ਸ਼੍ਰੀ ਦਸਮ ਗ੍ਰੰਥ

ਅੰਗ - 929


ਦਓਜਈ ਅਫਰੀਦੀਏ ਕੋਪਿ ਆਏ ॥

ਦਓਜਈ, ਅਫਰੀਦੀਏ (ਆਦਿ ਜਾਤਾਂ ਦੇ ਸੂਰਮੇ) ਕ੍ਰੋਧਵਾਨ ਹੋ ਕੇ ਆ ਗਏ ਹਨ।

ਹਠੇ ਸੂਰ ਲੋਦੀ ਮਹਾ ਕੋਪ ਕੈ ਕੈ ॥

ਹਠੀ ਲੋਦੀ ਸੂਰਮੇ ਬਹੁਤ ਕ੍ਰੋਧ ਕਰ ਕੇ

ਪਰੇ ਆਨਿ ਕੈ ਬਾਢਵਾਰੀਨ ਲੈ ਕੈ ॥੧੫॥

ਤਲਵਾਰਾਂ ਲੈ ਕੇ ਟੁਟ ਕੇ ਆ ਪਏ ਹਨ ॥੧੫॥

ਚੌਪਈ ॥

ਚੌਪਈ:

ਪਰੀ ਬਾਢਵਾਰੀਨ ਕੀ ਮਾਰਿ ਭਾਰੀ ॥

ਤਲਵਾਰਾਂ ਦੀ ਭਾਰੀ ਮਾਰ ਪਈ ਹੈ।

ਗਏ ਜੂਝਿ ਜੋਧਾ ਬਡੇਈ ਹੰਕਾਰੀ ॥

ਵੱਡੇ ਵੱਡੇ ਹੰਕਾਰੀ ਜੋਧੇ ਮਾਰੇ ਗਏ ਹਨ।

ਮਹਾ ਮਾਰਿ ਬਾਨਨ ਕੀ ਗਾੜ ਐਸੀ ॥

ਬਾਣਾਂ ਦੀ ਅਜਿਹੀ ਤਕੜੀ ਮਾਰ ਪਈ,

ਮਨੌ ਕੁਆਰ ਕੇ ਮੇਘ ਕੀ ਬ੍ਰਿਸਟਿ ਜੈਸੀ ॥੧੬॥

ਮਾਨੋ ਅਸੂ ਦੇ ਮਹੀਨੇ ਵਰਗੀ ਬਰਖਾ ਹੋ ਰਹੀ ਹੋਵੇ ॥੧੬॥

ਪਰੇ ਆਨਿ ਜੋਧਾ ਚਹੂੰ ਓਰ ਭਾਰੇ ॥

ਚੌਹਾਂ ਪਾਸਿਆਂ ਤੋਂ ਬਹੁਤ ਅਧਿਕ ਯੋਧੇ ਆ ਪਏ ਹਨ।

ਮਹਾ ਮਾਰ ਹੀ ਮਾਰਿ ਐਸੇ ਪੁਕਾਰੇ ॥

'ਮਾਰੋ-ਮਾਰੋ' ਇਸ ਤਰ੍ਹਾਂ (ਕਹਿ ਕੇ ਬਹੁਤ) ਰੌਲਾ ਪਾ ਰਹੇ ਹਨ।

ਹਟੇ ਨਾਹਿ ਛਤ੍ਰੀ ਛਕੇ ਛੋਭ ਐਸੇ ॥

ਛਤ੍ਰੀ ਯੁੱਧ ਵਿਚੋਂ ਹਟਦੇ ਨਹੀਂ ਹਨ, ਉਨ੍ਹਾਂ ਨੂੰ ਅਜਿਹਾ ਜੋਸ਼ ਚੜ੍ਹਿਆ ਹੋਇਆ ਹੈ।

ਮਨੋ ਸਾਚ ਸ੍ਰੀ ਕਾਲ ਕੀ ਜ੍ਵਾਲ ਜੈਸੇ ॥੧੭॥

ਮਾਨੋ ਸਚੀ ਮੁਚੀ (ਪਰਲੋ) ਕਾਲ ਦੀ ਜਵਾਲਾ ਹੋਵੇ ॥੧੭॥

ਧਏ ਅਰਬ ਆਛੇ ਮਹਾ ਸੂਰ ਭਾਰੀ ॥

ਅਰਬ ਦੇਸ ਦੇ ਚੰਗੇ ਅਤੇ ਮਹਾਨ ਸੂਰਮੇ ਤੁਰ ਪਏ ਹਨ

ਕਰੈ ਤੀਨਹੂੰ ਲੋਕ ਜਿਨ ਕੌ ਜੁਹਾਰੀ ॥

ਜਿਨ੍ਹਾਂ ਨੂੰ ਤਿੰਨੋ ਲੋਕ ਪ੍ਰਨਾਮ ਕਰਦੇ ਹਨ।

ਲਏ ਹਾਥ ਤਿਰਸੂਲ ਐਸੋ ਭ੍ਰਮਾਵੈ ॥

ਉਹ ਹੱਥ ਵਿਚ ਤ੍ਰਿਸ਼ੂਲ ਲੈ ਕੇ ਇਸ ਤਰ੍ਹਾਂ ਘੁੰਮਾਉਂਦੇ ਹਨ,

ਮਨੋ ਮੇਘ ਮੈ ਦਾਮਨੀ ਦਮਕਿ ਜਾਵੈ ॥੧੮॥

ਮਾਨੋ ਬਦਲਾਂ ਵਿਚ ਬਿਜਲੀ ਚਮਕ ਜਾਂਦੀ ਹੋਵੇ ॥੧੮॥

ਚੌਪਈ ॥

ਚੌਪਈ:

ਧਾਏ ਬੀਰ ਜੋਰਿ ਦਲ ਭਾਰੀ ॥

ਵੱਡਾ ਦਲ ਬਣਾ ਕੇ ਸੂਰਮੇ ਧਾ ਕੇ ਪੈ ਗਏ ਹਨ

ਬਾਨਾ ਬਧੇ ਬਡੇ ਹੰਕਾਰੀ ॥

ਅਤੇ ਵੱਡੇ ਹੰਕਾਰੀ (ਸੂਰਮਿਆਂ) ਨੂੰ ਬਾਣਾਂ ਨਾਲ ਵਿੰਨ੍ਹ ਦਿੱਤਾ ਹੈ।

ਤਾਨ ਧਨੁਹਿਯਨ ਬਾਨ ਚਲਾਵੈ ॥

ਧਨੁਸ਼ਾਂ ਨੂੰ ਖਿਚ ਕੇ ਬਾਣ ਚਲਾਉਂਦੇ ਹਨ,

ਬਾਧੇ ਗੋਲ ਸਾਮੁਹੇ ਆਵੈ ॥੧੯॥

ਗੋਲ ਘੇਰਾ ਬੰਨ੍ਹ ਕੇ ਸਾਹਮਣੇ ਆਉਂਦੇ ਹਨ ॥੧੯॥

ਜਬ ਅਬਲਾ ਵਹ ਨੈਨ ਨਿਹਾਰੇ ॥

ਜਦ ਪਠਾਣੀ ਉਨ੍ਹਾਂ ਨੂੰ ਅੱਖਾਂ ਨਾਲ ਵੇਖਦੀ

ਭਾਤਿ ਭਾਤਿ ਕੇ ਸਸਤ੍ਰ ਪ੍ਰਹਾਰੇ ॥

(ਤਾਂ) ਭਾਂਤ ਭਾਂਤ ਦੇ ਸ਼ਸਤ੍ਰਾਂ ਦਾ ਪ੍ਰਹਾਰ ਕਰਦੀ।

ਮੂੰਡ ਜੰਘ ਬਾਹਨ ਬਿਨੁ ਕੀਨੇ ॥

(ਉਹ) ਉਨ੍ਹਾਂ ਨੂੰ ਟੰਗਾਂ, ਬਾਂਹਵਾਂ ਅਤੇ ਸਿਰ ਤੋਂ ਬਿਨਾ ਕਰ ਕੇ

ਪਠੈ ਧਾਮ ਜਮ ਕੇ ਸੋ ਦੀਨੇ ॥੨੦॥

ਜਮਲੋਕ ਭੇਜ ਦਿੰਦੀ ॥੨੦॥

ਜੂਝਿ ਅਨੇਕ ਸੁਭਟ ਰਨ ਗਏ ॥

ਅਨੇਕਾਂ ਸੂਰਮੇ ਯੁੱਧ-ਭੂਮੀ ਵਿਚ ਜੂਝ ਮਰੇ

ਹੈ ਗੈ ਰਥੀ ਬਿਨਾ ਅਸਿ ਭਏ ॥

ਅਤੇ ਹਾਥੀਆਂ, ਘੋੜਿਆਂ, ਰਥਾਂ ਅਤੇ ਤਲਵਾਰਾਂ ਤੋਂ ਬਿਨਾ ਹੋ ਗਏ।

ਜੂਝੈ ਬੀਰ ਖੇਤ ਭਟ ਭਾਰੀ ॥

ਵੱਡੇ ਸੂਰਮੇ ਯੁੱਧ-ਖੇਤਰ ਵਿਚ ਜੂਝ ਗਏ

ਨਾਚੇ ਸੂਰ ਬੀਰ ਹੰਕਾਰੀ ॥੨੧॥

ਅਤੇ ਹੰਕਾਰੀ ਸੂਰਮੇ ਨੱਚਣ ਲਗੇ ॥੨੧॥

ਦੋਹਰਾ ॥

ਦੋਹਰਾ:

ਲਗੇ ਬ੍ਰਿਣਨ ਕੇ ਸੂਰਮਾ ਪਰੇ ਧਰਨਿ ਪੈ ਆਇ ॥

ਜ਼ਖ਼ਮ ਦੇ ਲਗਣ ਕਰ ਕੇ ਸੂਰਮੇਂ ਧਰਤੀ ਉਤੇ ਆਣ ਡਿਗੇ।

ਗਿਰ ਪਰੇ ਉਠਿ ਪੁਨਿ ਲਰੇ ਅਧਿਕ ਹ੍ਰਿਦੈ ਕਰਿ ਚਾਇ ॥੨੨॥

ਡਿਗ ਕੇ ਫਿਰ ਉਠੇ ਅਤੇ ਹਿਰਦੇ ਵਿਚ ਉਤਸਾਹ ਭਰ ਕੇ ਲੜਨ ਲਗੇ ॥੨੨॥

ਭੁਜੰਗ ਛੰਦ ॥

ਭੁਜੰਗ ਛੰਦ:

ਕਿਤੇ ਗੋਫਨੈ ਗੁਰਜ ਗੋਲੇ ਉਭਾਰੈ ॥

ਕਿਧਰੇ ਗੋਫਨੇ, ਗੁਰਜ ਅਤੇ ਗੋਲੇ ਉਭਾਰਦੇ ਹਨ

ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈ ॥

ਅਤੇ ਕਿਧਰੇ ਚੰਦ੍ਰ ਮੁਖੀ ਵਾਲੇ ਤੀਰ, ਤ੍ਰਿਸ਼ੂਲ ਅਤੇ ਸੈਹੱਥੀਆਂ ਸੰਭਾਲਦੇ ਹਨ।

ਕਿਤੇ ਪਰਘ ਫਾਸੀ ਲਏ ਹਾਥ ਡੋਲੈ ॥

ਕਿਧਰੇ ਪਰਘ, ਫਾਸ (ਆਦਿ ਸ਼ਸਤ੍ਰ) ਹੱਥਾਂ ਵਿਚ ਲਈ ਫਿਰਦੇ ਹਨ

ਕਿਤੇ ਮਾਰ ਹੀ ਮਾਰਿ ਕੈ ਬੀਰ ਬੋਲੈ ॥੨੩॥

ਅਤੇ ਕਿਧਰੇ ਸੂਰਮੇ 'ਮਾਰੋ-ਮਾਰੋ' ਪੁਕਾਰਦੇ ਹਨ ॥੨੩॥

ਦੋਹਰਾ ॥

ਦੋਹਰਾ:

ਅਤਿ ਚਿਤ ਕੋਪ ਬਢਾਇ ਕੈ ਸੂਰਨ ਸਕਲਨ ਘਾਇ ॥

(ਆਪਣੇ) ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਸਾਰਿਆਂ ਸੂਰਮਿਆਂ ਨੂੰ ਮਾਰ ਕੇ

ਜਹਾ ਬਾਲਿ ਠਾਢੀ ਹੁਤੀ ਤਹਾ ਪਰਤ ਭੇ ਆਇ ॥੨੪॥

ਉਥੇ ਪਰਤ ਆਏ ਹਨ ਜਿਥੇ ਪਠਾਣੀ ਖੜੋਤੀ ਸੀ ॥੨੪॥

ਚੌਪਈ ॥

ਚੌਪਈ:

ਕਿਚਪਚਾਇ ਜੋਧਾ ਸਮੁਹਾਵੈ ॥

ਕਚੀਚੀਆਂ ਵਟ ਕੇ ਯੋਧੇ ਸਾਹਮਣੇ ਆਉਂਦੇ ਹਨ

ਚਟਪਟ ਸੁਭਟ ਬਿਕਟ ਕਟਿ ਜਾਵੈ ॥

ਅਤੇ ਝਟਪਟ ਕਠੋਰ ਸੂਰਮੇ ਕਟੇ ਜਾਂਦੇ ਹਨ।

ਜੂਝਿ ਪ੍ਰਾਨ ਸਨਮੁਖ ਜੇ ਦੇਹੀ ॥

ਜੋ ਸਨਮੁਖ ਹੋ ਕੇ ਪ੍ਰਾਣ ਛਡਦੇ ਹਨ,

ਡਾਰਿ ਬਿਵਾਨ ਬਰੰਗਨਿ ਲੇਹੀ ॥੨੫॥

(ਉਨ੍ਹਾਂ ਨੂੰ) ਅਪੱਛਰਾਵਾਂ ਬਿਮਾਨਾਂ ਵਿਚ ਪਾ ਲੈਂਦੀਆਂ ਹਨ ॥੨੫॥

ਦੋਹਰਾ ॥

ਦੋਹਰਾ:

ਜੇ ਭਟ ਆਨਿ ਅਪਛਰਨਿ ਲਏ ਬਿਵਾਨ ਚੜਾਇ ॥

ਜਿਨ੍ਹਾਂ ਸੂਰਮਿਆਂ ਨੂੰ ਅਪੱਛਰਾਵਾਂ ਨੇ ਬਿਮਾਨਾਂ ਉਤੇ ਚੜ੍ਹਾ ਲਿਆ ਹੈ,

ਤਿਨਿ ਪ੍ਰਤਿ ਔਰ ਨਿਹਾਰਿ ਕੈ ਲਰਤੁ ਸੂਰ ਸਮੁਹਾਇ ॥੨੬॥

ਉਨ੍ਹਾਂ ਨੂੰ ਵੇਖ ਕੇ ਹੋਰ ਸੂਰਮੇ ਸਨਮੁਖ ਹੋ ਕੇ ਲੜਦੇ ਹਨ ॥੨੬॥