ਸ਼੍ਰੀ ਦਸਮ ਗ੍ਰੰਥ

ਅੰਗ - 671


ਤਾ ਕੇ ਜਾਇ ਦੁਆਰ ਪਰ ਬੈਠੇ ॥

ਉਸ ਦੇ ਦੁਆਰ ਉਤੇ ਜਾ ਬੈਠੇ

ਸਕਲ ਮੁਨੀ ਮੁਨੀਰਾਜ ਇਕੈਠੇ ॥੪੪੨॥

ਸਾਰੇ ਮੁਨੀ ਰਾਜ ਨਾਲ ਇਕੱਠੇ ਹੋ ਕੇ ॥੪੪੨॥

ਸਾਹ ਸੁ ਦਿਰਬ ਬ੍ਰਿਤ ਲਗ ਰਹਾ ॥

(ਉਸ) ਸ਼ਾਹ ਦੀ ਬਿਰਤੀ ਧਨ ਦੌਲਤ ਵਿਚ ਲਗੀ ਹੋਈ ਸੀ।

ਰਿਖਨ ਓਰ ਤਿਨ ਚਿਤ੍ਰਯੋ ਨ ਕਹਾ ॥

ਉਸ ਨੇ ਰਿਸ਼ੀ ਵਲ ਧਿਆਨ ਹੀ ਨਾ ਕੀਤਾ।

ਨੇਤ੍ਰ ਮੀਚ ਏਕੈ ਧਨ ਆਸਾ ॥

ਇਕ ਧਨ ਦੀ ਆਸ ਨਾਲ ਉਸ ਨੇਤਰ ਮੀਚੇ ਹੋਏ ਸਨ।

ਐਸ ਜਾਨੀਅਤ ਮਹਾ ਉਦਾਸਾ ॥੪੪੩॥

ਇਸ ਤਰ੍ਹਾਂ ਲਗਦਾ ਸੀ ਜਿਵੇਂ ਮਹਾਨ ਉਦਾਸ (ਵਿਰਕਤ) ਸੀ ॥੪੪੩॥

ਤਹ ਜੇ ਹੁਤੇ ਰਾਵ ਅਰੁ ਰੰਕਾ ॥

ਉਥੇ ਜਿਹੜੇ ਅਮੀਰ ਅਤੇ ਗ਼ਰੀਬ ਸਨ,

ਮੁਨਿ ਪਗ ਪਰੇ ਛੋਰ ਕੈ ਸੰਕਾ ॥

(ਉਹ ਸਾਰੇ ਮਨ ਦੀ) ਸ਼ੰਕਾ ਛਡ ਕੇ ਮੁਨੀ ਦੇ ਪੈਰੀਂ ਪੈ ਗਏ।

ਤਿਹ ਬਿਪਾਰ ਕਰਮ ਕਰ ਭਾਰੀ ॥

(ਪਰ) ਉਸ ਦਾ ਬਪਾਰ ਦਾ ਵੱਡਾ ਕੰਮ ਸੀ,

ਰਿਖੀਅਨ ਓਰ ਨ ਦ੍ਰਿਸਟਿ ਪਸਾਰੀ ॥੪੪੪॥

(ਇਸ ਲਈ) ਉਸ ਨੇ ਰਿਸ਼ੀਆਂ ਵਲ ਅੱਖ ਖੋਲ੍ਹ ਕੇ ਨਾ ਵੇਖੀ ॥੪੪੪॥

ਤਾਸੁ ਦੇਖਿ ਕਰਿ ਦਤ ਪ੍ਰਭਾਊ ॥

ਉਸ ਦੇ ਪ੍ਰਭਾਵ ਨੂੰ ਵੇਖ ਕੇ ਦੱਤ ਨੇ

ਪ੍ਰਗਟ ਕਹਾ ਤਜ ਕੈ ਹਠ ਭਾਊ ॥

ਹਠ ਛਡ ਕੇ ਸਪਸ਼ਟ ਕਿਹਾ,

ਐਸ ਪ੍ਰੇਮ ਪ੍ਰਭੁ ਸੰਗ ਲਗਈਐ ॥

ਜੇ ਇਸ ਪ੍ਰਕਾਰ ਦਾ ਪ੍ਰੇਮ ਪ੍ਰਭੂ ਨਾਲ ਲਗਾਇਆ ਜਾਏ,

ਤਬ ਹੀ ਪੁਰਖੁ ਪੁਰਾਤਨ ਪਈਐ ॥੪੪੫॥

ਤਦ ਹੀ ਪੁਰਾਤਨ ਪੁਰਖ ਨੂੰ ਪਾਇਆ ਜਾ ਸਕਦਾ ਹੈ ॥੪੪੫॥

ਇਤਿ ਸਾਹ ਬੀਸਵੋ ਗੁਰੂ ਸਮਾਪਤੰ ॥੨੦॥

ਇਥੇ 'ਸਾਹ' ਵੀਹਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੨੦॥

ਅਥ ਸੁਕ ਪੜਾਵਤ ਨਰ ਇਕੀਸਵੋ ਗੁਰੂ ਕਥਨੰ ॥

ਹੁਣ ਤੋਤੇ ਨੂੰ ਪੜ੍ਹਾਉਣ ਵਾਲੇ ਪੁਰਸ਼ ਰੂਪ ਵਿਚ ਇਕੀਹਵੇਂ ਗੁਰੂ ਦਾ ਕਥਨ

ਚੌਪਈ ॥

ਚੌਪਈ:

ਬੀਸ ਗੁਰੂ ਕਰਿ ਆਗੇ ਚਲਾ ॥

ਵੀਹ ਗੁਰੂ ਧਾਰਨ ਕਰ ਕੇ (ਦੱਤ) ਅਗੇ ਚਲ ਪਿਆ

ਸੀਖੇ ਸਰਬ ਜੋਗ ਕੀ ਕਲਾ ॥

(ਜਿਸ ਨੇ) ਯੋਗ ਦੀਆਂ ਸਾਰੀਆਂ ਕਲਾਵਾਂ ਸਿਖੀਆਂ ਹੋਈਆਂ ਸਨ।

ਅਤਿ ਪ੍ਰਭਾਵ ਅਮਿਤੋਜੁ ਪ੍ਰਤਾਪੂ ॥

ਉਸ ਦਾ ਅਤਿਅੰਤ ਪ੍ਰਭਾਵ ਅਤੇ ਅਮਿਤ ਬਲ ਤੇ ਪ੍ਰਤਾਪ ਸੀ।

ਜਾਨੁਕ ਸਾਧਿ ਫਿਰਾ ਸਬ ਜਾਪੂ ॥੪੪੬॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਰੇ ਜਪਾਂ ਦੀ ਸਾਧਨਾ ਪੂਰੀ ਕਰ ਕੇ ਪਰਤਿਆ ਹੋਵੇ ॥੪੪੬॥

ਲੀਏ ਬੈਠ ਦੇਖਾ ਇਕ ਸੂਆ ॥

ਉਸ ਨੇ ਤੋਤਾ ਲਏ ਹੋਏ ਬੈਠਾ ਇਕ (ਬੰਦਾ) ਵੇਖਿਆ

ਜਿਹ ਸਮਾਨ ਜਗਿ ਭਯੋ ਨ ਹੂਆ ॥

ਜਿਸ ਵਰਗਾ ਕੋਈ ਹੋਰ ਸੰਸਾਰ ਵਿਚ ਨਹੀਂ ਹੋਇਆ।

ਤਾ ਕਹੁ ਨਾਥ ਸਿਖਾਵਤ ਬਾਨੀ ॥

ਉਸ ਨੂੰ ਮਾਲਕ ਬੋਲੀ ਸਿਖਾ ਰਿਹਾ ਸੀ।

ਏਕ ਟਕ ਪਰਾ ਅਉਰ ਨ ਜਾਨੀ ॥੪੪੭॥

ਉਹ ਇਕੋ ਧਿਆਨ ਵਿਚ ਲਗਿਆ ਸੀ, ਹੋਰ ਕੁਝ ਵੀ (ਉਸ ਨੂੰ) ਪਤਾ ਨਹੀਂ ਸੀ ॥੪੪੭॥

ਸੰਗ ਲਏ ਰਿਖਿ ਸੈਨ ਅਪਾਰੀ ॥

ਰਿਸ਼ੀਆਂ ਦੀ ਅਪਾਰ ਸੈਨਾ ਨਾਲ ਲਏ ਹੋਇਆਂ,

ਬਡੇ ਬਡੇ ਮੋਨੀ ਬ੍ਰਤਿਧਾਰੀ ॥

ਜਿਸ ਵਿਚ ਵੱਡੇ ਵੱਡੇ ਮੋਨੀ ਅਤੇ ਬ੍ਰਤਧਾਰੀ ਸਨ,

ਤਾ ਕੇ ਤੀਰ ਤੀਰ ਚਲਿ ਗਏ ॥

(ਦੱਤ) ਉਸ ਦੇ ਨੇੜੇ ਨੇੜੇ ਚਲੇ ਗਏ,

ਤਿਨਿ ਨਰ ਏ ਨਹੀ ਦੇਖਤ ਭਏ ॥੪੪੮॥

(ਪਰ) ਉਸ ਆਦਮੀ ਨੇ ਇਨ੍ਹਾਂ ਨੂੰ ਵੇਖਿਆ ਤਕ ਨਹੀਂ ॥੪੪੮॥

ਸੋ ਨਰ ਸੁਕਹਿ ਪੜਾਵਤ ਰਹਾ ॥

ਉਹ ਆਦਮੀ ਤੋਤੇ ਨੂੰ ਪੜ੍ਹਾਉਂਦਾ ਰਿਹਾ।

ਇਨੈ ਕਛੂ ਮੁਖ ਤੇ ਨਹੀ ਕਹਾ ॥

ਇਨ੍ਹਾਂ ਨੂੰ ਕੁਝ ਵੀ ਮੂੰਹ ਤੋਂ ਨਹੀਂ ਕਿਹਾ।

ਨਿਰਖਿ ਨਿਠੁਰਤਾ ਤਿਹ ਮੁਨਿ ਰਾਊ ॥

ਮੁਨੀ ਰਾਜ ਉਸ ਦੀ ਬੇਰੁਖੀ ਵੇਖ ਕੇ ਪ੍ਰੇਮ ਨਾਲ ਰੋਮਾਂਚਿਤ ਹੋ ਗਿਆ

ਪੁਲਕ ਪ੍ਰੇਮ ਤਨ ਉਪਜਾ ਚਾਊ ॥੪੪੯॥

ਅਤੇ ਤਨ ਵਿਚ ਚਾਉ ਪੈਦਾ ਹੋ ਗਿਆ ॥੪੪੯॥

ਐਸੇ ਨੇਹੁੰ ਨਾਥ ਸੋ ਲਾਵੈ ॥

(ਜੇ ਕੋਈ) ਇਸ ਪ੍ਰਕਾਰ ਦਾ ਪ੍ਰੇਮ ਪਰਮਾਤਮਾ ਨਾਲ ਲਗਾਵੇ,

ਤਬ ਹੀ ਪਰਮ ਪੁਰਖ ਕਹੁ ਪਾਵੈ ॥

ਤਦ (ਉਹ) ਪਰਮ ਪੁਰਖ ਨੂੰ ਪ੍ਰਾਪਤ ਕਰ ਲਵੇਗਾ।

ਇਕੀਸਵਾ ਗੁਰੁ ਤਾ ਕਹ ਕੀਆ ॥

ਉਸ ਨੂੰ (ਦੱਤ ਨੇ) ਇਕੀਸਵਾਂ ਗੁਰੂ ਧਾਰਨ ਕਰ ਲਿਆ,

ਮਨ ਬਚ ਕਰਮ ਮੋਲ ਜਨੁ ਲੀਆ ॥੪੫੦॥

ਮਾਨੋ ਉਸ ਨੇ (ਇਨ੍ਹਾਂ ਨੂੰ) ਮਨ, ਤਨ ਅਤੇ ਬਾਣੀ ਵਜੋਂ ਮੁਲ ਲੈ ਲਿਆ ਹੋਵੇ ॥੪੫੦॥

ਇਤਿ ਇਕੀਸਵੋਂ ਗੁਰੁ ਸੁਕ ਪੜਾਵਤ ਨਰ ਸਮਾਪਤੰ ॥੨੧॥

ਇਥੇ ਇਕੀਸਵੇਂ ਗੁਰੂ 'ਤੋਤਾ ਪੜ੍ਹਾਉਣ ਵਾਲਾ ਪੁਰਸ਼' ਦਾ ਪ੍ਰਸੰਗ ਸਮਾਪਤ ॥੨੧॥

ਅਥਿ ਹਰ ਬਾਹਤ ਬਾਈਸਵੋ ਗੁਰੂ ਕਥਨੰ ॥

ਹੁਣ ਹਲ ਵਾਹੁਣ ਵਾਲੇ ਬਾਈਵੇਂ ਗੁਰੂ ਦਾ ਕਥਨ

ਚੌਪਈ ॥

ਚੌਪਈ:

ਜਬ ਇਕੀਸ ਕਰ ਗੁਰੂ ਸਿਧਾਰਾ ॥

ਜਦ ਇਕੀਸਵਾਂ ਗੁਰੂ ਧਾਰ ਕੇ (ਦੱਤ) ਅਗੇ ਚਲਿਆ,

ਹਰ ਬਾਹਤ ਇਕ ਪੁਰਖ ਨਿਹਾਰਾ ॥

(ਤਾਂ) ਉਸ ਨੇ ਹਲ ਵਾਹੁੰਦਾ ਇਕ ਆਦਮੀ ਵੇਖਿਆ।

ਤਾ ਕੀ ਨਾਰਿ ਮਹਾ ਸੁਖਕਾਰੀ ॥

ਉਸ ਦੀ ਇਸਤਰੀ ਬਹੁਤ ਸੁਖ ਦੇਣ ਵਾਲੀ ਸੀ

ਪਤਿ ਕੀ ਆਸ ਹੀਏ ਜਿਹ ਭਾਰੀ ॥੪੫੧॥

ਅਤੇ ਉਸ ਦੇ ਹਿਰਦੇ ਵਿਚ ਪਤੀ ਦੀ ਬਹੁਤ ਅਧਿਕ ਆਸ (ਭਰੋਸਾ) ਸੀ ॥੪੫੧॥

ਭਤਾ ਲਏ ਪਾਨਿ ਚਲਿ ਆਈ ॥

ਉਹ ਹੱਥ ਵਿਚ ਭੱਤਾ ਲੈ ਕੇ (ਇਸ ਤਰ੍ਹਾਂ) ਚਲੀ ਆ ਰਹੀ ਸੀ,

ਜਨੁਕ ਨਾਥ ਗ੍ਰਿਹ ਬੋਲ ਪਠਾਈ ॥

ਮਾਨੋ ਮਾਲਕ ਨੇ (ਉਸ ਨੂੰ) ਘਰੋਂ ਬੁਲਾ ਭੇਜਿਆ ਹੋਵੇ।

ਹਰ ਬਾਹਤ ਤਿਨ ਕਛੂ ਨ ਲਹਾ ॥

ਉਸ ਨੇ ਹਲ ਵਾਹੁੰਦੇ ਹੋਏ (ਆਦਮੀ) ਨੂੰ ਕੁਝ ਨਾ ਜਾਣਿਆ

ਤ੍ਰੀਆ ਕੋ ਧਿਆਨ ਨਾਥ ਪ੍ਰਤਿ ਰਹਾ ॥੪੫੨॥

(ਅਤੇ ਉਸ) ਇਸਤਰੀ ਦਾ ਧਿਆਨ ਆਪਣੇ ਪਤੀ ਵਲ ਹੀ ਲਗਾ ਰਿਹਾ ॥੪੫੨॥


Flag Counter