ਸ਼੍ਰੀ ਦਸਮ ਗ੍ਰੰਥ

ਅੰਗ - 406


ਸ੍ਰੀ ਜਦੁਬੀਰ ਕੇ ਬੀਰ ਜਿਤੇ ਅਸਿ ਹਾਥਨ ਲੈ ਅਰਿ ਊਪਰਿ ਧਾਏ ॥

ਸ੍ਰੀ ਕ੍ਰਿਸ਼ਨ ਦੇ ਜਿਤਨੇ ਵੀ ਸੂਰਮੇ ਸਨ, ਹੱਥਾਂ ਵਿਚ ਤਲਵਾਰਾਂ ਲੈ ਕੇ ਵੈਰੀ ਉਤੇ ਟੁੱਟ ਪਏ ਹਨ।

ਜੁਧ ਕਰਿਯੋ ਕਤਿ ਕੋਪੁ ਦੁਹੂੰ ਦਿਸਿ ਜੰਬੁਕ ਜੋਗਿਨ ਗ੍ਰਿਝ ਅਘਾਏ ॥

ਦੋਹਾਂ ਪਾਸਿਆਂ ਵਾਲਿਆਂ ਨੇ ਕ੍ਰੋਧ ਕਰ ਕੇ ਯੁੱਧ ਕੀਤਾ ਹੈ ਅਤੇ ਗਿਦੜ, ਜੋਗਣਾਂ ਅਤੇ ਗਿਰਝਾਂ (ਮਾਸ ਖਾ ਕੇ) ਰਜ ਗਈਆਂ ਹਨ।

ਬੀਰ ਗਿਰੇ ਦੁਹੂੰ ਓਰਨ ਕੇ ਗਹਿ ਫੇਟ ਕਟਾਰਿਨ ਸਿਉ ਲਰਿ ਘਾਏ ॥

ਦੋਹਾਂ ਪਾਸਿਆਂ ਤੋਂ ਸੂਰਮੇ (ਧਰਤੀ ਉਤੇ) ਡਿਗੇ ਹਨ ਜੋ ਕਟਾਰਾਂ ਫੜ ਕੇ ਲੜੇ ਅਤੇ ਘਾਇਲ ਹੋਏ ਸਨ।

ਕਉਤਕ ਦੇਖ ਕੈ ਦੇਵ ਕਹੈ ਧੰਨ ਵੇ ਜਨਨੀ ਜਿਨ ਏ ਸੁਤ ਜਾਏ ॥੧੦੮੦॥

ਇਸ ਕੌਤਕ ਨੂੰ ਵੇਖ ਕੇ ਦੇਵਤੇ ਕਹਿੰਦੇ ਹਨ, ਉਹ ਜਣਨ ਵਾਲੀਆਂ ਮਾਂਵਾਂ ਧੰਨ ਹਨ, ਜਿਨ੍ਹਾਂ ਨੇ ਇਨ੍ਹਾਂ ਪੁੱਤਰਾਂ ਨੂੰ ਜਨਮ ਦਿੱਤਾ ਹੈ ॥੧੦੮੦॥

ਅਉਰ ਜਿਤੇ ਬਰਬੀਰ ਹੁਤੇ ਅਤਿ ਰੋਸ ਭਰੇ ਰਨ ਭੂਮਹਿ ਆਏ ॥

ਹੋਰ ਜਿਤਨੇ ਵੀ ਬਲਵਾਨ ਸੂਰਮੇ ਸਨ, (ਉਹ) ਬਹੁਤ ਕ੍ਰੋਧ ਨਾਲ ਭਰ ਕੇ ਰਣਭੂਮੀ ਵਿਚ ਆ ਗਏ ਹਨ।

ਜਾਦਵ ਸੈਨ ਚਲੀ ਇਤ ਤੇ ਤਿਨ ਹੂੰ ਮਿਲ ਕੈ ਅਤਿ ਜੁਧੁ ਮਚਾਏ ॥

ਇਧਰੋਂ ਯਾਦਵਾਂ ਦੀ ਸੈਨਾ ਚਲੀ ਹੈ, ਉਨ੍ਹਾਂ (ਵੈਰੀਆਂ) ਨਾਲ ਮਿਲ ਕੇ ਬਹੁਤ ਯੁੱਧ ਮਚਾਇਆ ਹੈ।

ਬਾਨ ਕਮਾਨ ਕ੍ਰਿਪਾਨ ਗਦਾ ਬਰਛੇ ਬਹੁ ਆਪਸ ਬੀਚ ਚਲਾਏ ॥

ਬਾਣ, ਕਮਾਨ, ਕ੍ਰਿਪਾਨ, ਗਦਾ ਅਤੇ ਬਰਛੇ ਆਪਸ ਵਿਚ ਬਹੁਤ ਚਲਾਏ ਹਨ।

ਭੇਦ ਚਮੂੰ ਜਦੁ ਬੀਰਨ ਕੀ ਸਭ ਹੀ ਜਦੁਰਾਇ ਕੇ ਊਪਰ ਧਾਏ ॥੧੦੮੧॥

ਯਾਦਵ ਵੀਰਾਂ ਦੀ ਸਾਰੀ ਸੈਨਾ ਨੂੰ ਚੀਰ ਕੇ ਸਾਰੇ ਸ੍ਰੀ ਕ੍ਰਿਸ਼ਨ ਉਤੇ ਧਾਵਾ ਕਰ ਕੇ ਪੈ ਗਏ ਹਨ ॥੧੦੮੧॥

ਚਕ੍ਰ ਤ੍ਰਿਸੂਲ ਗਦਾ ਗਹਿ ਬੀਰ ਕਰੰ ਧਰ ਕੈ ਅਸਿ ਅਉਰ ਕਟਾਰੀ ॥

ਸੂਰਮਿਆਂ ਨੇ ਹੱਥਾਂ ਵਿਚ ਚੱਕਰ, ਤ੍ਰਿਸ਼ੂਲ, ਗਦਾ (ਆਦਿਕ ਹਥਿਆਰ) ਪਕੜ ਲਏ ਹਨ ਅਤੇ ਤਲਵਾਰਾਂ ਅਤੇ ਕਟਾਰਾਂ ਧਾਰਨ ਕਰ ਲਈਆਂ ਹਨ।

ਮਾਰ ਹੀ ਮਾਰ ਪੁਕਾਰਿ ਪਰੇ ਲਰੇ ਘਾਇ ਕਰੇ ਨ ਟਰੇ ਬਲ ਭਾਰੀ ॥

'ਮਾਰ ਲੌ, ਮਾਰ ਲੌ' ਪੁਕਾਰਦੇ ਹੋਏ ਪੈ ਗਏ ਹਨ, ਲੜ ਕੇ ਜ਼ਖ਼ਮ ਲਗਾਉਂਦੇ ਹਨ ਅਤੇ ਬਹੁਤ ਬਲ ਵਾਲੇ ਟਲਦੇ ਨਹੀਂ ਹਨ।

ਸ੍ਯਾਮ ਬਿਦਾਰ ਦਈ ਧੁਜਨੀ ਤਿਹ ਕੀ ਉਪਮਾ ਇਹ ਭਾਤਿ ਬਿਚਾਰੀ ॥

ਕ੍ਰਿਸ਼ਨ ਨੇ ਉਨ੍ਹਾਂ ਦੀ ਸੈਨਾ ਬਰਬਾਦ ਕਰ ਦਿੱਤੀ ਹੈ, (ਜਿਸ ਦੀ ਕਵੀ ਨੇ) ਉਪਮਾ ਇਸ ਤਰ੍ਹਾਂ ਉਚਾਰੀ ਹੈ।

ਮਾਨਹੁ ਖੇਤ ਸਰੋਵਰ ਮੈ ਧਸਿ ਕੈ ਗਜਿ ਬਾਰਜ ਬ੍ਰਯੂਹ ਬਿਡਾਰੀ ॥੧੦੮੨॥

ਮਾਨੋ ਰਣ-ਭੂਮੀ ਰੂਪ ਸਰੋਵਰ ਵਿਚ ਵੜ ਕੇ, (ਕ੍ਰਿਸ਼ਨ ਰੂਪ) ਹਾਥੀ ਨੇ ਕਮਲ ਫੁਲਾਂ ਦੇ ਝੁੰਡ ਨਸ਼ਟ ਕਰ ਦਿੱਤੇ ਹਨ ॥੧੦੮੨॥

ਸ੍ਰੀ ਜਦੁਨਾਥ ਕੇ ਬਾਨਨ ਅਗ੍ਰ ਡਰੈ ਅਰਿ ਇਉ ਕਿਹੂੰ ਧੀਰ ਧਰਿਯੋ ਨਾ ॥

ਸ੍ਰੀ ਕ੍ਰਿਸ਼ਨ ਦੇ ਬਾਣਾਂ ਤੋਂ ਡਰਦੇ ਹਨ ਅਤੇ ਇਸ ਤਰ੍ਹਾਂ ਕੋਈ ਧੀਰਜ ਨਹੀਂ ਧਰਦਾ ਹੈ।

ਬੀਰ ਸਬੈ ਹਟ ਕੇ ਠਟਕੇ ਭਟਕੇ ਰਨ ਭੀਤਰ ਜੁਧ ਕਰਿਯੋ ਨਾ ॥

(ਵੈਰੀ ਦਲ ਦੇ) ਸਾਰੇ ਠਠੰਬਰ ਕੇ ਪਿਛੇ ਹਟ ਗਏ ਹਨ ਅਤੇ ਖਿੰਡ ਗਏ ਹਨ; ਰਣਭੂਮੀ ਵਿਚ (ਕਿਸੇ ਨੇ ਵੀ) ਯੁੱਧ ਨਹੀਂ ਕੀਤਾ।

ਮੂਸਲ ਅਉ ਹਲ ਪਾਨਿ ਲਯੋ ਬਲਿ ਪੇਖਿ ਭਜੇ ਦਲ ਕੋਊ ਅਰਿਯੋ ਨਾ ॥

ਮੋਹਲੇ ਅਤੇ ਹਲ ਨੂੰ ਬਲਰਾਮ ਦੁਆਰਾ ਹੱਥ ਵਿਚ ਲਏ ਵੇਖ ਕੇ, ਸਾਰਾ ਸੂਰਮੇ ਸੈਨਾ ਦਲ ਭਜ ਗਿਆ ਹੈ,

ਜਿਉ ਮ੍ਰਿਗ ਕੇ ਗਨ ਛਾਡਿ ਚਲੈ ਬਨ ਡੀਠ ਪਰਿਯੋ ਮ੍ਰਿਗਰਾਜ ਕੋ ਛਉਨਾ ॥੧੦੮੩॥

ਕੋਈ ਵੀ (ਯੁੱਧ ਲਈ) ਨਹੀਂ ਡਟਿਆ ਹੈ। ਜਿਵੇਂ ਬਨ ਵਿਚ ਸ਼ੇਰ ਦੇ ਬੱਚੇ ਨੂੰ ਵੇਖ ਕੇ ਹਿਰਨਾਂ ਦੀ ਡਾਰ ਭਜ ਜਾਂਦੀ ਹੈ ॥੧੦੮੩॥

ਭਾਗਿ ਤਬੈ ਸਭ ਹੀ ਰਨ ਤੇ ਗਿਰਤੇ ਪਰਤੇ ਨ੍ਰਿਪ ਤੀਰ ਪੁਕਾਰੇ ॥

ਤਦ ਸਾਰੇ ਰਣ-ਭੂਮੀ ਵਿਚੋਂ ਭਜ ਕੇ ਡਿਗਦੇ ਢਹਿੰਦੇ ਰਾਜਾ (ਜਰਾਸੰਧ) ਪਾਸ ਪੁਕਾਰ ਕਰਦੇ ਹਨ,

ਤੇਰੇ ਹੀ ਜੀਵਤ ਹੇ ਪ੍ਰਭ ਜੂ ਸਿਗਰੇ ਰਿਸ ਕੈ ਬਲ ਸ੍ਯਾਮ ਸੰਘਾਰੇ ॥

ਹੇ ਸੁਆਮੀ ਜੀ! ਤੁਹਾਡੇ ਜੀਉਂਦੇ ਜੀ, ਬਲਰਾਮ ਅਤੇ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਸਾਰੇ (ਸੈਨਿਕ) ਮਾਰ ਦਿੱਤੇ ਹਨ।

ਮਾਰੇ ਅਨੇਕ ਨ ਏਕ ਬਚਿਯੋ ਬਹੁ ਬੀਰ ਗਿਰੇ ਰਨ ਭੂਮਿ ਮਝਾਰੇ ॥

ਅਨੇਕਾਂ ਮਾਰੇ ਗਏ ਹਨ ਅਤੇ ਇਕ ਵੀ ਬਚਿਆ ਨਹੀਂ ਹੈ; ਬਹੁਤ ਸਾਰੇ ਸੂਰਮੇ ਰਣ-ਭੂਮੀ ਵਿਚ ਡਿਗੇ ਪਏ ਹਨ।

ਤਾ ਤੇ ਸੁਨੋ ਬਿਨਤੀ ਹਮਰੀ ਉਨ ਜੀਤ ਭਈ ਤੁਮਰੇ ਦਲ ਹਾਰੇ ॥੧੦੮੪॥

ਇਸ ਲਈ ਸਾਡੀ ਬੇਨਤੀ ਸੁਣੋ, ਉਨ੍ਹਾਂ ਦੀ ਜਿਤ ਹੋ ਗਈ ਹੈ ਅਤੇ ਤੁਹਾਡੀ ਸੈਨਾ ਹਾਰ ਗਈ ਹੈ ॥੧੦੮੪॥

ਕੋਪ ਕਰਿਯੋ ਤਬ ਸੰਧਿ ਜਰਾ ਅਰਿ ਮਾਰਨ ਕਉ ਬਹੁ ਬੀਰ ਬੁਲਾਏ ॥

ਉਸ ਵੇਲੇ ਜਰਾਸੰਧ ਨੇ ਕ੍ਰੋਧ ਕੀਤਾ ਅਤੇ ਵੈਰੀ ਨੂੰ ਮਾਰਨ ਲਈ ਬਹੁਤ ਸਾਰੇ ਯੋਧੇ ਬੁਲਾ ਲਏ।

ਆਇਸ ਪਾਵਤ ਹੀ ਨ੍ਰਿਪ ਕੈ ਮਿਲਿ ਕੈ ਹਰਿ ਕੇ ਬਧਬੇ ਕਹੁ ਧਾਏ ॥

ਰਾਜੇ ਦੀ ਆਗਿਆ ਪ੍ਰਾਪਤ ਕਰਦਿਆਂ ਹੀ (ਸਾਰੇ ਯੋਧੇ) ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਭਜ ਪਏ।

ਬਾਨ ਕਮਾਨ ਗਦਾ ਗਹਿ ਕੈ ਉਮਡੇ ਘਨ ਜਿਉ ਘਨ ਸ੍ਯਾਮ ਪੈ ਆਏ ॥

ਬਾਣ, ਕਮਾਨ, ਗਦਾ (ਆਦਿਕ ਸ਼ਸਤ੍ਰ) ਪਕੜ ਕੇ ਬਦਲ ਵਾਂਗ ਉਮਡ ਕੇ ਸ੍ਰੀ ਕ੍ਰਿਸ਼ਨ ਉਤੇ ਚੜ੍ਹ ਆਏ।

ਆਇ ਪਰੇ ਹਰਿ ਊਪਰ ਸੋ ਮਿਲਿ ਕੈ ਬਗ ਮੇਲਿ ਤੁਰੰਗ ਉਠਾਏ ॥੧੦੮੫॥

ਉਹ ਮਿਲ ਕੇ ਸ੍ਰੀ ਕ੍ਰਿਸ਼ਨ ਉਪਰ ਆ ਪਏ (ਜਿਵੇਂ) ਬਗਲੇ ਮਿਲ ਕੇ ਲਹਿਰਾਂ (ਦੀ ਸ਼ਕਲ ਵਿਚ) ਉਠ ਕੇ (ਆ ਰਹੇ ਹਨ) ॥੧੦੮੫॥

ਰੋਸ ਭਰੇ ਮਿਲਿ ਆਨਿ ਪਰੇ ਹਰਿ ਕਉ ਲਲਕਾਰ ਕੇ ਜੁਧ ਮਚਾਯੋ ॥

ਕ੍ਰੋਧ ਨਾਲ ਭਰੇ ਹੋਏ ਮਿਲ ਕੇ ਆ ਪਏ ਹਨ ਅਤੇ ਸ੍ਰੀ ਕ੍ਰਿਸ਼ਨ ਨੂੰ ਵੰਗਾਰਦੇ ਹੋਇਆਂ ਯੁੱਧ ਮਚਾ ਦਿੱਤਾ ਹੈ।

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਯੌ ਤਿਨ ਸਾਰ ਸੋ ਸਾਰ ਬਜਾਯੋ ॥

ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਪਕੜ ਕੇ ਇਸ ਤਰ੍ਹਾਂ ਉਨ੍ਹਾਂ ਨੇ ਲੋਹੇ ਨਾਲ ਲੋਹਾ ਵਜਾਇਆ ਹੈ।

ਘਾਇਲ ਆਪ ਭਏ ਭਟ ਸੋ ਅਰੁ ਸਸਤ੍ਰਨ ਸੋ ਹਰਿ ਕੋ ਤਨੁ ਘਾਯੋ ॥

ਉਹ ਸੂਰਮੇ ਆਪ ਘਾਇਲ ਹੋ ਗਏ ਹਨ ਅਤੇ ਸ਼ਸਤ੍ਰਾਂ ਨਾਲ ਕ੍ਰਿਸ਼ਨ ਦੇ ਸ਼ਰੀਰ ਨੂੰ ਜ਼ਖਮੀ ਕਰ ਦਿੱਤਾ ਹੈ।

ਦਉਰ ਪਰੇ ਹਲ ਮੂਸਲ ਲੈ ਬਲਿ ਬੈਰਨ ਕੋ ਦਲੁ ਮਾਰਿ ਗਿਰਾਯੋ ॥੧੦੮੬॥

ਬਲਰਾਮ ਹਲ ਅਤੇ ਮੋਹਲਾ ਲੈ ਕੇ ਦੌੜ ਕੇ ਜਾ ਪਿਆ ਹੈ ਅਤੇ ਵੈਰੀਆਂ ਦੇ ਦਲ ਮਾਰ ਸੁਟੇ ਹਨ ॥੧੦੮੬॥

ਦੋਹਰਾ ॥

ਦੋਹਰਾ:

ਜੂਝ ਪਰੈ ਜੇ ਨ੍ਰਿਪ ਬਲੀ ਹਰਿ ਸਿਉ ਜੁਧੁ ਮਚਾਇ ॥

ਜਿਹੜੇ ਬਲਵਾਨ ਰਾਜੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾ ਕੇ ਮਾਰੇ ਗਏ ਹਨ,

ਤਿਨ ਬੀਰਨ ਕੇ ਨਾਮ ਸਬ ਸੋ ਕਬਿ ਕਹਤ ਸੁਨਾਇ ॥੧੦੮੭॥

ਉਨ੍ਹਾਂ ਸਾਰਿਆਂ ਦੇ ਨਾਂ ਵੀ ਕਹਿ ਕੇ ਸੁਣਾਉਂਦਾ ਹੈ ॥੧੦੮੭॥

ਸਵੈਯਾ ॥

ਸਵੈਯਾ:

ਸ੍ਰੀ ਨਰ ਸਿੰਘ ਬਲੀ ਗਜ ਸਿੰਘ ਚਲਿਯੋ ਧਨ ਸਿੰਘ ਸਰਾਸਨ ਲੈ ॥

ਸ੍ਰੀ ਨਰ ਸਿੰਘ, ਬਲੀ ਗਜ ਸਿੰਘ, ਧਨ ਸਿੰਘ ਧਨੁਸ਼ ਬਾਣ ਲੈ ਕੇ ਚਲੇ ਹਨ।

ਹਰੀ ਸਿੰਘ ਬਡੋ ਰਨ ਸਿੰਘ ਨਰੇਸ ਤਹਾ ਕੋ ਚਲਿਯੋ ਦਿਜ ਕੋ ਧਨ ਦੈ ॥

ਵੱਡਾ ਸੂਰਮਾ ਹਰਿ ਸਿੰਘ ਅਤੇ ਰਾਜਾ ਰਨ ਸਿੰਘ, ਬ੍ਰਾਹਮਣਾਂ ਨੂੰ ਧਨ (ਦਾਨ) ਦੇ ਕੇ ਉਥੋਂ ਲਈ ਤੁਰੇ ਹਨ।

ਜਦੁਬੀਰ ਸੋ ਜਾਇ ਕੈ ਜੁਧ ਕਰਿਯੋ ਬਹੁਬੀਰ ਚਮੂੰ ਸੁ ਘਨੀ ਹਨਿ ਕੈ ॥

(ਇਨ੍ਹਾਂ ਸਾਰਿਆਂ ਨੇ) ਸ੍ਰੀ ਕ੍ਰਿਸ਼ਨ ਨਾਲ ਜਾ ਕੇ ਯੁੱਧ ਕੀਤਾ ਹੈ ਅਤੇ ਬਹੁਤ ਸਾਰੇ ਸੂਰਮੇ ਅਤੇ ਅਤਿ ਅਧਿਕ ਸੈਨਾ ਮਾਰ ਦਿੱਤੀ ਹੈ।

ਹਰਿ ਊਪਰਿ ਬਾਨ ਅਨੇਕ ਹਨੇ ਇਹ ਭਾਤਿ ਕਹਿਯੋ ਹਮਰੀ ਰਨਿ ਜੈ ॥੧੦੮੮॥

ਸ੍ਰੀ ਕ੍ਰਿਸ਼ਨ ਉਤੇ ਵੀ ਬਹੁਤ ਬਾਣ ਚਲਾਏ ਹਨ ਅਤੇ ਇਸ ਤਰ੍ਹਾਂ ਕਿਹਾ ਹੈ, 'ਰਣ ਵਿਚ ਸਾਡੀ ਹੀ ਜਿਤ ਹੈ' ॥੧੦੮੮॥

ਹੋਇ ਇਕਤ੍ਰ ਇਤੇ ਨ੍ਰਿਪ ਯੌ ਹਰਿ ਊਪਰ ਬਾਨ ਚਲਾਵਨ ਲਾਗੇ ॥

ਇਸ ਤਰ੍ਹਾਂ ਇਤਨੇ ਰਾਜੇ ਇਕਤਰ ਹੋ ਕੇ ਸ੍ਰੀ ਕ੍ਰਿਸ਼ਨ ਉਤੇ ਬਾਣ ਚਲਾਉਣ ਲਗ ਗਏ।

ਕੋਪ ਕੈ ਜੁਧ ਕਰਿਯੋ ਤਿਨ ਹੂੰ ਬ੍ਰਿਜਨਾਇਕ ਤੇ ਪਗ ਦੁਇ ਕਰਿ ਆਗੇ ॥

ਇਨ੍ਹਾਂ ਨੇ ਕ੍ਰੋਧ ਕਰ ਕੇ ਯੁੱਧ ਕੀਤਾ ਅਤੇ ਕ੍ਰਿਸ਼ਨ ਨਾਲੋਂ ਦੋ ਕਦਮ ਅਗੇ ਵਧ ਕੇ ਲੜੇ।

ਜੀਵ ਕੀ ਆਸ ਕਉ ਤ੍ਯਾਗਿ ਤਬੈ ਸਬ ਹੀ ਰਸ ਰੁਦ੍ਰ ਬਿਖੈ ਅਨੁਰਾਗੇ ॥

ਜੀਉਣ ਦੀ ਆਸ ਨੂੰ ਛਡ ਕੇ ਉਸ ਵੇਲੇ ਸਾਰੇ ਹੀ ਰੌਦਰ ਰਸ ਵਿਚ ਮਗਨ ਸਨ।

ਚੀਰ ਧਰੇ ਸਿਤ ਆਏ ਹੁਤੇ ਛਿਨ ਬੀਚ ਭਏ ਸਭ ਆਰੁਨ ਬਾਗੇ ॥੧੦੮੯॥

(ਉਹ) ਸਫ਼ੈਦ ਕਪੜੇ ਪਾ ਕੇ ਆਏ ਹੋਏ ਸਨ, (ਪਰ) ਛਿਣ ਭਰ ਵਿਚ ਉਨ੍ਹਾਂ ਦੇ ਬਸਤ੍ਰ ਲਾਲ ਰੰਗ ਦੇ ਹੋ ਗਏ ॥੧੦੮੯॥

ਜੁਧ ਕਰਿਯੋ ਤਿਨ ਬੀਰਨ ਸ੍ਯਾਮ ਸੋ ਪਾਰਥ ਜ੍ਯੋ ਰਿਸ ਕੈ ਕਰਨੈ ਸੇ ॥

ਉਨ੍ਹਾਂ ਸੂਰਵੀਰਾਂ ਨੇ ਕ੍ਰਿਸ਼ਨ ਨਾਲ (ਇਸ ਤਰ੍ਹਾਂ ਦਾ) ਯੁੱਧ ਕੀਤਾ, ਜਿਸ ਤਰ੍ਹਾਂ ਦਾ ਅਰਜਨ ਨੇ ਕ੍ਰੋਧਵਾਨ ਹੋ ਕੇ 'ਕਰਨ' ਨਾਲ ਕੀਤਾ ਸੀ।

ਕੋਪ ਭਰਿਯੋ ਬਹੁ ਸੈਨ ਹਨੀ ਬਲਿਭਦ੍ਰ ਅਰਿਯੋ ਰਨ ਭੂ ਮਧਿ ਐਸੇ ॥

ਕ੍ਰੋਧ ਨਾਲ ਭਰ ਕੇ ਬਹੁਤ ਸਾਰੀ ਸੈਨਾ ਮਾਰ ਦਿੱਤੀ ਅਤੇ ਬਲਰਾਮ ਰਣ ਵਿਚ ਇਸ ਤਰ੍ਹਾਂ ਡਟ ਗਿਆ (ਜਿਵੇਂ) ਭੂਮੀ ਵਿਚ (ਖੰਭਾ ਗਡਿਆ ਹੁੰਦਾ ਹੈ)।

ਬੀਰ ਫਿਰੈ ਕਰਿ ਸਾਗਨਿ ਲੈ ਤਿਹ ਘੇਰਿ ਲਯੋ ਬਲਦੇਵਹਿ ਕੈਸੇ ॥

(ਜੋ) ਸੈਨਿਕ ਹੱਥ ਵਿਚ ਬਰਛੇ ਲੈ ਕੇ ਫਿਰਦੇ ਹਨ, ਉਨ੍ਹਾਂ ਨੇ ਬਲਦੇਵ ਨੂੰ ਕਿਸ ਤਰ੍ਹਾਂ ਘੇਰ ਲਿਆ;

ਜੋਰਿ ਸੋ ਸਾਕਰਿ ਤੋਰਿ ਘਿਰਿਯੋ ਮਦ ਮਤ ਕਰੀ ਗਢਦਾਰਨ ਜੈਸੇ ॥੧੦੯੦॥

ਜਿਵੇਂ ਮਸਤ ਹਾਥੀ ਜ਼ੋਰ ਨਾਲ ਸੰਗਲ ਤੁੜਾ ਕੇ ਵੀ ਨੇਜ਼ਾਬਰਦਾਰਾਂ (ਅਰਥਾਤ ਭਾਲੇ ਰਖਣ ਵਾਲੇ ਪਹਿਰੇਦਾਰਾਂ) ਦੁਆਰਾ ਘਿਰਿਆ ਰਹਿੰਦਾ ਹੈ ॥੧੦੯੦॥

ਰਨਭੂਮਿ ਮੈ ਜੁਧ ਭਯੋ ਅਤਿ ਹੀ ਤਤਕਾਲ ਮਰੇ ਰਿਪੁ ਆਏ ਹੈ ਜੋਊ ॥

ਯੁੱਧ-ਭੂਮੀ ਵਿਚ ਅਤਿ ਯੁੱਧ ਹੋ ਰਿਹਾ ਹੈ, (ਉਥੇ) ਜਿਹੜੇ ਵੀ ਸੂਰਮੇ ਆਏ ਹਨ, ਉਸੇ ਵੇਲੇ ਮਾਰੇ ਗਏ ਹਨ।

ਜੁਧ ਕਰਿਯੋ ਘਨਿ ਸ੍ਯਾਮ ਘਨੋ ਉਤ ਕੋਪ ਭਰੇ ਮਨ ਮੈ ਭਟ ਓਊ ॥

ਸ੍ਰੀ ਕ੍ਰਿਸ਼ਨ ਨੇ ਵੀ ਬਹੁਤ ਯੁੱਧ ਕੀਤਾ ਹੈ, ਉਧਰ ਉਹ ਸੂਰਮੇ ਵੀ ਮਨ ਵਿਚ ਕ੍ਰੋਧ ਨਾਲ ਭਰੇ ਹੋਏ ਹਨ।

ਸ੍ਰੀ ਨਰਸਿੰਘ ਜੂ ਬਾਨ ਹਨ੍ਯੋ ਹਰਿ ਕੋ ਜਿਹ ਕੀ ਸਮ ਅਉਰ ਨ ਕੋਊ ॥

ਸ੍ਰੀ ਨਰ ਸਿੰਘ ਨੇ ਇਕ ਬਾਣ ਸ੍ਰੀ ਕ੍ਰਿਸ਼ਨ ਨੂੰ ਮਾਰਿਆ, ਜਿਸ ਦੇ ਬਰਾਬਰ ਦਾ ਕੋਈ (ਸੂਰਮਾ) ਨਹੀਂ ਹੈ।

ਯੌ ਉਪਮਾ ਉਪਜੀ ਜੀਯ ਮੈ ਜਿਵ ਸੋਵਤ ਸਿੰਘ ਜਗਾਵਤ ਕੋਊ ॥੧੦੯੧॥

(ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਜਿਸ ਤਰ੍ਹਾਂ ਕਿਸੇ ਨੇ ਸੁਤੇ ਹੋਏ ਸ਼ੇਰ ਨੂੰ ਜਗਾ ਦਿੱਤਾ ਹੈ ॥੧੦੯੧॥


Flag Counter