ਜਿਨ੍ਹਾਂ ਨੇ ਨੌ ਖੰਡ ਪ੍ਰਿਥਵੀ ਨੂੰ ਜਿਤਿਆ ਹੋਇਆ ਹੈ ਅਤੇ ਜੋ ਇੰਦਰ ('ਅਖੰਡਲ') ਤੋਂ ਵੀ ਖੰਡਿਤ ਨਹੀਂ ਹੋਏ ਹਨ।
ਉਨ੍ਹਾਂ ਨੂੰ ਕਾਲੀ ਨੇ ਗੁੱਸੇ ਵਿਚ ਆ ਕੇ ਕ੍ਰਿਪਾਨ ਨਾਲ ਟੋਟੇ ਟੋਟੇ ਕਰ ਕੇ ਸੁਟ ਦਿੱਤਾ ਹੈ ॥੨੫॥
ਤੋਟਕ ਛੰਦ:
ਜਦੋਂ ਕਾਲੀ ਨੇ ਹੱਥ ਵਿਚ ਕ੍ਰਿਪਾਨ ਪਕੜੀ,
ਉਸ ਦੀ ਸ਼ੋਭਾ ਦਾ ਮੇਰੇ ਪਾਸੋਂ ਵਰਣਨ ਨਹੀਂ ਸੀ ਕੀਤਾ ਜਾ ਸਕਦਾ।
ਉਸ ਦੇ ਤੇਜ ਨੂੰ ਵੇਖ ਕੇ ਸੂਰਮੇ ਇਸ ਤਰ੍ਹਾਂ ਭਜ ਗਏ
ਮਾਨੋ ਸੂਰਜ ਦੇ ਚੜ੍ਹਨ ਨਾਲ ਤਾਰੇ ਲੁਕ ਗਏ ਹੋਣ ॥੨੬॥
ਕਾਲੀ ਹੱਥ ਵਿਚ ਤਲਵਾਰ ਲੈ ਕੇ ਕ੍ਰੋਧ ਨਾਲ
ਦੈਂਤਾਂ ਦੇ ਦਲ ਵਿਚ ਕੁਦ ਪਈ,
ਇਹ ਕਹਿ ਕੇ ਕਿ ਇਕ ਘੜੀ ਵਿਚ ਸਭ ਨੂੰ ਮਾਰ ਸੁਟਾਂਗੀ
ਅਤੇ ਤੁਹਾਡੇ ਵਿਚੋਂ ਇਕ ਵੀ ਬਲੀ ਨਹੀਂ ਰਹਿਣ ਦਿਆਂਗੀ ॥੨੭॥
ਸਵੈਯਾ:
ਢੋਲ, ਤੂਰ, ਮ੍ਰਿਦੰਗ ਅਤੇ ਮੁਚੰਗਾਂ ਦੀ ਧੁਨੀ ਨਾਲ (ਸੂਰਮੇ) ਲਲਕਾਰ ਕੇ ਪੈ ਗਏ।
(ਉਹ) ਹੰਕਾਰ ਨਾਲ ਭਰੇ ਹੋਏ, ਮਿਲ ਕੇ ਆ ਡਟੇ ਹਨ ਅਤੇ ਹੰਕਾਰ ਨੂੰ ਛਡ ਕੇ ਕਦਮ ਪਿਛੇ ਹਟਾਂਦੇ ਨਹੀਂ ਹਨ।
ਭਾਵੇਂ ਜਮ ਨੇ ਉਨ੍ਹਾਂ ਦੇ ਪ੍ਰਾਣ ਹਰ ਲਏ ਹੋਣ, ਤਦ ਵੀ ਉਹ ਮੁੜਦੇ ਨਹੀਂ ਹਨ, (ਪੂਰੀ ਤਰ੍ਹਾਂ) ਡਟੇ ਹੋਏ ਹਨ।
(ਉਹ) ਭੈ ਮੁਕਤ ਹੋ ਕੇ ਅਤੇ ਜਸ ਖਟ ਕੇ ਲੜਦੇ ਹੋਏ ਮਾਰੇ ਗਏ ਹਨ ਅਤੇ ਭਵ-ਸਾਗਰ ਵਿਚੋਂ ਤਰ ਗਏ ਹਨ ॥੨੮॥
ਜਿਹੜੇ ਵਿਕਟ ਸੂਰਮੇ ਕਿਸੇ ਤੋਂ ਨਹੀਂ ਮਿਟੇ ਸਨ ਅਤੇ ਇੰਦਰ ('ਬਾਸਵ') ਵਰਗੇ (ਉਨ੍ਹਾਂ ਨੂੰ) ਪਿਛੇ ਨਹੀਂ ਧਕ ਸਕੇ ਸਨ।
ਜਦੋਂ ਉਹ ਰਣ-ਭੂਮੀ ਵਿਚ ਗਜੇ ਤਾਂ ਬਿਨਾ ਕਾਲੀ ਦੇਵੀ ਦੇ ਹੋਰ ਸਭ ਭਜ ਗਏ।
ਉਨ੍ਹਾਂ ਨੂੰ ਕਾਲੀ ਨੇ ਕ੍ਰੋਧਿਤ ਹੋ ਕੇ ਕਟ ਕੇ ਸੁਟ ਦਿੱਤਾ ਜਿਵੇਂ ਕੇਲੇ ਦੇ ਬਨ ਨੂੰ ਧਰਤੀ ਉਤੇ (ਕਟ ਕੇ) ਵਿਛਾ ਦਿੱਤਾ ਜਾਂਦਾ ਹੈ।
(ਉਨ੍ਹਾਂ ਦੇ) ਬਸਤ੍ਰ ਲਹੂ ਨਾਲ ਰੰਗੇ ਗਏ, ਮਾਨੋ ਹੋਲੀ ਦੇ ਸਮੇਂ ਸਭ ਗਿੱਧਾ ਪਾ ਰਹੇ ਹੋਣ ॥੨੯॥
ਦੋਹਰਾ:
ਚੰਡੀ ਪ੍ਰਚੰਡ ਹੋ ਕੇ ਚੜ੍ਹ ਪਈ; ਉਸ ਦੇ ਨੈਣ ਤਾਂਬੇ ਵਾਂਗ ਤਪ ਰਹੇ ਸਨ।
ਸ਼ਰਾਬ ਨਾਲ ਮਦ ਮਸਤ ਹੋ ਕੇ ਅਟਪਟੇ ਬੋਲ ਬੋਲਣ ਲਗ ਗਈ ਸੀ ॥੩੦॥
ਸਵੈਯਾ:
(ਦੇਵੀ ਨੇ) ਮਨ ਵਿਚ ਕ੍ਰੋਧ ਕਰ ਕੇ ਇਹ ਬੋਲ ਬੋਲੇ ਕਿ ਸਾਰਿਆਂ ਵੈਰੀਆਂ ਨੂੰ (ਮੈਂ) ਛਿਣ ਭਰ ਵਿਚ ਮਾਰ ਦਿਆਂਗੀ।
ਤਲਵਾਰ ਨੂੰ ਸੰਭਾਲ ਕੇ, ਮਹਾਨ ਬਲ ਨੂੰ ਧਾਰਨ ਕਰ ਕੇ ਅਤੇ ਸ਼ੇਰ ਨੂੰ ਭਜਾ ਕੇ ਰਣ-ਭੂਮੀ ਵਿਚ ਧਸ ਗਈ।
ਦੈਂਤਾਂ ਦੇ ਝੁੰਡ ਵਿਚ ਜਗ ਮਾਤ (ਦੇਵੀ) ਦੇ ਹੱਥਾਂ ਵਿਚ ਹਥਿਆਰ ਇਸ ਤਰ੍ਹਾਂ ਚਮਕ ਰਹੇ ਸਨ,
ਮਾਨੋ ਸਮੁੰਦਰ ਦੇ ਬਨ ਵਿਚ ਬੜਵਾਨਲ ਦੀਆਂ ਲਾਟਾਂ ਨਿਕਲ ਰਹੀਆਂ ਹੋਣ ॥੩੧॥
ਅਖੰਡ ਕ੍ਰੋਧ ਨਾਲ ਪ੍ਰਚੰਡ ਹੋ ਕੇ ਚੰਡੀ ਨੇ ਮਿਆਨ ਵਿਚੋਂ ਕ੍ਰਿਪਾਨ ਕਢ ਲਈ।
ਦੇਵਤਿਆਂ ਅਤੇ ਦੈਂਤਾਂ ਦੀ ਸੈਨਾ ('ਪ੍ਰਤਿਨਾ') ਤੇਗ ਦੀ ਛਬੀ ਨੂੰ ਵੇਖ ਕੇ ਪ੍ਰਸੰਨ ਹੋ ਗਈ।
(ਉਹ) ਚਿਛੁਰ ਰਾਖਸ਼ ਦੇ ਸਿਰ ਵਿਚ ਇਸ ਤਰ੍ਹਾਂ ਪਈ ਕਿ ਮੈਂ ਉਸ ਦੀ ਪ੍ਰਭਾ ਦਾ ਵਰਣਨ ਨਹੀਂ ਕਰ ਸਕਦਾ।
(ਉਹ) ਤਲਵਾਰ ਦੁਸ਼ਮਣ ਨੂੰ ਮਾਰ ਕੇ ਅਤੇ ਪਹਾੜ ਜੇਡੇ ਵੈਰੀ ਨੂੰ ਫਾੜ ਕੇ ਪਾਤਾਲ ਵਿਚ ਜਾ ਵਜੀ ॥੩੨॥
ਦੋਹਰਾ:
ਤੁਪਕ, ਤਬਰ, ਬਰਛੀ, ਬਾਣ, ਤਲਵਾਰ ਆਦਿ ਅਨੇਕ (ਸ਼ਸਤ੍ਰ) ਚਮਕ ਰਹੇ ਹਨ
ਅਤੇ ਧੁਜਾ ਤੇ ਝੰਡੇ (ਇਸ ਤਰ੍ਹਾਂ) ਝੁਲ ਰਹੇ ਹਨ ਕਿ ਸੂਰਜ ਵੀ ਵਿਖਾਈ ਨਹੀਂ ਦਿੰਦਾ ਹੈ ॥੩੩॥
ਰਣ ਵਿਚ ਬਹੁਤ ਮਾਰੂ ਵਾਜੇ ਵਜ ਰਹੇ ਹਨ ਅਤੇ ਆਕਾਸ਼ ਵਿਚ ਗਿਰਝਾਂ ਮੰਡਰਾ ਰਹੀਆਂ ਹਨ
ਅਤੇ ਵਿਕਟ ਯੋਧੇ ਝਟਪਟ ਕਟੇ ਜਾ ਕੇ (ਡਿਗ ਰਹੇ ਹਨ) ॥੩੪॥
ਭੇਰੀ, ਤੂਰ, ਪ੍ਰਣਵ, ਗੋਮੁਖ, ਮ੍ਰਿਦੰਗ,
ਸੰਖ, ਬੇਨ, ਬੀਨਾ, ਮੁਰਲੀ, ਮੁਰਜ, ਮੁਚੰਗ ਆਦਿ ਅਨੇਕ ਤਰ੍ਹਾਂ ਦੇ ਵਾਜੇ ਵਜਣ ਲਗ ਗਏ ਹਨ ॥੩੫॥
ਨਫ਼ੀਰੀ, ਕਾਨਰੇ, ਦੁੰਦਭ ਆਦਿ ਅਨੇਕ ਨਾਦਕਾਰੀ ਵਾਜੇ ਵਜ ਰਹੇ ਹਨ।
(ਰਣ) ਵਿਚ ਮਾਰੂ (ਨਗਾਰਿਆਂ ਦੀ ਆਵਾਜ਼) ਸੁਣ ਕੇ ਡਰਪੋਕ ਵੀ ਲੜਨ ਲਗ ਗਏ ਹਨ ਅਤੇ ਰਣ-ਭੂਮੀ ਨੂੰ ਛਡ ਕੇ ਇਕ ਵੀ ਨਹੀਂ ਖਿਸਕਿਆ ਹੈ ॥੩੬॥
ਕਚੀਚੀਆਂ ਖਾ ਕੇ ਸੂਰਮੇ ਇਕ ਦੂਜੇ ਦੇ ਸਾਹਮਣੇ ਆ ਕੇ ਯੁੱਧ ਕਰਨ ਲਗੇ ਹਨ।
ਧੜ ਉਛਲ ਉਛਲ ਕੇ ਧਰਤੀ ਉਤੇ ਡਿਗਦੇ ਹਨ ਅਤੇ ਸਵਰਗ ਨੂੰ ਚਲੇ ਜਾ ਰਹੇ ਹਨ ॥੩੭॥
ਰਣ-ਭੂਮੀ ਵਿਚ ਗਿਦੜ ਹੌਂਕਦੇ ਫਿਰਦੇ ਹਨ ਅਤੇ ਪ੍ਰੇਤ ਮਾਸ ਖਾ ਰਹੇ ਹਨ।
ਗਿਰਝਾਂ ਮਾਸ ਲੈ ਲੈ ਕੇ ਉਡ ਰਹੀਆਂ ਹਨ ਅਤੇ ਯੋਧੇ ਯੁੱਧ-ਭੂਮੀ ਨੂੰ ਬਿਲਕੁਲ ਨਹੀਂ ਛਡ ਰਹੇ ॥੩੮॥
ਸਵੈਯਾ:
ਧੌਂਸੇ ਦੀ ਆਵਾਜ਼ ਅਤੇ ਡਮਰੂਆਂ ਦੀ ਡਹਿ ਡਹਿ ਅਤੇ ਦਮਾਮਿਆਂ ਦੀ ਦੈ ਦੈ ਨੇੜੇ ਆ ਗਈ ਹੈ।
ਦੈਂਤਾਂ ਦੇ ਬਹੁਤ ਭਾਰੀ ਅਤੇ ਭਿਆਨਕ ਦਲ ਬਹੁਤ ਵੱਡੇ ਸਨ, ਪਰ (ਹੇ ਦੇਵੀ!) ਤੂੰ ਇਕ ਦੀ ਵੀ ਪਰਵਾਹ ਨਹੀਂ ਕੀਤੀ।