ਵੈਰੀ ਨੂੰ ਵੰਗਾਰਦੇ ਹੋਇਆਂ ਇਸ ਤਰ੍ਹਾਂ ਕਿਹਾ, ਓਇ! ਖੜਾ ਰਹਿ, ਮੈਂ ਹੁਣੇ ਹੀ ਤੈਨੂੰ ਮਾਰਦਾ ਹਾਂ।
ਇੰਜ ਕਹਿ ਕੇ ਫਿਰ ਸਾਰੰਗ (ਧਨੁਸ਼) ਨੂੰ ਕਸ ਕੇ ਵੈਰੀ ਦੇ ਸੀਨੇ ਵਿਚ ਬਾਣ ਮਾਰਿਆ ॥੨੧੩੭॥
ਜਦੋਂ ਸ੍ਰੀ ਕ੍ਰਿਸ਼ਨ ਨੇ ਸਾਰੰਗ (ਧਨੁਸ਼) ਨੂੰ ਤਣ ਕੇ ਵੈਰੀ ਨੂੰ (ਨਿਸ਼ਾਣਾ ਬਣਾ ਕੇ) ਤਿਖਾ ਬਾਣ ਚਲਾ ਦਿੱਤਾ,
(ਤਦੋਂ ਬਾਣ) ਲਗਦਿਆਂ ਹੀ ਭੂਮਾਸੁਰ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ ਅਤੇ ਯਮਲੋਕ ਨੂੰ ਚਲਾ ਗਿਆ।
ਉਸ ਬਾਣ ਨੂੰ ਲਹੂ ਤਕ ਨਾ ਲਗਾ, ਇਸ ਤਰ੍ਹਾਂ ਚਲਾਕੀ ਨਾਲ (ਉਸ ਨੂੰ) ਪਾਰ ਕਰ ਦਿੱਤਾ ਹੈ
ਜਿਵੇਂ ਯੋਗ ਦਾ ਸਾਧਕ ਸ਼ਰੀਰ ਨੂੰ ਤਿਆਗ ਕੇ ਆਕਾਸ਼ ਨੂੰ ਚਲਿਆ ਹੈ ਅਤੇ ਪਾਪ (ਉਸ ਨੂੰ) ਛੋਹ ਤਕ ਨਹੀਂ ਸਕੇ ਹਨ ॥੨੧੩੮॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਭੂਮਾਸੁਰ ਬਧ ਪ੍ਰਸੰਗ ਸਮਾਪਤ।
ਹੁਣ ਉਸ ਦੇ ਪੁੱਤਰ ਨੂੰ ਰਾਜ ਦੇਣ ਅਤੇ ਸੋਲਹ ਹਜ਼ਾਰ ਰਾਜ ਕੁਮਾਰੀਆਂ ਨਾਲ ਵਿਆਹ ਕਰਨ ਦਾ ਕਥਨ:
ਸਵੈਯਾ:
ਜਦ ਇਸ ਦੀ ਅਜਿਹੀ ਹਾਲਤ ਹੋ ਗਈ ਤਦ ਭੂਮਾਸੁਰ ਦੀ ਮਾਤਾ ਸੁਣ ਕੇ ਭਜੀ ਆਈ।
ਭੂਮਾਸੁਰ ਉਤੇ ਘੁੰਮੇਰੀ ਖਾ ਕੇ ਡਿਗ ਪਈ ਅਤੇ ਬਸਤ੍ਰਾਂ ਦੀ ਹੋਸ਼ ਵੀ (ਉਸ ਦੇ) ਚਿਤ ਵਿਚੋਂ ਜਾਂਦੀ ਰਹੀ।
ਪੈਰਾਂ ਵਿਚ ਜੁਤੀ ਵੀ ਨਾ ਪਾਈ ਅਤੇ ਕਾਹਲ ਨਾਲ ਸ੍ਰੀ ਕ੍ਰਿਸ਼ਨ ਕੋਲ ਚਲ ਕੇ ਆ ਗਈ।
ਕ੍ਰਿਸ਼ਨ ਨੂੰ ਵੇਖ ਕੇ ਰੀਝ ਗਈ, (ਸਾਰੇ) ਦੁਖ ਭੁਲ ਗਏ ਅਤੇ ਉਸ ਦੀ ਵਡਿਆਈ ਕੀਤੀ ॥੨੧੩੯॥
ਦੋਹਰਾ:
(ਉਸ ਨੇ) ਬਹੁਤ ਉਸਤਤ ਕੀਤੀ ਅਤੇ ਕ੍ਰਿਸ਼ਨ ਨੂੰ ਪ੍ਰਸੰਨ ਕਰ ਲਿਆ।
ਪੋਤਰੇ ਨੂੰ ਲਿਆ ਕੇ ਪੈਰੀਂ ਪਾ ਦਿੱਤਾ ਅਤੇ ਉਸ ਨੂੰ ਬਖ਼ਸ਼ਵਾ ਲਿਆ ॥੨੧੪੦॥
ਸਵੈਯਾ:
ਉਸ (ਭੂਮਾਸੁਰ) ਦੇ ਬਾਲਕ ਨੂੰ ਰਾਜਾ ਬਣਾ ਕੇ ਸ੍ਰੀ ਕ੍ਰਿਸ਼ਨ (ਬੰਦੀਆਂ ਨੂੰ ਮੁਕਤ ਕਰਨ ਲਈ) ਬੰਦੀਖਾਨੇ ਨੂੰ ਚਲੇ ਗਏ।
ਜਿਥੇ ਰਾਜਿਆਂ ਦੀਆਂ ਸੋਲ੍ਹਾ ਹਜ਼ਾਰ ਪੁੱਤਰੀਆਂ (ਕੈਦ) ਸਨ, ਉਸ ਥਾਂ ਉਤੇ ਆਏ।
ਸੁੰਦਰ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਉਨ੍ਹਾਂ ਇਸਤਰੀਆਂ (ਰਾਜ ਕੁਮਾਰੀਆਂ) ਦਾ ਚਿਤ ਲੋਭਾਇਮਾਨ ਹੋ ਗਿਆ।
(ਕਵੀ) ਸ਼ਿਆਮ ਕਹਿੰਦੇ ਹਨ, ਇਹ ਵੇਖ ਕੇ (ਸ੍ਰੀ ਕ੍ਰਿਸ਼ਨ ਨੇ) ਸਭ ਨਾਲ ਵਿਆਹ ਕਰ ਕੇ (ਆਪਣੇ) ਯਸ਼ ਦਾ ਡੰਕਾ ਵਜਾਇਆ ॥੨੧੪੧॥
ਚੌਪਈ:
ਜੋ ਸਾਰੀਆਂ (ਰਾਜ ਕੁਮਾਰੀਆਂ) ਭੂਮਾਸੁਰ ਨੇ ਜੋੜ ਕੇ ਰਖੀਆਂ ਹੋਈਆਂ ਸਨ।
ਉਨ੍ਹਾਂ ਦੀ ਸਾਖੀ ਕਿਥੋਂ ਤਕ ਦਸਾਂ।
ਉਸ ਨੇ ਇਸ ਤਰ੍ਹਾਂ ਕਿਹਾ ਸੀ, ਇਹੀ ਮੈਂ ਕਰਾਂਗਾ (ਅਰਥਾਤ ਕਹਾਂਗਾ)
ਕਿ ਵੀਹ ਹਜ਼ਾਰ ਨੂੰ ਇਕੱਠਿਆਂ ਵਿਆਹਵਾਂਗਾ ॥੨੧੪੨॥
ਦੋਹਰਾ:
ਯੁੱਧ ਵੇਲੇ ਅਤਿ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਮਾਰ ਦਿੱਤਾ
ਅਤੇ ਸੋਲ੍ਹਾਂ ਹਜ਼ਾਰ ਸੁੰਦਰੀਆਂ ਆਪ ਹੀ ਵਿਆਹ ਲਈਆਂ ਸਨ ॥੨੧੪੩॥
ਸਵੈਯਾ:
ਯੁੱਧ ਵਿਚ ਕ੍ਰੋਧਵਾਨ ਹੋ ਕੇ ਸ੍ਰੀ ਕ੍ਰਿਸ਼ਨ ਨੇ ਸਾਰੇ ਵੈਰੀਆਂ ਨੂੰ ਛਿਣ ਭਰ ਵਿਚ ਮਾਰ ਸੁਟਿਆ।
ਫਿਰ ਉਸ ਦੇ ਪੁੱਤਰ ਨੂੰ ਰਾਜ ਦੇ ਦਿੱਤਾ ਅਤੇ ਸੁਖ ਦੇ ਕੇ ਉਨ੍ਹਾਂ ਦਾ ਗ਼ਮ ਦੂਰ ਕਰ ਦਿੱਤਾ।
ਫਿਰ ਸੋਲ੍ਹਾਂ ਹਜ਼ਾਰ ਇਸਤਰੀਆਂ ਨੂੰ ਵਿਆਹ ਲਿਆ ਅਤੇ ਉਸ ਨਗਰ ਵਿਚ (ਸ੍ਰੀ ਕ੍ਰਿਸ਼ਨ ਨੇ ਅਜਿਹੇ) ਕੌਤਕ ਕੀਤੇ।
ਬ੍ਰਾਹਮਣਾਂ ਨੂੰ ਦਾਨ ਦੇ ਕੇ ਅਤੇ ਉਨ੍ਹਾਂ (ਰਾਜ ਕੁਮਾਰੀਆਂ) ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਦੁਆਰਿਕਾ ਚਲੇ ਗਏ ॥੨੧੪੪॥
ਸੋਲ੍ਹਾਂ ਹਜ਼ਾਰ (ਪਤਨੀਆਂ) ਨੂੰ ਸੋਲ੍ਹਾਂ ਹਜ਼ਾਰ ਹੀ ਘਰ ਦਿੱਤੇ ਅਤੇ ਉਨ੍ਹਾਂ ਦਾ ਉਤਸਾਹ ਵਧਾ ਦਿੱਤਾ।
ਅਨੇਕ ਰੂਪ ਧਾਰਨ ਕਰ ਕੇ ਸਾਰੀਆਂ ਇਸਤਰੀਆਂ ਨੂੰ ਸੁਖ ਦਿੱਤਾ।
ਸਭ ਨੇ ਇਸ ਤਰ੍ਹਾਂ ਜਾਣਿਆ ਕਿ ਕ੍ਰਿਸ਼ਨ ਮੇਰੇ ਘਰ ਹੀ ਵਸਦੇ ਹਨ, ਹੋਰ ਕਿਸੇ ਦੇ ਨਹੀਂ ਵਸਦੇ।
ਸੋ ਕਵੀ ਸ਼ਿਆਮ ਨੇ ਪੁਰਾਣਾਂ ਵਿਚੋਂ ਸੁਣ ਕੇ ਭੇਦ (ਦੀ ਗੱਲ) ਸਾਰੇ ਸੰਤ ਵਿਅਕਤੀਆਂ ਨੂੰ ਕਹਿ ਕੇ ਸੁਣਾ ਦਿੱਤੀ ਹੈ ॥੨੧੪੫॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਭੂਮਾਸੁਰ ਦੇ ਬਧ, ਪੁੱਤਰ ਨੂੰ ਰਾਜ ਦੇਣ, ਸੋਲ੍ਹਾਂ ਹਜ਼ਾਰ ਰਾਜਕੁਮਾਰੀਆਂ ਨਾਲ ਵਿਆਹ ਕਰਨ ਦਾ ਪ੍ਰਸੰਗ ਸਮਾਪਤ।
ਹੁਣ ਇੰਦਰ ਨੂੰ ਜਿੱਤ ਕੇ ਕਲਪ ਬ੍ਰਿਛ ਲਿਆਉਣ ਦਾ ਕਥਨ:
ਸਵੈਯਾ:
ਉਨ੍ਹਾਂ ਇਸਤਰੀਆਂ ਨੂੰ ਇਸ ਤਰ੍ਹਾਂ ਸੁਖ ਦੇ ਕੇ ਸ੍ਰੀ ਕ੍ਰਿਸ਼ਨ ਫਿਰ ਇੰਦਰ ਦੇ ਲੋਕ ਨੂੰ ਚਲੇ ਗਏ।
(ਇੰਦਰ ਨੇ) ਕੜੇ ਅਤੇ ਕੁੰਡਲ ਭੇਟਾ ਕੀਤੇ ਜਿਨ੍ਹਾਂ ਨੂੰ ਪਾ ਕੇ ਸਾਰੇ ਗ਼ਮ ਦੂਰ ਹੋ ਗਏ।
ਉਥੇ (ਸ੍ਰੀ ਕ੍ਰਿਸ਼ਨ ਨੇ) ਇਕ ਸੁੰਦਰ ਬ੍ਰਿਛ ਵੇਖਿਆ ਜਿਸ ਉਤੇ ਸ੍ਰੀ ਕ੍ਰਿਸ਼ਨ ਦਾ ਚਿਤ ਲੁਭਾਇਮਾਨ ਹੋ ਗਿਆ।
(ਉਨ੍ਹਾਂ ਨੇ ਉਹ ਬ੍ਰਿਛ) ਮੰਗ ਲਿਆ, (ਪਰ) ਇੰਦਰ ਨੇ ਉਹ ਨਾ ਦਿੱਤਾ। (ਫਲਸਰੂਪ) ਸ੍ਰੀ ਕ੍ਰਿਸ਼ਨ ਨੇ ਇੰਦਰ ਨਾਲ ਯੁੱਧ ਮਚਾ ਦਿੱਤਾ ॥੨੧੪੬॥
ਕ੍ਰੋਧਵਾਨ ਹੋ ਕੇ ਇੰਦਰ ਨੇ ਸੈਨਾ ਤਿਆਰ ਕਰ ਕੇ ਚੜ੍ਹਾ ਦਿੱਤੀ ਅਤੇ ਸਾਰੀ (ਸੈਨਾ) ਚਲ ਕੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਗਈ।
ਬਦਲ ਗਜਦੇ ਹਨ, ਬਿਜਲੀ ਚਮਕਦੀ ਹੈ, ਬਰਖਾ ਹੁੰਦੀ ਹੈ ਅਤੇ ਰਥਾਂ ਨੂੰ ਸਜਾ ਕੇ ਤਿਆਰਾ ਕੀਤਾ ਗਿਆ ਹੈ।
ਬਾਰ੍ਹਾਂ ਸੂਰਜ ਵੀ ਸਾਰੇ ਉਮਡ ਪਏ ਜਿਨ੍ਹਾਂ ਨੇ ਬਸੁ (ਦੇਵਤੇ) ਅਤੇ ਰਾਵਣ ਵਰਗਿਆਂ ਨੂੰ ਵਿਚਲਿਤ ਕਰ ਦਿੱਤਾ ਹੈ। (ਅਰਥਾਂਤਰ-ਜਿਨ੍ਹਾਂ ਨੇ ਰਾਵਣ ਵਰਗਿਆਂ ਨੂੰ ਵਸ ਵਿਚ ਕਰ ਕੇ ਭਜਾ ਦਿੱਤਾ ਹੈ)।