ਪਰ ਅਸੀਂ ਸੈਨਾ ਦੀਆਂ ਚਾਰ ਅਛੋਹਣੀਆਂ ਲੈ ਕੇ ਤੇਰੇ ਉਤੇ ਕ੍ਰੋਧ ਵਧਾ ਕੇ ਚੜ੍ਹ ਆਏ ਹਾਂ।
ਇਸ ਲਈ ਸਾਡੀ ਗੱਲ ਸੁਣ ਲੈ, ਰਣ-ਭੂਮੀ ਨੂੰ ਛਡ ਕੇ ਘਰ ਨੂੰ ਦੌੜ ਜਾ ॥੧੧੮੬॥
ਕਾਨ੍ਹ ਜੀ ਨੇ ਕਿਹਾ:
ਸਵੈਯਾ:
ਇਸ ਤਰ੍ਹਾਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ, ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਕਿਹਾ, ਅਸੀਂ ਯੁੱਧ ਕਰਾਂਗੇ।
ਬਾਣ, ਕਮਾਨ, ਗਦਾ (ਆਦਿਕ ਸ਼ਸਤ੍ਰ) ਪਕੜ ਕੇ ਦੋਵੇਂ ਭਰਾ ਵੈਰੀ ਦੀ ਸਾਰੀ ਸੈਨਾ ਨੂੰ ਨਸ਼ਟ ਕਰ ਦਿਆਂਗੇ।
ਸੂਰਜ, ਸ਼ਿਵ ਵਰਗਿਆਂ ਤੋਂ ਨਹੀਂ ਭਜਾਂਗੇ, ਤੁਹਾਨੂੰ ਮਾਰ ਦਿਆਂਗੇ, ਨਹੀਂ ਤਾਂ (ਆਪ) ਲੜ ਮਰਾਂਗੇ।
ਸੁਮੇਰ ਪਰਬਤ ਹਿਲ ਜਾਵੇ, ਸਮੁੰਦਰ ਦਾ ਜਲ ਸੁਕ ਜਾਵੇ (ਅਜਿਹੀਆਂ ਅਣਹੋਣੀਆਂ ਭਾਵੇਂ ਹੋ ਜਾਣ) ਤਾਂ ਵੀ ਰਣ-ਭੂਮੀ ਵਿਚੋਂ ਪਿਛੇ ਨਹੀਂ ਹਟਾਂਗੇ ॥੧੧੮੭॥
ਉਨ੍ਹਾਂ ਨੂੰ ਇਸ ਤਰ੍ਹਾਂ ਗੱਲਾਂ ਕਹਿ ਕੇ, ਕ੍ਰਿਸ਼ਨ ਨੇ ਇਕ ਬਾਣ ਨੂੰ ਕਸ ਕੇ ਵੈਰੀ ਵਲ ਚਲਾ ਦਿੱਤਾ।
ਉਹ ਜਾ ਕੇ ਅਜਬ ਸਿੰਘ ਦੀ ਵੱਖੀ ਵਿਚ ਲਗਿਆ, ਉਸ ਦੇ ਲਗਣ ਨਾਲ ਉਸ ਨੇ ਕੋਈ ਦੁਖ ਮਹਿਸੂਸ ਨਹੀਂ ਕੀਤਾ।
ਫਿਰ (ਉਸ) ਹਠੀ ਨੇ ਹਠ ਕਰ ਕੇ ਅਤੇ ਬਹੁਤ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਪ੍ਰਤਿ ਇਸ ਤਰ੍ਹਾਂ ਬੋਲ ਉਚਾਰੇ,
ਉਸ ਪੰਡਿਤ ਨੂੰ ਕੀ ਕਹੀਏ, ਜਿਸ ਤੋਂ ਧਨੁਸ਼ ਚਲਾਉਣ ਦੀ ਜੁਗਤ ਤੂੰ ਸਿਖ ਕੇ ਆਇਆ ਹੈਂ ॥੧੧੮੮॥
ਇਧਰੋਂ ਯਾਦਵਾਂ ਦੀ ਸੈਨਾ ਕ੍ਰੋਧ ਕਰ ਕੇ ਉਮਡੀ ਹੈ ਅਤੇ ਉਧਰੋਂ ਉਨ੍ਹਾਂ (ਦੀ ਸੈਨਾ) ਆ ਗਈ ਹੈ।
ਕਵੀ ਰਾਮ ਕਹਿੰਦੇ ਹਨ, (ਉਨ੍ਹਾਂ ਨੇ) ਮਨ ਵਿਚ ਰੋਸ ਵਧਾਇਆ ਹੋਇਆ ਹੈ ਅਤੇ ਮੂੰਹ ਤੋਂ 'ਮਾਰ ਲੌ, ਮਾਰ ਲੌ' ਪੁਕਾਰਦੇ ਹਨ।
ਬਾਣ, ਕ੍ਰਿਪਾਨ, ਗਦਾ (ਆਦਿ ਹਥਿਆਰਾਂ) ਦੇ ਲਗਣ ਨਾਲ ਅਨੇਕ (ਯੋਧੇ) ਦੁਅੰਦ ਯੁੱਧ ਕਰ ਕੇ ਮਰ ਗਏ ਹਨ।
(ਉਨ੍ਹਾਂ ਦੀ ਲੜਾਈ ਨੂੰ) ਵੇਖ ਕੇ ਦੇਵਤੇ ਪ੍ਰਸੰਨ ਹੋ ਗਏ ਹਨ ਅਤੇ ਫੁਲਾਂ ਦੀਆਂ ਮਾਲਾਵਾਂ ਦੀ ਬਰਖਾ ਕਰਦੇ ਹਨ ॥੧੧੮੯॥
ਇਧਰ ਰਣ-ਭੂਮੀ ਵਿਚ ਕ੍ਰੋਧ ਕਰ ਕੇ ਸੂਰਮੇ ਲੜਦੇ ਹਨ, (ਉਧਰ) ਆਕਾਸ਼ ਵਿਚ ਬ੍ਰਹਮਾ ਆਦਿਕ ਅਤੇ ਸਨਕਾਦਿਕ ਵੇਖਦੇ ਹਨ।
(ਉਹ) ਆਪਸ ਵਿਚ ਇਸ ਤਰ੍ਹਾਂ ਗੱਲਾਂ ਕਰਦੇ ਹਨ ਕਿ ਅਗੇ ਅਜਿਹਾ ਯੁੱਧ ਕਦੇ ਨਹੀਂ ਹੋਇਆ।
(ਯੋਧੇ) ਲੜ ਕੇ ਮਰ ਗਏ ਹਨ, (ਉਨ੍ਹਾਂ ਦਾ) ਲਹੂ ਵਗਦਾ ਹੈ ਅਤੇ (ਉਸ ਲਹੂ ਦੇ) ਖੱਪਰ ਭਰ ਕੇ ਜੋਗਣਾਂ ਪੀ ਕੇ ਕਿਲਕਾਰਦੀਆਂ ਹਨ।
ਸ਼ਿਵ ਦੇ ਗਣਾਂ ਨੇ, (ਸ਼ਿਵ ਲਈ) ਮੁੰਡਾਂ ਦੀਆਂ ਅਨੇਕ ਮਾਲਾਵਾਂ ਗੁੰਦ ਲਈਆਂ ਹਨ ਅਤੇ (ਯੁੱਧ ਕਰਮ ਲਈ) ਧੰਨ ਹੀ ਧੰਨ ਕਹਿੰਦੇ ਹਨ ॥੧੧੯੦॥
ਸ਼ਸਤ੍ਰਾਂ ਨੂੰ ਧਾਰਨ ਕਰ ਕੇ ਅਤੇ ਕ੍ਰੋਧ ਨਾਲ ਭਰ ਕੇ ਰਣ-ਭੂਮੀ ਵਿਚ ਧਾਵਾ ਕਰ ਕੇ ਡਟੇ ਹੋਏ ਹਨ।
ਇਕ ਪਹਿਲਵਾਨਾਂ ਵਰਗੇ ਦਾਓਆਂ ਵਾਲਾ ਯੁੱਧ ਕਰਦੇ ਹਨ ਅਤੇ ਇਕ ਵੱਡੇ ਯੁੱਧ ਨੂੰ ਵੇਖ ਕੇ ਦੌੜ ਪਏ ਹਨ।
ਕਈ (ਘਬਰਾ ਕੇ) ਮੂੰਹੋਂ 'ਰਾਮ ਰਾਮ' ਕਹਿੰਦੇ ਹਨ ਅਤੇ ਕਈ (ਮੁਖ ਤੋਂ) 'ਮਾਰ ਲੌ, ਮਾਰ ਲੌ' ਇਹੋ ਉਚਾਰਦੇ ਹਨ।
ਇਕ ਲੜ ਮੋਏ ਹਨ, ਇਕ ਜ਼ਖ਼ਮਾਂ ਨਾਲ ਭਰੇ ਹੋਏ ਹਨ ਅਤੇ ਇਹ ਬੋਲ ਰਹੇ ਹਨ ਕਿ 'ਕ੍ਰਿਸ਼ਨ ਕਿਥੇ ਹੈ?' ॥੧੧੯੧॥