ਸ਼੍ਰੀ ਦਸਮ ਗ੍ਰੰਥ

ਅੰਗ - 80


ਮਨੁ ਤੇ ਤਨੁ ਤੇਜੁ ਚਲਿਓ ਜਗ ਮਾਤ ਕੋ ਦਾਮਨਿ ਜਾਨ ਚਲੇ ਘਨ ਮੈ ॥੪੮॥

(ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਕਿ ਦੇਵੀ ਮਾਤਾ ਦਾ ਤਨ ਮਨ (ਦੀ ਗਤਿ) ਨਾਲੋਂ ਵੀ ਤੇਜ਼ ਚਲ ਰਿਹਾ ਹੈ ਜਾਂ ਇੰਜ ਸਮਝੋ ਕਿ ਕਾਲੇ ਬਦਲਾਂ ਵਿਚ ਬਿਜਲੀ ਚਲਦੀ ਹੋਵੇ ॥੪੮॥

ਫੂਟ ਗਈ ਧੁਜਨੀ ਸਗਰੀ ਅਸਿ ਚੰਡ ਪ੍ਰਚੰਡ ਜਬੈ ਕਰਿ ਲੀਨੋ ॥

ਜਦੋਂ ਪ੍ਰਚੰਡ ਚੰਡੀ ਨੇ ਹੱਥ ਵਿਚ ਤਲਵਾਰ ਧਾਰਨ ਕੀਤੀ ਤਾਂ (ਮਹਿਖਾਸੁਰ ਦੀ) ਸਾਰੀ ਫ਼ੌਜ ਖੇਰੂੰ ਖੇਰੂੰ ਹੋ ਗਈ।

ਦੈਤ ਮਰੈ ਨਹਿ ਬੇਖ ਕਰੈ ਬਹੁਤਉ ਬਰਬੰਡ ਮਹਾਬਲ ਕੀਨੋ ॥

ਦੈਂਤ (ਅਸਲੋਂ) ਮਰ ਨਹੀਂ ਰਹੇ ਸਨ (ਸਗੋਂ) ਬਹੁਤ ਰੂਪ ਧਾਰ ਕੇ (ਯੁੱਧ ਪਰਾਕ੍ਰਮ ਵਿਚ ਰੁਚਿਤ ਸਨ) ਤਦੋਂ ਬਲਵਾਨ (ਚੰਡੀ) ਨੇ ਅਤਿ ਅਧਿਕ ਬਲ ਨੂੰ ਸੰਜੋਇਆ

ਚਕ੍ਰ ਚਲਾਇ ਦਇਓ ਕਰਿ ਤੇ ਸਿਰ ਸਤ੍ਰ ਕੋ ਮਾਰ ਜੁਦਾ ਕਰ ਦੀਨੋ ॥

ਅਤੇ (ਆਪਣੇ) ਹੱਥ ਨਾਲ ਚੱਕਰ ਚਲਾ ਦਿੱਤਾ ਜਿਸ ਨੇ ਵੈਰੀ ਨੂੰ ਮਾਰ ਕੇ ਉਸ ਦਾ ਸਿਰ (ਧੜ ਤੋਂ) ਵਖਰਾ ਕਰ ਦਿੱਤਾ।

ਸ੍ਰਉਨਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਜਲ ਦੀਨੋ ॥੪੯॥

(ਉਸ ਦੇ) ਲਹੂ ਦੀ ਧਾਰ ਆਕਾਸ਼ ਵਲ (ਇਉਂ) ਚਲੀ ਮਾਨੋ ਪਰਸ਼ੁਰਾਮ ਨੇ ਸੂਰਜ ਨੂੰ ਜਲਾਂਜਲੀ ਦਿੱਤੀ ਹੋਵੇ ॥੪੯॥

ਸਬ ਸੂਰ ਸੰਘਾਰ ਦਏ ਤਿਹ ਖੇਤਿ ਮਹਾ ਬਰਬੰਡ ਪਰਾਕ੍ਰਮ ਕੈ ॥

ਮਹਾ ਪ੍ਰਚੰਡ (ਚੰਡੀ) ਨੇ ਪਰਾਕ੍ਰਮ ਕਰ ਕੇ ਯੁੱਧ ਵਿਚ ਸਾਰਿਆਂ ਯੋਧਿਆਂ ਨੂੰ ਮਾਰ ਦਿੱਤਾ।

ਤਹ ਸ੍ਰਉਨਤ ਸਿੰਧੁ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ ॥

ਉਥੇ ਧਰਤੀ ਉਤੇ ਲਹੂ ਦਾ ਸਮੁੰਦਰ ਬਣ ਗਿਆ ਅਤੇ ਤਲਵਾਰ ਦੀ ਧਮਕ ਨਾਲ ਹੀ (ਦੈਂਤਾਂ ਦੇ) ਸਮੂਹ ਡਿਗ ਪਏ।

ਜਗ ਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ ॥

ਜਗਤ ਮਾਤਾ (ਚੰਡੀ) ਦੇ ਪ੍ਰਤਾਪ ਨਾਲ ਦੇਵਤਿਆਂ ਦਾ ਸੰਕਟ (ਤਾਪ) ਨਸ਼ਟ ਹੋ ਗਿਆ ਅਤੇ ਦੈਂਤਾਂ ਦੀ ਸੈਨਾ ਜਮ-ਲੋਕ ਨੂੰ ਚਲੀ ਗਈ।

ਬਹੁਰੋ ਅਰਿ ਸਿੰਧੁਰ ਕੇ ਦਲ ਪੈਠ ਕੈ ਦਾਮਿਨਿ ਜਿਉ ਦੁਰਗਾ ਦਮਕੈ ॥੫੦॥

ਫਿਰ ਦੁਰਗਾ ਦੇਵੀ ਵੈਰੀਆਂ ਦੇ ਦਲ ਰੂਪੀ ਬਦਲ ਵਿਚ ਬਿਜਲੀ ਵਾਂਗ ਦਮਕਣ ਲਗੀ ॥੫੦॥

ਦੋਹਰਾ ॥

ਦੋਹਰਾ:

ਜਬ ਮਹਖਾਸੁਰ ਮਾਰਿਓ ਸਬ ਦੈਤਨ ਕੋ ਰਾਜ ॥

ਜਦੋਂ ਸਾਰਿਆਂ ਦੈਂਤਾਂ ਦਾ ਰਾਜਾ ਮਹਿਖਾਸੁਰ ਮਾਰਿਆ ਗਿਆ

ਤਬ ਕਾਇਰ ਭਾਜੇ ਸਬੈ ਛਾਡਿਓ ਸਕਲ ਸਮਾਜ ॥੫੧॥

ਤਦੋਂ ਸਾਰੇ ਕਾਇਰ (ਦੈਂਤ) ਸਭ ਕੁਝ ਛਡ ਛਡਾ ਕੇ ਭਜ ਗਏ ॥੫੧॥

ਕਬਿਤੁ ॥

ਕਬਿੱਤ:

ਮਹਾਬੀਰ ਕਹਰੀ ਦੁਪਹਰੀ ਕੋ ਭਾਨੁ ਮਾਨੋ ਦੇਵਨ ਕੇ ਕਾਜ ਦੇਵੀ ਡਾਰਿਓ ਦੈਤ ਮਾਰਿ ਕੈ ॥

ਦੁਪਹਿਰ ਦੇ ਸੂਰਜ ਵਾਂਗ ਕ੍ਰੋਧਵਾਨ ਮੰਨੇ ਜਾਣ ਵਾਲੇ ਮਹਾਬਲੀ ਦੈਂਤ (ਮਹਿਖਾਸੁਰ) ਨੂੰ ਦੇਵੀ ਨੇ ਦੇਵਤਿਆਂ ਦੇ ਹਿਤ (ਕਾਰਜ) ਲਈ ਮਾਰ ਦਿੱਤਾ।

ਅਉਰ ਦਲੁ ਭਾਜਿਓ ਜੈਸੇ ਪਉਨ ਹੂੰ ਤੇ ਭਾਜੇ ਮੇਘ ਇੰਦ੍ਰ ਦੀਨੋ ਰਾਜ ਬਲੁ ਆਪਨੋ ਸੋ ਧਾਰਿ ਕੈ ॥

ਹੋਰ (ਬਾਕੀ ਰਹਿੰਦੀ ਦੈਂਤ) ਸੈਨਾ (ਇੰਜ) ਭਜ ਗਈ ਜਿਵੇਂ ਪਵਨ ਨਾਲ ਬਦਲ ਭਜ ਜਾਂਦੇ ਹਨ (ਖਿੰਡ ਜਾਂਦੇ ਹਨ) ਅਤੇ (ਦੇਵੀ ਨੇ) ਆਪਣੇ ਬਲ ਨਾਲ ਇੰਦਰ ਨੂੰ ਰਾਜ ਦਿੱਤਾ।

ਦੇਸ ਦੇਸ ਕੇ ਨਰੇਸ ਡਾਰੈ ਹੈ ਸੁਰੇਸ ਪਾਇ ਕੀਨੋ ਅਭਖੇਕ ਸੁਰ ਮੰਡਲ ਬਿਚਾਰਿ ਕੈ ॥

ਦੇਸ਼-ਦੇਸ਼ਾਂਤਰਾਂ ਦੇ ਰਾਜਿਆਂ ਨੂੰ ਇੰਦਰ ਦੇ ਚਰਨੀ ਪਾ ਦਿੱਤਾ ਅਤੇ ਸਾਰਿਆਂ ਦੇਵਤਿਆਂ ਨਾਲ ਸਲਾਹ ਕਰ ਕੇ ਇੰਦਰ ਨੂੰ ਰਾਜ-ਤਿਲਕ ਦਿੱਤਾ।

ਈਹਾ ਭਈ ਗੁਪਤਿ ਪ੍ਰਗਟਿ ਜਾਇ ਤਹਾ ਭਈ ਜਹਾ ਬੈਠੇ ਹਰਿ ਹਰਿਅੰਬਰਿ ਕੋ ਡਾਰਿ ਕੈ ॥੫੨॥

ਇਥੋਂ (ਦੇਵੀ) ਗੁਪਤ ਹੋ ਗਈ ਅਤੇ ਉਥੇ ਜਾ ਕੇ ਪ੍ਰਗਟ ਹੋਈ ਜਿਥੇ ਸ਼ਿਵ ਸ਼ੇਰ ਦੀ ਖਲ੍ਹ (ਹਰਿ-ਅੰਬਰ) ਨੂੰ ਵਿਛਾ ਕੇ ਬੈਠਾ ਸੀ ॥੫੨॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹਖਾਸੁਰ ਬਧਹਿ ਨਾਮ ਦੁਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੨॥

ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ (ਪ੍ਰਸੰਗ) ਦੇ 'ਮਹਿਖਾਸੁਰ ਵਧ' ਨਾਂ ਵਾਲੇ ਦੂਜੇ ਅਧਿਆਇ ਦੀ ਸਮਾਪਤੀ ਸਭ ਸ਼ੁਭ ਹੈ ॥੨॥

ਦੋਹਰਾ ॥

ਦੋਹਰਾ:

ਲੋਪ ਚੰਡਕਾ ਹੋਇ ਗਈ ਸੁਰਪਤਿ ਕੌ ਦੇ ਰਾਜ ॥

ਇੰਦਰ ਨੂੰ ਰਾਜ ਦੇ ਕੇ ਚੰਡੀ ਲੋਪ ਹੋ ਗਈ।

ਦਾਨਵ ਮਾਰਿ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥

(ਚੰਡੀ ਨੇ) ਦੈਂਤਾਂ ਨੂੰ ਮਾਰ ਕੇ ਬੇਹਾਲ ਕੀਤਾ ਅਤੇ ਸੰਤਾਂ (ਦੀ ਰਖਿਆ ਦਾ) ਕਾਰਜ ਕੀਤਾ ॥੫੩॥

ਸ੍ਵੈਯਾ ॥

ਸ੍ਵੈਯਾ:

ਯਾ ਤੇ ਪ੍ਰਸੰਨ ਭਏ ਹੈ ਮਹਾਂ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈਂ ॥

(ਦੈਂਤਾਂ ਦੇ ਨਸ਼ਟ ਹੋ ਜਾਣ ਨਾਲ) ਵਡੇ ਵਡੇ ਮੁਨੀ ਪ੍ਰਸੰਨ ਹੋ ਗਏ ਹਨ ਅਤੇ ਦੇਵਤਿਆਂ ਦੇ ਤੇਜ-ਪ੍ਰਤਾਪ ਵਿਚ ਸੁਖ ਪ੍ਰਾਪਤ ਕਰਨ ਲਗੇ ਹਨ।

ਜਗ੍ਯ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈਂ ॥

(ਕਈ) ਯੱਗ ਕਰਦੇ ਹਨ, ਕਈ ਵੇਦ ਪਾਠ ਕਰਦੇ ਹਨ, (ਕਈ) ਸੰਸਾਰ ਦਾ ਦੁਖ ਦੂਰ ਕਰਨ ਲਈ ਮਿਲ ਕੇ (ਹਰਿ ਵਿਚ) ਧਿਆਨ ਲਗਾਉਂਦੇ ਹਨ।

ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥

(ਦੇਵਤੇ) ਘੰਟੇ, ਛੈਣੇ, ਮ੍ਰਿਦੰਗ, ਉਪੰਗ (ਇਕ ਪ੍ਰਕਾਰ ਦਾ ਵਾਜਾ) ਰਬਾਬ ਆਦਿ ਜਿਤ ਦੇ ਸਾਜ਼ਾਂ ਨੂੰ ਲੈ ਕੇ ਇਕ-ਸੁਰ ਕਰਦੇ ਹਨ।

ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜਛ ਅਪਛਰ ਨਿਰਤ ਦਿਖਾਵੈਂ ॥੫੪॥

(ਕਿਤੇ) ਕਿੰਨਰ ਅਤੇ ਗੰਧਰਬ ਗਾ ਰਹੇ ਹਨ ਅਤੇ (ਕਿਤੇ) ਯਕਸ਼ ਅਤੇ ਅਪੱਛਰਾਵਾਂ ਨਾਚ ਕਰਕੇ ਵਿਖਾ ਰਹੀਆਂ ਹਨ ॥੫੪॥

ਸੰਖਨ ਕੀ ਧੁਨ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥

ਸੰਖਾਂ ਅਤੇ ਘੰਟਿਆਂ ਦੀ ਗੁੰਜਾਰ ਕਰ ਕੇ ਫੁਲਾਂ ਦੀ ਬਰਖਾ ਕਰ ਰਹੇ ਹਨ।

ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ ॥

(ਕਿਤਨੇ ਹੀ) ਸੁੰਦਰ ਦੇਵਤੇ ਆਰਤੀ ਕਰ ਰਹੇ ਹਨ ਅਤੇ ਇੰਦਰ ਨੂੰ ਵੇਖ ਕੇ ਬਲਿਹਾਰੇ ਜਾਂਦੇ ਹਨ।

ਦਾਨਤਿ ਦਛਨ ਦੈ ਕੈ ਪ੍ਰਦਛਨ ਭਾਲ ਮੈ ਕੁੰਕਮ ਅਛਤ ਲਾਵੈਂ ॥

(ਉਦੋਂ) ਦਾਨ ਅਤੇ ਦੱਛਣਾ ਦੇ ਕੇ ਪ੍ਰਦਖਣਾ ਕਰਦੇ ਹੋਏ ਇੰਦਰ ਦੇ ਮੱਥੇ ਉਤੇ ਕੇਸਰ ਅਤੇ ਚਾਵਲਾਂ (ਦਾ ਤਿਲਕ) ਲਗਾਉਂਦੇ ਹਨ।

ਹੋਤ ਕੁਲਾਹਲ ਦੇਵ ਪੁਰੀ ਮਿਲਿ ਦੇਵਨ ਕੇ ਕੁਲਿ ਮੰਗਲ ਗਾਵੈਂ ॥੫੫॥

(ਇਸ ਤਰ੍ਹਾਂ) ਦੇਵਤਿਆਂ ਦੀ ਨਗਰੀ ਵਿਚ ਧੁੰਮ ਪੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁਲਾਂ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ ॥੫੫॥

ਦੋਹਰਾ ॥

ਦੋਹਰਾ:

ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ ॥

ਇਸ ਤਰ੍ਹਾਂ ਚੰਡੀ ਦੇ ਪ੍ਰਤਾਪ ਨਾਲ ਦੇਵਤਿਆਂ ਦਾ ਪ੍ਰਤਾਪ ਵੱਧ ਗਿਆ

ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ ॥੫੬॥

ਅਤੇ ਤਿੰਨੇ ਲੋਕ ਦੇਵੀ ਦੀ ਜੈ-ਜੈ-ਕਾਰ ਕਰਦੇ ਹੋਏ ('ਮਾਰਕੰਡੇਯ ਪੁਰਾਣ' ਦੀ) ਸੱਤਸਈ (ਵਿਚਲੇ) ਨਾਂਵਾਂ (ਦੇ ਸਤੋਤ੍ਰ ਦਾ) ਜਾਪ ਕਰਨ ਲਗੇ ॥੫੬॥

ਇਸੀ ਭਾਂਤਿ ਸੋ ਦੇਵਤਨ ਰਾਜ ਕੀਯੋ ਸੁਖੁ ਮਾਨ ॥

ਇਸ ਤਰ੍ਹਾਂ ਦੇਵਤਿਆਂ ਨੇ ਰਾਜ ਕੀਤਾ ਅਤੇ ਸੁਖ ਮਾਣਿਆ।

ਬਹੁਰ ਸੁੰਭ ਨੈਸੁੰਭ ਦੁਇ ਦੈਤ ਬਡੇ ਬਲਵਾਨ ॥੫੭॥

ਫਿਰ ਸੁੰਭ-ਨਿਸੁੰਭ (ਨਾਂ ਵਾਲੇ) ਦੋ ਵਡੇ ਬਲਵਾਨ ਦੈਂਤ (ਪੈਦਾ ਹੋ ਗਏ) ॥੫੭॥

ਇੰਦ੍ਰ ਲੋਕ ਕੇ ਰਾਜ ਹਿਤ ਚੜਿ ਧਾਏ ਨ੍ਰਿਪ ਸੁੰਭ ॥

ਇੰਦਰ-ਲੋਕ ਦਾ ਰਾਜ ਪ੍ਰਾਪਤ ਕਰਨ ਲਈ ਰਾਜਾ ਸੁੰਭ-

ਸੈਨਾ ਚਤੁਰੰਗਨਿ ਰਚੀ ਪਾਇਕ ਰਥ ਹੈ ਕੁੰਭ ॥੫੮॥

ਪੈਦਲ, ਰਥ ਅਤੇ ਹਾਥੀਆਂ ਵਾਲੀ ਚਤੁਰੰਗਣੀ ਸੈਨਾ ਸਜਾ ਕੇ ਚੜ੍ਹ ਆਇਆ ॥੫੮॥

ਸ੍ਵੈਯਾ ॥

ਸ੍ਵੈਯਾ:

ਬਾਜਤ ਡੰਕ ਪੁਰੀ ਧੁਨ ਕਾਨਿ ਸੁ ਸੰਕਿ ਪੁਰੰਦਰ ਮੂੰਦਤ ਪਉਰੈ ॥

(ਦੈਂਤਾਂ ਦੀ ਫ਼ੌਜ ਦੇ) ਡੰਕੇ ਦੇ ਵਜਣ ਦੀ ਆਵਾਜ਼ ਜਦ ਇੰਦਰ ਦੇ ਕੰਨ ਵਿਚ ਪਈ ਤਾਂ ਉਸ ਨੇ ਸ਼ੰਕਾਵਾਨ ਹੋ ਕੇ (ਇੰਦਰਪੁਰੀ) ਦੇ ਦਰਵਾਜ਼ੇ ਬੰਦ ਕਰ ਲਏ।

ਸੂਰ ਮੈ ਨਾਹਿ ਰਹੀ ਦੁਤਿ ਦੇਖਿ ਕੇ ਜੁਧ ਕੋ ਦੈਤ ਭਏ ਇਕ ਠਉਰੈ ॥

ਦੈਂਤਾਂ ਨੂੰ ਯੁੱਧ ਲਈ ਇਕ ਥਾਂ ਇਕੱਠੇ ਹੋਇਆਂ ਵੇਖ ਕੇ ਸੂਰਜ ਵਿਚਲੀ ਜੋਤਿ ਵੀ ਛੀਣ ਹੋ ਗਈ (ਅਰਥਾਤ ਦੈਂਤਾਂ ਦੇ ਇਕੱਠੇ ਹੋਣ ਨਾਲ ਉਠੀ ਧੂੜ ਨੇ ਸੂਰਜ ਦੀ ਰੌਸ਼ਨੀ ਨੂੰ ਢਕ ਦਿੱਤਾ)

ਕਾਪ ਸਮੁੰਦ੍ਰ ਉਠੇ ਸਿਗਰੇ ਬਹੁ ਭਾਰ ਭਈ ਧਰਨੀ ਗਤਿ ਅਉਰੈ ॥

ਸਾਰੇ ਸਮੁੰਦਰ ਕੰਬਣ ਲਗ ਗਏ ਅਤੇ ਬਹੁਤੇ ਭਾਰ ਕਾਰਨ ਧਰਤੀ ਦੀ ਹਾਲਤ ਵੀ ਹੋਰ ਜਿਹੀ ਹੋ ਗਈ।

ਮੇਰੁ ਹਲਿਓ ਦਹਲਿਓ ਸੁਰ ਲੋਕ ਜਬੈ ਦਲ ਸੁੰਭ ਨਿਸੁੰਭ ਕੇ ਦਉਰੈ ॥੫੯॥

ਸੁਮੇਰ ਪਰਬਤ ਹਿਲ ਗਿਆ, ਇੰਦਰ ਲੋਕ ਸਹਿਮ ਗਿਆ ਜਦੋਂ ਸੁੰਭ-ਨਿਸੁੰਭ ਦੀ ਸਾਰੀ ਫ਼ੌਜ ਨੇ ਚੜ੍ਹਾਈ ਕਰ ਦਿੱਤੀ ॥੫੯॥

ਦੋਹਰਾ ॥

ਦੋਹਰਾ:

ਦੇਵ ਸਭੈ ਮਿਲਿ ਕੇ ਤਬੈ ਗਏ ਸਕ੍ਰ ਪਹਿ ਧਾਇ ॥

ਤਦ ਸਾਰੇ ਦੇਵਤੇ ਮਿਲ ਕੇ ਇੰਦਰ (ਸਕ੍ਰ) ਕੋਲ ਗਏ

ਕਹਿਓ ਦੈਤ ਆਏ ਪ੍ਰਬਲ ਕੀਜੈ ਕਹਾ ਉਪਾਇ ॥੬੦॥

ਅਤੇ ਕਿਹਾ ਕਿ ਪ੍ਰਬਲ ਦੈਂਤ ਚੜ੍ਹ ਆਏ ਹਨ, (ਉਨ੍ਹਾਂ ਤੋਂ ਬਚਣ ਦਾ) ਕੋਈ ਉਪਾ ਕਰੋ ॥੬੦॥

ਸੁਨਿ ਕੋਪਿਓ ਸੁਰਪਾਲ ਤਬ ਕੀਨੋ ਜੁਧ ਉਪਾਇ ॥

(ਇਹ ਗੱਲ) ਸੁਣ ਕੇ ਇੰਦਰ ਕ੍ਰੋਧਵਾਨ ਹੋਇਆ ਅਤੇ ਤਦੋਂ ਹੀ ਯੁੱਧ ਦਾ ਉਪਾ ਕੀਤਾ।

ਸੇਖ ਦੇਵ ਗਨ ਜੇ ਹੁਤੇ ਤੇ ਸਭ ਲੀਏ ਬੁਲਾਇ ॥੬੧॥

(ਜਿਤਨੇ ਹੋਰ) ਬਾਕੀ ਦੇਵ-ਸਮੂਹ ਸਨ, ਉਨ੍ਹਾਂ ਸਾਰਿਆਂ ਨੂੰ ਬੁਲਾ ਲਿਆ ॥੬੧॥

ਸ੍ਵੈਯਾ ॥

ਸ੍ਵੈਯਾ:


Flag Counter