ਸ਼੍ਰੀ ਦਸਮ ਗ੍ਰੰਥ

ਅੰਗ - 1358


ਜੂਝਿ ਜੂਝਿ ਗੇ ਬਹੁਰਿ ਨ ਫਿਰੇ ॥੧੩॥

ਜੂਝ ਜੂਝ ਕੇ (ਮਰ) ਗਏ ਅਤੇ ਫਿਰ ਨਾ ਪਰਤੇ ॥੧੩॥

ਕੋਟਿਕ ਕਟਕ ਤਹਾ ਕਟਿ ਮਰੇ ॥

ਬਹੁਤ ਸਾਰੇ ਸੂਰਮੇ ਉਥੇ ਕਟ ਕੇ ਮਰ ਗਏ।

ਜੂਝੇ ਗਿਰੇ ਬਰੰਗਨਿਨ ਬਰੇ ॥

ਉਹ ਜੂਝ ਕੇ ਡਿਗ ਪਏ ਅਤੇ (ਉਨ੍ਹਾਂ ਨਾਲ) ਪਰੀਆਂ ਨੇ ਵਿਆਹ ਕਰਵਾ ਲਏ।

ਦੋਊ ਦਿਸਿ ਮਰੇ ਕਾਲ ਕੇ ਪ੍ਰੇਰੇ ॥

ਕਾਲ ਦੇ ਪ੍ਰੇਰੇ ਹੋਏ ਸੂਰਮੇ ਦੋਹਾਂ ਪਾਸਿਆਂ ਤੋਂ ਮਰੇ।

ਗਿਰੇ ਭੂਮਿ ਰਨ ਫਿਰੇ ਨ ਫੇਰੇ ॥੧੪॥

(ਸ਼ੂਰਵੀਰ) ਧਰਤੀ ਉਤੇ ਡਿਗ ਪਏ ਅਤੇ ਫਿਰ ਨਹੀਂ ਪਰਤੇ ॥੧੪॥

ਸਤਿ ਸੰਧਿ ਦੇਵਿਸ ਇਤ ਧਾਯੋ ॥

ਇਸ ਪਾਸੇ ਤੋਂ ਦੇਵਤਿਆਂ ਦਾ ਸੁਆਮੀ ਸਤਿ ਸੰਧਿ ਚੜ੍ਹ ਪਿਆ

ਦੀਰਘ ਦਾੜ ਉਹ ਓਰ ਰਿਸਾਯੋ ॥

ਅਤੇ ਉਸ ਪਾਸੇ ਤੋਂ ਦੀਰਘ ਦਾੜ੍ਹ ਰੋਹ ਵਿਚ ਆ ਗਿਆ।

ਬਜ੍ਰ ਬਾਣ ਬਿਛੂਆ ਕੈ ਕੈ ਬ੍ਰਣ ॥

ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਘਾਇਲ ਸ਼ੂਰਵੀਰ

ਜੂਝਿ ਜੂਝਿ ਭਟ ਗਿਰਤ ਭਏ ਰਣ ॥੧੫॥

ਜੂਝ ਜੂਝ ਕੇ ਰਣ-ਭੂਮੀ ਵਿਚ ਡਿਗ ਰਹੇ ਸਨ ॥੧੫॥

ਜੋਗਿਨਿ ਜਛ ਕਹੂੰ ਹਰਖਏ ॥

ਕਿਤੇ ਜੋਗਣਾਂ ਅਤੇ ਯਕਸ਼ ਖ਼ੁਸ਼ ਹੋ ਰਹੇ ਸਨ

ਭੂਤ ਪ੍ਰੇਤ ਨਾਚਤ ਕਹੂੰ ਭਏ ॥

ਅਤੇ ਕਿਤੇ ਭੂਤ-ਪ੍ਰੇਤ ਨਚ ਰਹੇ ਸਨ।

ਕਹ ਕਹ ਕਹ ਕਲਿ ਹਾਸ ਸੁਨਾਵਤ ॥

ਕਲ ('ਕਲਿ') 'ਕਹ ਕਹ' ਕਰ ਕੇ ਕਿਲਕਾਰੀਆਂ ਸੁਣਾ ਰਹੀ ਸੀ।

ਭੀਖਨ ਸੁਨੈ ਸਬਦ ਭੈ ਆਵਤ ॥੧੬॥

(ਉਹ) ਭਿਆਨਕ ਆਵਾਜ਼ ਸੁਣ ਕੇ ਡਰ ਲਗਦਾ ਸੀ ॥੧੬॥

ਫਿਰੈਂ ਦੈਤ ਕਹੂੰ ਦਾਤ ਨਿਕਾਰੇ ॥

ਕਿਤੇ ਦੈਂਤ ਦੰਦ ਕਢੀ ਫਿਰਦੇ ਸਨ,

ਬਮਤ ਸ੍ਰੋਨ ਕੇਤੇ ਰਨ ਮਾਰੇ ॥

ਕਿਤਨੇ (ਸੂਰਮੇ) ਰਣ ਵਿਚ ਮਾਰੇ ਹੋਏ ਲਹੂ ਦੀਆਂ ਉਲਟੀਆਂ ਕਰ ਰਹੇ ਸਨ।

ਕਹੂੰ ਸਿਵਾ ਸਾਮੁਹਿ ਫਿਕਰਾਹੀ ॥

ਕਿਤੇ ਗਿਦੜੀ ਸਾਹਮਣੇ ਹੋ ਕੇ ਬੋਲ ਰਹੀ ਸੀ

ਭੂਤ ਪਿਸਾਚ ਮਾਸ ਕਹੂੰ ਖਾਹੀ ॥੧੭॥

ਅਤੇ ਕਿਤੇ ਭੂਤ ਤੇ ਪਿਸ਼ਾਚ ਮਾਸ ਨੂੰ ਖਾ ਰਹੇ ਸਨ ॥੧੭॥

ਸਕਟਾਬ੍ਰਯੂਹ ਰਚਾ ਸੁਰ ਪਤਿ ਤਬ ॥

ਜਦ ਦੈਂਤਾਂ ਦੇ ਰਾਜੇ ਨੇ 'ਕ੍ਰੈਚਾਬ੍ਯੂਹ' (ਅਰਥਾਤ ਕ੍ਰੌਂਚ-ਸਾਰਸ ਦੀ ਸ਼ਕਲ ਦਾ ਫ਼ੌਜੀ ਘੇਰਾ) ਬਣਾਇਆ,

ਕ੍ਰੌਚਾਬ੍ਰਯੂਹ ਕਿਯੋ ਅਸੁਰਿਸ ਜਬ ॥

ਤਦ ਦੇਵਤਿਆਂ ਦੇ ਸੁਆਮੀ ਨੇ 'ਸਕਟਾਬ੍ਯੂਹ' (ਅਰਥਾਤ-ਯੁੱਧ ਵਿਚ ਗੱਡੇ ਦੇ ਸਰੂਪ ਵਰਗੀ ਆਯੋਜਿਤ ਸੈਨਿਕ ਟੁਕੜੀ) ਦੀ ਰਚਨਾ ਕੀਤੀ।

ਮਚਿਯੋ ਤੁਮਲ ਜੁਧ ਤਹ ਭਾਰੀ ॥

ਉਥੇ ਬਹੁਤ ਘਮਸਾਨ ਯੁੱਧ ਮਚਿਆ

ਗਰਜਤ ਭਏ ਬੀਰ ਬਲ ਧਾਰੀ ॥੧੮॥

ਅਤੇ ਬਲਵਾਨ ਸੂਰਮੇ ਗਜਣ ਲਗੇ ॥੧੮॥

ਜੂਝਿ ਗਏ ਜੋਧਾ ਕਹੀ ਭਾਰੇ ॥

ਕਿਤੇ ਵੱਡੇ ਵੱਡੇ ਯੋਧੇ ਜੂਝ ਮੋਏ ਸਨ।

ਦੇਵ ਗਿਰੇ ਦਾਨਵ ਕਹੀ ਮਾਰੇ ॥

ਕਿਤੇ ਦੇਵਤੇ ਅਤੇ ਕਿਤੇ ਦੈਂਤ ਮਾਰੇ ਹੋਏ ਡਿਗੇ ਪਏ ਸਨ।

ਬੀਰ ਖੇਤ ਐਸਾ ਤਹ ਪਰਾ ॥

ਯੁੱਧ-ਭੂਮੀ ਵਿਚ ਇਤਨੇ ਸੂਰਮੇ ਡਿਗੇ ਸਨ

ਦੋਊ ਦਿਸਿ ਇਕ ਸੁਭਟ ਨ ਉਬਰਾ ॥੧੯॥

ਕਿ ਦੋਹਾਂ ਪਾਸੇ ਇਕ ਵੀ ਸੂਰਮਾ ਨਹੀਂ ਬਚਿਆ ਸੀ ॥੧੯॥

ਜੌ ਕ੍ਰਮ ਕ੍ਰਮ ਕਰਿ ਕਥਾ ਸੁਨਾਊਾਂ ॥

ਜੇ ਮੈਂ ਸਿਲਸਿਲੇਵਾਰ ਕਥਾ ਸੁਣਾਵਾਂ

ਗ੍ਰੰਥ ਬਢਨ ਤੇ ਅਧਿਕ ਡਰਾਊਾਂ ॥

ਤਾਂ ਗ੍ਰੰਥ ਦੇ ਵੱਡੇ ਹੋ ਜਾਣ ਕਰ ਕੇ ਡਰਦਾ ਹਾਂ।

ਤੀਸ ਸਹਸ ਛੂਹਨਿ ਜਹ ਜੋਧਾ ॥

ਜਿਥੇ ਤੀਹ ਹਜ਼ਾਰ ਅਛੋਹਣੀ ਯੋਧੇ ਸਨ,

ਮੰਡ੍ਰਯੋ ਬੀਰ ਖੇਤ ਕਰਿ ਕ੍ਰੋਧਾ ॥੨੦॥

(ਉਨ੍ਹਾਂ ਸਾਰਿਆਂ ਨੇ) ਕ੍ਰੋਧਿਤ ਹੋ ਕੇ ਯੁੱਧ ਮਚਾਇਆ ਸੀ ॥੨੦॥

ਪਤਿਅਨ ਸੋ ਪਤੀਅਨ ਭਿਰਿ ਮਰੇ ॥

ਸੈਨਾਪਤੀਆਂ ਨਾਲ ਸੈਨਾਪਤੀ ਲੜ ਕੇ ਮਰ ਗਏ।

ਸ੍ਵਾਰਨ ਕੇ ਸ੍ਵਾਰਨ ਛੈ ਕਰੇ ॥

ਸਵਾਰਾਂ ਨੇ ਸਵਾਰਾਂ ਨੂੰ ਨਸ਼ਟ ਕਰ ਦਿੱਤਾ।

ਰਥਿਯਨ ਤਹ ਰਥਿਯਨ ਕੌ ਘਾਯੋ ॥

ਰਥਾਂ ਵਾਲਿਆਂ ਨੇ ਰਥਾਂ ਵਾਲਿਆਂ ਨੂੰ ਮਾਰ ਮੁਕਾਇਆ।

ਹਾਥਿਨ ਦੰਤੀ ਸ੍ਵਰਗ ਪਠਾਯੋ ॥੨੧॥

ਹਾਥੀਆਂ ਨੇ ਹਾਥੀਆਂ ਨੂੰ ਸਵਰਗ ਭੇਜ ਦਿੱਤਾ ॥੨੧॥

ਦਲਪਤਿ ਸੌ ਦਲਪਤਿ ਲਰਿ ਮੂਆ ॥

ਦਲਪਤੀਆਂ ਨਾਲ ਦਲਪਤੀ ਲੜ ਮੋਏ।

ਇਹ ਬਿਧਿ ਨਾਸ ਕਟਕ ਕਾ ਹੂਆ ॥

ਇਸ ਤਰ੍ਹਾਂ (ਸਾਰੀ) ਸੈਨਾ ਦਾ ਨਾਸ਼ ਹੋ ਗਿਆ।

ਬਚੇ ਭੂਪ ਤੇ ਕੋਪ ਬਡਾਈ ॥

(ਜਿਹੜੇ) ਰਾਜੇ ਬਚੇ ਸਨ, ਉਨ੍ਹਾਂ ਨੇ ਕ੍ਰੋਧ ਵਧਾ ਕੇ

ਮਾਡਤ ਭੇ ਹਠ ਠਾਨਿ ਲਰਾਈ ॥੨੨॥

ਹਠ ਪੂਰਵਕ ਲੜਾਈ ਕਰਨ ਲਗ ਗਏ ॥੨੨॥

ਰਨ ਮਾਡਤ ਭੇ ਬਿਬਿਧ ਪ੍ਰਕਾਰਾ ॥

ਦੈਂਤਾਂ ਦਾ ਰਾਜਾ ਅਤੇ ਦੇਵਤਿਆਂ ਦਾ ਸੁਆਮੀ

ਦੈਤ ਰਾਟ ਅਰੁ ਦੇਵ ਨ੍ਰਿਪਾਰਾ ॥

ਕਈ ਤਰੀਕਿਆਂ ਨਾਲ ਯੁੱਧ ਕਰਨ ਲਗੇ।

ਰਸਨਾ ਇਤੀ ਨ ਭਾਖ ਸੁਨਾਊਾਂ ॥

ਮੇਰੀ ਜੀਭ ਵਿਚ ਇਤਨੀ ਸਮਰਥ ਨਹੀਂ ਹੈ ਕਿ (ਸਭ ਦਾ) ਵਰਣਨ ਕਰ ਸਕਾਂ।

ਗ੍ਰੰਥ ਬਢਨ ਤੇ ਅਤਿ ਡਰਪਾਊਾਂ ॥੨੩॥

ਗ੍ਰੰਥ ਦੇ ਵੱਡਾ ਹੋ ਜਾਣ ਤੋਂ ਵੀ ਡਰਦਾ ਹਾਂ ॥੨੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਕਹਾ ਲੌ ਬਖਾਨੌ ਮਹਾ ਲੋਹ ਮਚਿਯੋ ॥

ਕਿਥੋਂ ਤਕ ਵਰਣਨ ਕਰਾਂ, (ਉਥੇ) ਬਹੁਤ ਘਮਸਾਨ ਯੁੱਧ ਹੋਇਆ।

ਦੁਹੂੰ ਓਰ ਤੇ ਬੀਰ ਏਕੈ ਨ ਬਚਿਯੋ ॥

ਦੋਹਾਂ ਪਾਸਿਆਂ ਤੋਂ ਇਕ ਯੋਧਾ ਵੀ ਨਾ ਬਚਿਆ।

ਤਬੈ ਆਨਿ ਜੂਟੇ ਦੋਊ ਛਤ੍ਰਧਾਰੀ ॥

ਤਦ ਦੋਵੇਂ ਛਤ੍ਰਧਾਰੀ ਆ ਕੇ (ਆਪਸ ਵਿਚ) ਜੁਟ ਗਏ।

ਪਰਾ ਲੋਹ ਗਾੜੋ ਕੰਪੀ ਭੂਮਿ ਸਾਰੀ ॥੨੪॥

ਬਹੁਤ ਭਾਰਾ ਯੁੱਧ ਹੋਇਆ ਅਤੇ ਸਾਰੀ ਧਰਤੀ ਕੰਬਣ ਲਗ ਗਈ ॥੨੪॥

ਜੁਟੇ ਰਾਵ ਦੋਊ ਉਠੀ ਧੂਰਿ ਐਸੀ ॥

ਦੋਵੇਂ ਰਾਜੇ (ਆਪਸ ਵਿਚ) ਭਿੜ ਗਏ ਅਤੇ ਅਜਿਹੀ ਧੂੜ ਉਡੀ,

ਪ੍ਰਲੈ ਕਾਲ ਕੀ ਅਗਨਿ ਕੀ ਧੂਮ੍ਰ ਜੈਸੀ ॥

ਜਿਹੋ ਜਿਹਾ ਪਰਲੋ ਦੇ ਸਮੇਂ ਦੀ ਅਗਨੀ ਦਾ ਧੂੰਆਂ ਹੁੰਦਾ ਹੈ।