ਸ਼੍ਰੀ ਦਸਮ ਗ੍ਰੰਥ

ਅੰਗ - 1105


ਹੋ ਨਿਰਖਿ ਤਿਹਾਰੀ ਪ੍ਰਭਾ ਦਿਵਾਨੀ ਹ੍ਵੈ ਰਹੀ ॥੩੭॥

ਮੈਂ ਤੁਹਾਡੀ ਖ਼ੂਬਸੂਰਤੀ ਵੇਖ ਕੇ ਦੀਵਾਨੀ ਹੋ ਗਈ ਹਾਂ ॥੩੭॥

ਹੌ ਤਵ ਪ੍ਰਭਾ ਬਿਲੋਕਿ ਰਹੀ ਉਰਝਾਇ ਕੈ ॥

ਮੈਂ ਤੁਹਾਡੀ ਪ੍ਰਭਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ।

ਗ੍ਰਿਹ ਸਿਗਰੇ ਕੀ ਸੰਗ੍ਰਯਾ ਦਈ ਭੁਲਾਇ ਕੈ ॥

(ਮੈਂ) ਸਾਰੇ ਘਰ ਦੀ ਸੁੱਧ ਬੁੱਧ ਭੁਲਾ ਦਿੱਤੀ ਹੈ।

ਅਮਰ ਅਜਰ ਫਲ ਤੁਮ ਕੌ ਦੀਨੋ ਆਨਿ ਕਰਿ ॥

(ਇਸ ਲਈ ਇਹ) ਅਮਰ ਅਜਰ ਫਲ ਤੁਹਾਨੂੰ ਲਿਆ ਕੇ ਦਿੱਤਾ ਹੈ।

ਹੋ ਤਾ ਤੇ ਮਦਨ ਸੰਤਾਪ ਨ੍ਰਿਪਤਿ ਹਮਰੋ ਪ੍ਰਹਰਿ ॥੩੮॥

(ਇਸ ਲਈ) ਹੇ ਰਾਜਨ! ਮੇਰੀ ਕਾਮ-ਪੀੜਾ ਨੂੰ ਸੰਤੁਸ਼ਟ ਕਰੋ ॥੩੮॥

ਧੰਨ੍ਯ ਧੰਨ੍ਯ ਤਾ ਕੌ ਤਬ ਨ੍ਰਿਪਤਿ ਉਚਾਰਿਯੋ ॥

ਤਦ ਰਾਜੇ ਨੇ ਉਸ ਨੂੰ ਧੰਨ ਧੰਨ ਕਿਹਾ

ਭਾਤਿ ਭਾਤਿ ਸੌ ਤਾ ਕੇ ਸੰਗ ਬਿਹਾਰਿਯੋ ॥

ਅਤੇ ਭਾਂਤ ਭਾਂਤ ਨਾਲ ਉਸ ਨਾਲ ਰਮਣ ਕੀਤਾ।

ਲਪਟਿ ਲਪਟਿ ਬੇਸ੍ਵਾ ਹੂੰ ਗਈ ਬਨਾਇ ਕੈ ॥

ਵੇਸਵਾ ਵੀ ਉਸ ਨਾਲ ਚੰਗੀ ਤਰ੍ਹਾਂ ਲਿਪਟਦੀ ਗਈ

ਹੋ ਅਪ੍ਰਮਾਨ ਦੁਤਿ ਹੇਰਿ ਰਹੀ ਉਰਝਾਇ ਕੈ ॥੩੯॥

ਅਤੇ ਉਸ ਦੀ ਅਨੂਪਮ ਸੁੰਦਰਤਾ ਨੂੰ ਵੇਖ ਕੇ ਅਟਕ ਗਈ ॥੩੯॥

ਮਨ ਭਾਵੰਤੋ ਮੀਤ ਜਵਨ ਦਿਨ ਪਾਈਯੈ ॥

ਜਿਸ ਦਿਨ ਮਨ ਭਾਉਂਦਾ ਮਿਤਰ ਪ੍ਰਾਪਤ ਹੋ ਜਾਏ,

ਤਵਨ ਘਰੀ ਕੇ ਪਲ ਪਲ ਬਲਿ ਬਲਿ ਜਾਈਯੈ ॥

ਤਾਂ ਉਸ ਘੜੀ ਦੇ ਪਲ ਪਲ ਤੋਂ ਵਾਰੇ ਵਾਰੇ ਜਾਈਏ।

ਲਪਟਿ ਲਪਟਿ ਕਰਿ ਤਾ ਸੌ ਅਧਿਕ ਬਿਹਾਰੀਯੈ ॥

ਲਿਪਟ ਲਿਪਟ ਕੇ ਉਸ ਨਾਲ ਅਧਿਕ ਰਮਣ ਕਰੀਏ।

ਹੋ ਤਤਖਿਨ ਦ੍ਰਪ ਕੰਦ੍ਰਪ ਕੋ ਸਕਲ ਨਿਵਾਰੀਯੈ ॥੪੦॥

ਅਤੇ ਉਸ ਛਿਣ ਕਾਮ ਦੇਵ ਦਾ ਸਾਰਾ ਘਮੰਡ ਦੂਰ ਕਰ ਦੇਈਏ ॥੪੦॥

ਸਵੈਯਾ ॥

ਸਵੈਯਾ:

ਬਾਲ ਕੋ ਰੂਪ ਬਿਲੋਕਿ ਕੈ ਲਾਲ ਕਛੂ ਹਸਿ ਕੈ ਅਸ ਬੈਨ ਉਚਾਰੇ ॥

ਰਾਜੇ ਨੇ ਵੇਸਵਾ ਦਾ ਰੂਪ ਵੇਖ ਕੇ ਅਤੇ ਹਸ ਕੇ ਕੁਝ ਬਚਨ ਉਚਾਰੇ,

ਤੈ ਅਟਕੀ ਸੁਨਿ ਸੁੰਦਰਿ ਮੋ ਪਰ ਐਸੇ ਨ ਸੁੰਦਰ ਅੰਗ ਹਮਾਰੇ ॥

ਹੇ ਸੁੰਦਰੀ! ਸੁਣ, ਤੂੰ ਮੇਰੇ ਉਤੇ ਅਟਕੀ ਹੈਂ, ਪਰ ਮੇਰੇ ਇਤਨੇ ਸੁੰਦਰ ਅੰਗ ਤਾਂ ਨਹੀਂ ਹਨ।

ਜੀਬੋ ਘਨੋ ਸਿਗਰੋ ਜਗ ਚਾਹਤ ਸੋ ਨ ਰੁਚਿਯੋ ਚਿਤ ਮਾਝਿ ਤਿਹਾਰੇ ॥

ਸਾਰਾ ਜਗਤ ਬਹੁਤ ਜੀਉਣਾ ਚਾਹੁੰਦਾ ਹੈ, ਪਰ ਇਹ ਗੱਲ ਤੇਰੇ ਚਿਤ ਨੂੰ ਕਿਉਂ ਨਾ ਚੰਗੀ ਲਗੀ।

ਆਨਿ ਜਰਾਰਿ ਦਯੋ ਹਮ ਕੌ ਫਲੁ ਦਾਸ ਭਏ ਹਮ ਆਜੁ ਤਿਹਾਰੇ ॥੪੧॥

ਇਹ ਬੁਢਾਪੇ ਦਾ ਵੈਰੀ ਜਾਂ ਅਮਰ ('ਜਰਾਰਿ') ਫਲ ਮੈਨੂੰ ਆਣ ਦਿੱਤਾ ਹੈ। ਇਸ ਲਈ ਅਜ ਮੈਂ ਤੇਰਾ ਦਾਸ ਹੋ ਗਿਆ ਹਾਂ ॥੪੧॥

ਬੇਸ੍ਵਾ ਵਾਚ ॥

ਵੇਸਵਾ ਨੇ ਕਿਹਾ:

ਨੈਨ ਲਗੇ ਜਬ ਤੇ ਤੁਮ ਸੌ ਤਬ ਤੇ ਤਵ ਹੇਰਿ ਪ੍ਰਭਾ ਬਲਿ ਜਾਊਾਂ ॥

(ਹੇ ਰਾਜਨ!) ਸੁਣੋ, ਜਦ ਦੀਆਂ ਤੁਹਾਡੇ ਨਾਲ ਅੱਖਾਂ ਲਗੀਆਂ ਹਨ, ਉਦੋਂ ਤੋਂ ਤੁਹਾਡੀ ਸੁੰਦਰਤਾ ਵੇਖ ਕੇ ਬਲਿਹਾਰੀ ਜਾ ਰਹੀ ਹਾਂ।

ਭੌਨ ਭੰਡਾਰ ਸੁਹਾਤ ਨ ਮੋ ਕਹ ਸੋਵਤ ਹੂੰ ਬਿਝ ਕੈ ਬਰਰਾਊਾਂ ॥

ਮਹੱਲ ਅਤੇ ਭੰਡਾਰ ਮੈਨੂੰ ਚੰਗੇ ਨਹੀਂ ਲਗਦੇ ਅਤੇ ਸੁੱਤੀ ਹੋਈ ਚੌਂਕ ਕੇ ਬਰੜਾਉਣ ਲਗਦੀ ਹਾਂ।

ਜੈਤਿਕ ਆਪਨੀ ਆਰਬਲਾ ਸਭ ਮੀਤ ਕੇ ਊਪਰ ਵਾਰਿ ਬਹਾਊਾਂ ॥

(ਮੇਰੀ) ਜਿਤਨੀ ਵੀ ਆਯੂ ਹੈ, ਸਾਰੀ ਮਿਤਰ ਉਪਰੋਂ ਵਾਰ ਦੇਣਾ ਚਾਹੁੰਦੀ ਹਾਂ।

ਕੇਤਿਕ ਬਾਤ ਜਰਾਰਿ ਸੁਨੋ ਫਲ ਪ੍ਰਾਨ ਦੈ ਮੋਲ ਪਿਯਾ ਕਹ ਲ੍ਯਾਊਂ ॥੪੨॥

ਅਮਰ ('ਜਰਾਰਿ') ਫਲ ਦੀ ਕੀ ਗੱਲ ਹੈ, ਮੈਂ ਤਾਂ ਪ੍ਰਾਣਾਂ ਦਾ ਮੁੱਲ ਤਾਰ ਕੇ ਪ੍ਰੀਤਮ ਨੂੰ ਪ੍ਰਾਪਤ ਕਰ ਲਵਾਂਗੀ ॥੪੨॥

ਤੈ ਜੁ ਦਿਯੋ ਤੀਯ ਕੋ ਫਲ ਥੋ ਦਿਜ ਤੇ ਕਰਿ ਕੋਟਿਕੁਪਾਇ ਲੀਯੋ ॥

ਤੁਸੀਂ ਜੋ ਫਲ ਇਸਤਰੀ (ਰਾਣੀ) ਨੂੰ ਦਿੱਤਾ ਸੀ, ਉਹ ਬ੍ਰਾਹਮਣ ਨੇ ਬਹੁਤ ਉਪਾ ਕਰ ਕੇ ਪ੍ਰਾਪਤ ਕੀਤਾ ਸੀ।

ਸੋਊ ਲੈ ਕਰ ਜਾਰ ਕੌ ਦੇਤ ਭਈ ਤਿਨ ਰੀਝਿ ਕੈ ਮੋ ਪਰ ਮੋਹਿ ਦੀਯੋ ॥

ਉਸ ਨੂੰ ਲੈ ਕੇ (ਰਾਣੀ ਨੇ) ਯਾਰ ਨੂੰ ਦੇ ਦਿੱਤਾ ਅਤੇ ਉਸ (ਯਾਰ) ਨੇ ਪ੍ਰਸੰਨ ਹੋ ਕੇ ਮੈਨੂੰ ਦੇ ਦਿੱਤਾ।

ਨ੍ਰਿਪ ਹੌ ਅਟਕੀ ਤਵ ਹੇਰਿ ਪ੍ਰਭਾ ਤਨ ਕੋ ਤਨਿ ਕੈ ਨਹਿ ਤਾਪ ਕੀਯੋ ॥

ਹੇ ਰਾਜਨ! ਤੇਰੇ ਸ਼ਰੀਰ ਦੀ ਸੁੰਦਰਤਾ ਨੂੰ ਵੇਖ ਕੇ ਮੈਂ ਅਟਕ ਗਈ ਹਾਂ, (ਇਸ ਲਈ ਮੈਨੂੰ ਫਲ ਦਿੰਦਿਆਂ) ਕੋਈ ਦੁਖ ਨਹੀਂ ਹੋਇਆ।

ਤਿਹ ਖਾਹੁ ਹਮੈ ਸੁਖ ਦੇਹ ਦਿਯੋ ਨ੍ਰਿਪ ਰਾਜ ਕਰੋ ਜੁਗ ਚਾਰ ਜੀਯੋ ॥੪੩॥

(ਤੁਸੀਂ) ਇਸ ਫਲ ਨੂੰ ਖਾਓ, ਮੈਨੂੰ ਦੇਹ ਦਾ ਸੁਖ ਦਿਓ ਅਤੇ ਹੇ ਰਾਜਾ ਜੀ! (ਤੁਸੀਂ) ਚਾਰ ਯੁਗਾਂ ਤਕ ਰਾਜ ਕਰੋ ॥੪੩॥

ਭਰਥਰਿ ਬਾਚ ॥

ਭਰਥਰੀ ਨੇ ਕਿਹਾ:

ਅੜਿਲ ॥

ਅੜਿਲ:

ਧ੍ਰਿਗ ਮੁਹਿ ਕੌ ਮੈ ਜੁ ਫਲੁ ਤ੍ਰਿਯਹਿ ਦੈ ਡਾਰਿਯੌ ॥

ਮੈਨੂੰ ਧਿੱਕਾਰ ਹੈ ਜੋ ਉਹ ਫਲ ਇਸਤਰੀ (ਰਾਣੀ) ਨੂੰ ਦੇ ਦਿੱਤਾ ਸੀ।

ਧ੍ਰਿਗ ਤਿਹ ਦਿਯੋ ਚੰਡਾਰ ਜੁ ਧ੍ਰਮ ਨ ਬਿਚਾਰਿਯੌ ॥

ਉਸ (ਰਾਣੀ) ਨੂੰ ਵੀ ਧਿੱਕਾਰ ਹੈ (ਜਿਸ ਨੇ ਇਹ ਫਲ) ਧਰਮ ਨੂੰ ਵਿਚਾਰੇ ਬਿਨਾ ਚੰਡਾਲ ਨੂੰ ਦੇ ਦਿੱਤਾ।

ਧ੍ਰਿਗ ਤਾ ਕੋ ਤਿਨ ਤ੍ਰਿਯ ਰਾਨੀ ਸੀ ਪਾਇ ਕੈ ॥

(ਉਸ (ਚੰਡਾਲ) ਨੂੰ ਵੀ ਧਿੱਕਾਰ ਹੈ ਜਿਸ ਨੇ ਰਾਣੀ ਵਰਗੀ ਇਸਤਰੀ ਪ੍ਰਾਪਤ ਕਰ ਕੇ

ਹੋ ਦਯੋ ਬੇਸ੍ਵਹਿ ਪਰਮ ਪ੍ਰੀਤਿ ਉਪਜਾਇ ਕੈ ॥੪੪॥

(ਉਹ ਫਲ) ਇਕ ਵੇਸਵਾ ਨਾਲ ਬਹੁਤ ਪ੍ਰੀਤ ਪੈਦਾ ਕਰ ਕੇ ਦੇ ਦਿੱਤਾ ॥੪੪॥

ਸਵੈਯਾ ॥

ਸਵੈਯਾ:

ਆਧਿਕ ਆਪੁ ਭਖ੍ਰਯੋ ਨ੍ਰਿਪ ਲੈ ਫਲ ਆਧਿਕ ਰੂਪਮਤੀ ਕਹ ਦੀਨੋ ॥

ਰਾਜੇ ਨੇ ਫਲ ਲੈ ਕੇ ਅੱਧਾ ਆਪ ਖਾਇਆ ਅਤੇ ਅੱਧਾ ਰੂਪਮਤੀ (ਵੇਸਵਾ) ਨੂੰ ਦੇ ਦਿੱਤਾ।

ਯਾਰ ਕੈ ਟੂਕ ਹਜਾਰ ਕਰੇ ਗਹਿ ਨਾਰਿ ਭਿਟ੍ਰਯਾਰ ਤਿਨੈ ਬਧਿ ਕੀਨੋ ॥

(ਉਸ) ਯਾਰ (ਚੰਡਾਲ) ਦੇ ਹਜ਼ਾਰ ਟੋਟੇ ਕਰ ਦਿੱਤੇ ਅਤੇ ਰਾਣੀ ਤੇ ਦਾਸੀ ('ਭਿਟ੍ਯਾਰ' ਰਾਣੀ ਦਾ ਚੰਡਾਲ ਨਾਲ ਮੇਲ ਕਰਾਉਣ ਵਾਲੀ) ਨੂੰ ਮਾਰ ਦਿੱਤਾ।

ਭੌਨ ਭੰਡਾਰ ਬਿਸਾਰ ਸਭੈ ਕਛੁ ਰਾਮ ਕੋ ਨਾਮੁ ਹ੍ਰਿਦੈ ਦ੍ਰਿੜ ਚੀਨੋ ॥

ਮਹੱਲ, ਖ਼ਜ਼ਾਨੇ ਅਤੇ ਹੋਰ ਸਭ ਕੁਝ ਵਿਸਾਰ ਕੇ ਰਾਮ ਨਾਮ ਨੂੰ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ।

ਜਾਇ ਬਸ੍ਯੋ ਤਬ ਹੀ ਬਨ ਮੈ ਨ੍ਰਿਪ ਭੇਸ ਕੋ ਤ੍ਯਾਗ ਜੁਗੇਸ ਕੋ ਲੀਨੋ ॥੪੫॥

(ਭਰਥਰੀ ਨੇ) ਰਾਜੇ ਵਾਲੇ ਬਸਤ੍ਰ ਤਿਆਗ ਕੇ ਜੋਗੀ ਵਾਲਾ ਭੇਖ ਕਰ ਲਿਆ ਅਤੇ ਬਨ ਵਿਚ ਜਾ ਟਿਕਿਆ ॥੪੫॥

ਦੋਹਰਾ ॥

ਦੋਹਰਾ:

ਬਨ ਭੀਤਰ ਭੇਟਾ ਭਈ ਗੋਰਖ ਸੰਗ ਸੁ ਧਾਰ ॥

(ਰਾਜੇ ਦੀ) ਬਨ ਵਿਚ ਗੋਰਖਨਾਥ ਨਾਲ ਭੇਂਟ ਹੋਈ

ਰਾਜ ਤ੍ਯਾਗ ਅੰਮ੍ਰਿਤ ਲਯੋ ਭਰਥਿਰ ਰਾਜ ਕੁਮਾਰ ॥੪੬॥

ਅਤੇ ਰਾਜ-ਪਾਟ ਤਿਆਗ ਕੇ ਭਰਥਰੀ ਰਾਜ ਕੁਮਾਰ ਨੇ ਅੰਮ੍ਰਿਤ ਪ੍ਰਾਪਤ ਕੀਤਾ ॥੪੬॥

ਸਵੈਯਾ ॥

ਸਵੈਯਾ:

ਰੋਵਤ ਹੈ ਸੁ ਕਹੂੰ ਪੁਰ ਕੇ ਜਨ ਬੌਰੇ ਸੇ ਡੋਲਤ ਜ੍ਯੋ ਮਤਵਾਰੇ ॥

ਕਿਤੇ ਨਗਰ ਦੇ ਲੋਕ ਰੋਂਦੇ ਹਨ ਅਤੇ ਬੌਰਿਆਂ ਵਾਂਗ ਮਤਵਾਲੇ ਹੋਏ ਡੋਲਦੇ ਫਿਰਦੇ ਹਨ।

ਫਾਰਤ ਚੀਰ ਸੁ ਬੀਰ ਗਿਰੇ ਕਹੂੰ ਜੂਝੈ ਹੈ ਖੇਤ ਮਨੋ ਜੁਝਿਯਾਰੇ ॥

ਕਿਤੇ ਸੂਰਮੇ ਬਸਤ੍ਰ ਪਾੜ ਕੇ ਇਸ ਤਰ੍ਹਾਂ ਡਿਗੇ ਪਏ ਹਨ, ਮਾਨੋ ਯੁੱਧ-ਭੂਮੀ ਵਿਚ ਯੋਧੇ ਜੂਝੇ ਪਏ ਹੋਣ।

ਰੋਵਤ ਨਾਰ ਅਪਾਰ ਕਹੂੰ ਬਿਸੰਭਾਰਿ ਭਈ ਕਰਿ ਨੈਨਨ ਤਾਰੇ ॥

ਕਿਤੇ ਬੇਸ਼ੁਮਾਰ ਇਸਤਰੀਆਂ ਰੋ ਰਹੀਆਂ ਹਨ ਅਤੇ ਬਿਨਾ ਨੈਣ ਝਮਕਾਏ ਬੇਹੋਸ਼ ਪਈਆਂ ਹਨ।

ਤ੍ਯਾਗ ਕੈ ਰਾਜ ਸਮਾਜ ਸਭੈ ਮਹਾਰਾਜ ਸਖੀ ਬਨ ਆਜੁ ਪਧਾਰੇ ॥੪੭॥

(ਅਤੇ ਕਹਿੰਦੀਆਂ ਫਿਰਦੀਆਂ ਹਨ) ਹੇ ਸਖੀ! ਸਾਰੇ ਰਾਜ-ਪਾਟ ਨੂੰ ਛਡ ਕੇ ਮਹਾਰਾਜ ਅਜ ਬਨ ਨੂੰ ਚਲੇ ਗਏ ਹਨ ॥੪੭॥

ਨਿਜੁ ਨਾਰਿ ਨਿਹਾਰਿ ਕੈ ਭਰਥ ਕੁਮਾਰਿ ਬਿਸਾਰਿ ਸੰਭਾਰਿ ਛਕੀ ਮਨ ਮੈ ॥

ਭਰਥਰੀ ਕੁਮਾਰ ਨੂੰ ਵੇਖ ਕੇ ਉਸ ਦੀਆਂ ਇਸਤਰੀਆਂ ਹੋਸ਼ ਭੁਲਾ ਕੇ ਮਨ ਵਿਚ (ਦੁਖ ਨਾਲ) ਭਰੀਆਂ ਪਈਆਂ ਹਨ।

ਕਹੂੰ ਹਾਰ ਗਿਰੈ ਕਹੂੰ ਬਾਰ ਲਸੈ ਕਛੁ ਨੈਕੁ ਪ੍ਰਭਾ ਨ ਰਹੀ ਤਨ ਮੈ ॥

ਕਿਤੇ (ਉਨ੍ਹਾਂ ਦੇ) ਹਾਰ ਡਿਗੇ ਪਏ ਹਨ, ਕਿਤੇ ਵਾਲ (ਖਿਲਰੇ ਹੋਏ) ਲਿਸ਼ਕ ਰਹੇ ਹਨ ਅਤੇ (ਕਿਸੇ ਦੇ) ਤਨ ਵਿਚ ਜ਼ਰਾ ਜਿੰਨੀ ਵੀ ਸ਼ੋਭਾ ਨਹੀਂ ਰਹੀ ਹੈ।


Flag Counter