ਸ਼੍ਰੀ ਦਸਮ ਗ੍ਰੰਥ

ਅੰਗ - 290


ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦਿ ॥

ਮੈਂ ਚੰਗੇ ਮਾੜੇ ਅਤੇ ਵਾਦ-ਵਿਵਾਦ ਤੇ ਸੁਵਾਦ ਨੂੰ ਵੀ ਨਹੀਂ ਜਾਣਦਾ।

ਗ੍ਰੰਥ ਸਕਲ ਪੂਰਣ ਕੀਯੋ ਭਗਵਤ ਕ੍ਰਿਪਾ ਪ੍ਰਸਾਦਿ ॥੮੬੨॥

ਬਸ ਸ੍ਰੀ ਭਗਵਾਨ ਦੀ ਕ੍ਰਿਪਾ ਅਤੇ ਮਿਹਰ ਕਰਕੇ ਹੀ ਸਾਰਾ ਗ੍ਰੰਥ ਪੂਰਾ ਕੀਤਾ ਹੈ ॥੮੬੨॥

ਸ੍ਵੈਯਾ ॥

ਸ੍ਵੈਯਾ

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥

ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖਾਂ ਹੇਠਾਂ ਨਹੀਂ ਲਿਆਉਂਦਾ।

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥

ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮੱਤ ਕਹੇ ਗਏ ਹਨ। (ਪਰ ਮੈਂ ਕਿਸੇ) ਇਕ ਨੂੰ ਵੀ ਨਹੀਂ ਮੰਨਦਾ।

ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥

ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦੱਸਦੇ ਹਨ, ਪਰ ਮੈਂ ਇਕ ਵੀ ਨਹੀਂ ਜਾਣਿਆ।

ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥

ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ)। (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ ॥੮੬੩॥

ਦੋਹਰਾ ॥

ਦੋਹਰਾ

ਸਗਲ ਦੁਆਰ ਕਉ ਛਾਡਿ ਕੈ ਗਹਯੋ ਤੁਹਾਰੋ ਦੁਆਰ ॥

ਸਾਰੇ ਦਰਾਂ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ।

ਬਾਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤੁਹਾਰ ॥੮੬੪॥

ਤੁਹਾਨੂੰ ਬਾਂਹ ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾਂ ॥੮੬੪॥

ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ।

ਕ੍ਰਿਸਨਾਵਤਾਰ ॥

ਕ੍ਰਿਸਨਾਵਤਾਰ:

ੴ ਵਾਹਿਗੁਰੂ ਜੀ ਕੀ ਫਤਹ ॥

ਸ੍ਰੀ ਅਕਾਲ ਪੁਰਖ ਜੀ ਸਹਾਇ ॥

ਸ੍ਰੀ ਅਕਾਲ ਪੁਰਖ ਜੀ ਸਹਾਇ:

ਅਥ ਕ੍ਰਿਸਨਾਵਤਾਰ ਇਕੀਸਮੋ ਕਥਨੰ ॥

ਹੁਣ ਕ੍ਰਿਸਨਾਵਤਾਰ ਇਕੀਸਵੇਂ ਦਾ ਕਥਨ ਹੁੰਦਾ ਹੈ:

ਚੌਪਈ ॥

ਚੌਪਈ:

ਅਬ ਬਰਣੋ ਕ੍ਰਿਸਨਾ ਅਵਤਾਰੂ ॥

ਹੁਣ ਮੈਂ ਕ੍ਰਿਸ਼ਨ ਅਵਤਾਰ ਦੀ ਕਥਾ ਦਾ ਵਰਣਨ ਕਰਦਾ ਹਾਂ,

ਜੈਸ ਭਾਤਿ ਬਪੁ ਧਰਿਯੋ ਮੁਰਾਰੂ ॥

ਜਿਸ ਤਰ੍ਹਾਂ ਕਿ ਵਿਸ਼ਣੂ ਨੇ (ਕ੍ਰਿਸ਼ਨ ਦਾ) ਸਰੂਪ ਧਾਰਨ ਕੀਤਾ ਸੀ।

ਪਰਮ ਪਾਪ ਤੇ ਭੂਮਿ ਡਰਾਨੀ ॥

ਘੋਰ ਪਾਪਾਂ ਕਾਰਨ ਧਰਤੀ ਭੈ ਭੀਤ ਹੋ ਗਈ

ਡਗਮਗਾਤ ਬਿਧ ਤੀਰਿ ਸਿਧਾਨੀ ॥੧॥

ਅਤੇ ਡਗਮਗਾਉਂਦੀ ਹੋਈ ਬ੍ਰਹਮਾ ਕੋਲ ਗਈ ॥੧॥

ਬ੍ਰਹਮਾ ਗਯੋ ਛੀਰ ਨਿਧਿ ਜਹਾ ॥

ਬ੍ਰਹਮਾ (ਉਥੇ) ਗਿਆ ਜਿਥੇ ਛੀਰ ਸਮੁੰਦਰ ਸੀ,

ਕਾਲ ਪੁਰਖ ਇਸਥਿਤ ਥੇ ਤਹਾ ॥

(ਕਿਉਂਕਿ) 'ਕਾਲ-ਪੁਰਖ' ਉਥੇ ਬਿਰਾਜਮਾਨ ਸਨ।

ਕਹਿਯੋ ਬਿਸਨੁ ਕਹੁ ਨਿਕਟਿ ਬੁਲਾਈ ॥

(ਉਨ੍ਹਾਂ ਨੇ) ਵਿਸ਼ਣੂ ਨੂੰ ਕੋਲ ਬੁਲਾ ਕੇ ਕਿਹਾ,

ਕ੍ਰਿਸਨ ਅਵਤਾਰ ਧਰਹੁ ਤੁਮ ਜਾਈ ॥੨॥

"ਤੂੰ ਜਾ ਕੇ ਕ੍ਰਿਸ਼ਨ ਅਵਤਾਰ ਧਾਰਨ ਕਰ ॥੨॥

ਦੋਹਰਾ ॥

ਦੋਹਰਾ:

ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ ॥

ਕਾਲ-ਪੁਰਖ ਦੀ ਆਗਿਆ ਨਾਲ ਸੰਤਾਂ ਦੀ ਸਹਾਇਤਾ ਲਈ

ਮਥੁਰਾ ਮੰਡਲ ਕੇ ਬਿਖੈ ਜਨਮੁ ਧਰੋ ਹਰਿ ਰਾਇ ॥੩॥

ਮਥੁਰਾ ਖੇਤਰ ('ਮੰਡਲ') ਵਿਚ ਵਿਸ਼ਣੂ ਨੇ ਜਨਮ ਧਾਰਨ ਕੀਤਾ ॥੩॥

ਚੌਪਈ ॥

ਚੌਪਈ:

ਜੇ ਜੇ ਕ੍ਰਿਸਨ ਚਰਿਤ੍ਰ ਦਿਖਾਏ ॥

ਜਿਹੜੇ ਜਿਹੜੇ ਕੌਤਕ ਕ੍ਰਿਸ਼ਨ ਨੇ ਵਿਖਾਏ

ਦਸਮ ਬੀਚ ਸਭ ਭਾਖਿ ਸੁਨਾਏ ॥

(ਉਹ) ਸਾਰੇ (ਭਾਗਵਤ ਪੁਰਾਣ ਦੇ) ਦਸਵੇਂ (ਸਕੰਧ ਵਿਚ) ਕਹੇ ਹੋਏ ਹਨ।

ਗ੍ਯਾਰਾ ਸਹਸ ਬਾਨਵੇ ਛੰਦਾ ॥

(ਉਸ ਨਾਲ) ਸੰਬੰਧਿਤ ਯਾਰ੍ਹਾਂ ਸੌ ਬਾਨਵੇਂ ਛੰਦ

ਕਹੇ ਦਸਮ ਪੁਰ ਬੈਠਿ ਅਨੰਦਾ ॥੪॥

(ਮੈਂ) ਆਨੰਦਪੁਰ ਵਿਚ ਬੈਠ ਕੇ ਕਹੇ ਹਨ। (ਬਾਕੀ ਦੇ ਪਾਉਂਟਾ ਸਾਹਿਬ ਵਿਚ ਕਹੇ ਗਏ ਸਨ) ॥੪॥

ਅਥ ਦੇਵੀ ਜੂ ਕੀ ਉਸਤਤ ਕਥਨੰ ॥

ਹੁਣ ਦੇਵੀ ਜੀ ਦੀ ਉਸਤਤ ਦਾ ਕਥਨ ਆਰੰਭ ਹੁੰਦਾ ਹੈ

ਸਵੈਯਾ ॥

ਸਵੈਯਾ:

ਹੋਇ ਕ੍ਰਿਪਾ ਤੁਮਰੀ ਹਮ ਪੈ ਤੁ ਸਭੈ ਸਗਨੰ ਗੁਨ ਹੀ ਧਰਿ ਹੋਂ ॥

ਤੇਰੀ ਕ੍ਰਿਪਾ ਹੋਣ ਤੇ ਹੀ ਮੈਂ ਸਾਰੇ ਸ਼ੁਭ ਗੁਣਾਂ ਨੂੰ ਧਾਰਨ ਕਰਾਂਗਾ।

ਜੀਅ ਧਾਰਿ ਬਿਚਾਰ ਤਬੈ ਬਰ ਬੁਧਿ ਮਹਾ ਅਗਨੰ ਗੁਨ ਕੋ ਹਰਿ ਹੋਂ ॥

(ਮੈਂ) ਚਿਤ ਵਿਚ ਇਹ ਵਿਚਾਰ ਧਾਰਨ ਕਰ ਕੇ ਹੀ ਸ੍ਰੇਸ਼ਠ ਬੁੱਧੀ ਨੂੰ ਵਿਕਸਿਤ ਕਰਾਂਗਾ ਅਤੇ ਬੁਰੇ ਗੁਣਾਂ ਨੂੰ ਨਸ਼ਟ ਕਰਾਂਗਾ।

ਬਿਨੁ ਚੰਡਿ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹਉ ਕਰਿ ਹੋਂ ॥

ਹੇ ਚੰਡਿਕਾ! ਤੇਰੀ ਕ੍ਰਿਪਾ ਤੋਂ ਬਿਨਾ ਮੈਂ ਕਦੇ ਇਕ ਅੱਖਰ ਵੀ ਮੂੰਹੋਂ ਕਢ ਸਕਣ ਦੇ ਸਮਰਥ ਨਹੀਂ ਹਾਂ।

ਤੁਮਰੋ ਕਰਿ ਨਾਮੁ ਕਿਧੋ ਤੁਲਹਾ ਜਿਮ ਬਾਕ ਸਮੁੰਦ੍ਰ ਬਿਖੈ ਤਰਿ ਹੋਂ ॥੫॥

ਤੇਰੇ ਨਾਮ ਦਾ ਤੁਲਹਾ ਬਣਾ ਕੇ ਮੈਂ ਕਵਿਤਾ ('ਬਾਕ') ਰੂਪੀ ਸਮੁੰਦਰ ਤੋਂ ਤਰ ਸਕਦਾ ਹਾਂ ॥੫॥

ਦੋਹਰਾ ॥

ਦੋਹਰਾ:

ਰੇ ਮਨ ਭਜ ਤੂੰ ਸਾਰਦਾ ਅਨਗਨ ਗੁਨ ਹੈ ਜਾਹਿ ॥

ਹੇ ਮਨ! ਤੂੰ ਸ਼ਾਰਦਾ ਦਾ ਸਿਮਰਨ ਕਰ, ਜਿਸ ਵਿਚ ਅਣਗਿਣਤ ਗੁਣ ਹਨ।

ਰਚੌ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ ॥੬॥

ਜਦੋਂ ਉਹ (ਮੇਰੇ ਉਤੇ) ਕ੍ਰਿਪਾ ਕਰੇਗੀ, (ਤਦੋਂ ਮੈਂ) ਇਸ ਭਾਗਵਤ ਦੀ ਰਚਨਾ ਕਰਾਂਗਾ ॥੬॥

ਕਬਿਤੁ ॥

ਕਬਿੱਤ:

ਸੰਕਟ ਹਰਨ ਸਭ ਸਿਧਿ ਕੀ ਕਰਨ ਚੰਡ ਤਾਰਨ ਤਰਨ ਅਰੁ ਲੋਚਨ ਬਿਸਾਲ ਹੈ ॥

ਚੰਡਿਕਾ (ਦੁਰਗਾ) ਸਾਰੇ ਕਸ਼ਟਾਂ ਨੂੰ ਨਸ਼ਟ ਕਰਨ ਵਾਲੀ (ਅਤੇ ਸਾਰੇ ਕੰਮਾਂ ਨੂੰ) ਸਿੱਧ ਕਰਨ ਵਾਲੀ, (ਸੰਸਾਰ ਸਮੁੰਦਰ ਤੋਂ) ਪਾਰ ਕਰਨ ਵਾਲੀ ਅਤੇ ਵੱਡੇ ਨੇਤ੍ਰਾਂ ਵਾਲੀ ਹੈ।

ਆਦਿ ਜਾ ਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸਰਨਿ ਉਬਾਰਨ ਕਰਨ ਪ੍ਰਤਿਪਾਲ ਹੈ ॥

ਜਿਸ ਦੇ ਮੁੱਢ ਦਾ (ਪਤਾ ਲਗਾ ਸਕਣਾ) ਕਠਿਨ ਹੈ, (ਜਿਸ ਦੇ) ਅੰਤ ਦਾ ਆਰ ਪਾਰ ਨਹੀਂ ਹੈ, (ਜੋ) ਸ਼ਰਨ ਵਿਚ ਆਇਆਂ ਨੂੰ ਬਚਾਉਣ ਵਾਲੀ ਅਤੇ ਪ੍ਰਤਿਪਾਲਣ ਵਾਲੀ ਹੈ,

ਅਸੁਰ ਸੰਘਾਰਨ ਅਨਿਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮ ਜਾਲ ਹੈ ॥

(ਜੋ) ਦੈਂਤਾਂ ਨੂੰ ਨਸ਼ਟ ਕਰਨ ਵਾਲੀ ਹੈ, ਅਨੇਕਾਂ ਦੁਖਾਂ ਨੂੰ ਸਾੜਨ ਵਾਲੀ ਹੈ, ਪਾਪੀਆਂ ਨੂੰ ਤਾਰਨ ਵਾਲੀ ਹੈ ਅਤੇ ਜਮਾਂ ਦੇ ਜਾਲ ਤੋਂ ਛੁੜਾ ਲੈਣ ਵਾਲੀ ਹੈ।

ਦੇਵੀ ਬਰੁ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇਹ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥

ਦੁਰਗਾ ਵਰ (ਦੇਣ) ਯੋਗ ਹੈ, ਸ੍ਰੇਸ਼ਠ ਬੁੱਧੀ ਪ੍ਰਦਾਨ ਕਰਨ ਵਾਲੀ ਹੈ, (ਉਸ ਦੇ) ਵਰ ਦੇਣ ਨਾਲ ਦਾਸ (ਇਸ) ਗ੍ਰੰਥ ਨੂੰ ਛੇਤੀ ਹੀ ਤਿਆਰ ਕਰ ਲਵੇਗਾ ॥੭॥

ਸਵੈਯਾ ॥

ਸਵੈਯਾ:

ਅਦ੍ਰ ਸੁਤਾ ਹੂੰ ਕੀ ਜੋ ਤਨਯਾ ਮਹਿਖਾਸੁਰ ਕੀ ਮਰਤਾ ਫੁਨਿ ਜੋਊ ॥

ਜੋ ਪਾਰਬਤੀ ਦੀ ਪੁੱਤਰੀ (ਕਾਲੀ) ਹੈ ਅਤੇ ਮਹਿਖਾਸੁਰ ਨੂੰ ਮਾਰਨ ਵਾਲੀ ਹੈ,


Flag Counter