ਰਾਜਾ ਵਿਸ਼ਣੂ ਦਾ ਉਪਾਸਕ ਸੀ।
ਮੂੰਹ ਤੋਂ ਸਦਾ 'ਹਰਿ-ਹਰਿ' ਕਹਿੰਦਾ ਰਹਿੰਦਾ ਸੀ।
ਉਹ ਸ਼ਿਵ ਨੂੰ ਮਨ ਵਿਚ ਬਿਲਕੁਲ ਨਹੀਂ ਲਿਆਉਂਦਾ ਸੀ।
ਸਦਾ ਕ੍ਰਿਸ਼ਨ (ਵਿਸ਼ਣੂ) ਦੇ ਗੀਤ ਗਾਉਂਦਾ ਹੁੰਦਾ ਸੀ ॥੨॥
ਰਾਣੀ ਨੂੰ (ਉਹ) ਇਸ ਤਰ੍ਹਾਂ ਕਹਿੰਦਾ ਸੀ
ਕਿ ਤੂੰ 'ਸ਼ਿਵ ਸ਼ਿਵ' ਦਾ ਜਾਪ ਕਿਉਂ ਕਰਦੀ ਹੈਂ।
ਇਸ ਵਿਚ ਕੋਈ ਚਮਤਕਾਰ ਨਹੀਂ ਹੈ।
ਮੇਰੇ ਮਨ ਵਿਚ ਇਹ ਗੱਲ ਆਉਂਦੀ ਹੈ ॥੩॥
(ਇਕ ਵਾਰ ਰਾਣੀ ਨੇ ਕਿਹਾ) ਜੇ ਮੈਂ ਤੁਹਾਨੂੰ ਸ਼ਿਵ ਦਾ ਚਮਤਕਾਰ ਵਿਖਾਵਾਂ
ਤਾਂ ਤੁਹਾਨੂੰ ਇਸ ਧਰਮ ਮਾਰਗ ਉਤੇ ਲੈ ਆਵਾਂ।
ਤੁਸੀਂ ਸ਼ਿਵ ਦੇ ਚਰਿਤ੍ਰ ਨੂੰ ਕੁਝ ਨਹੀਂ ਜਾਣਦੇ।
ਧਨ ਅਤੇ ਮਹੱਲ ('ਪ੍ਰਸਾਦ') ਕਰ ਕੇ ਦਿਵਾਨੇ ਹੋਏ ਰਹਿੰਦੇ ਹੋ ॥੪॥
ਛਪੈ ਛੰਦ:
ਪਹਿਲਾਂ ਤ੍ਰਿਪੁਰ (ਦੈਂਤ) ਨੂੰ ਮਾਰ ਕੇ ਰੁਦ੍ਰ 'ਤ੍ਰਿਪੁਰਾਰਿ' ਅਖਵਾਇਆ।
ਗੰਗਾ ਨੂੰ ਜਟਾਵਾਂ ਵਿਚ ਧਾਰਨ ਕਰ ਕੇ 'ਗੰਗਧਰ' ਨਾਮ ਨਾਲ ਸੁਸ਼ੋਭਿਤ ਹੋਇਆ।
ਜਟਾਵਾਂ ਦਾ ਜੂੜਾ ਧਾਰਨ ਕਰ ਕੇ ਸਦਾ 'ਜਟੀ' ਨਾਂ ਨਾਲ ਪ੍ਰਸਿੱਧ ਹੋਇਆ।
ਪੰਛੀਆਂ, ਪਸ਼ੂਆਂ, ਯਕਸ਼ਾਂ, ਭੁਜੰਗਾਂ, ਦੈਂਤਾਂ, ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ (ਦੇ ਮਨ) ਨੂੰ ਮੋਹੰਦਾ ਹੈ।
ਪਾਰਬਤੀ ਨਾਲ ਵਿਆਹ ਕਰਨ ਕਰ ਕੇ ਸਾਰੇ ਪਾਰਬਤੀਸ੍ਵਰ ਵਜੋਂ ਜਾਣਦੇ ਹਨ।
ਹੇ ਮੂਰਖ ਰਾਜੇ! ਤੂੰ ਉਸ ਦਾ ਭੇਦ ਕਿਵੇਂ ਜਾਣ ਸਕਦਾ ਹੈਂ ॥੫॥
ਦੋਹਰਾ:
(ਮੈਂ) ਤੁਹਾਨੂੰ ਪਹਿਲਾਂ (ਉਸ ਦਾ) ਚਮਤਕਾਰ ਤੁਰਤ ਵਿਖਾਉਂਦੀ ਹਾਂ।
ਫਿਰ ਸ਼ਿਵ ਦਾ ਸੇਵਕ ਕਰ ਕੇ ਇਸ ਮਾਰਗ ਤੇ ਲਿਆਉਂਦੀ ਹਾਂ ॥੬॥
ਚੌਪਈ:
ਜਦ ਉਸ ਨੇ ਪਤੀ ਨੂੰ ਸੁਤਾ ਹੋਇਆ ਵੇਖਿਆ,
(ਤਾਂ ਉਸ ਨੂੰ) ਮੰਜੇ ਤੋਂ ਪਕੜ ਕੇ ਹੇਠਾਂ ਸੁਟ ਦਿੱਤਾ।
(ਉਹ) ਤਦ ਆਪ ਸ਼ਿਵ, ਸ਼ਿਵ, ਸ਼ਿਵ ਕਰਨ ਲਗ ਗਈ,
ਪਰ ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ ॥੭॥
ਕਿਸ ਨੇ ਮੈਨੂੰ ਧੱਕਾ ਦੇ ਕੇ ਪਟਕਾਇਆ ਹੈ
ਹੇ ਰਾਣੀ! ਮੈਂ ਇਹ ਕੁਝ ਨਹੀਂ ਸਮਝ ਸਕਿਆ।
ਇਹ ਸਾਰੀ ਵਿਥਿਆ ਮੈਨੂੰ ਦਸੋ
ਅਤੇ ਮੇਰੇ ਚਿਤ ਦਾ ਦੁਖ ਦੂਰ ਕਰੋ ॥੮॥
(ਰਾਣੀ ਨੇ ਉੱਤਰ ਦਿੱਤਾ) ਤੁਸੀਂ ਰੁਦ੍ਰ ਪ੍ਰਤਿ ਕੁਝ (ਮਾੜੇ) ਬਚਨ ਉਚਾਰੇ ਹੋਣੇ ਹਨ।
ਤਦ ਹੀ ਸ਼ਿਵ ਤੁਹਾਡੇ ਉਤੇ ਨਾਰਾਜ਼ ਹੋਇਆ ਹੈ।
(ਉਸ ਨੇ) ਇਹ ਚਮਤਕਾਰ ਤੁਹਾਨੂੰ ਵਿਖਾਇਆ ਹੈ।
ਮੰਜੀ ਤੋਂ ਭੂਮੀ ਉਤੇ ਪਟਕ ਦਿੱਤਾ ਹੈ ॥੯॥
ਇਹ ਬਚਨ ਸੁਣ ਕੇ ਮੂਰਖ ਬਹੁਤ ਡਰ ਗਿਆ।
ਉਠ ਕੇ ਉਸ ਇਸਤਰੀ ਦੇ ਪੈਰੀਂ ਪੈ ਗਿਆ।
(ਅਤੇ ਕਹਿਣ ਲਗਾ) ਮੈਂ ਅਜ ਤੋਂ ਵਿਸ਼ਣੂ ਦਾ ਜਾਪ ਛਡ ਦਿੱਤਾ ਹੈ
ਅਤੇ ਸ਼ਿਵ ਜੀ ਦੇ ਚਰਨਾਂ ਨਾਲ ਲਗ ਗਿਆ ਹਾਂ ॥੧੦॥
ਸ਼ਿਵ ਨੇ ਮੈਨੂੰ ਚਮਤਕਾਰ ਵਿਖਾਇਆ ਹੈ।
ਇਸ ਲਈ ਉਸ ਨੇ ਆਪਣੇ ਚਰਨਾਂ ਵਿਚ ਪਾਇਆ ਹੈ।
ਹੁਣ ਮੈਂ ਉਸ ਦਾ ਚੇਲਾ ਹੋ ਗਿਆ ਹਾਂ।
ਤਦ ਤੋਂ (ਮੈਂ) ਵਿਸ਼ਣੂ ਦਾ ਜਾਪ ਛਡ ਦਿੱਤਾ ਹੈ ॥੧੧॥
ਦੋਹਰਾ:
ਪਲੰਘ ਉਤੇ ਸੁੱਤੇ ਹੋਏ ਰਾਜੇ ਨੂੰ ਰਾਣੀ ਨੇ ਥਲੇ ਸੁਟ ਕੇ
ਤੁਰਤ ਸ਼ਿਵ ਦਾ ਸ਼ਿਸ਼ ਬਣਾਇਆ, ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੦॥੨੫੭੫॥ ਚਲਦਾ॥
ਚੌਪਈ:
ਇਕ ਵੱਡਾ ਪਰਬਤੇਸ ਰਾਜਾ ਸੀ।
(ਉਸ) ਚੰਦ੍ਰਬੰਸੀ ਰਾਜੇ ਦਾ ਪ੍ਰਕਾਸ਼ ਚੰਦ੍ਰਮਾ ਤੋਂ ਵੀ ਜ਼ਿਆਦਾ ਸੀ।
ਉਸ ਦੀ ਭਾਗਮਤੀ ਨਾਂ ਦੀ ਇਸਤਰੀ ਸੀ।
(ਜੋ ਇਤਨੀ ਸੁੰਦਰ ਸੀ ਕਿ) ਚੰਦ੍ਰਮਾ ਨੇ ਵੀ ਉਸ ਤੋਂ ਜੋਤਿ ਲਈ (ਪ੍ਰਤੀਤ ਹੁੰਦੀ) ਸੀ ॥੧॥
ਦੋਹਰਾ:
ਉਸ ਦਾ ਮਹੱਲ ਬਹੁਤ ਵੱਡਾ ਸੁਣੀਂਦਾ ਸੀ ਅਤੇ (ਉਸ ਉਤੇ) ਧੁਜਾ ਲਹਿਰਾਉਂਦੀ ਰਹਿੰਦੀ ਸੀ।
ਉਸ ਨੂੰ ਸਚਮੁਚ ਸਵਰਗ ਸਮਝਣਾ ਚਾਹੀਦਾ ਹੈ, (ਉਸ ਨੂੰ) ਮਹੱਲ ਨਹੀਂ ਸੀ ਸਮਝਿਆ ਜਾ ਸਕਦਾ ॥੨॥
ਚੌਪਈ:
(ਇਕ ਵਾਰ) ਰਾਣੀ ਨੇ ਦੇਬਿਦੱਤ ਨੂੰ ਵੇਖਿਆ,
ਮਾਨੋ ਉਸ ਨੂੰ ਰੂਪ ਦੀ ਰਾਸ ਵਿਚਾਰਿਆ ਹੋਵੇ।
ਸਖੀ ਨੂੰ ਭੇਜ ਕੇ ਉਸ ਨੂੰ ਬੁਲਾ ਲਿਆ
ਅਤੇ ਉਸ ਨਾਲ ਬਹੁਤ ਕਾਮਕ੍ਰੀੜਾ ਕੀਤੀ ॥੩॥
ਬੀਰਦੇਵ ਰਾਜੇ ਨੇ ਸੁਣਿਆ
ਕਿ ਸਾਡੇ (ਮਹੱਲ ਵਿਚ) ਕੋਈ ਯਾਰ (ਪ੍ਰੇਮੀ) ਆਇਆ ਹੈ।
ਰਾਜੇ ਨੇ ਬਹੁਤ ਕ੍ਰੋਧਿਤ ਹੋ ਕੇ ਤਲਵਾਰ ਚੁਕ ਲਈ
ਅਤੇ ਅੱਖ ਦੇ ਪਲਕਾਰੇ ਵਿਚ ਚਲ ਕੇ ਉਥੇ ਆ ਗਿਆ ॥੪॥
ਭਾਗਵਤੀ ਨੇ ਜਦ ਰਾਜੇ ਨੂੰ ਵੇਖ ਲਿਆ
ਤਾਂ ਉਸ (ਯਾਰ) ਨੂੰ ਮਹੱਲ ਉਤੇ ਚੜ੍ਹਾ ਦਿੱਤਾ।
ਉਸ ਨੇ ਅਗੇ ਹੋ ਕੇ ਪਤੀ ਦਾ ਸੁਆਗਤ ਕੀਤਾ
ਅਤੇ ਬਹੁਤ ਤਰ੍ਹਾਂ ਨਾਲ ਸੰਯੋਗ ਕੀਤਾ ॥੫॥
ਦੋਹਰਾ:
(ਭਾਗਵਤੀ ਨੇ) ਰੂੰ ਨਾਲ ਤੁਰਤ ਇਕ ਸਦਨ (ਘਰ, ਕਮਰਾ) ਭਰ ਲਿਆ
ਅਤੇ ਰਾਜੇ ਨੂੰ ਕਹਿ ਦਿੱਤਾ ਕਿ 'ਅਜ ਮੈਂ ਇਕ ਚੋਰ ਪਕੜਿਆ ਹੈ' ॥੬॥
ਚੌਪਈ: