ਜਿਵੇਂ ਹੀ ਸ਼ੇਰ ਚਲਿਆ ਜਾ ਰਿਹਾ ਸੀ, ਤਿਵੇਂ (ਰਿਛ ਨੇ) ਆ ਕੇ ਅਚਾਨਕ ਲੜਾਈ ਸ਼ੁਰੂ ਕਰ ਦਿੱਤੀ।
ਚਟਾਕ ਕਰ ਕੇ ਇਕ ਚਪੇੜ (ਸ਼ੇਰ ਨੂੰ) ਮਾਰੀ ਅਤੇ ਝਟ ਹੀ ਸ਼ੇਰ ਨੂੰ ਮਾਰ ਕੇ ਡਿਗਾ ਦਿੱਤਾ ॥੨੦੪੨॥
ਦੋਹਰਾ:
ਜਾਮਵਾਨ (ਨਾਂ ਦੇ ਰਿਛ ਨੇ) ਸ਼ੇਰ ਨੂੰ ਮਾਰ ਕੇ ਅਤੇ ਮਣੀ ਲੈ ਕੇ ਸੁਖ ਪ੍ਰਾਪਤ ਕੀਤਾ।
ਜਿਥੇ ਉਸ ਦਾ ਆਪਣਾ ਘਰ ਸੀ, ਉਥੇ ਹੀ ਜਾ ਪਹੁੰਚਿਆ ॥੨੦੪੩॥
ਸਤ੍ਰਾਜਿਤ ਨੇ (ਇਸ ਘਟਨਾ ਦਾ) ਭੇਦ ਨਾ ਸਮਝ ਕੇ ਸਾਰਿਆਂ ਨੂੰ ਕਹਿ ਕੇ ਸੁਣਾਇਆ
ਕਿ ਕ੍ਰਿਸ਼ਨ ਨੇ ਮੇਰੇ ਭਰਾ ਨੂੰ ਮਾਰ ਕੇ ਮਣੀ ਖੋਹ ਲਈ ਹੈ ॥੨੦੪੪॥
ਸਵੈਯਾ:
ਇਸ ਤਰ੍ਹਾਂ ਦੀ ਚਰਚਾ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਜਦੋਂ ਉਸ ਨੂੰ ਆਪਣੇ ਕੋਲ ਸਦਿਆ,
(ਤਾਂ ਕਿਹਾ) ਹੇ ਸਤ੍ਰਾਜਿਤ! (ਤੂੰ) ਕਹਿ ਕੇ ਸੁਣਾ ਰਿਹਾ ਹੈਂ ਕਿ ਕ੍ਰਿਸ਼ਨ ਨੇ ਮਣੀ ਵਾਸਤੇ ਮੇਰੇ ਭਰਾ ਨੂੰ ਮਾਰ ਦਿੱਤਾ ਹੈ।
ਅਜਿਹੇ ਬੋਲ ਸੁਣ ਕੇ ਮੇਰਾ ਮਨ ਕ੍ਰੋਧ ਨਾਲ ਬਹੁਤ ਤਪ ਗਿਆ ਹੈ।
ਇਸ ਲਈ ਤੂੰ ਵੀ ਉਸ ਦੀ ਖੋਜ ਲਈ ਚਲ ਅਤੇ ਮੈਂ ਵੀ ਚਲਦਾ ਹਾਂ। (ਇਹ) ਕਹਿ ਕੇ (ਦੋਵੇਂ) ਲਭਣ ਲਈ ਚਲ ਪਏ ॥੨੦੪੫॥
ਯਾਦਵਾਂ ਨੂੰ ਨਾਲ ਲੈ ਕੇ ਜਦੋਂ ਸ੍ਰੀ ਕ੍ਰਿਸ਼ਨ ਉਸ ਨੂੰ ਲਭਣ ਲਈ ਚਲ ਪਏ,
(ਤਾਂ) ਉਥੇ ਆ ਪਹੁੰਚੇ ਜਿਥੇ ਘੋੜ-ਸਵਾਰ (ਸਤ੍ਰਾਜਿਤ ਦਾ ਭਰਾ) ਬਿਨਾ ਪ੍ਰਾਣਾਂ ਦੇ ਪਿਆ ਸੀ। ਦੋਹਾਂ ਨੇ ਜਾ ਕੇ (ਲੋਥ ਨੂੰ) ਵੇਖ ਲਿਆ।
ਉਥੇ ਹੀ ਉਨ੍ਹਾਂ ਨੇ ਸ਼ੇਰ ਦੀ ਪੈੜ ਵੇਖੀ। (ਸਾਰੇ) ਸੂਰਮੇ ਕਹਿਣ ਲਗੇ, ਉਸੇ (ਸ਼ੇਰ) ਨੇ ਇਸ ਨੂੰ ਮਾਰਿਆ ਹੈ।
ਅਗੇ ਜਾ ਕੇ ਉਨ੍ਹਾਂ ਨੇ ਸ਼ੇਰ ਨੂੰ ਵੀ ਮਰਿਆ ਹੋਇਆ ਵੇਖਿਆ। (ਤਾਂ) ਸਾਰੇ ਬਲਵਾਨ ਚੌਂਕ ਪਏ ॥੨੦੪੬॥
ਦੋਹਰਾ:
ਉਥੇ ਰਿਛ ਦੀ ਪੈੜ ਵੇਖ ਕੇ ਸਿਰ ਨਿਵਾ ਕੇ ਸੋਚੀਂ ਪੈ ਗਏ।
ਜਿਥੇ ਪੈੜ ਜਾਂਦੀ ਹੈ, ਉਥੇ ਹੀ ਪਗੜੀ ਹੋਵੇਗੀ, (ਇਹ ਸੋਚ ਕੇ ਸਾਰੇ) ਸੂਰਮੇ ਉਧਰ ਨੂੰ ਤੁਰ ਪਏ ॥੨੦੪੭॥
ਕਵੀ ਕਹਿੰਦਾ ਹੈ:
ਸਵੈਯਾ:
ਜਿਸ ਪ੍ਰਭੂ ਦੇ ਵਰਦਾਨ ਦੇਣ ਨਾਲ ਇੰਦਰ ਆਦਿ ਦੇਵਤੇ ਵਿਜਈ ਹੋਏ ਸਨ ਅਤੇ ਸਾਰੇ ਦੈਂਤ ਭਜ ਗਏ ਸਨ।
ਜਿਸ ਪ੍ਰਭੂ ਨੇ ਵੈਰੀਆਂ ਦਾ ਨਾਸ਼ ਕੀਤਾ ਸੀ ਅਤੇ ਸੂਰਜ ਅਤੇ ਚੰਦ੍ਰਮਾ ਨੂੰ ਸਥਾਪਿਤ ਕਰ ਕੇ ਫਿਰ ਕੰਮ ਵਿਚ ਲਗਾਇਆ ਸੀ।
ਜਿਸ ਨੇ ਛਿਣ ਭਰ ਵਿਚ ਕੁਬਿਜਾ ਨੂੰ ਸੁੰਦਰੀ ਬਣਾ ਦਿੱਤਾ ਸੀ ਅਤੇ ਬਾਗ ਨੂੰ ਸੁਗੰਧਿਤ ਕਰ ਦਿੱਤਾ ਸੀ।
ਉਹ ਪ੍ਰਭੂ ਆਪਣੇ ਕਾਰਜ ਲਈ ਰਿਛ ਦੀ ਪੈੜ ਤੁਰਦਾ ਜਾ ਰਿਹਾ ਹੈ ॥੨੦੪੮॥
ਪੈੜ ਨੂੰ ਪਕੜ ਕੇ ਸਾਰੇ ਇਕ ਗੁਫਾ ਵਿਚ ਜਾ ਪਹੁੰਚੇ। (ਤਦ) ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ,
ਹੈ ਕੋਈ ਸੂਰਮਾ ਜੋ ਇਸ (ਗੁਫਾ) ਵਿਚ ਵੜੇ, ਪਰ ਕਿਸੇ ਵੀ ਯੋਧੇ ਨੇ ਹਿੰਮਤ ਨਹੀਂ ਕੀਤੀ।
ਉਹ ਰਿਛ ਇਸੇ ਵਿਚ ਵੜਿਆ ਹੈ, ਸਾਰਿਆਂ ਨੇ ਇਸ ਤਰ੍ਹਾਂ ਆਪਣੇ ਮਨ ਵਿਚ ਵਿਚਾਰ ਕੀਤਾ ਹੈ।
ਕੋਈ ਕਹਿਣ ਲਗਿਆ ਕਿ ਇਸ ਵਿਚ ਨਹੀਂ ਹੈ, (ਤਾਂ) ਸ੍ਰੀ ਕ੍ਰਿਸ਼ਨ ਨੇ ਕਿਹਾ, ਭਾਈ! ਅਸੀਂ ਪੈੜ ਇਸੇ ਵਿਚ ਗਈ (ਨਿਸਚਿਤ ਕੀਤੀ ਹੈ) ॥੨੦੪੯॥
(ਜਦ) ਕੋਈ ਵੀ ਯੋਧਾ ਗੁਫਾ ਵਿਚ ਨਾ ਵੜਿਆ, ਤਾਂ ਸ੍ਰੀ ਕ੍ਰਿਸ਼ਨ ਆਪ ਹੀ ਉਸ ਵਿਚ ਵੜ ਗਏ।
ਰਿਛ (ਗੁਫਾ ਵਿਚ ਇਨ੍ਹਾਂ ਦੇ ਆਉਣ ਦੀ) ਸੂਹ ਮਿਲਦਿਆਂ ਹੀ, ਗੁਫਾ ਵਿਚ ਹੀ ਯੁੱਧ ਕਰਨ ਲਈ ਕ੍ਰੋਧਿਤ ਹੋ ਕੇ ਸਾਹਮਣੇ ਆ ਡਟਿਆ।
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਉਸ ਨਾਲ ਬਾਰ੍ਹਾਂ ਦਿਨ ਘਸੁੰਨ-ਮੁਕੀ ਹੁੰਦੇ ਰਹੇ।
ਇਸ ਪ੍ਰਕਾਰ ਦਾ ਯੁੱਧ ਚੌਹਾਂ ਯੁਗਾਂ ਵਿਚ ਕਦੇ ਨਹੀਂ ਹੋਇਆ ਅਤੇ ਨਾ ਹੀ ਕਦੇ ਹੋਵੇਗਾ ॥੨੦੫੦॥
(ਉਹ) ਬਾਰ੍ਹਾਂ ਰੋਜ਼ ਦਿਨ ਰਾਤ ਲੜਦੇ ਰਹੇ, (ਪਰ) ਉਸ (ਰਿਛ) ਪਾਸੋਂ ਸ੍ਰੀ ਕ੍ਰਿਸ਼ਨ ਬਿਲਕੁਲ ਨਹੀਂ ਡਰੇ।
ਫਿਰ ਉਨ੍ਹਾਂ ਨੇ ਗੁਫਾ ਵਿਚ ਲਤਾਂ ਅਤੇ ਮੁਕਿਆਂ ਦਾ ਬਹੁਤ ਯੁੱਧ ਮਚਾਇਆ।
(ਇਤਨੇ ਵਿਚ) ਰਿਛ ਦਾ ਬਲ ਘਟ ਗਿਆ ਅਤੇ ਉਸ ਨੇ ਇਨ੍ਹਾਂ (ਸ੍ਰੀ ਕ੍ਰਿਸ਼ਨ) ਵਿਚਲੇ ਬਹੁਤ ਅਧਿਕ ਬਲ ਨੂੰ ਪਛਾਣ ਲਿਆ।
ਯੁੱਧ ਨੂੰ ਛਡ ਕੇ ਪੈਰੀਂ ਪੈ ਗਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਸਚਮੁਚ ਰਾਮ ਚੰਦਰ ਸਮਝ ਲਿਆ ॥੨੦੫੧॥
(ਰਿਛ) ਪੈਰੀਂ ਪੈ ਗਿਆ ਅਤੇ ਬਹੁਤ ਤਰਲੇ ਕੀਤੇ; ਉਸ ਨੇ ਬਹੁਤ ਸਾਰੀਆਂ ਗੱਲਾਂ, ਨਿਮਾਣਾ ਹੋ ਕੇ, ਇਸ ਤਰ੍ਹਾਂ ਕਹੀਆਂ,
ਹੇ ਪ੍ਰਭੂ! ਤੁਸੀਂ ਹੀ ਰਾਵਣ ਨੂੰ ਮਾਰਨ ਵਾਲੇ ਹੋ, ਤੁਸੀਂ ਹੀ ਦ੍ਰੋਪਦੀ ਦੀ ਲਾਜ ਬਚਾਈ ਸੀ।
ਮੇਰੇ ਕੋਲੋਂ ਭੁਲ ਹੋ ਗਈ ਹੈ, ਸ਼ਿਵ ਅਤੇ ਸੂਰਜ ਨੂੰ ਸਾਖੀ ਮੰਨ ਕੇ ਖਿਮਾ ਕਰ ਦਿਓ।
ਇਸ ਤਰ੍ਹਾਂ ਕਹਿ ਕੇ ਅਤੇ ਜੋ (ਉਸ ਦੀ) ਪੁੱਤਰੀ ਸੀ, ਉਸ ਨੂੰ ਲੈ ਕੇ ਸ੍ਰੀ ਕ੍ਰਿਸ਼ਨ ਦੇ ਅਗੇ ਭੇਟ ਕਰ ਦਿੱਤੀ ॥੨੦੫੨॥
ਉਧਰ ਸ੍ਰੀ ਕ੍ਰਿਸ਼ਨ ਨੇ ਯੁੱਧ ਕਰ ਕੇ ਵਿਆਹ ਕਰ ਲਿਆ, ਇਧਰ (ਬਾਹਰ ਖੜੋਤੇ ਯੋਧੇ) ਨਿਰਾਸ਼ ਹੋ ਕੇ ਘਰਾਂ ਨੂੰ ਆ ਗਏ।
ਉਨ੍ਹਾਂ ਨੇ ਇਹ (ਮਨ ਵਿਚ) ਧਾਰ ਲਿਆ ਕਿ ਸ੍ਰੀ ਕ੍ਰਿਸ਼ਨ ਗੁਫਾ ਵਿਚ ਵੜੇ ਸਨ, ਉਨ੍ਹਾਂ ਨੂੰ ਕਿਸੇ ਨੇ ਮਾਰ ਦਿੱਤਾ ਹੈ।
ਸੂਰਮਿਆਂ ਦੀਆਂ ਅੱਖਾਂ ਤੋਂ (ਹੰਝੂਆਂ ਦਾ) ਜਲ ਵਗ ਰਿਹਾ ਹੈ ਅਤੇ ਮਨ ਵਿਚ ਦੁਖੀ ਹੋ ਕੇ (ਧਰਤੀ ਉਤੇ) ਲੋਟ ਪੋਟ ਹੋ ਰਹੇ ਹਨ।
(ਕਈ ਇਕ) ਸਿਰ ਮਾਰਦੇ ਹਨ ਅਤੇ ਕਈ ਇਕ ਇੰਜ ਕਹਿੰਦੇ ਹਨ ਕਿ ਅਸੀਂ ਸ੍ਰੀ ਕ੍ਰਿਸ਼ਨ ਦੇ ਕੰਮ ਨਹੀਂ ਆਏ ਹਾਂ ॥੨੦੫੩॥
ਜਿਤਨੀ ਸੈਨਾ ਸ੍ਰੀ ਕ੍ਰਿਸ਼ਨ ਦੇ ਨਾਲ ਗਈ ਸੀ, ਉਹ (ਸਾਰੀ) ਰੋਂਦੀ ਹੋਈ ਰਾਜਾ (ਉਗ੍ਰਸੈਨ) ਪਾਸ ਆ ਗਈ।
ਰਾਜੇ ਨੇ ਉਨ੍ਹਾਂ ਦੀ ਹਾਲਤ ਵੇਖ ਕੇ ਮਨ ਵਿਚ ਬਹੁਤ ਦੁਖ ਪਾਇਆ।
(ਰਾਜਾ) ਭਜ ਕੇ ਪੁਛੱਣ ਲਈ ਬਲਰਾਮ ਕੋਲ ਗਿਆ। ਉਸ ਨੇ ਵੀ ਰੋ ਕੇ ਇਹੀ ਬਚਨ ਸੁਣਾਏ