋਹਰਾ ॥

ਦੋਹਰਾ:

ਜੀਵ ਜੰਤ ਸਭ ਥਾਪਿ ਕੈ ਪੰਥ ਬਨਾਏ ਦੋਇ ॥

(ਉਸ ਨੇ) ਸਾਰੇ ਜੀਵ ਪੈਦਾ ਕਰ ਕੇ ਦੋ ਹੀ ਪੰਥ (ਮੁਸਲਮਾਨ ਅਤੇ ਹਿੰਦੂ) ਬਣਾਏ ਹਨ।

ਝਗਰਿ ਪਚਾਏ ਆਪਿ ਮਹਿ ਮੋਹਿ ਨ ਚੀਨੈ ਕੋਇ ॥੧੦॥

(ਉਹ ਸਾਰੇ) ਆਪਸ ਦੇ ਝਗੜਿਆਂ ਵਿਚ ਉਲਝੇ ਪਏ ਹਨ ਅਤੇ ਪਰਮਾਤਮਾ ਨੂੰ ਕੋਈ ਨਹੀਂ ਪਛਾਣਦਾ ਹੈ ॥੧੦॥

ਚੌਪਈ ॥

ਚੌਪਈ:

ਯਹ ਸਭ ਭੇਦ ਸਾਧੁ ਕੋਊ ਜਾਨੈ ॥

ਇਸ ਸਾਰੇ ਭੇਦ ਨੂੰ ਕੋਈ ਸਾਧੂ (ਪੁਰਸ਼) ਹੀ ਸਮਝ ਸਕਦਾ ਹੈ

ਸਤਿ ਨਾਮੁ ਕੋ ਤਤ ਪਛਾਨੈ ॥

ਅਤੇ ਸਤਿਨਾਮ ਦੇ ਤੱਤ ਨੂੰ ਪਛਾਣ ਸਕਦਾ ਹੈ।

ਜੋ ਸਾਧਕ ਯਾ ਕੌ ਲਖਿ ਪਾਵੈ ॥

ਜੋ ਸਾਧਕ ਉਸ (ਪਰਮਾਤਮਾ) ਨੂੰ ਜਾਣ ਲੈਂਦਾ ਹੈ,

ਜਨਨੀ ਜਠਰ ਬਹੁਰਿ ਨਹਿ ਆਵੈ ॥੧੧॥

(ਉਹ) ਮਾਤਾ ਦੇ ਗਰਭ ਵਿਚ ਫਿਰ ਨਹੀਂ ਆਉਂਦਾ ॥੧੧॥

ਦੋਹਰਾ ॥

ਦੋਹਰਾ:

ਜਬ ਜੋਗੀ ਐਸੇ ਕਹਿਯੋ ਤਬ ਰਾਜੈ ਮੁਸਕਾਇ ॥

ਜਦ ਜੋਗੀ ਨੇ ਇਸ ਤਰ੍ਹਾਂ ਕਿਹਾ ਤਾਂ ਰਾਜਾ ਹਸ ਪਿਆ

ਤਤ ਬ੍ਰਹਮ ਕੇ ਬਾਦਿ ਕੌ ਉਚਰਤ ਭਯੋ ਬਨਾਇ ॥੧੨॥

ਅਤੇ ਬ੍ਰਹਮ-ਤੱਤ ਦੇ ਸਿੱਧਾਂਤ ਬਾਰੇ ਦਸਣ ਲਗਿਆ ॥੧੨॥

ਚੌਪਈ ॥

ਚੌਪਈ:

ਜੋਗੀ ਡਿੰਭ ਕਿ ਜੋਗੀ ਜਿਯਰੋ ॥

ਕੀ ਜੋਗੀ ਪਾਖੰਡ ਹੈ, ਕਿ ਜੀਉੜਾ ਹੈ,

ਜੋਗੀ ਦੇਹ ਕਿ ਜੋਗੀ ਹਿਯਰੋ ॥

ਦੇਹ ਹੈ ਕਿ ਹਿਰਦਾ ਹੈ।

ਸੋ ਜੋਗੀ ਜੋ ਜੋਗ ਪਛਾਨੈ ॥

(ਅਸਲ ਵਿਚ) ਉਹ ਜੋਗੀ ਹੈ ਜੋ ਜੋਗ ਨੂੰ ਪਛਾਣਦਾ ਹੈ

ਸਤਿ ਨਾਮੁ ਬਿਨੁ ਅਵਰੁ ਨ ਜਾਨੈ ॥੧੩॥

ਅਤੇ ਸਤਿਨਾਮ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਹੈ ॥੧੩॥

ਦੋਹਰਾ ॥

ਦੋਹਰਾ:

ਡਿੰਭ ਦਿਖਾਯੋ ਜਗਤ ਕੋ ਜੋਗੁ ਨ ਉਪਜਿਯੋ ਜੀਯ ॥

(ਜੇ ਇਸ ਤਰ੍ਹਾਂ ਨਾ ਹੋਇਆ) ਤਾਂ ਉਸ ਨੇ ਜਗਤ ਵਿਚ ਪਾਖੰਡ ਦਾ ਦਿਖਾਵਾ ਕੀਤਾ ਹੈ ਅਤੇ ਉਸ ਦੇ ਹਿਰਦੇ ਵਿਚ ਜੋਗ ਪੈਦਾ ਨਹੀਂ ਹੋਇਆ ਹੈ।

ਯਾ ਜਗ ਕੇ ਸੁਖ ਤੇ ਗਯੋ ਜਨਮ ਬ੍ਰਿਥਾ ਗੇ ਕੀਯ ॥੧੪॥

(ਉਹ) ਜਗਤ ਦੇ ਸੁਖ ਤੋਂ ਵਾਂਝਿਆ ਗਿਆ ਅਤੇ ਵਿਅਰਥ ਵਿਚ ਜਨਮ ਗੰਵਾ ਦਿੱਤਾ ॥੧੪॥

ਚੌਪਈ ॥

ਚੌਪਈ:

ਤਬ ਜੋਗੀ ਹਸਿ ਬਚਨ ਉਚਾਰੋ ॥

ਤਦ ਜੋਗੀ ਨੇ ਹਸ ਕੇ ਬਚਨ ਕਹੇ,

ਸੁਨਹੁ ਰਾਵ ਜੂ ਗ੍ਯਾਨ ਹਮਾਰੋ ॥

ਹੇ ਰਾਜਨ! ਸਾਡਾ ਗਿਆਨ ਸੁਣੋ।

ਸੋ ਜੋਗੀ ਜੋ ਜੋਗ ਪਛਾਨੈ ॥

ਜੋਗੀ ਉਹ ਹੈ ਜੋ ਜੋਗ ਨੂੰ ਪਛਾਣਦਾ ਹੈ

ਸਤਿ ਨਾਮੁ ਬਿਨੁ ਅਵਰੁ ਨ ਜਾਨੈ ॥੧੫॥

ਅਤੇ ਸਤਿਨਾਮ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ॥੧੫॥

ਦੋਹਰਾ ॥

ਦੋਹਰਾ:

ਜਬ ਚਾਹਤ ਹੈ ਆਤਮਾ ਇਕ ਤੇ ਭਯੋ ਅਨੇਕ ॥

ਜਦ ਆਤਮਾ (ਭਾਵ ਪਰਮਾਤਮਾ) ਚਾਹੁੰਦਾ ਹੈ ਤਾਂ ਇਕ ਤੋਂ ਅਨੇਕ ਹੋ ਜਾਂਦਾ ਹੈ।

ਅਨਿਕ ਭਾਤਿ ਪਸਰਤ ਜਗਤ ਬਹੁਰਿ ਏਕ ਕੋ ਏਕ ॥੧੬॥

ਅਨੇਕ ਤਰ੍ਹਾਂ ਨਾਲ ਜਗਤ ਵਿਚ ਪਸਰਦਾ ਹੋਇਆ ਫਿਰ ਇਕ ਦਾ ਇਕ ਹੋ ਜਾਂਦਾ ਹੈ ॥੧੬॥

ਚੌਪਈ ॥

ਚੌਪਈ:

ਯਹ ਨਹਿ ਮਰੈ ਨ ਕਾਹੂ ਮਾਰੈ ॥

ਨ ਇਹ ਮਰਦਾ ਹੈ ਅਤੇ ਨਾ ਹੀ ਕਿਸੇ ਨੂੰ ਮਾਰਦਾ ਹੈ।

ਭੂਲਾ ਲੋਕ ਭਰਮੁ ਬੀਚਾਰੈ ॥

ਭੁਲੇ ਹੋਏ ਲੋਕ ਭਰਮ ਪੂਰਨ ਵਿਚਾਰ ਕਰਦੇ ਹਨ।

ਘਟ ਘਟ ਬ੍ਯਾਪਕ ਅੰਤਰਜਾਮੀ ॥

(ਉਹ) ਪਰਮਾਤਮਾ ਸਭ ਵਿਚ ਰਮਣ ਕਰ ਰਿਹਾ ਹੈ

ਸਭ ਹੀ ਮਹਿ ਰਵਿ ਰਹਿਯੋ ਸੁਆਮੀ ॥੧੭॥

ਅਤੇ ਘਟ ਘਟ ਵਿਚ ਵਸਣ ਵਾਲਾ ਅੰਤਰਯਾਮੀ ਹੈ ॥੧੭॥


Flag Counter