ਸ੍ਰੀ ਕ੍ਰਿਸ਼ਨ ਦੀ ਛਾਤੀ ਵਿਚ (ਜੋ) ਬਾਣ ਵਜਿਆ ਹੈ, ਉਹ ਖੰਭਾਂ ਤਕ ਧਸ ਗਿਆ ਹੈ।
(ਉਸ) ਬਾਣ ਦਾ ਆਕਾਰ ਲਹੂ ਨਾਲ ਭਰਿਆ ਗਿਆ ਹੈ, (ਉਸ ਨੂੰ) ਵੇਖ ਕੇ ਕ੍ਰਿਸ਼ਨ ਕ੍ਰੋਧ ਨਾਲ ਭਰ ਗਏ ਹਨ।
ਉਸ ਦੇ ਛਬੀ ਦਾ ਉੱਚਾ ਸ੍ਰੇਸ਼ਠ ਯਸ਼ ਕਵੀ ਨੇ ਇਸ ਤਰ੍ਹਾਂ ਕਿਹਾ ਹੈ,
ਮਾਨੋ ਤੱਛਕ (ਨਾਗ) ਦੇ ਬੱਚੇ ਨੂੰ ਵੇਖ ਕੇ ਗਰੁੜ ਨੇ ਪਕੜ ਕੇ ਨਿਗਲ ਲਿਆ ਹੋਵੇ ॥੧੦੯੨॥
ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ, ਕ੍ਰੋਧਵਾਨ ਹੋ ਕੇ ਬਾਣ ਨੂੰ ਚਿੱਲੇ ਵਿਚ ਚੜ੍ਹਾਇਆ।
ਗਜ ਸਿੰਘ ਨੂੰ ਅਚਾਨਕ ਹੀ ਬਾਣ ਮਾਰ ਦਿੱਤਾ, ਉਹ ਧਰਤੀ ਉਤੇ ਡਿਗ ਪਿਆ, ਮਾਨੋ ਸੱਪ ਲੜ ਗਿਆ ਹੋਵੇ।
ਹਰਿ ਸਿੰਘ ਜੋ ਉਥੇ ਖੜੋਤਾ ਸੀ, ਉਸ ਉਤੇ (ਨਿਸ਼ਾਣਾ ਸਾਧਿਆ) (ਪਰ) ਉਸ ਦੀ ਦਸ਼ਾ ਵੇਖ ਕੇ ਉਹ ਭਜ ਗਿਆ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ੇਰ ਦੇ ਰੂਪ ਨੂੰ ਵੇਖਦਿਆਂ ਹੀ ਸਹਿਆ (ਉਥੇ) ਟਿਕ ਨਾ ਸਕਿਆ ਹੋਵੇ ਅਤੇ ਖਿਸਕ ਚਲਿਆ ਹੋਵੇ ॥੧੦੯੩॥
ਜਦ ਹਰਿ ਸਿੰਘ ਰਣ-ਭੂਮੀ ਨੂੰ ਤਿਆਗ ਕੇ ਚਲਾ ਗਿਆ, (ਤਦ) ਫਿਰ ਕ੍ਰੋਧ ਦਾ ਭਰਿਆ ਹੋਇਆ ਰਨ ਸਿੰਘ ਉਠਿਆ।
ਧਨੁਸ਼ ਅਤੇ ਬਾਣ ਨੂੰ ਹੱਥ ਵਿਚ ਸੰਭਾਲ ਲਿਆ ਅਤੇ ਫਿਰ ਬਲ ਪੂਰਵਕ ਰਣ-ਭੂਮੀ ਵਿਚ ਯੁੱਧ ਕੀਤਾ।
ਉਸ ਨੇ ਫਿਰ ਰਣ-ਭੂਮੀ ਵਿਚ ਸ੍ਰੀ ਕ੍ਰਿਸ਼ਨ ਨੂੰ ਲਲਕਾਰ ਕੇ ਇਸ ਪ੍ਰਕਾਰ ਕਿਹਾ,
(ਹੇ ਕ੍ਰਿਸ਼ਨ!) ਹੁਣ ਜਾਂਦਾ ਕਿਥੇ ਹੈਂ, ਘੜੀ ਕੁ ਖੜਿਆ ਰਹਿ, ਖੜਗ ਰੂਪ ਕਾਲ ਦੇ ਹੱਥ ਵਿਚ ਪੈ ਗਿਆ ਹੈਂ ॥੧੦੯੪॥
ਇਸ ਤਰ੍ਹਾਂ ਜਦੋਂ ਰਨ ਸਿੰਘ ਨੇ ਕਿਹਾ ਤਾਂ ਹਰਿ ਸਿੰਘ ਹਸ ਪਿਆ।
ਧਨੁਸ਼ ਲੈ ਕੇ ਸ੍ਰੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤਾ ਅਤੇ ਰਣ-ਭੂਮੀ ਤੋਂ ਇਕ ਕਦਮ ਵੀ ਪਿਛੇ ਨਾ ਹਟਿਆ।
ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਗੱਲ ਕਹੀ (ਕਿ) ਇਨ੍ਹਾਂ ਲੱਛਣਾਂ ਤੋਂ (ਮੈਂ ਤੈਨੂੰ) ਪਛਾਣ ਲਿਆ ਹੈ।
ਜੋ ਆ ਕੇ ਤੂੰ ਮੇਰੇ ਨਾਲ ਯੁੱਧ ਕੀਤਾ ਹੈ, ਸੋ (ਤੂੰ) ਚੰਗੀ ਤਰ੍ਹਾਂ ਕਾਲ ਦੇ ਹੱਥ ਵਿਚ ਵਿਕ ਗਿਆ ਹੈਂ ॥੧੦੯੫॥
ਇਸ ਤਰ੍ਹਾਂ ਉਸ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਹੱਥ ਵਿਚ ਧਨੁਸ਼ ਲੈ ਕੇ ਹਸੇ ਹਨ।
ਤਦ ਹੀ (ਵੈਰੀ ਦਾ) ਲੰਬਾ ਸ਼ਰੀਰ ਵੇਖ ਕੇ ਅਤੇ ਵੈਰੀ ਦੇ ਸਿਰ ਨੂੰ ਤਕ ਕੇ ਬਾਣ ਛਡ ਦਿੱਤਾ ਹੈ।
ਤਦ ਹਰਿ ਸਿੰਘ ਨੂੰ ਬਾਣ ਲਗਿਆ, (ਉਸ ਦਾ) ਸਿਰ ਟੁਟ ਕੇ ਡਿਗ ਪਿਆ ਅਤੇ ਧੜ ਖੜੋਤਾ ਰਿਹਾ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੁਮੇਰ ਪਰਬਤ ਦੀ ਚੋਟੀ ਉਤਰ ਗਈ ਹੋਵੇ ਅਥਵਾ ਸੂਰਜ ਆਥਣ ਨੂੰ ਪ੍ਰਾਪਤ ਹੋਇਆ ਹੋਵੇ ॥੧੦੯੬॥
ਜਦੋਂ ਹਰਿ ਸਿੰਘ ਨੂੰ ਮਾਰ ਲਿਆ, ਤਦੋਂ ਰਨ ਸਿੰਘ ਨੇ ਸ੍ਰੀ ਕ੍ਰਿਸ਼ਨ ਉਤੇ ਹਮਲਾ ਕਰ ਦਿੱਤਾ।
ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਹੱਥ ਵਿਚ ਪਕੜ ਕੇ ਭਾਰੀ ਯੁੱਧ ਮਚਾਇਆ।
(ਉਸ ਦੇ) ਆਪਣੇ ਸ਼ਰੀਰ ਉਪਰ ਸਜੇ ਹੋਏ ਕਵਚ ਨੂੰ ਵੇਖ ਕੇ ਕਵੀ ਨੇ ਇਸ ਤਰ੍ਹਾਂ (ਕਹਿ ਕੇ) ਸੁਣਾਇਆ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮਸਤ ਹਾਥੀ ਬਨ ਵਿਚ ਕ੍ਰੋਧ ਕਰ ਕੇ ਸ਼ੇਰ ਦੇ ਉਪਰ (ਹਮਲਾ ਕਰ ਕੇ) ਆਇਆ ਹੋਵੇ ॥੧੦੯੭॥
ਆ ਕੇ (ਉਸ ਨੇ) ਸ੍ਰੀ ਕ੍ਰਿਸ਼ਨ ਨਾਲ ਯੁੱਧ ਸ਼ੁਰੂ ਕਰ ਦਿੱਤਾ ਅਤੇ ਰਣ-ਭੂਮੀ ਤੋਂ ਇਕ ਕਦਮ ਵੀ ਪਿਛੇ ਨਾ ਹਟਿਆ।
ਫਿਰ ਹੱਥ ਵਿਚ ਗਦਾ ਪਕੜ ਕੇ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਕੁਟਣ ਲਗਿਆ।
ਸ੍ਰੀ ਕ੍ਰਿਸ਼ਨ ਨੇ ਉਸ ਨੂੰ ਵੇਖ ਲਿਆ ਕਿ ਉਹ ਰੌਦਰ ਰਸ ਵਿਚ ਬਹੁਤ ਹੀ ਡੁਬਿਆ ਹੋਇਆ ਹੈ।
ਸ੍ਰੀ ਕ੍ਰਿਸ਼ਨ ਨੇ ਹੱਥ ਵਿਚ (ਸੁਦਰਸ਼ਨ) ਚੱਕਰ ਲੈ ਲਿਆ ਅਤੇ ਭੌਆਂ ਟੇਡੀਆਂ ਕਰ ਕੇ ਕ੍ਰੋਧ ਵਿਚ ਲੀਨ ਹੋ ਕੇ ਚਲਾ ਦਿੱਤਾ ॥੧੦੯੮॥
ਤਦ ਰਨ ਸਿੰਘ ਨੇ ਬਰਛੀ ਲੈ ਕੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਚਲਾ ਦਿੱਤੀ।
(ਉਹ) ਅਚਨਚੇਤ ਸ੍ਰੀ ਕ੍ਰਿਸ਼ਨ ਨੂੰ ਜਾ ਲਗੀ ਅਤੇ ਬਾਂਹ ਨੂੰ ਪਾੜ ਕੇ ਦੂਜੇ ਪਾਸੇ ਦਿਸਣ ਲਗ ਗਈ।
ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨਾਲ ਲਗੀ ਰਹੀ, ਉਸ ਦੀ ਉਪਮਾ ਕਵੀ ਨੇ (ਇਸ ਤਰ੍ਹਾਂ ਨਾਲ) ਕਹਿ ਕੇ ਸੁਣਾਈ,
ਮਾਨੋ ਗਰਮੀ ਦੀ ਰੁਤ ਵਿਚ ਨਾਗਨ ਚੰਦਨ (ਦੇ ਬ੍ਰਿਛ) ਨਾਲ ਲਿਪਟੀ ਹੋਵੇ ॥੧੦੯੯॥
ਸ੍ਰੀ ਕ੍ਰਿਸ਼ਨ ਨੇ ਉਹ ਬਰਛੀ ਬਾਂਹ ਵਿਚੋਂ ਖਿਚ ਕੇ ਵੈਰੀ ਨੂੰ ਮਾਰਨ ਲਈ ਚਲਾ ਦਿੱਤੀ।
ਜਿਵੇਂ ਬਾਣਾਂ ਦੇ ਬਦਲ ਵਿਚੋਂ ਬਿਜਲੀ ਲੰਘੀ ਹੈ, ਜਾਂ ਸੂਰਜ ਦੀ ਕਿਰਨ ਖਿਚੀ ਗਈ ਹੈ।
ਉਸ (ਵੈਰੀ) ਦੇ ਤਨ ਵਿਚ ਜਾ ਲਗੀ ਅਤੇ ਛਾਤੀ ਨੂੰ ਫੋੜ ਕੇ ਦੂਜੇ ਪਾਸੇ ਦਿਸਣ ਲਗੀ।
ਮਾਨੋ ਲਹੂ ਨਾਲ ਲਿਬੜੀ ਕਾਲਕਾ ਸ਼ੁੰਭ ਨੂੰ ਮਾਰ ਕੇ ਨਿਸ਼ੁੰਭ ਨੂੰ ਮਾਰਨ ਲਈ ਧਾਈ ਹੋਵੇ ॥੧੧੦੦॥
ਜਦ ਰਨ ਸਿੰਘ ਰਣ-ਭੂਮੀ ਵਿਚ ਬਰਛੀ ਨਾਲ ਮਾਰਿਆ ਗਿਆ, ਤਦ ਧਨ ਸਿੰਘ ਕ੍ਰੋਧ ਕਰ ਕੇ ਚਲ ਪਿਆ।
ਹੱਥ ਵਿਚ ਬਰਛਾ ਲੈ ਕੇ ਆ ਪਿਆ ਅਤੇ ਲਲਕਾਰਾ ਮਾਰ ਕੇ ਕ੍ਰਿਸ਼ਨ ਉਪਰ ਝਾੜ ਦਿੱਤਾ।
(ਬਰਛੇ ਨੂੰ) ਆਉਂਦਿਆਂ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਤਲਵਾਰ ਕਢ ਕੇ ਉਸ ਦੇ ਦੋ ਟੋਟੇ ਕਰ ਕੇ ਸੁਟ ਦਿੱਤੇ।
(ਉਹ ਬਰਛਾ) ਦੋ ਟੁਕੜੇ ਹੋ ਕੇ ਧਰਤੀ ਉਤੇ ਡਿਗ ਪਿਆ, ਮਾਨੋ ਗਰੁੜ ਨੇ ਵੱਡੇ ਸੱਪ ਨੂੰ ਮਾਰਿਆ ਹੋਵੇ ॥੧੧੦੧॥
ਵਾਰ ਨੂੰ ਬਚਾ ਕੇ, ਸ੍ਰੀ ਕ੍ਰਿਸ਼ਨ ਧਨੁਸ਼ ਲੈ ਕੇ ਵੈਰੀ ਉਪਰ ਆ ਪਏ।
ਚਾਰ ਮਹੂਰਤ ਤਕ ਯੁੱਧ ਹੁੰਦਾ ਰਿਹਾ, (ਪਰ) ਨਾ ਕ੍ਰਿਸ਼ਨ ਘਾਇਲ ਹੋਏ ਅਤੇ ਨਾ ਹੀ ਉਸ ਨੂੰ ਘਾਓ ਲਗਾ।
(ਉਸ ਨੇ) ਕ੍ਰੋਧਿਤ ਹੋ ਕੇ ਕ੍ਰਿਸ਼ਨ ਨੂੰ ਤੀਰ ਮਾਰਿਆ, (ਇਧਰੋਂ) ਕ੍ਰਿਸ਼ਨ ਨੇ ਵੀ ਖਿਚ ਕੇ ਉਸ ਨੂੰ ਬਾਣ ਮਾਰਿਆ।
(ਉਹ) ਸ੍ਰੀ ਕ੍ਰਿਸ਼ਨ ਦਾ ਮੁਖ ਵੇਖ ਰਿਹਾ ਹੈ ਅਤੇ (ਇਧਰ) ਕ੍ਰਿਸ਼ਨ ਵੀ (ਉਸ ਦਾ) ਮੁਖ ਵੇਖ ਕੇ ਹਸ ਰਹੇ ਹਨ ॥੧੧੦੨॥
ਸ੍ਰੀ ਕ੍ਰਿਸ਼ਨ (ਦੀ ਸੈਨਾ ਦਾ ਕੋਈ) ਬਹਾਦਰ ਸੂਰਮਾ ਹੱਥ ਵਿਚ ਤਲਵਾਰ ਲੈ ਕੇ ਧਨ ਸਿੰਘ ਉਪਰ ਆ ਪਿਆ।
ਆਉਂਦਿਆਂ ਹੀ ਲਲਕਾਰ ਕੇ ਪੈ ਗਿਆ, ਮਾਨੋ ਹਾਥੀ ਸ਼ੇਰ ਨੂੰ ਡਰਾਉਂਦੇ ਹੋਵੇ।
ਤਦ ਹੀ ਧਨ ਸਿੰਘ ਨੇ ਧਨੁਸ਼ ਲੈ ਕੇ ਬਾਣ ਨਾਲ ਉਸ ਦਾ ਸਿਰ ਧਰਤੀ ਉਤੇ ਡਿਗਾ ਦਿੱਤਾ,
ਜਿਵੇਂ ਅਜਗਰ ਦੇ ਮੂੰਹ ਵਿਚ ਆ ਪੈਣ ਤੋਂ ਬਾਦ ਹਿਰਨ ਜਾ ਨਹੀਂ ਸਕਦਾ ॥੧੧੦੩॥